ਪਰਮਬੀਰ ਕੌਰ
ਜੇ ਭੱਠੀ ਵਾਂਗ ਤਪਦੇ ਦਿਨਾਂ ਵਿਚ ਵੀ ਰਮਣੀਕ ਤੇ ਸੁਹਾਵਣੇ ਚੌਗਿਰਦੇ ਦਾ ਆਨੰਦ ਮਾਣਨ ਦੀ ਤਮੰਨਾ ਹੋਵੇ ਤਾਂ ਸਵੇਰੇ-ਸਵਖਤੇ ਬਾਹਰ ਸੈਰ ਲਈ ਨਿਕਲਣ ਨਾਲੋਂ ਉੱਤਮ ਸਾਧਨ ਹੋਰ ਕੋਈ ਨਹੀਂ। ਇਸ ਵਕਤ ਰੁਮਕਦੀ ਮਨੋਹਰ ਪੌਣ ਸਵਾਗਤ ਕਰਨ ਨੂੰ ਤਤਪਰ ਮਿਲਦੀ ਹੈ। ਇਸ ਜਾਦੂਈ ਮਿਲਣੀ ਦਾ ਅਸਰ ਪਿੱਛੋਂ ਪੂਰਾ ਦਿਨ ਬੰਦੇ ਨੂੰ ਅਨੋਖੇ ਸਕੂਨ ਨਾਲ ਲਬਰੇਜ਼ ਕਰੀ ਰੱਖੇਗਾ।
ਥੋੜ੍ਹਾ ਸਮਾਂ ਪਹਿਲਾਂ ਦੀ ਗੱਲ ਹੈ, ਇਕ ਦਿਨ ਸਵੇਰੇ ਸੈਰ ਕਰਨ ਗਈ ਤਾਂ ਰਾਹ ਵਿਚ ਇਕ ਥਾਂ, ਅਰਸ਼ੀ ਮਹਿਕ ਨਾਲ ਸਰਸ਼ਾਰ ਸੀ। ਉਸ ਦੀ ਬਣਦੀ ਸਿਫ਼ਤ ਕਰਨੀ ਮੇਰੇ ਲਈ ਨਾਮੁਮਕਿਨ ਹੈ। ਇਸ ਦਾ ਸਬਬ ਸੜਕ ਦੇ ਇਕ ਪਾਸੇ ਖਲੋਤੀ, ਅਣਗਿਣਤ ਕਾਸ਼ਨੀ ਫੁੱਲਾਂ ਨਾਲ ਲੱਦੀ ਧਰੇਕ ਸੀ। ਉੱਥੋਂ ਅੱਗੇ ਜਾਣ ਨੂੰ ਦਿਲ ਹੀ ਨਾ ਕਰੇ! ਸੁਗੰਧਿਤ ਆਲੇ-ਦੁਆਲੇ ਦਾ ਲੁਤਫ਼ ਲੈਣ ਲਈ ਮੈਂ ਰਾਹ ਦੇ ਕੰਢੇ ਰੱਖੇ ਬੈਂਚ ’ਤੇ ਕੁਝ ਚਿਰ ਬਹਿਣ ਦਾ ਮਨ ਬਣਾਇਆ।
ਇਹ ਕੀ, ਉੱਥੇ ਪਹਿਲਾਂ ਹੀ ਕੋਈ ਹਸਤੀ ਬਿਰਾਜਮਾਨ ਸੀ। ਝੱਟ ਇਕ ਪਾਸੇ ਹੋ ਕੇ ਉਸ ਨੇ ਮੇਰੇ ਬਹਿਣ ਲਈ ਥਾਂ ਬਣਾ ਦਿੱਤੀ। ਉਸ ਦੇ ਪੂਰੇ ਵਜੂਦ ’ਤੇ ਅਲੌਕਿਕ ਜਿਹਾ ਨੂਰ ਸੀ; ਇਹ ਮੇਰੀ ਵਾਕਫ਼ ਖ਼ੁਸ਼ੀ ਸੀ। ਲਉ ਜੀ, ਆਪਣੀ ਕਰੀਬੀ ਦੋਸਤ ਨਾਲ ਅਚਾਨਕ ਇੰਝ ਮੇਲ ਹੋ ਗਿਆ। ਇਹ ਉਹ ਸ਼ਖ਼ਸੀਅਤ ਹੈ ਜਿਸ ਨੂੰ ਦੇਖਦੇ ਸਾਰ ਧੁਰ ਅੰਦਰ ਤਕ ਖੇੜਾ ਆ ਜਾਂਦਾ ਹੈ ਪਰ ਉਸ ਵਕਤ ਇਸ ਮੁਲਾਕਾਤ ਨੇ ਅਚੰਭੇ ਵਿਚ ਪਾ ਦਿੱਤਾ; ਸੋ ਕੁਝ ਪਲ ਸੰਭਲਣ ਪਿੱਛੋਂ ਕਿਹਾ, “ਵਾਹ ਕਮਾਲ, ਇਸ ਅਦਭੁਤ ਮਾਹੌਲ ਵਿਚ ਤੁਹਾਨੂੰ ਮਿਲਣ ਦਾ ਵੱਖਰਾ ਈ ਸੁਆਦ ਏ!”
ਇੰਨੀ ਅਹਿਮ ਹਸਤੀ ਸਹਿਜ-ਸੁਭਾਅ ਅਤੇ ਬਿਨਾਂ ਕਿਸੇ ਖਾਸ ਯਤਨ ਹੀ ਮਿਲ ਪਈ ਸੀ; ਮਨ ਵਿਚ ਆਪ-ਮੁਹਾਰੇ ਹੀ ਉਸ ਬਾਰੇ ਵੰਨ-ਸਵੰਨੇ ਵਿਚਾਰਾਂ ਦਾ ਪਰਵਾਹ ਸ਼ੁਰੂ ਹੋ ਗਿਆ। ਖ਼ੁਸ਼ੀ ਦੀ ਸੰਗਤ ਮਾਣਦਿਆਂ ਜ਼ਮੀਰ ਵਿਚ ਹਲਕਾ ਤੇ ਸ਼ਾਂਤ ਅਹਿਸਾਸ ਉਤਰ ਆਉਣਾ ਸੁਭਾਵਕ ਸੀ।
ਉਸ ਦੇ ਹਾਵ-ਭਾਵ ਦੇਖ ਕੇ ਜਾਪਿਆ, ਸ਼ਾਇਦ ਉਸ ਕੋਲ ਕੋਈ ਵਿਚਾਰ ਸਾਂਝੇ ਕਰਨ ਦੀ ਫ਼ੁਰਸਤ ਸੀ ਉਸ ਸਮੇਂ। ਮੇਰੇ ਵੱਲ ਨੀਝ ਲਾ ਕੇ ਵੇਖਦੀ ਬੋਲੀ, “ਮੈਨੂੰ ਵੀ ਤੁਹਾਡੇ ਵਰਗਿਆਂ ਨੂੰ ਮਿਲਣਾ ਚੰਗਾ ਲਗਦਾ ਏ!”
“ਲੋਕੀਂ ਤੁਹਾਨੂੰ ਕਿੱਥੇ ਕਿੱਥੇ ਤੇ ਕਿਵੇਂ ਲਭਦੇ ਫਿਰਦੇ ਨੇ; ਕਈ ਤਾਂ ਹਾਲੋ-ਬੇਹਾਲ! ਮੇਰੀ ਖ਼ੁਸ਼ਕਿਸਮਤੀ ਜੋ ਅੱਜ ਫਿਰ ਤੁਸੀਂ ਮੈਨੂੰ ਇੰਜ ਸਬਬੀਂ, ਇਸ ਮਹਿਕਦੀ-ਟਹਿਕਦੀ ਧਰੇਕ ਹੇਠਾਂ ਮਿਲ ਪਏ। ਕੁਝ ਦਿਨ ਪਹਿਲਾਂ ਘਾਹ ਵਿਚ ਉੱਗੇ ਨਿੱਕੇ ਜਿਹੇ ਪੀਲੇ ਫੁੱਲ ਕੋਲ ਬੈਠੇ ਮਿਲੇ ਸੀ।” ਮੈਂ ਦਿਲੋਂ ਸ਼ੁਕਰਗੁਜ਼ਾਰ ਸਾਂ।
“ਵਾਹ, ਤੇ ਉਹ ਭੁੱਲ ਗਏ ਜਿਹੜਾ ਮੈਂ ਹਰ ਰੋਜ਼ ਤੁਹਾਡੇ ਘਰ ਕਦੇ ਬੁਲਬੁਲਾਂ, ਮੈਨਾ ਤੇ ਕਦੇ ਨਿੱਕੀਆਂ ਗਾਉਣ ਵਾਲੀਆਂ ਚਿੜੀਆਂ ਨਾਲ ਫੇਰਾ ਪਾਉਣ ਆ ਜਾਂਦੀ ਆਂ? ਕਿੰਨੇ ਖਿੜ ਜਾਂਦੇ ਓ ਤੁਸੀਂ!”
“ਬਿਲਕੁਲ! ਤੁਹਾਡੀ ਦਰਿਆ-ਦਿਲੀ ਦਾ ਮੁੱਲ ਨਹੀਂ ਪਾ ਸਕਦੀ। ਇਕ ਦਿਨ ਤੁਸੀਂ ਸੁਰਖ਼ ਫੁੱਲਾਂ ਨਾਲ ਲੱਦੇ ਗੁਲਮੋਹਰ ਹੇਠੋਂ ਵੀ, ਮੈਨੂੰ ਲੰਘਦੀ ਨੂੰ ਸੈਨਤ ਕੀਤੀ ਸੀ। ਵਿਹਾਰ ਵਿਚ ਇੰਨੀ ਸਾਦਗੀ ਤੇ ਅਪਣੱਤ… ਕੋਈ ਐਵੇਂ-ਕਿਵੇਂ ਦੀ ਬਾਤ ਤਾਂ ਨਹੀਂ।”
“ਮੈਂ ਲੋਕਾਂ ਦੀ ਸੇਵਾ ਵਿਚ ਹਰ ਵਕਤ ਹਾਜ਼ਰ ਹਾਂ ਪਰ ਗੱਲ ਸਭਨਾਂ ਦੇ ਨਿੱਜੀ ਨਜ਼ਰੀਏ ਦੀ ਏ!” ਸੱਚ ਜਾਣੋ, ਉਸ ਵਕਤ ਉਸ ਨੇ ਗੰਭੀਰ ਹੋ ਕੇ ਕਈ ਮਹੱਤਵਪੂਰਨ ਖ਼ੁਲਾਸੇ ਕੀਤੇ। ਫਿਰ ਬੋਲੀ, “ਹੁਣ ਦੇਖੋ, ਕਿੰਨੇ ਲੋਕ ਇੱਥੋਂ ਗੁਜ਼ਰ ਚੁੱਕੇ ਨੇ ਤੇ ਕੋਈ ਇਸ ਬੈਂਚ ’ਤੇ ਤੁਹਾਡੇ ਵਾਂਗ ਬਹਿ ਵੀ ਜਾਂਦਾ ਏ ਪਰ ਮੈਨੂੰ ਪਛਾਣਦੇ ਈ ਨਹੀਂ! ਬਹੁਤੇ ਤਾਂ ਕਾਲਪਨਿਕ ਮੁਸੀਬਤਾਂ ਕਰਕੇ ਕਿੰਨੇ ਪਰੇਸ਼ਾਨ-ਹਤਾਸ਼! ਕਈ ਨਿਕਲਣਗੇ ਮੇਰੀ ਤਲਾਸ਼ ਵਿਚ ਪਰ ਅਜਨਬੀਆਂ ਵਾਂਗ ਕੋਲੋਂ ਲੰਘ ਜਾਂਦੇ।” ਉਹ ਹੱਸ ਹੱਸ ਦੋਹਰੀ ਹੋ ਗਈ ਸੀ।
“ਜੀ, ਇਹ ਤਾਂ ਹੈ; ਬਹੁਤਿਆਂ ਨੂੰ ਸ਼ਿਕਾਇਤ ਏ ਕਿ ਤੁਸੀਂ ਉਨ੍ਹਾਂ ਨੂੰ ਮਿਲਦੇ ਹੀ ਨਹੀਂ!” ਮੈਂ ਹੁੰਗਾਰਾ ਭਰਿਆ।
“ਦੇਖੋ, ਮੈਂ ਸਦਾ ਤੁਹਾਡੇ ਆਸ-ਪਾਸ ਹੁੰਦੀ ਆਂ; ਪਰ ਲੋਕੀਂ ਮੈਨੂੰ ਖੋਜਦੇ ਹੀ ਉੱਥੇ ਨੇ ਜਿੱਥੇ ਰਹਿਣਾ ਮੈਨੂੰ ਪਸੰਦ ਨਹੀਂ! ਮੈਨੂੰ ਸਾਦਗੀ, ਸ਼ਾਂਤੀ ਤੇ ਸਹਿਜ ਦੇ ਬੋਲਬਾਲੇ ਵਾਲੀਆਂ ਥਾਵਾਂ ਭਾਉਂਦੀਆਂ ਨੇ। ਸ਼ੋਰ-ਸ਼ਰਾਬੇ ਤੇ ਦਿਖਾਵੇ ਦੀ ਚਕਾਚੌਂਧ ਤੋਂ ਉੱਕਾ ਦੂਰ।” ਇਸ ਵਾਰ ਉਹ ਆਪਣੇ ਖ਼ਾਬਾਂ ਦੇ ਸੰਸਾਰ ਵਿਚ ਗੁਆਚ ਗਈ।
“ਵਾਹ, ਤੁਸੀਂ ਤਾਂ ਆਪਣੇ ਚਾਹੁਣ ਵਾਲਿਆਂ ਲਈ ਬਿਲਕੁਲ ਸਪੱਸ਼ਟ ਸੇਧਾਂ ਦੇ ਛੱਡੀਆਂ ਨੇ।” ਮੇਰੇ ਬੋਲਾਂ ਨੇ ਉਸ ਨੂੰ ਵਰਤਮਾਨ ਵਿਚ ਮੋੜ ਲਿਆਂਦਾ।
“ਸਰਲ ਨੂੰ ਗੁੰਝਲਦਾਰ ਬਣਾ ਕੇ ਕੁਝ ਨਹੀਂ ਮਿਲਦਾ। ਮੈਂ ਨਿੱਕੇ ਤੇ ਨਿਗੂਣੇ ਜਾਪਦੇ ਉਸਾਰੂ ਕੰਮ ਕੀਤਿਆਂ ਵੀ ਮਿਲ ਪੈਂਦੀ ਹਾਂ। ਹਰ ਹਾਲ ਸੰਤੁਸ਼ਟ ਰਹਿਣ ਵਾਲਿਆਂ ਦਾ ਸਾਥ ਮੈਂ ਕਦੇ ਨਹੀਂ ਛੱਡਦੀ!” ਖ਼ੁਸ਼ੀ ਨੇ ਸੌਖਿਆਂ ਹੀ ਪਤੇ ਦੀ ਗੱਲ ਬਿਆਨ ਕਰ ਦਿੱਤੀ।
ਕੁਝ ਪਲ ਰੁਕ ਕੇ ਬੋਲੀ, “ਦੇਖੋ ਜੀ, ਜੇ ਮਨੋਬਿਰਤੀ ਠੀਕ ਹੋਵੇ ਤਾਂ ਬੰਦਾ ਪਤਝੜ ਵਿਚ ਬਹਾਰ ਦਾ ਆਨੰਦ ਮਾਣ ਸਕਦਾ ਏ; ਤਪਦੇ ਰੇਗਿਸਤਾਨ ਵਿਚ ਹਰੇ ਕਚੂਰ ਰੁੱਖਾਂ ਦੀ ਠੰਢਕ ਮਹਿਸੂਸ ਕਰ ਲਵੇਗਾ; ਮੁਸੀਬਤ ਵੇਲੇ ਉਸ ਨੂੰ ਚੁਣੌਤੀ ਜਾਣ ਕੇ, ਮੁਕਾਬਲਾ ਕਰੇਗਾ ਸਗੋਂ ਹੋਰ ਮਜ਼ਬੂਤ ਹੋ ਕੇ ਉਭਰੇਗਾ; ਕਿਸੇ ਭੈੜੀ ਤੋਂ ਭੈੜੀ ਹਾਲਤ ਵਿਚੋਂ ਵੀ ਕੁਝ ਚੰਗਾ ਖੋਜ ਲਵੇਗਾ ਤੇ ਖ਼ਬਰੇ ਹੋਰ ਕਿੰਨਾ ਕੁਝ!”
ਖ਼ੁਸ਼ੀ ਦੇ ਚਿਹਰੇ ਦਾ ਜਲੌਅ ਦੇਖਿਆਂ ਬਣਦਾ ਸੀ; ਮੈਂ ਤਾਂ ਬਸ ਅਵਾਕ ਸਾਂ। ਉਹ ਮੁਸਕਰਾਈ, “ਮੈਂ ਸੋਚਦੀ ਹਾਂ ਕਿ ਜੇ ਕੋਈ ਹਰਸ਼ੋ-ਹੁਲਾਸ ਨਾਲ ਵਿਚਰਦਾ, ਇਸ ਧਰਤੀ ਨੂੰ ਚੰਗੇਰੀ ਥਾਂ ਬਣਾਉਣਾ ਲੋਚਦਾ ਹੋਵੇ ਤਾਂ ਉਹ ਆਪਣੇ ਵਿਲੱਖਣ ਤੇ ਵਡਮੁੱਲੇ ਜੀਵਨ ਲਈ ਹਰ ਪਲ ਸ਼ੁਕਰਾਨਾ ਕਰ ਰਿਹਾ ਏ!” ਤੇ ਉਹ ਆਪਣੇ ਆਮ ਅਦ੍ਰਿਸ਼ ਰੂਪ ਵਿਚ ਚਲੀ ਗਈ।
ਉਂਝ, ਅਹਿਸਾਸ ਵਜੋਂ ਅਜੇ ਵੀ ਉਹ ਮੇਰੇ ਅੰਗਸੰਗ ਸੀ। ਲੋਪ ਹੋਣ ਤੋਂ ਪਹਿਲਾਂ ਉਸ ਨੇ ਭਰਪੂਰ ਤੇ ਖ਼ੁਸ਼ਹਾਲ ਜੀਵਨ ਦੇ ਰਾਜ਼ ਖੋਲ੍ਹ ਦਿੱਤੇ ਸਨ!
ਸੰਪਰਕ: 98880-98379