ਪਰਮਬੀਰ ਕੌਰ
ਬੱਚੇ ਛੋਟੇ ਸਨ ਤਾਂ ਉਨ੍ਹਾਂ ਦੀ ਸਾਂਭ-ਸੰਭਾਲ ਤੇ ਘਰ ਦੀਆਂ ਹੋਰ ਜ਼ਿੰਮੇਵਾਰੀਆਂ ਵਿਚ ਸਮੇਂ ਦੀ ਇਸ ਕਦਰ ਤੰਗੀ ਰਹਿਣੀ ਕਿ ਕਈ ਸ਼ੌਕ ਵਕਤੀ ਤੌਰ ’ਤੇ ਨਜ਼ਰਅੰਦਾਜ਼ ਕਰਨੇ ਪਏ। ਜਦੋਂ ਉਹ ਵੱਡੇ ਹੋ ਗਏ ਤਾਂ ਖਲਾਅ ਜਿਹਾ ਮਹਿਸੂਸ ਹੋਣ ਲੱਗਾ। ਆਪਣੇ ਅੰਦਰ ਆਮ ਹੀ ਖ਼ਿਆਲਾਂ ਦਾ ਸੈਲਾਬ ਆਇਆ ਪ੍ਰਤੀਤ ਹੋਣਾ ਜਿਸ ਨੂੰ ਅਗਾਂਹ ਵਹਿਣ ਲਈ ਕਿਸੇ ਦਿਸ਼ਾ ਦੀ ਤਲਾਸ਼ ਰਹਿੰਦੀ। ਬਸ ਇਸ ਤਰ੍ਹਾਂ ਮਨੋਭਾਵਾਂ ਨੂੰ ਕਾਗਜ਼ ’ਤੇ ਉਤਾਰਨ ਦਾ ਸਫ਼ਰ ਆਰੰਭ ਹੋਇਆ। ਇਸ ਜ਼ਰੀਏ ਮਨ ਨੂੰ ਰਾਹਤ ਮਿਲੀ। ਜਦੋਂ ਮੇਰਾ ਲਿਖਿਆ ਸੰਪਾਦਕ ਨੂੰ ਛਾਪਣ ਯੋਗ ਲੱਗਿਆ ਤਾਂ ਕੁਦਰਤੀ ਮੈਂ ਹੋਰ ਅੱਗੇ ਤੁਰਨ ਲਈ ਪ੍ਰੇਰਿਤ ਹੁੰਦੀ ਗਈ। ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਇਹ ਗੱਲ ਤਕਰੀਬਨ ਤਿੰਨ ਦਹਾਕੇ ਪਹਿਲਾਂ ਦੀ ਹੈ।
ਫ਼ੁਰਸਤ ਵਾਲਾ ਸਮਾਂ ਲਿਖਣ ਦੇ ਲੇਖੇ ਲਾ ਕੇ ਮਨ ਨੂੰ ਸ਼ਾਂਤੀ ਮਿਲਣ ਲੱਗੀ। ਲਿਖਣਾ ਭਾਵੇਂ ਆਪਣੀ ਸੰਤੁਸ਼ਟੀ ਲਈ ਸ਼ੁਰੂ ਕੀਤਾ ਸੀ, ਫਿਰ ਵੀ ਜਿਸ ਪੱਧਰ ਦੀ ਖ਼ੁਸ਼ੀ ਇਸ ਕੰਮ ਤੋਂ ਮਿਲੀ, ਕਲਪਨਾ ਤੋਂ ਪਰੇ ਦੀ ਬਾਤ ਹੈ! ਬੱਚਿਆਂ ਲਈ ਕਹਾਣੀਆਂ ਲਿਖਣ ਨੇ ਅਸਲੋਂ ਨਿਵੇਕਲਾ ਸੁਖਦ ਅਹਿਸਾਸ ਤੇ ਮਾਨਸਿਕ ਸਕੂਨ ਬਖ਼ਸਿ਼ਆ; ਸ਼ਾਇਦ ਇਸ ਕਰ ਕੇ ਕਿ ਬੱਚੇ ਸਾਡੇ ਭਵਿੱਖ ਦੇ ਵਾਰਸ ਨੇ। ਪਹਿਲੀ ਬਾਲ ਕਹਾਣੀ ਅਖ਼ਬਾਰ ਵਿਚ ਛਪੀ। ਫਿਰ ਹੋਰ ਅਖ਼ਬਾਰਾਂ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਬਾਲ ਰਸਾਲਿਆਂ ਵਿਚ ਛਪਣ ਲੱਗੀਆਂ। ਇਸ ਗੱਲ ਦਾ ਖ਼ਾਬੋ-ਖ਼ਿਆਲ ਨਹੀਂ ਸੀ ਕਿ ਇਹ ਕਦੇ ਲਹਿੰਦੇ ਪੰਜਾਬ ਵਿਚ ਸ਼ਾਹਮੁਖੀ ਵਿਚ ਵੀ ਪ੍ਰਕਾਸ਼ਿਤ ਹੋਣਗੀਆਂ। ਹੈਰਾਨੀ ਦੀ ਹੱਦ ਨਾ ਰਹੀ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਲਾਹੌਰ ਦੇ ਪੰਜਾਬੀ ਬਾਲ ਅਦਬੀ ਬੋਰਡ ਦੇ ਪੱਚੀ ਸਾਲਾਂ ਤੋਂ ਛਪ ਰਹੇ ਮਹੀਨਾਵਰ ਬਾਲ ਰਸਾਲੇ ‘ਪਖੇਰੂ’ ਵਿਚ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਇਸ ਮੈਗਜ਼ੀਨ ਦੇ ਸੰਪਾਦਕ ਜਨਾਬ ਅਸ਼ਰਫ਼ ਸੁਹੇਲ ਹਨ। ਭਲਾ ਇਹ ਜਾਣ ਕੇ ਕੌਣ ਨਹੀਂ ਖ਼ੁਸ਼ ਹੋਵੇਗਾ ਕਿ ਓਧਰਲੇ ਬਾਲ ਵੀ ਉਸ ਦੀਆਂ ਲਿਖਤਾਂ ਪਸੰਦ ਕਰਦੇ ਹਨ!
ਹੁਣ ਜਦੋਂ ਸ਼ਾਹਮੁਖੀ ਵਿਚ ਆਪਣੀਆਂ ਕਹਾਣੀਆਂ ਛਪੀਆਂ ਹੋਈਆਂ ਦੇਖਣ ਨੂੰ ਮਿਲੀਆਂ ਤਾਂ ਮਨ ਵਿਚ ਸ਼ਿੱਦਤ ਨਾਲ ਜਿਹੜੀ ਘਾਟ ਮਹਿਸੂਸ ਹੋਈ, ਉਹ ਇਹ ਸੀ ਕਿ ਉਰਦੂ ਪੜ੍ਹਨੀ-ਲਿਖਣੀ ਨਹੀਂ ਆਉਂਦੀ ਸੀ। ਕਾਸ਼, ਮੈਂ ਵੀ ਸ਼ਾਹਮੁਖੀ ਵਿਚ ਛਪੀਆਂ ਆਪਣੀਆਂ ਲਿਖਤਾਂ ਪੜ੍ਹ ਸਕਦੀ! ਮਨ ਨੇ ਆਖਿਆ ਕਿ ਜੇ ਮੇਰੀਆਂ ਕਹਾਣੀਆਂ ਨੇ ਸ਼ਾਹਮੁਖੀ ਵਿਚ ਹਾਜ਼ਰੀ ਲਾਉਣ ਦਾ ਰਸਤਾ ਚੁਣ ਹੀ ਲਿਆ ਹੈ ਤਾਂ ਮੈਨੂੰ ਵੀ ਉਰਦੂ ਸਿੱਖਣ ਦੇ ਰਾਹ ਪੈ ਜਾਣਾ ਚਾਹੀਦਾ ਹੈ। ਉਂਝ, ਉਰਦੂ ਸਿੱਖਣ ਦੀ ਤਮੰਨਾ ਹੈ ਬੜੀ ਪੁਰਾਣੀ ਸੀ। ਮੈਂ ਆਪਣੇ ਪਿਤਾ ਜੀ ਤੋਂ ਬਾਖ਼ੂਬੀ ਇਹ ਭਾਸ਼ਾ ਸਿਖ ਸਕਦੀ ਸੀ ਪਰ ਹੁਣ ਉਹ ਮੌਕਾ ਤਾਂ ਕਦੇ ਮੁੜ ਨਹੀਂ ਆਉਣਾ …। ‘ਪਖੇਰੂ’ ਨੇ ਨਵੇਂ ਸਿਰਿਓਂ ਉਰਦੂ ਸਿੱਖਣ ਲਈ ਮਕਸਦ ਦੇ ਦਿੱਤਾ। ਮੈਂ ਇਸ ਭਾਸ਼ਾ ਵਿਚ ਮੁਹਾਰਤ ਹਾਸਲ ਕਰਨ ਦਾ ਨਿਸ਼ਚਾ ਕਰ ਲਿਆ। ਪਤਾ ਲਗਿਆ ਕਿ ਰਾਸ਼ਟਰੀ ਉਰਦੂ ਭਾਸ਼ਾ ਵਿਕਾਸ ਪਰਿਸ਼ਦ, ਨਵੀਂ ਦਿੱਲੀ’ ਵਾਲੇ ਇਕ ਸਾਲ ਦਾ ਡਿਪਲੋਮਾ ਕੋਰਸ ਕਰਵਾਉਂਦੇ ਹਨ। ਉਸ ਵਿਚ ਦਾਖ਼ਲਾ ਲੈ ਕੇ ਠੀਕ ਤਰੀਕੇ ਨਾਲ ਉਰਦੂ ਸਿੱਖਣ ਦੀ ਸੋਚੀ।
ਇਸ ਬਾਰੇ ਆਪਣੇ ਜੀਵਨ ਸਾਥੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਇਸ ਕੰਮ ਵਿਚ ਮੇਰਾ ਸਾਥ ਦੇਣ ਦੀ ਇੱਛਾ ਜ਼ਾਹਿਰ ਕੀਤੀ। ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਉਹ ਨੌਕਰੀ ਤੋਂ ਸੇਵਾਮੁਕਤ ਹੋ ਚੁੱਕੇ ਸਨ ਤੇ ਆਖਦੇ, “ਆਪਾਂ ਰਲ ਕੇ ਇਕ-ਦੂਜੇ ਦੀ ਮਦਦ ਨਾਲ ਉਰਦੂ ਮੁਕਾਬਲਤਨ ਸ਼ਾਇਦ ਸੌਖਿਆਂ ਸਿੱਖ ਜਾਵਾਂਗੇ!” ਬਸ ਅਸੀਂ ਦੋਹਾਂ ਨੇ ਇਕੱਠਿਆਂ ਕੋਰਸ ਵਿਚ ਦਾਖ਼ਲਾ ਲੈ ਲਿਆ; ਤੇ ਸੱਚਮੁੱਚ ਇਸ ਤਰ੍ਹਾਂ ਲਾਭ ਵੀ ਬਹੁਤ ਹੋਇਆ। ਉਂਝ ਵੀ ਕੋਈ ਨਵੀਂ ਭਾਸ਼ਾ ਸਿੱਖਣ ਸਮੇਂ ਜਾਪਦਾ ਹੈ ਜਿਵੇਂ ਅਸੀਂ ਕਿਸੇ ਤਲਿਸਮੀ ਰੌਸ਼ਨੀ ਵੱਲ ਵਧ ਰਹੇ ਹੋਈਏ। ਜਿਉਂ ਜਿਉਂ ਅੱਖਰਾਂ ਦੀ ਪਛਾਣ ਵਧਦੀ ਹੈ, ਵਿਲੱਖਣ ਪ੍ਰਾਪਤੀ ਦਾ ਅਹਿਸਾਸ ਹੁੰਦਾ ਹੈ। ਇਉਂ ਡੇਢ ਸਾਲ ਪਹਿਲਾਂ ਅਸੀਂ ਮੀਆਂ-ਬੀਵੀ ਨੇ ‘ਏ ਗਰੇਡ’ ਵਿਚ ਡਿਪਲੋਮਾ ਹਾਸਲ ਕਰ ਲਿਆ। ਆਪਣੀ ਉਮਰ ਦੇ ਸੱਤਵੇਂ ਦਹਾਕੇ ਵਿਚ ਨਵੀਂ ਬੋਲੀ ਸਿੱਖ ਕੇ ਪੜ੍ਹ ਸਕਣ ਤੇ ਬੜੀ ਤਸੱਲੀ ਹੋਈ ਹੈ।
ਮੇਰੇ ਲਈ ਹੁਣ ਇਹ ਵੀ ਖ਼ਾਸ ਬਾਤ ਹੈ ਕਿ ਮੇਰੇ ਕਦੇ ਲਾਹੌਰ ਨਾ ਗਏ ਹੋਣ ਦੇ ਬਾਵਜੂਦ, ਮੇਰੀਆਂ ਕਹਾਣੀਆਂ ਨੇ ਉਸ ਨੂੰ ਆਪਣਾ ਬਸੇਰਾ ਬਣਾ ਲਿਆ ਹੈ ਅਤੇ ਇਨ੍ਹਾਂ ਨੇ ਇਕ ਕਦਮ ਹੋਰ ਅੱਗੇ ਪੁੱਟ ਲਿਆ ਹੈ। ਪੰਜਾਬੀ ਬਾਲ ਅਦਬੀ ਬੋਰਡ ਨੇ 2021 ਵਿਚ ਮੇਰੀਆਂ ਬਾਲ ਕਹਾਣੀਆਂ ਦੀ ਕਿਤਾਬ ‘ਪਿਆਜ਼ ਦਾ ਭੁਲੇਖਾ’ ਛਾਪੀ ਹੈ। ਮੈਨੂੰ ਅਜੇ ਵੀ ਆਪਣੀਆਂ ਬਾਲ ਕਹਾਣੀਆਂ ਦੇ ਲਾਹੌਰ ਪੁੱਜਣ ਤੋਂ ਕਿਤਾਬੀ ਰੂਪ ਵਿਚ ਪਰਗਟ ਹੋਣ ਤਕ ਦੀ ਸਾਰੀ ਪ੍ਰਕਿਰਿਆ ਹੁਸੀਨ ਤੇ ਅਸਚਰਜ ਸੁਪਨੇ ਵਾਂਗ ਜਾਪਦੀ ਹੈ!
ਸੰਪਰਕ: 98880-98379