ਮਨਦੀਪ ਕੌਰ ਬਰਾੜ
ਹਰ ਮਨੁੱਖ ਦੇ ਮਨ ਅੰਦਰ ਕੋਈ ਨਾ ਕੋਈ ਹਸਰਤ ਜ਼ਰੂਰ ਪਲਦੀ ਹੈ। ਮੇਰੇ ਮਨ ਵਿਚ ਵੀ ਵੱਧ ਤੋਂ ਵੱਧ ਸਿੱਖਿਆ ਹਾਸਲ ਕਰਨ ਦੀ ਖਾਹਿਸ਼ ਰਹੀ ਹੈ। ਇਸ ਲਈ ਭਾਵੇਂ ਮੈਨੂੰ ਬਹੁਤ ਸਾਰੀਆਂ ਔਕੜਾਂ ਨਾਲ ਜੂਝਣਾ ਪਿਆ ਪਰ ਹਿੰਮਤ ਨਹੀਂ ਹਾਰੀ। ਸਕੂਲ ਸਿੱਖਿਆ ਦੌਰਾਨ ਮੇਰੀ ਗਿਣਤੀ ਹੁਸ਼ਿਆਰ ਵਿਦਿਆਰਥੀਆਂ ਵਿਚ ਹੁੰਦੀ ਸੀ। ਸੈਕੰਡਰੀ ਸਿੱਖਿਆ ਤੋਂ ਬਾਅਦ 2003 ਵਿਚ ਨਰਸਿੰਗ ਡਿਪਲੋਮਾ ਕਰ ਲਿਆ ਅਤੇ ਮੈਨੂੰ ਲੁਧਿਆਣਾ ਦੇ ਨਾਮੀ ਪ੍ਰਾਈਵੇਟ ਹਸਪਤਾਲ ਵਿਚ ਨੌਕਰੀ ਮਿਲ ਗਈ। ਉੱਥੇ ਤਨਖਾਹ ਤਾਂ ਭਾਵੇਂ ਚੰਗੀ ਮਿਲਣੀ ਸ਼ੁਰੂ ਹੋ ਗਈ ਸੀ ਪਰ ਹੋਰ ਪੜ੍ਹਾਈ ਦੀ ਇੱਛਾ ਬਰਕਰਾਰ ਰਹੀ। ਪਿਤਾ ਜੀ ਨੇ ਸਖਤ ਮਿਹਨਤ ਕਰਕੇ ਤਾਲੀਮ ਦਿਵਾ ਦਿੱਤੀ ਸੀ ਅਤੇ ਖ਼ੁਦ ਕਮਾਉਣ ਦੇ ਕਾਬਲ ਬਣਾ ਦਿੱਤਾ ਸੀ। ਅੱਗੇ ਪੜ੍ਹਾਈ ਕਰਨ ਦੀ ਇੱਛਾ ਤਾਂ ਮਨ ਵਿਚ ਪਲ ਰਹੀ ਸੀ ਪਰ ਘਰ ਦੇ ਸੀਮਤ ਆਰਥਿਕ ਵਸੀਲਿਆਂ ਕਾਰਨ ਪੜ੍ਹਾਈ ਨਾਲੋਂ ਨੌਕਰੀ ਨੂੰ ਤਰਜੀਹ ਦੇਣੀ ਪਈ।
ਸਾਲ 2007 ਵਿਚ ਪੀਜੀਆਈ, ਚੰਡੀਗੜ੍ਹ ਵਿਚ ਸਟਾਫ ਨਰਸ ਦੀ ਨੌਕਰੀ ਮਿਲ ਗਈ ਜਿਸ ਨੇ ਮੇਰੇ ਲਈ ਨਵੇਂ ਮੌਕੇ ਅਤੇ ਨਵੀਆਂ ਉਮੰਗਾਂ ਦਾ ਮੁੱਢ ਬੰਨ੍ਹ ਦਿੱਤਾ। ਕੇਂਦਰ ਸਰਕਾਰ ਦੀ ਨੌਕਰੀ ਹੋਣ ਕਰਕੇ ਆਰਥਿਕ ਪੱਖ ਤੋਂ ਭਵਿੱਖ ਵੀ ਸੁਰੱਖਿਅਤ ਸੀ। ਦੋ ਸਾਲ ਬਾਅਦ ਵਿਆਹ ਹੋ ਗਿਆ। ਪਤੀ ਵੀ ਚੰਡੀਗੜ੍ਹ ਹੀ ਨੌਕਰੀ ਕਰਦਾ ਸੀ। ਫਿਰ 2011 ਵਿਚ ਪਤੀ ਨੂੰ ਵੀ ਸਰਕਾਰੀ ਨੌਕਰੀ ਮਿਲ ਗਈ। ਅਸੀਂ ਦੋਵੇਂ ਜੀਅ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਵਿਚ ਰੁੱਝ ਗਏ। ਵਿਆਹ ਤੋਂ ਤਕਰੀਬਨ 7 ਸਾਲ ਬਾਅਦ ਇਕ ਦਿਨ ਪਤੀ ਕੋਲ ਅੱਗੇ ਪੜ੍ਹਨ ਦੀ ਇੱਛਾ ਜ਼ਾਹਿਰ ਕੀਤੀ। ਸਲਾਹ-ਮਸ਼ਵਰਾ ਕਰਦਿਆਂ ਪੀਜੀਆਈ ਦੀ ਕੌਮੀ ਨਰਸਿੰਗ ਸੰਸਥਾ ਤੋਂ ਬੀਐੱਸਸੀ (ਨਰਸਿੰਗ) ਦੀ ਡਿਗਰੀ ਕਰਨ ਬਾਰੇ ਵਿਚਾਰਾਂ ਹੋਣ ਲੱਗੀਆਂ। ਇਸ ਪੜ੍ਹਾਈ ਲਈ ਮੈਨੂੰ ਤਨਖਾਹ ਸਮੇਤ ਦੋ ਸਾਲ ਦੀ ਛੁੱਟੀ ਵੀ ਮਿਲ ਜਾਣੀ ਸੀ। ਇਉਂ ਪਰਿਵਾਰ ਉਤੇ ਕੋਈ ਆਰਥਿਕ ਬੋਝ ਵੀ ਨਹੀਂ ਸੀ ਪੈਣਾ। ਉਦੋਂ ਤੱਕ ਅਸੀਂ ਦੋ ਬੱਚਿਆਂ ਦੇ ਮਾਪੇ ਬਣ ਚੁੱਕੇ ਸਾਂ। ਬੱਚੇ ਅਜੇ ਬਹੁਤ ਛੋਟੇ ਸਨ ਪਰ ਪਤੀ ਅਤੇ ਸੱਸ ਨੇ ਹਾਮੀ ਭਰ ਦਿੱਤੀ।
ਹੁਣ ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਪੀਜੀਆਈ ਦੀ ਦਾਖ਼ਲਾ ਪ੍ਰੀਖਿਆ ਪਾਸ ਕਰਨ ਦੀ ਸੀ ਜਿਸ ਵਿਚ ਮੁਕਾਬਲਾ ਬਹੁਤ ਸਖਤ ਹੁੰਦਾ ਹੈ। ਪ੍ਰੀਖਿਆ ਦੀ ਤਿਆਰੀ ਲਈ ਤਨਦੇਹੀ ਨਾਲ ਜੁਟ ਗਈ ਅਤੇ ਡਿਊਟੀ ਤੋਂ ਬਾਅਦ ਘਰ ਜਾਣ ਦੀ ਬਜਾਇ ਸਿੱਧਾ ਲਾਇਬਰੇਰੀ ਪੁੱਜ ਜਾਂਦੀ। ਮੈਂ ਇਹ ਮੌਕਾ ਹੱਥੋਂ ਜਾਣ ਨਹੀਂ ਸੀ ਦੇਣਾ ਚਾਹੁੰਦੀ, ਮੇਰੇ ਲਈ 10 ਵਰ੍ਹਿਆਂ ਬਾਅਦ ਦੁਬਾਰਾ ਪੜ੍ਹਾਈ ਸ਼ੁਰੂ ਕਰਨ ਦਾ ਰਾਹ ਖੁੱਲ੍ਹਣਾ ਸੀ। ਖ਼ੈਰ! ਤਿਆਰੀ ਰੰਗ ਲਿਆਈ, ਮੇਰੀ ਚੋਣ ਹੋ ਗਈ ਅਤੇ ਅਗਸਤ 2014 ਦੇ ਅਕਾਦਮਿਕ ਸੈਸ਼ਨ ਵਿਚ ਦੋ ਸਾਲਾ ਡਿਗਰੀ ਕੋਰਸ ਵਿਚ ਦਾਖਲਾ ਮਿਲ ਗਿਆ। ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਡਿਊਟੀ ਤੋਂ ਰਿਲੀਵ ਹੋ ਕੇ ਮੁੜ ਵਿਦਿਆਰਥਣ ਬਣ ਗਈ; ਜਾਪ ਰਿਹਾ ਸੀ, ਜਿਵੇਂ ਕਿਸੇ ਪੰਛੀ ਨੇ ਅਸਮਾਨ ਛੂਹਣ ਲਈ ਲੰਮੀ ਪਰਵਾਜ਼ ਭਰੀ ਹੋਵੇ।
ਉਸ ਦਿਨ 2016 ਵਾਲੇ ਸਾਲ ਦੀ 7 ਜਨਵਰੀ ਸੀ। ਆਪਣੀ ਐਕਟਿਵਾ ’ਤੇ ਸਵੇਰ ਸਮੇਂ ਕਲਾਸ ਲਾਉਣ ਜਾ ਰਹੀ ਕਿ ਪੀਜੀਆਈ ਦੇ ਅੰਦਰ ਹੀ ਕਾਰ ਨਾਲ ਹਾਦਸਾ ਵਾਪਰ ਗਿਆ। ਹਾਦਸਾ ਇੰਨਾ ਘਾਤਕ ਸੀ ਕਿ ਸੱਜੀ ਲੱਤ ਦੇ ਗੋਡੇ ਹੇਠ ਦੀਆਂ ਦੋਵੇਂ ਹੱਡੀਆਂ ਵਿਚਾਲਿਓਂ ਟੁੱਟ ਗਈਆਂ। ਮੈਨੂੰ ਚੁੱਕ ਕੇ ਐਮਰਜੈਂਸੀ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਲੱਤ ਵਿਚ ਰਾਡ ਪਾ ਦਿੱਤੀ। 17 ਦਿਨ ਹਸਪਤਾਲ ਦਾਖਲ ਰਹੀ। ਥੋੜ੍ਹਾ-ਬਹੁਤ ਤੁਰਨ ਲਈ ਸਿਰਹਾਣੇ ਵਿਸਾਖੀਆਂ ਰੱਖੀਆਂ ਹੁੰਦੀਆਂ। … ਛੁੱਟੀ ਪਿੱਛੋਂ ਅਸੀਂ ਘਰ ਆ ਗਏ। ਡਾਕਟਰਾਂ ਨੇ ਦੋ ਮਹੀਨੇ ਆਰਾਮ ਕਰਨ ਦੀ ਸਲਾਹ ਦੇ ਦਿੱਤੀ ਸੀ। ਹੁਣ ਕਿਤਾਬਾਂ ਦੀ ਥਾਂ ਹੱਥਾਂ ਵਿਚ ਵਿਸਾਖੀਆਂ ਸਨ। ਇਹ ਸੋਚ ਸੋਚ ਕੇ ਅੱਖਾਂ ਵਿਚੋਂ ਹੰਝੂ ਛਲਕ ਪੈਂਦੇ ਕਿ ਪੜ੍ਹਾਈ ਤਾਂ ਇਕ ਪਾਸੇ ਰਹੀ, ਬੱਚਿਆਂ ਤੇ ਪਰਿਵਾਰ ਦਾ ਕੀ ਬਣੇਗਾ! ਦਿਲ ਅੰਦਰ ਧੁੜਕੂ ਸੀ ਪਹਿਲਾਂ ਵਾਂਗ ਚੱਲ-ਫਿਰ ਵੀ ਸਕਾਂਗੀ। ਮੈਨੂੰ ਜਾਪਿਆ, ਜਿਵੇਂ ਅਸਮਾਨ ਛੂਹਣ ਲਈ ਉਡਾਰੀ ਭਰਨ ਵਾਲੇ ਪੰਛੀ ਦੇ ਖੰਭ ਹੀ ਕੁਤਰੇ ਗਏ ਹੋਣ।
ਚਿੱਤ-ਚੇਤਾ ਵੀ ਨਹੀਂ ਸੀ ਕਿ ਇਸ ਘਟਨਾ ਨੇ ਜ਼ਿੰਦਗੀ ਦੇ ਮਾਇਨੇ ਹੀ ਬਦਲ ਕੇ ਰੱਖ ਦੇਣੇ ਸਨ। ਸਮਾਂ ਹੌਲੀ ਹੌਲੀ ਜ਼ਖਮ ਭਰ ਦਿੰਦਾ ਹੈ। ਮੇਰੇ ਨਾਲ ਵੀ ਇਹੀ ਹੋਇਆ। ਵਿਸਾਖੀਆਂ ਛੁੱਟ ਗਈਆਂ ਸਨ, ਹੁਣ ਤੁਰਨ ਵੇਲੇ ਵਾਕਰ ਦਾ ਸਹਾਰਾ ਲੈਣਾ ਪੈਂਦਾ ਸੀ ਪਰ ਹਰ ਹਾਲ ਡਿਗਰੀ ਪੂਰੀ ਕਰਨ ਦਾ ਤਹੱਈਆ ਕਰ ਲਿਆ। ਵਾਕਰ ਦੇ ਸਹਾਰੇ ਫਿਰ ਕਲਾਸਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ 2018 ਵਿਚ ਫਸਟ ਡਿਵੀਜ਼ਨ ਵਿਚ ਡਿਗਰੀ ਹਾਸਲ ਕਰ ਲਈ। ਹਾਦਸੇ ਕਾਰਨ ਭਾਵੇਂ ਤੁਰਨ-ਫਿਰਨ ਵਿਚ ਪਹਿਲਾਂ ਵਰਗੀ ਨਹੀਂ ਪਰ ਜ਼ਖਮੀ ਖੰਭਾਂ ਨਾਲ ਭਰੀ ਪਰਵਾਜ਼ ਮੈਨੂੰ ਹਮੇਸ਼ਾ ਹੌਸਲਾ ਦਿੰਦੀ ਹੈ।
ਸੰਪਰਕ: 94651-88506