ਗੱਲ 10-12 ਸਾਲ ਪਹਿਲਾਂ ਦੀ ਗੱਲ ਹੈ। ਦਿੱਲੀ ਦੀਆਂ ਹੱਦਾਂ ਉਤੇ ਅੰਤਾਂ ਦੀ ਠੰਢ ਅਤੇ ਮੀਂਹਾਂ ਵਿਚ ਠਰਦੇ ਜਿਊੜਿਆਂ ਨੂੰ ਯਾਦ ਕਰ ਕਰ ਕੇ ਇਹ ਯਾਦ ਆ ਗਈ ਹੈ। ਉਦੋਂ ਸਾਡੀ ਯੂਨਿਟ ਸਿਆਚਿਨ ਗਲੇਸ਼ੀਅਰ ਵਿਚ ਤਾਇਨਾਤ ਸੀ। ਉਥੇ ਪਹੁੰਚਣ ਵਾਸਤੇ ਬਹੁਤ ਕਰੜੀ ਸਿਖਲਾਈ ਵਿਚੋਂ ਗੁਜ਼ਰਨਾ ਪੈਂਦਾ ਹੈ। ਆਮ ਜਗ੍ਹਾ ਉਤੇ ਤਾਂ ਫ਼ੌਜੀਆਂ ਨੂੰ ਇਕ ਹੀ ਲੜਾਈ ਲੜਨੀ ਪੈਂਦੀ ਹੈ ਪਰ ਗਲੇਸ਼ੀਅਰ ਵਿਚ ਫ਼ੌਜੀ ਨੂੰ ਦੋ ਦੋ ਲੜਾਈਆਂ ਲੜਨੀਆਂ ਪੈਂਦੀਆਂ ਹਨ: ਇਕ ਤਾਂ ਦੁਸ਼ਮਣ ਨਾਲ, ਦੂਜੀ ਮੌਸਮ ਨਾਲ। ਉਸ ਇਲਾਕੇ ਵਿਚ ਅਜੇ ਦੁਸ਼ਮਣ ਤਾਂ ਭਲਾ ਕੁਝ ਲਿਹਾਜ਼ ਕਰ ਸਕਦਾ ਹੈ ਪਰ ਮੌਸਮ ਬਿਲਕੁਲ ਲਿਹਾਜ਼ ਨਹੀਂ ਕਰਦਾ। ਇਥੇ ਤਾਂ ਆਪਣੇ ਤਾਪਮਾਨ ਕਦੇ ਜ਼ੀਰੋ ਤੋਂ ਥੱਲੇ ਨਹੀਂ ਜਾਂਦਾ ਪਰ ਉਥੇ ਤਾਂ ਨਵੰਬਰ ਦਸੰਬਰ ਵਿਚ ਮਨਫ਼ੀ 50-60 ਡਿਗਰੀ ਤਾਪਮਾਨ ਆਮ ਰਹਿੰਦਾ ਹੈ। ਸੋਚ ਹੀ ਸਕਦੇ ਹੋ ਕਿ ਅਜਿਹੇ ਹਾਲਾਤ ਵਿਚ ਉਥੇ ਡਿਊਟੀ ਕਰਨੀ ਅਤੇ ਖ਼ੁਦ ਨੂੰ ਸੁਰੱਖਿਅਤ ਰੱਖਣਾ ਕਿੰਨਾ ਔਖਾ ਹੋਵੇਗਾ!
ਉਂਜ ਵੀ, ਉਥੇ ਕਿਹੜਾ ਭੁੱਖ ਲਗਦੀ ਹੈ, ਆਕਸੀਜਨ ਵੀ ਨਾਂਹ ਦੇ ਬਰਾਬਰ ਹੁੰਦੀ ਹੈ। ਆਦਮੀ 10 ਕਦਮ ਨਹੀਂ ਚੱਲ ਸਕਦਾ ਕਿ ਆਕਸੀਜਨ ਸਿਲੰਡਰ ਦੀ ਜ਼ਰੂਰਤ ਪੈ ਜਾਂਦੀ ਹੈ। ਬਈ ਧੰਨ ਨੇ ਉਥੋਂ ਦੇ ਕੁੱਲੀ ਜਿਹੜੇ ਸਾਡੀ ਸੇਵਾ ਕਰਦੇ ਹਨ। ਜਦੋਂ ਅਸੀਂ ਅੱਗੇ ਚੌਕੀਆਂ ਤੇ ਜਾਣਾ ਹੁੰਦਾ ਹੈ ਤਾਂ ਉਹ ਸਾਡਾ ਸਮਾਨ ਢੋਹਣ ਅਤੇ ਹੋਰ ਬਹੁਤ ਮਦਦ ਕਰਦੇ ਹਨ। ਸਬਜ਼ੀ-ਭਾਜੀ ਸਭ ਡੱਬਿਆਂ ਵਿਚ ਬੰਦ ਹੋਈ ਹੀ ਮਿਲਦੀ ਹੈ। ਗਰਮੀਆਂ ਦੇ ਮੌਸਮ ਵਿਚ ਹਵਾਈ ਜਹਾਜ਼ ਰਾਹੀਂ ਰਾਸ਼ਨ ਸੁੱਟਿਆ ਜਾਂਦਾ ਹੈ। ਜਦੋਂ ਮੌਕਾ ਮਿਲੇ, ਫ਼ੌਜੀ ਆਪਣੇ ਖਾਣ ਵਾਸਤੇ ਰਾਸ਼ਨ ਇਕੱਠਾ ਕਰ ਲੈਂਦੇ ਹਨ। ਵੱਡੀ ਤਾਦਾਦ ਵਿਚ ਤਾਂ ਰਾਸ਼ਨ ਕਰਵਾਸਾਂ ਵਿਚ ਹੀ ਚਲਾ ਜਾਂਦਾ ਹੈ। ਫਿਰ ਵੀ ਹੈਲੀਕਾਪਟਰ ਅਤੇ ਏਐੱਨ-32 ਕਦੇ ਕਦਾਈਂ ਮੌਸਮ ਸਾਫ ਹੋਣ ਤੇ ਰਾਸ਼ਨ ਉੱਥੇ ਸੁੱਟ ਹੀ ਆਉਂਦੇ ਹਨ। ਸਹਿਜਰਾ ਚੌਕੀ ਜਿਸ ਦੀ ਉਚਾਈ ਲੱਗਭੱਗ 20-21 ਹਜ਼ਾਰ ਫੁੱਟ ਹੈ, ਉੱਤੇ ਹਵਾਈ ਜਹਾਜ਼ ਰਾਹੀਂ ਰਾਸ਼ਨ ਸਿੱਧਾ ਚੰਡੀਗੜ੍ਹ ਤੋਂ ਜਾਂਦਾ ਹੈ।
ਇੱਕ ਦਿਨ ਸਵੇਰੇ ਸਵੇਰੇ ਮੌਸਮ ਵਾਹਵਾ ਸਾਫ ਸੀ। ਏਐੱਨ-32 ਹਵਾਈ ਜਹਾਜ਼ ਨੇ ਸਾਡੀ ਚੌਕੀ ਤੇ ਰਾਸ਼ਨ ਪੈਰਾ ਛਤਰੀਆਂ ਦੁਆਰਾ ਸਮਾਨ ਸੁੱਟ ਦਿੱਤਾ। ਅਚਾਨਕ ਕੁਝ ਪੈਰਾ ਸਾਡੀ ਐੱਫਆਰਪੀ (Fibre-reinforced plastic) ਜਿਸ ਵਿਚ ਅਸੀਂ ਰਹਿੰਦੇ ਸਾਂ, ਦੇ ਨਜ਼ਦੀਕ ਹੀ ਡਿੱਗ ਪਈਆਂ। ਮੇਰੇ ਨਾਲ ਦੇ ਸਾਥੀਆਂ ਨੇ ਸਨੋ-ਸਕੂਟਰ ਤੇ ਜਾ ਕੇ ਸਮਾਨ ਇਕੱਠਾ ਕਰ ਲਿਆ। ਸਮਾਨ ਜਦੋਂ ਸਟੋਰ ਕਰਨ ਲੱਗੇ ਤਾਂ ਇੱਕ ਪੈਕੇਜ ਵਿਚ ਚੂਹਾ ਦਿਖਾਈ ਦਿੱਤਾ। ਦੇਖਣ ਨੂੰ ਤਾਂ ਲੱਗਦਾ ਸੀ ਕਿ ਉਹ ਮਰਿਆ ਹੋਇਆ ਹੈ ਪਰ ਅਸਲ ਵਿਚ ਉਹ ਆਕਸੀਜਨ ਘੱਟ ਹੋਣ ਕਾਰਨ ਬੇਹੋਸ਼ ਹੋਇਆ ਪਿਆ ਸੀ। ਮੇਰੇ ਕਹਿਣ ’ਤੇ ਮੇਰਾ ਇਕ ਜਵਾਨ ਉਸ ਨੂੰ ਸਾਡੀ ਰੈਜ਼ੀਡੈਂਸੀ ਲੈ ਗਿਆ। ਪਹਿਲਾਂ ਤਾਂ ਉਸ ਨੂੰ ਆਕਸੀਜਨ ਦਿੱਤੀ, ਉਹ ਥੋੜ੍ਹਾ ਜਿਹਾ ਹੋਸ਼ ਵਿਚ ਆ ਗਿਆ ਤਾਂ ਉਸ ਨੂੰ ਲੋੜ ਮੁਤਾਬਿਕ ਨਿੱਘ ਦਿੱਤਾ। ਉਸ ਦੀ ਜਾਨ ਬਚ ਗਈ ਸੀ। ਫਿਰ ਤਾਂ ਉਹ ਸਾਡਾ ਸਭ ਦਾ ਪੱਕਾ ਯਾਰ ਬਣ ਗਿਆ। ਅਸੀਂ ਉਸ ਨੂੰ ਕੁਝ ਨਾ ਕੁਝ ਖਾਣ ਲਈ ਦੇ ਦਿੰਦੇ। ਹੌਲੀ ਹੌਲੀ ਉਹ ਸਾਡੇ ਹੱਥਾਂ ਉਤੇ ਬੈਠ ਕੇ ਖਾਣਾ ਖਾਣ ਦਾ ਆਦੀ ਹੋ ਗਿਆ। ਰਾਤ ਨੂੰ ਅਸੀਂ ਉਸ ਵਾਸਤੇ ਸਪੈਸ਼ਲ, ਗਰਮ ਰਜ਼ਾਈ ਵਰਗਾ ਮੈਟਰੈਸ ਰੱਖਿਆ ਹੋਇਆ ਸੀ ਜਿਸ ਅੰਦਰ ਉਹ ਰਾਤ ਭਰ ਘੁਸਿਆ ਰਹਿੰਦਾ।
ਖ਼ੈਰ! ਉਸ ਚੂਹੇ ਨਾਲ ਅਸੀਂ ਤਕਰੀਬਨ ਦੋ ਕੁ ਮਹੀਨੇ ਗੁਜ਼ਾਰੇ। ਕਦੀ ਕੋਈ ਦਿੱਕਤ ਨਹੀਂ ਹੋਈ ਸਗੋਂ ਅਸੀਂ ਖ਼ੁਸ਼ ਸਾਂ ਕਿ ਅਸੀਂ ਇਕ ਜਾਨ ਬਚਾਈ ਹੈ। ਉਂਜ, ਉਹ ਆਪਣੀ ਇਕ ਆਦਤ ਤੋਂ ਮਜਬੂਰ ਸੀ: ਕਦੇ ਕਦੇ ਉਹ ਸਾਡੇ ਲੀੜੇ ਕੁਤਰ ਦਿੰਦਾ ਸੀ ਪਰ ਉਸ ਉੱਤੇ ਕਿਸੇ ਨੂੰ ਕਦੇ ਗੁੱਸਾ ਨਹੀਂ ਆਇਆ ਸਗੋਂ ਸਾਡੀ ਕੋਸਿ਼ਸ਼ ਹੁੰਦੀ ਕਿ ਉਸ ਨੂੰ ਇਹ ਕੰਮ ਕਰਨ ਦਾ ਮੌਕਾ ਹੀ ਨਾ ਦਿੱਤਾ ਜਾਵੇ। ਜਦੋਂ ਸਾਡੀ ਉਥੋਂ ਬਦਲੀ ਹੋਈ ਤਾਂ ਮੈਂ ਆਪਣੀ ਥਾਂ ਤੇ ਆਏ ਚੌਕੀ ਕਮਾਂਡਰ ਨੂੰ ਉਸ ਚੂਹੇ ਦੀ ਸਾਰੀ ਵਿਥਿਆ ਸੁਣਾਈ।
ਮੈਥੋਂ ਕਾਫੀ ਚਿਰ ਬਾਅਦ ਤੱਕ ਕਹਿੰਦੇ ਉਹ ਚੂਹਾ ਉਥੇ ਵਿਚਰਦਾ ਰਿਹਾ ਸੀ। ਇਹ ਗੱਲ ਮੈਂ ਕਈ ਵਾਰ ਆਪਣੇ ਪਰਿਵਾਰ ਦੇ ਜੀਆਂ ਅਤੇ ਮਿੱਤਰਾਂ-ਸੱਜਣਾਂ ਨਾਲ ਸਾਂਝੀ ਕੀਤੀ। ਸਾਰਿਆਂ ਨੇ ਇਹ ਕਹਾਣੀ ਸਦਾ ਗਹੁ ਨਾਲ ਸੁਣੀ ਪਰ ਹੁਣ ਜਦੋਂ ਮੈਂ ਦਿੱਲੀ ਦੀਆਂ ਠੰਢੀਆਂ ਸੜਕਾਂ ਤੇ ਬਜ਼ੁਰਗ, ਬੱਚੇ, ਨੌਜਵਾਨਾਂ, ਮਾਤਾਵਾਂ ਨੂੰ ਕੜਕਦੀ ਠੰਢ ਵਿਚ ਠਰੂੰ ਠਰੂੰ ਕਰਦਾ ਦੇਖਦਾ ਹਾਂ ਤਾਂ ਸੋਚਦਾ ਹਾਂ ਕਿ ਅੱਜ ਸਾਡਾ ਹਾਕਮ ਇੰਨਾ ਕਰੂਰ ਕਿਉਂ ਹੋ ਗਿਆ ਹੈ ਜੋ ਇਨਸਾਨੀਅਤ ਨੂੰ ਬਿਲਕੁਲ ਭੁੱਲ ਚੁੱਕਾ ਹੈ ਅਤੇ ਕਿਸਾਨਾਂ ਦੀ ਗੱਲ ਸੁਣਨ ਲਈ ਉਸ ਕੋਲ ਵਕਤ ਤੱਕ ਨਹੀਂ ਹੈ। ਸਾਨੂੰ ਉਹ ਕਹਾਣੀ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਚੂਹਾ ਵੀ ਕਦੇ ਸ਼ੇਰ ਦੇ ਕੰਮ ਆਉਂਦਾ ਹੈ, ਕਿਸਾਨ ਤਾਂ ਫਿਰ ਵੀ ਅੰਨਦਾਤੇ ਹਨ ਅਤੇ ਸਭ ਦੇ ਮੂੰਹ ਬੁਰਕੀ ਪੁੱਜਦੀ ਕਰਦੇ ਹਨ। ਪ੍ਰਧਾਨ ਮੰਤਰੀ ਨੂੰ ਆਪਣੀ ਜਿ਼ੱਦ ਛੱਡ ਕੇ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ ਤਾਂ ਕਿ ਕਿਸਾਨ ਆਪੋ-ਆਪਣੇ ਕੰਮਾਂ-ਕਾਰਾਂ ਲਈ ਘਰ ਮੁੜ ਸਕਣ।
ਸੰਪਰਕ: 75891-55501