ਮਲਕੀਤ ਰਾਸੀ
ਬੀਜੀ ਸ਼ਬਦ ਦੇ ਅਰਥ ਇੱਕ ਉਮਰ ਜਾਂ ਰਿਸ਼ਤੇ ਨਾਲ ਸਬੰਧਿਤ ਹਨ ਪਰ ਮੇਰੇ ਪਿੰਡ ਨੱਥੂਪੁਰ ਟੋਡਾ (ਜਿ਼ਲ੍ਹਾ ਤਰਨ ਤਾਰਨ) ਵਿਚ ਇਹ ਸ਼ਬਦ ਸਿਰਫ਼ ਇੱਕ ਸ਼ਖ਼ਸੀਅਤ ਲਈ ਵਰਤਿਆ ਜਾਂਦਾ ਸੀ, ਹੈ ਤੇ ਰਹੇਗਾ, ਤੇ ਉਹ ਹਸਤੀ ਹਨ ਮੇਰੇ ਪਿੰਡ ਦੇ ਸੇਵਾ ਮੁਕਤ ਹੈੱਡ ਟੀਚਰ ਅਵਤਾਰ ਕੌਰ ਸੰਧੂ। ਉਨ੍ਹਾਂ ਦਾ ਜਨਮ 1924 ਈਸਵੀ ਨੂੰ ਪਿੰਡ ਕੈਰੋਂ (ਜ਼ਿਲ੍ਹਾ ਤਰਨ ਤਾਰਨ) ਵਿਚ ਸੂਰਤ ਸਿੰਘ ਜ਼ੈਲਦਾਰ ਦੇ ਘਰ ਹੋਇਆ। ਉਨ੍ਹਾਂ ਦੀ ਵਿਦਿਅਕ ਯੋਗਤਾ ਗਿਆਨੀ ਸੀ। ਮੇਰੇ ਪਿੰਡ ਦੇ ਪੜ੍ਹੇ ਲਿਖੇ ਪਰਿਵਾਰ ਦੇ ਕਾਬਿਲ ਨੌਜਵਾਨ ਅਤੇ ਉਸ ਸਮੇਂ ਇਲਾਕੇ ਦੇ ਪ੍ਰਸਿੱਧ ਡਾਕਟਰ ਟੇਕ ਸਿੰਘ ਦੀ ਹਮਸਫ਼ਰ ਬਣ ਕੇ ਉਹ ਸਾਡੇ ਪਿੰਡ ਵਿਚ ਆਏ।
ਬੀਜੀ ਪਿੰਡ ਅੰਦਰ ਸਿੱਖਿਆ ਦੀ ਜੋਤ ਜਗਾਉਣ ਵਾਲੀ ਪਹਿਲੀ ਅਧਿਆਪਕ ਅਤੇ ਸਰਕਾਰੀ ਸਕੂਲ ਦੀ ਸੰਸਥਾਪਕ ਸੀ। ਉਨ੍ਹਾਂ ਇਸ ਪਿੰਡ ਵਿਚ ਵਿੱਦਿਆ ਦਾ ਚਾਨਣ ਬਿਖੇਰਨ ਜਿਹੇ ਪਵਿੱਤਰ ਕਾਰਜ ਦੀ ਸ਼ੁਰੂਆਤ 1950 ਵਿਚ ਆਪਣੇ ਘਰ ਵਿਚ ਹੀ ਬੱਚੇ ਇਕੱਠੇ ਕਰ ਕੇ ਪੜ੍ਹਾਉਣ ਤੋਂ ਕੀਤੀ। ਉਨ੍ਹਾਂ ਵੱਲੋਂ ਸਿੱਖਿਆ ਦੇ ਪਸਾਰ ਦਾ ਨੇਕ ਕਾਰਜ ਆਪਣੇ ਬਲਬੂਤੇ ਕਰਨ ਵੱਲ ਸਰਕਾਰ ਦਾ ਧਿਆਨ ਕੁਝ ਦੇਰ ਬਾਅਦ ਪਿਆ। ਉਨ੍ਹਾਂ ਦੀ ਮਿਹਨਤ,ੇ ਲਗਨ ਅਤੇ ਸਰਕਾਰੀ ਸਹਿਯੋਗ ਦੇ ਸੁਮੇਲ ਨੇ ਪਿੰਡ ਦੇ ਦਾਖ਼ਲੇ ਉੱਪਰ ਹੀ ਪਿੰਡ ਦਾ ਸਰਕਾਰੀ ਐਲੀਮੈਂਟਰੀ ਸਕੂਲ ਹੋਂਦ ਵਿਚ ਲੈ ਆਂਦਾ। ਸ਼ੁਰੂਆਤ ਵਿਚ ਇਸ ਸਕੂਲ ਦੀ ਇਮਾਰਤ ਵਿਚ ਕੇਵਲ ਦੋ ਕਮਰੇ ਸਨ, ਹੁਣ ਇਹ ਸਕੂਲ ਮਿਡਲ ਤੱਕ ਪੁੱਜ ਚੁੱਕਿਆ ਹੈ। ਆਪਣੀ ਸ਼ਾਨਦਾਰ ਇਮਾਰਤ ਸਦਕਾ ਹੁਣ ਪਿੰਡ ਦੇ ਦੋਵੇਂ
(ਐਲੀਮੈਂਟਰੀ ਅਤੇ ਮਿਡਲ) ਸਕੂਲ ਆਪਣੀ ਸ਼੍ਰੇਣੀ ਦੇ ਪੰਜਾਬ ਦੇ ਪਹਿਲੇ ਦਰਜੇ ਦੇ ਸਕੂਲਾਂ ਵਿਚ ਸ਼ੁਮਾਰ ਹਨ। ਉਦੋਂ ਉਨ੍ਹਾਂ ਆਪਣੀ ਸੂਝ-ਬੂਝ ਅਤੇ ਪ੍ਰਬੰਧਕੀ ਯੋਗਤਾ ਸਦਕਾ ਪਿੰਡ ਦੇ ਸਕੂਲ ਨੂੰ ਪੱਕੇ ਪੈਰੀਂ ਕੀਤਾ।
ਇੱਕ ਵਾਰ ਸਰਕਾਰ ਵੱਲੋਂ ਕਰਵਾਈ ਮਰਦਮਸ਼ੁਮਾਰੀ ਲਈ ਉਨ੍ਹਾਂ ਨੂੰ ਖੁਸ਼ਖ਼ਤੀ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਅਧਿਆਪਨ ਵਿਚ ਉਨ੍ਹਾਂ ਦੀ ਲਗਨ ਅਤੇ ਮਿਹਨਤ ਨੇ ਪਿੰਡ ਦੇ ਵਿਦਿਆਰਥੀਆਂ ਨੂੰ ਕਾਮਯਾਬੀ ਦੀਆਂ ਬੁਲੰਦੀਆਂ ਤੱਕ ਪਹੁੰਚਾਇਆ। ਉਨ੍ਹਾਂ ਦੇ ਪੜ੍ਹਾਏ ਹੋਏ ਵਿਦਿਆਰਥੀ ਇੰਜਨੀਅਰ, ਡਾਕਟਰ, ਪ੍ਰੋਫੈਸਰ, ਲੇਖਕ, ਅਦਾਕਾਰ ਅਤੇ ਕਈ ਹੋਰ ਸ਼ਾਨਾਂਮੱਤੇ ਅਹੁਦਿਆਂ ਦੇ ਯੋਗ ਬਣੇ। ਸਕੂਲ ਵਿਚ ਹੀ ਪਿੰਡ ਦੇ ਬਾਕੀ ਦੇ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਆਪਣੇ ਬੱਚੇ ਵੀ ਪੜ੍ਹਦੇ ਸਨ। ਉਨ੍ਹਾਂ ਦੇ ਬੱਚਿਆਂ ਦੇ ਜਮਾਤੀਆਂ ਨੇ ਦੱਸਿਆ ਕਿ ਉਹ ਗ਼ਲਤੀ ਕਰਨ ’ਤੇ ਆਪਣੇ ਬੱਚਿਆਂ ਨੂੰ ਦੂਜੇ ਬੱਚਿਆਂ ਦੇ ਮੁਕਾਬਲੇ ਵਧੇਰੇ ਸਜ਼ਾ ਦਿੰਦੇ ਸਨ। ਉਹ ਵਿਦਿਆਰਥੀਆਂ ਵਿਚ ਕਦੇ ਭੇਦਭਾਵ ਨਹੀਂ ਸਨ ਕਰਦੇ। ਉਨ੍ਹਾਂ ਦੀ ਇਸ ਇਨਸਾਫ਼ਪਸੰਦ ਬਿਰਤੀ ਕਾਰਨ ਹੀ ਉਹ ਪਿੰਡ ਦੇ ਛੋਟੇ-ਵੱਡੇ ਸਭ ਲਈ ਸਤਿਕਾਰਤ ਹਨ। ਉਨ੍ਹਾਂ ਦੇ ਵਿਦਿਆਰਥੀਆਂ ਦੀਆਂ ਤਿੰਨ ਪੀੜ੍ਹੀਆਂ ਤਾਂ ਉਨ੍ਹਾਂ ਨੂੰ ਬੀਜੀ ਸੰਬੋਧਨ ਕਰਦੀਆਂ ਹੀ ਹਨ ਸਗੋਂ ਉਨ੍ਹਾਂ ਦੀ ਸ਼ਖ਼ਸੀਅਤ ਦਾ ਕਮਾਲ ਇਹ ਸੀ ਕਿ ਉਨ੍ਹਾਂ ਦੀਆਂ ਹਮ-ਉਮਰ ਤੀਵੀਆਂ ਵੀ ਉਨ੍ਹਾਂ ਨੂੰ ਬੀਜੀ ਆਖ ਕੇ ਸੰਬੋਧਨ ਕਰਦੀਆਂ ਰਹੀਆਂ।
ਬੀਜੀ ਨੇ ਆਪਣੀ ਨੀਝ ਤੇ ਰੀਝ ਨਾਲ ਪਿੰਡ ਅੰਦਰ ਜੋ ਗਿਆਨ ਦੀ ਜੋਤ ਜਗਾਈ, ਉਸ ਦੇ ਫਲਸਰੂਪ ਕੁਦਰਤ ਨੇ ਵੀ ਉਨ੍ਹਾਂ ਦੇ ਘਰ ਅੰਦਰ ਅਦਬ ਅਤੇ ਇਲਮ ਦੇ ਸੂਰਜ ਰੌਸ਼ਨ ਕੀਤੇ। ਉਨ੍ਹਾਂ ਦਾ ਇੱਕ ਪੁੱਤਰ ਅਭੈ ਸਿੰਘ ਉੱਘਾ ਪੰਜਾਬੀ ਲੇਖਕ ਹੈ, ਦੂਜਾ ਪੁੱਤਰ ਅਤੈ ਸਿੰਘ ਪੰਜਾਬੀ ਸਾਹਿਤ, ਅਧਿਆਪਨ, ਅਦਾਕਾਰੀ, ਰੰਗਮੰਚ ਅਤੇ ਵਿਦਵਤਾ ਦੀ ਦੁਨੀਆ ਦਾ ਚਮਕਦਾ ਸਿਤਾਰਾ ਹੈ। ਉਨ੍ਹਾਂ ਦਾ ਤੀਜਾ ਪੁੱਤਰ ਜੋ ਖੇਤੀਬਾੜੀ ਵੱਲ ਰੁਚਿਤ ਸੀ, ਇਸ ਸੰਸਾਰ ਨੂੰ ਬੀਜੀ ਦੇ ਜਿਊਂਦਿਆਂ ਹੀ ਅਲਵਿਦਾ ਆਖ ਗਿਆ ਸੀ। ਉਨ੍ਹਾਂ ਦੀਆਂ ਧੀਆਂ ਪ੍ਰਕਾਸ਼ ਕੌਰ ਅਤੇ ਕੁਲਮਿੰਦਰ ਕੌਰ ਬਤੌਰ ਸਰਕਾਰੀ ਅਧਿਆਪਕ ਸੇਵਾ ਮੁਕਤ ਹੋਈਆਂ ਹਨ। ਕੁਲਮਿੰਦਰ ਕੌਰ ਪੰਜਾਬੀ ਵਾਰਤਕ ਦੀ ਉੱਘੀ ਲਿਖਾਰੀ ਹੈ।
ਬੀਜੀ ਦੇ ਸੇਵਾ ਮੁਕਤ ਹੋਣ (1982) ਤੋਂ ਲੈ ਕੇ ਉਨ੍ਹਾਂ ਦੇ ਦੇਹਾਂਤ (2013) ਤੱਕ ਉਨ੍ਹਾਂ ਦੇ ਘਰ ਦੀ ਬੈਠਕ ਜਿਸ ਦਾ ਇੱਕ ਦਰਵਾਜ਼ਾ ਮੁੱਖ ਗਲੀ ਵਿਚ ਖੁੱਲ੍ਹਦਾ ਸੀ, ਪਿੰਡ ਦੀ ਸੱਥ ਨਾਲੋਂ ਵੀ ਵੱਧ ਸਰਗਰਮੀ ਦਾ ਕੇਂਦਰ ਬਣਿਆ ਰਿਹਾ। ਉਹ ਸਾਰਾ ਦਿਨ ਉਸ ਬੈਠਕ ਉਸ ਬੈਠਕ ਵਿਚ ਬੈਠੇ ਰਹਿੰਦੇ ਅਤੇ ਪਿੰਡ ਦਾ ਹਰ ਵੱਡਾ ਛੋਟਾ ਜੀਅ ਬੈਠਕ ਅੱਗਿਓਂ ਲੰਘਦਾ ਬੀਜੀ ਕੋਲ ਬੈਠ ਕੇ ਹਾਲ-ਚਾਲ ਪੁੱਛ-ਦੱਸ ਕੇ ਜਾਂਦਾ। ਪਿੰਡ ਅੰਦਰ ਕੋਈ ਵੀ ਉਨ੍ਹਾਂ ਦੀ ਬੈਠਕ ਨੂੰ ਸਿਜਦਾ ਕੀਤੇ ਬਿਨਾਂ ਗੁਜ਼ਰਦਾ ਨਹੀਂ ਸੀ। ਉਨ੍ਹਾਂ ਦੀ ਬੈਠਕ, ਬੈਠਕ ਨਹੀਂ ਬਲਕਿ ਕਿਸੇ ਮਹਾਤਮਾ ਦੀ ਭਗਤੀ ਵਾਲੀ ਉਹ ਥਾਂ ਸੀ ਜਿੱਥੇ ਆ ਕੇ ਹਰ ਕੋਈ ਨਮਨ ਕਰਨਾ ਅਤੇ ਪ੍ਰਵਚਨ ਸੁਣਨਾ ਆਪਣਾ ਧਰਮ ਸਮਝਦਾ ਸੀ। ਬੀਜੀ ਪਿੰਡ ਦੀ ਸਾਂਝੀਵਾਲਤਾ ਦਾ ਪ੍ਰਤੀਕ ਸਨ। ਉਹ ਅੱਜ ਭਾਵੇਂ ਸਾਡੇ ਵਿਚਕਾਰ ਨਹੀਂ ਹਨ ਪਰ ਸਕੂਲ, ਪਿੰਡ ਅਤੇ ਪਿੰਡ ਦੇ ਹਰ ਪੜ੍ਹ ਚੁੱਕੇ ਜਾਂ ਪੜ੍ਹ ਰਹੇ ਸ਼ਖ਼ਸ ਅੰਦਰ ਅੱਜ ਵੀ ਉਨ੍ਹਾਂ ਦੀ ਹਸਤੀ ਕਿਸੇ ਨਾ ਕਿਸੇ ਰੂਪ ਵਿਚ ਵਿਦਮਾਨ ਨਜ਼ਰ ਆਉਂਦੀ ਹੈ।
ਸੰਪਰਕ: 84272-33744