ਸੱਤ ਪ੍ਰਕਾਸ਼ ਸਿੰਗਲਾ
ਬਰੇਟਾ ਲਾਗਲੇ ਜ਼ਿਲ੍ਹਾ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਨੂੰ ਮੁਜ਼ਾਰਾ ਲਹਿਰ ਦਾ ਮੋਢੀ ਪਿੰਡ ਹੋਣ ਦਾ ਮਾਣ ਪ੍ਰਾਪਤ ਹੈ। ਇਹ ਪਿੰਡ ਮੁਜ਼ਾਰਾ ਲਹਿਰ ਅਧੀਨ ਆਉਂਦੇ 784 ਪਿੰਡਾਂ ਵਿੱਚੋਂ ਪ੍ਰਸਿੱਧ ਹੋਇਆ, ਜਿਥੇ 19 ਮਾਰਚ, 1949 ਨੂੰ ਆਜ਼ਾਦ ਭਾਰਤ ਦੀ ਫੌਜ ਨੇ ਮੁਜ਼ਾਰਿਆਂ ਉਤੇ ਧਾਵਾ ਬੋਲਿਆ। ਉਦੋਂ ਮੁਜ਼ਾਰਾ ਲਹਿਰ ਲਾਲ ਪਾਰਟੀ ਦੀ ਅਗਵਾਈ ਵਿੱਚ ਚੱਲ ਰਹੀ ਸੀ। ਲਾਲ ਪਾਰਟੀ 8 ਜਨਵਰੀ, 1948 ਨੂੰ ਨਕੋਦਰ, ਜ਼ਿਲ੍ਹਾ ਜਲੰਧਰ ਵਿਖੇ ਕਾਇਮ ਕੀਤੀ ਗਈ ਸੀ, ਜਿਸ ਦੇ ਸੱਕਤਰ ਕਾਮਰੇਡ ਤੇਜਾ ਸਿੰਘ ਸੁਤੰਤਰ ਤੇ ਪੰਜਾਬ ਇਕਾਈ ਸਕੱਤਰ ਕਾਮਰੇਡ ਚੈਨ ਸਿੰਘ ਚੈਨ ਸਨ। ਮੁਜ਼ਾਰਾ ਘੋਲ ਨੂੰ ਹੋਰ ਤੇਜ਼ ਕਰਨ ਲਈ ਮੁਜ਼ਾਰਾ ਵਾਰ ਕੌਂਸਲ ਕਾਇਮ ਕੀਤੀ ਗਈ ਅਤੇ ਪੈਪਸੂ ਕਿਸਾਨ ਸਭਾ ਵੀ ਬਣਾਈ ਗਈ। ਵਿਸਵੇਦਾਰਾਂ ਦੀਆਂ ਵਧੀਕੀਆਂ ਦਾ ਜਵਾਬ ਦੇਣ ਲਈ ਹਥਿਆਰਬੰਦ ਗੁਰੀਲਾ ਦਸਤਾ ਬਣਾਇਆ ਗਿਆ। ਇਸਦੇ ਮੋਹਰੀ ਕਾਮਰੇਡ ਪਿਰਥਾ ਸਿੰਘ ਅਤੇ ਜਰਨੈਲ ਗਿਆਨੀ ਬਚਨ ਸਿੰਘ ਬਖਸ਼ੀਵਾਲਾ ਸਨ।
ਮੁਜ਼ਾਰਾ ਘੋਲ ਕਾਫੀ ਸਮੇਂ ਤੋਂ ਚੱਲ ਰਿਹਾ ਸੀ। ਮੁਜ਼ਾਰੇ ਕਿਸਾਨ ਜ਼ਮੀਨ ’ਤੇ ਆਪਣਾ ਹੱਕ ਜਤਾਉਂਦੇ ਸਨ ਪਰ ਵਿਸਵੇਦਾਰ ਆਪਣੀ ਮਾਲਕੀ ਸਮਝਦੇ ਸਨ ਕਿਉਂਕਿ ਰਿਆਸਤਾਂ ਦੇ ਰਾਜੇ ਉਨ੍ਹਾਂ ਦੀ ਹੀ ਗੱਲ ਸੁਣਦੇ ਸਨ। ਮੁਜ਼ਾਰਾ ਘੋਲ ਦੀ ਬਦੌਲਤ ਕਈ ਕਮੇਟੀਆਂ ਅਤੇ ਕਮਿਸ਼ਨ ਬਣੇ ਪਰ ਮੁਜ਼ਾਰਿਆਂ ਨੂੰ ਸੰਤੁਸ਼ਟ ਨਾ ਕਰ ਸਕੇ।
ਇਸ ਸਮੇਂ ਦੇਸ਼ ਆਜ਼ਾਦ ਹੋ ਗਿਆ ਅਤੇ ਭਾਰਤ ਦੇ ਗ੍ਰਹਿ ਮੰਤਰੀ ਵੱਲਭ ਭਾਈ ਪਟੇਲ ਨੇ ਅੱਠ ਰਿਆਸਤਾਂ ਨੂੰ ਮਿਲਾ ਕੇ 15 ਜੁਲਾਈ, 1948 ਨੂੰ ਪੈਪਸੂ ਕਾਇਮ ਕਰ ਦਿੱਤਾ। ਗਿਆਨ ਸਿੰਘ ਰਾੜੇ ਵਾਲੇ ਨੂੰ ਨਾਮਜ਼ਦ ਸਰਕਾਰ ਦੇ ਮੁੱਖ ਮੰਤਰੀ ਬਣਾਇਆ ਗਿਆ ਜੋ ਮਹਾਰਾਜਾ ਯਾਦਵਿੰਦਰ ਸਿੰਘ ਦਾ ਮਾਮਾ ਸੀ ਅਤੇ ਯਾਦਵਿੰਦਰ ਸਿੰਘ ਪੈਪਸੂ ਦਾ ਰਾਜ ਪ੍ਰਮੁੱਖ ਬਣਾ ਦਿੱਤਾ ਗਿਆ। ਇਸ ਲਈ ਇਸ ਸਰਕਾਰ ਨੂੰ ਮਾਮੇ-ਭਾਣਜੇ ਦੀ ਸਰਕਾਰ ਕਿਹਾ ਜਾਂਦਾ ਸੀ। ਭਾਰਤ ਆਜ਼ਾਦ ਹੋ ਗਿਆ ਪਰ ਪੈਪਸੂ ਦੇ ਮੁਜ਼ਾਰੇ ਗੁਲਾਮੀ ਵਾਲੀ ਹਾਲਤ ਵਿੱਚ ਹੀ ਸਨ। ਇਸ ਲਈ ਟਕਰਾਅ ਦਾ ਮਾਹੌਲ ਬਣਿਆ ਹੋਇਆ ਸੀ। ਕਈ ਪਿੰਡਾਂ ਵਿੱਚ ਘਟਨਾਵਾਂ ਵਾਪਰੀਆਂ। ਜਿਵੇਂ 11 ਅਪਰੈਲ 1947 ਕਾਲਵੰਜਾਰਾ (ਸੰਗਰੂਰ) ਵਿਸਵੇਦਾਰ ਅਤੇ ਮੁਜ਼ਾਰਿਆਂ ਦੀ ਲੜਾਈ ਹੋਈ ਤੇ 5 ਮੁਜ਼ਾਰੇ ਮਾਰੇ ਗਏ ਅਤੇ 7 ਜ਼ਖ਼ਮੀ ਹੋ ਗਏ। 3 ਜੂਨ 1947 ਨੂੰ ਪਿੰਡ ਕਸਾਈਵਾੜੇ 2 ਮੁਜ਼ਾਰੇ ਗੋਲੀਆਂ ਨਾਲ ਜ਼ਖ਼ਮੀ ਕਰ ਦਿੱਤੇ ਗਏ।
ਇਸ ਦੌਰਾਨ ਕਿਸ਼ਨਗੜ੍ਹ ਦੇ ਮੁਜ਼ਾਰਿਆਂ ਦੀਆਂ ਖੜ੍ਹੀਆਂ ਫਸਲਾਂ ’ਤੇ ਕਬਜ਼ਾ ਕਰ ਲਿਆ ਗਿਆ। ਹੋਰ ਪਿੰਡਾਂ ਅਤੇ ਕਿਸ਼ਨਗੜ੍ਹ ਦੇ ਮੁਜ਼ਾਰਿਆਂ ਨੇ ਇੱਕਠੇ ਹੋ ਕੇ ਬਚਨ ਸਿੰਘ ਬਖਸ਼ੀਵਾਲਾ ਅਤੇ ਧਰਮ ਸਿੰਘ ਫੱਕਰ ਦੀ ਅਗਵਾਈ ਵਿੱਚ ਘੋਲ ਲੜਿਆ। 16 ਮਾਰਚ 1949 ਨੂੰ ਕਿਸਾਨ ਟਕਰਾਅ ਹੋ ਗਿਆ, ਜਦੋਂ ਬਰੇਟਾ ਸਟੇਸ਼ਨ ’ਤੇ ਉੱਤਰ ਕੇ ਪੁਲੀਸ ਪਾਰਟੀ ਘੋੜਿਆਂ ’ਤੇ ਸਵਾਰ ਹੋ ਕੇ ਕਿਸ਼ਨਗੜ੍ਹ ਆ ਗਈ ਤੇ ਮੁਜ਼ਾਰਿਆਂ ਨਾਲ ਸਾਹਮਣਾ ਹੋਇਆ। ਇਸ ਝੜੱਪ ਵਿੱਚ ਇਕ ਥਾਣੇਦਾਰ ਪ੍ਰਦੁਮਨ ਸਿੰਘ ਅਤੇ ਇੱਕ ਮਾਲ ਪਟਵਾਰੀ ਸੁਖਦੇਵ ਸਿੰਘ ਆਲੂਵਾਲੀਆ ਮਾਰੇ ਗਏ ਬਾਕੀ ਸਭ ਭੱਜ ਗਏ। ਲੱਗਭਗ ਤਿੰਨ ਮੁਜ਼ਾਰੇ ਆਗੂਆਂ ਅਤੇ ਮੁਜ਼ਾਰਿਆਂ ’ਤੇ ਕਤਲ ਅਤੇ ਅਨੇਕਾਂ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਇਹ ਪਹਿਲੀ ਘਟਨਾ ਸੀ ਜਿਸਨੇ ਮੁਜ਼ਾਰਿਆਂ ਅਤੇ ਸਰਕਾਰੀ ਮਾਮਲੇ ਸਮੇਤ ਵਿਸਵੇਦਾਰਾਂ ਨਾਲ ਸਿੱਧੀ ਟੱਕਰ ਹੋਈ ਅਤੇ ਸਰਕਾਰੀ ਕਰਮਚਾਰੀ ਮਾਰੇ ਗਏ ਸਨ। ਇਸ ਲਈ ਇਸ ਘਟਨਾ ਨੂੰ ਬਗਾਵਤ ਕਿਹਾ ਗਿਆ। ਮਹਾਰਾਜਾ ਪਟਿਆਲਾ ਨੇ ਫੌਰਨ ਮਾਰਸ਼ਲ ਲਾਅ ਲਾ ਕੇ ਪਿੰਡ ਨੂੰ ਤੋਪਾਂ ਨਾਲ ਉਡਾਉਣ ਦਾ ਹੁਕਮ ਦੇ ਦਿੱਤਾ। 19 ਮਾਰਚ, 1949 ਦੀ ਸਵੇਰ ਹੋਣ ਤੋਂ ਪਹਿਲਾਂ 400 ਫ਼ੌਜੀ ਜਵਾਨਾਂ ਸਮੇਤ ਅਫਸਰ ਤਕਰੀਬਨ 100 ਪੁਲੀਸ ਦੇ ਸਿਪਾਹੀ ਅਤੇ ਅਫਸਰਾਂ ਨੇ ਪਿੰਡ ਨੂੰ ਘੇਰ ਲਿਆ। 11 ਟੈਂਕ 5 ਹਥਿਆਰਾਂ ਨਾਲ ਭਰੀਆਂ ਗੱਡੀਆਂ ਅਤੇ ਹੋਰ ਸਾਜ਼ੋ-ਸਾਮਾਨ ਨਾਲ ਲੈਸ ਫੌਜ ਦੀ ਅਗਵਾਈ ਮੇਜਰ ਗੁਰਦਿਅਲ ਸਿੰਘ ਬਰਾੜ ਕਰ ਰਹੇ ਸਨ। ਡਿਪਟੀ ਕਮਿਸ਼ਨਰ ਬਠਿੰਡਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਫੌਜ ਨੇ ਘੇਰਾ ਪਾ ਕੇ ਮਾਰਸ਼ਲ ਲਾਅ ਲਾਉਣ ਦਾ ਐਲਾਨ ਕਰ ਦਿੱਤਾ ਪਿੰਡ ਵਾਸੀਆਂ ਨੂੰ ਘੇਰੇ ਵਿਚੋਂ ਬਹਾਰ ਆ ਕੇ ਵਿਸਵੇਦਾਰਾਂ ਦੀ ਹਵੇਲੀ ਵਿੱਚ ਇੱਕਠੇ ਹੋਣ ਲਈ ਕਹਿੰਦਿਆਂ ਚੇਤਾਵਨੀ ਦਿੱਤੀ ਗਈ ਕਿ ਨਹੀਂ ਤਾਂ ਪਿੰਡ ਨੂੰ ਤੋਪਾਂ ਨਾਲ ਉਡਾ ਦਿੱਤਾ ਜਾਵੇਗਾ। ਪਰ ਸਾਰੇ ਲੋਕੀ ਘਰਾਂ ਦੀਆਂ ਛੱਤਾਂ ਉਪਰ ਚੜ੍ਹ ਗਏ। ਫੌਜ ਨੇ ਕੁਝ ਤੋਪ ਦੇ ਗੋਲੇ ਫਾਇਰ ਕੀਤੇ। ਇੱਕ ਗੋਲਾ ਧਰਮਸ਼ਾਲਾ ਵਿੱਚ ਜਾ ਡਿੱਗਿਆ ਜਿੱਥੇ ਬਰਾਤ ਠਹਿਰੀ ਹੋਈ ਸੀ ਅਤੇ ਇੱਕ ਬਰਾਤੀ ਮਾਰਿਆ ਗਿਆ। ਇਸ ਮਗਰੋਂ ਸਾਰੇ ਪਿੰਡ ਵਾਸੀਆਂ ਨੂੰ ਵਿਸਵੇਦਾਰਾਂ ਹਵੇਲੀ ਵਿੱਚ ਇੱਕਠਾ ਕਰ ਲਿਆ ਗਿਆ ਫੌਜ ਅਤੇ ਪੁਲੀਸ ਨੇ ਸਾਰੇ ਪਿੰਡ ਵਿੱਚ ਗਸ਼ਤ ਸ਼ੁਰੂ ਕਰ ਦਿੱਤੀ ਅਤੇ ਘਰ ਘਰ ਦੀ ਤਲਾਸ਼ੀ ਲਈ ਗਈ। ਗਸ਼ਤ ਦੌਰਾਨ ਇੱਕ ਘਰ ਵਿੱਚ ਰਾਮ ਸਿੰਘ ਬਾਗੀ ਅਤੇ ਉਸ ਦੇ 2 ਸਾਥੀ ਲੁਕੇ ਸਨ, ਜਿਨ੍ਹਾਂ ਨੂੰ ਫ਼ੌਜ ਨੇ ਗੋਲੀਆਂ ਮਾਰ ਦਿੱਤੀਆਂ, ਪਰ ਤਲਾਸ਼ੀ ਦੌਰਾਨ ਕੁਝ ਵੀ ਇਤਰਾਜ਼ਯੋਗ ਨਾ ਮਿਲਿਆ। ਫਿਰ 24 ਜਣਿਆਂ ’ਤੇ ਕੇਸ ਦਰਜ ਕੀਤਾ ਗਿਆ, ਜਿਨ੍ਹਾਂ ਵਿੱਚ 19 ਕਿਸ਼ਨਗੜ੍ਹ ਵਾਸੀ ਸਨ।
ਇਸ ਘਟਨਾ ਨੇ ਸਾਰੇ ਦੇਸ਼ ਨੂੰ ਹਲੂਣ ਕੇ ਰੱਖ ਦਿੱਤਾ। ਇਸ ਘਟਨਾ ਸਬੰਧੀ ਵੇਰਵਾ ਅੰਬਾਲੇ ਤੋਂ ਛਪਦੇ ‘ਦਿ ਟ੍ਰਿਬਿਊਨ’ ਦੀ ਸੰਪਾਦਕੀ ਵਿੱਚ ਛਾਪੇ ਗਏ। ਸਾਰੀਆਂ ਰਾਜਸੀ ਪਾਰਟੀਆਂ ਨੇ ਤਿੱਖੇ ਪ੍ਰਤੀਕਰਮ ਦਿੱਤੇ। ਕਾਂਗਰਸ ਦੇ ਬਾਬੂ ਬ੍ਰਿਛਭਾਨ ਦੀ ਅਗਵਾਈ ਵਿੱਚ ਅਤੇ ਅਕਾਲੀ ਦਲ ਦੇ ਜਥੇਦਾਰ ਕਰਤਾਰ ਸਿੰਘ ਦੀ ਅਗਵਾਈ ਵਿੱਚ ਪੜਤਾਲੀਆ ਕਮੇਟੀ ਬਣਾਈ। ਸਾਰੇ ਦੇਸ਼ ਵਿੱਚ ਇਸ ਕਾਰਵਾਈ ਦੀ ਵੱਡੇ ਪੱਧਰ ’ਤੇ ਚਰਚਾ ਹੋਈ। ਗ੍ਰਿਫਤਾਰ ਮੁਜ਼ਾਰਾ ਆਗੂਆਂ ਅਤੇ ਹੋਰਨਾਂ ਦਾ ਕੇਸ ਲੜਨ ਲਈ ਕਾਮਰੇਡ ਜੰਗੀਰ ਸਿੰਘ ਜੋਗਾ ਦੀ ਪ੍ਰਧਾਨਗੀ ਹੇਠ ਡਿਫੈਂਸ ਕਮੇਟੀ ਬਣਾਈ। ਇਸ ਘਟਨਾ ਨੇ ਮੁਜ਼ਾਰਾ ਵਾਰ ਕੌਂਸਲ ਨੂੰ ਆਪਣੀ ਪੁਜ਼ੀਸ਼ਨ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਆ। ਸਤੰਬਰ 1956 ਨੂੰ ਸਾਰੇ ਆਗੂ ਬਰੀ ਹੋ ਗਏ। ਗਿਆਨ ਸਿੰਘ ਰਾੜੇਵਾਲਾ ਦੀ ਸਰਕਾਰ ਮੁਜ਼ਾਰਿਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਸੀ। ਇਸ ਲਈ ਲੋਕ ਪੱਖੀ ਸਾਰੀਆਂ ਧਿਰਾਂ ਇਸ ਦੇ ਖਿਲਾਫ ਹੋ ਗਈਆਂ। ਉਨ੍ਹਾਂ ਦਿਨਾਂ ਵਿੱਚ ਪਰਜਾ ਮੰਡਲ, ਲਾਲ ਪਾਰਟੀ, ਮੁਜ਼ਾਰਾ ਵਾਰ ਕੌਂਸਲ ਅਤੇ ਪੈਪਸੂ ਕਿਸਾਨ ਸਭਾ ਦਾ ਵਫ਼ਦ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਿਲਿਆ ਅਤੇ ਮੁਜ਼ਾਰਿਆਂ ’ਤੇ ਹੋ ਰਹੇ ਜ਼ੁਲਮ ਸਬੰਧੀ ਯਾਦ ਪੱਤਰ ਦਿੱਤਾ ਜਿਸ ਨਾਲ ਗਿਆਨ ਸਿੰਘ ਰਾੜੇਵਾਲਾ ਦੀ ਸਰਕਾਰ ਭੰਗ ਹੋ ਗਈ ਅਤੇ ਕੇਂਦਰ ਵੱਲੋਂ ਪੈਪਸੂ ਦਾ ਰਾਜ ਪ੍ਰਬੰਧ ਚਲਾਉਣ ਲਈ ਪੀਐਸ ਰਾਓ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਗਿਆ। ਹੁਣ ਸਾਰੀ ਤਾਕਤ ਰਾਓ ਅਤੇ ਰਾਜ ਪ੍ਰਮੁੱਖ ਯਾਦਵਿੰਦਰ ਸਿੰਘ ਹੱਥ ਆ ਗਈ। ਦੇਸ਼ ਦੇ ਗ੍ਰਹਿ ਮੰਤਰੀ ਕੈਲਾਸ਼ ਨਾਥ ਕਟਾਜੂ ਨੇ ਕਿਸ਼ਨਗੜ੍ਹ ਦਾ ਦੌਰਾ ਕੀਤਾ ਅਤੇ ਹਾਲਤ ਦਾ ਜਾਇਜ਼ਾ ਲਿਆ। ਪੀਐਸ ਰਾਓ ਨੇ ਕਿਸ਼ਨਗੜ੍ਹ ਘਟਨਾ ਦੀ ਪੜਤਾਲ ਕੀਤੀ ਅਤੇ ਪਿੰਡ ਵਾਲਿਆਂ ਦੀ ਕੋਈ ਬਗਾਵਤ ਨਹੀਂ ਸਗੋਂ ਰੋਟੀ ਦਾ ਮਸਲਾ ਸੀ। ਵਿਸਵੇਦਾਰ ਮੁਜ਼ਾਰਿਆਂ ਦੀ ਜ਼ਮੀਨ ਖੋਹਣੀ ਚਾਹੁੰਦੇ ਸਨ ਜੋ ਉਨ੍ਹਾਂ ਦੇ ਰੁਜ਼ਗਾਰ ਦਾ ਸਾਧਨ ਸੀ। ਸੰਨ 1953 ਵਿੱਚ ਤਿੰਨ ਕਾਨੂੰਨ ਬਣਾਏ ਗਏ ਜੋ – ਆਲ੍ਹਾ ਮਾਲਕੀ ਹੱਕਾਂ ਦੇ ਖਾਤਮੇ ਸਬੰਧੀ ਕਾਨੂੰਨ 1953, ਮਰੂਸੀ ਮੁਜ਼ਾਰਿਆਂ ਨੂੰ ਮਾਲਕੀ ਹੱਕ ਦੇਣ ਲਈ ਕਾਨੂੰਨ 1953 ਅਤੇ ਮੁਜ਼ਾਰਾ ਅਤੇ ਖੇਤੀਬਾੜੀ ਕਮਿਸ਼ਨ ਕਾਨੂੰਨ 1953 ਸਨ। ਇਨ੍ਹਾਂ ਨਾਲ ਮੁਜ਼ਾਰਿਆਂ ਦੀਆਂ ਬਹੁਤੀਆਂ ਸਮੱਸਿਆਵਾਂ ਹੱਲ ਹੋ ਗਈਆਂ। ਮੁਜ਼ਾਰਿਆਂ ਤੋਂ ਮਾਲੀ ਹਾਲੇ ਦਾ 12 ਗੁਣਾ ਲੈ ਕੇ ਮਾਲਕੀ ਹੱਕ ਦਿੱਤੇ ਗਏ ਅਤੇ ਦੂਜੇ ਮੁਜ਼ਾਰਿਆਂ ਨੂੰ ਨਹਿਰੀ ਜ਼ਮੀਨ ਦਾ 32 ਅਤੇ ਬਾਕੀ 14 ਵਿੱਘਾ ਮੁਆਵਜ਼ਾ ਲੈ ਕੇ ਮਾਲਕੀ ਹੱਕ ਦਿੱਤੇ ਗਏ। ਇਹ ਲਾਲ ਪਾਰਟੀ ਦੀ ਇਤਹਾਸਿਕ ਜਿੱਤ ਸੀ। ਇਹ ਤੇਜਾ ਸਿੰਘ ਸੁਤੰਤਰ, ਧਰਮ ਸਿੰਘ ਫੱਕਰ, ਬਚਨ ਸਿੰਘ ਬਖਸ਼ੀਵਾਲਾ, ਯੋਗਾ ਸਿੰਘ ਅਤੇ ਹੋਰ ਸਾਥੀਆਂ ਦੀ ਮੁਜ਼ਾਰੇ ਕਿਸਾਨਾਂ ਨੂੰ ਵਡਮੁੱਲੀ ਦੇਣ ਹੈ, ਜਿਨ੍ਹਾਂ ਸਦਕਾ ਕਾਰਨ ਮੁਜ਼ਾਰੇ ਜ਼ਮੀਨਾਂ ਦੇ ਮਾਲਕ ਬਣੇ। ਇਸ ਸਬੰਧੀ 6 ਚੇਤ (19 ਮਾਰਚ) ਨੂੰ ਭਾਰਤੀ ਕਮਿਊਨਿਸਟ ਪਾਰਟੀ ਅਤੇ ਪਿੰਡ ਕਿਸ਼ਨਗੜ੍ਹ ਵਾਸੀ ਮੁਜ਼ਾਰਾ ਲਹਿਰ ਦੇ ਸ਼ਹੀਦਾਂ ਦੀ ਯਾਦ ਮਿਲ ਕੇ ਮਨਾਉਂਦੇ ਹਨ।
ਸੰਪਰਕ: 94640-71641