ਰਸ਼ਪਿੰਦਰ ਪਾਲ ਕੌਰ
ਮਕੈਨਿਕ ਫਰਿੱਜ ਠੀਕ ਕਰ ਕੇ ਵਾਪਸ ਜਾਣ ਲੱਗਾ ਸੀ। ਚਾਹ ਪਾਣੀ ਪੀਣ ਲਈ ਬੀਬੀ ਨੇ ਉਸ ਨੂੰ ਬਿਠਾ ਲਿਆ। ਕੋਲ ਹੀ ਪੁਸਤਕਾਂ ਨਾਲ ਭਰੀ ਅਲਮਾਰੀ ਦੇਖ ਕੇ ਉਹ ਨਿਹਾਲ ਹੋਇਆ| ਕਹਿਣ ਲੱਗਾ, ਇਨ੍ਹਾਂ ਪੁਸਤਕਾਂ ਨੇ ਹੀ ਮੇਰੀ ਸੋਚ ਅਤੇ ਜ਼ਿੰਦਗੀ ਬਦਲੀ ਹੈ। ਚਾਹ ਪੀਂਦਿਆਂ ਉਸ ਆਪਣੀ ਗਾਥਾ ਛੋਹ ਲਈ: ਮੇਰਾ ਜਨਮ ਪੁਰਾਤਨ ਵਿਚਾਰਾਂ ਵਾਲੇ ਪਰਿਵਾਰ ਵਿਚ ਹੋਇਆ। ਵੱਡਾ ਭਰਾ ਵੀ ਫਰਿੱਜਾਂ ਦਾ ਮਕੈਨਿਕ ਸੀ। ਮੈਂ ਵੀ ਉਸ ਦਾ ਹੱਥ ਵਟਾਉਂਦਾ ਹੁੰਦਾ ਸਾਂ। ਉਹ ਪਰਿਵਾਰ ਵਿਚੋਂ ਮਿਲੀ ਸਿੱਖਿਆ ਅਤੇ ਮਾਹੌਲ ਅਨੁਸਾਰ, ਪੁਰਾਣੇ ਸੰਸਕਾਰਾਂ ਵਿਚ ਅਥਾਹ ਸ਼ਰਧਾ ਰੱਖਦਾ ਸੀ। ਸਵੇਰੇ ਉੱਠਣ ਸਾਰ ਨਹਾ ਧੋ ਕੇ ਉਹ ਪਾਠ-ਪੂਜਾ ਲਈ ਬੈਠ ਜਾਂਦਾ। ਆਪਣੇ ਰੋਜ਼ ਦੇ ਕੰਮਾਂ-ਕਾਰਾਂ ਵਿਚ ਵੀ ਵਹਿਮ-ਭਰਮ ਫਸਾਈ ਰੱਖਦਾ। ਉਸ ਦੀ ਅੰਧਵਿਸ਼ਵਾਸੀ ਬਿਰਤੀ ਕਾਰਨ ਅਸੀਂ ਹਫ਼ਤੇ ਵਿਚ ਬੱਸ ਚਾਰ ਕੁ ਦਿਨ ਹੀ ਕੰਮ ਕਰਦੇ ਸਾਂ|
ਇੰਨੇ ਕੰਮ ਨਾਲ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਹੀ ਹੁੰਦਾ ਸੀ। ਘਰ ਦੀ ਤੰਗੀ-ਤੁਰਸ਼ੀ ਗੁੱਸੇ ਅਤੇ ਲੜਾਈ-ਝਗੜੇ ਨੂੰ ਜਨਮ ਦਿੰਦੀ| ਅਜਿਹੀ ਪ੍ਰੇਸ਼ਾਨੀ ਤੋਂ ਬਚਣ ਲਈ ਉਸ ਕੋਲ ਆਸਥਾ ਹੀ ਇੱਕੋ-ਇੱਕ ਰਾਹ ਸੀ। ਭਰਾ ਹੋਰਨਾਂ ਲੋਕਾਂ ਵਾਂਗ ਲਕੀਰ ਦਾ ਫ਼ਕੀਰ ਬਣ ਕੇ ਜਿਊਂਦਾ| ਅਸੀਂ ਮੰਗਲਵਾਰ ਕਿਸੇ ਦੀ ਮੋਟਰ ਨਹੀਂ ਸੀ ਖੋਲ੍ਹ ਕੇ ਲਿਆਂਉਂਦੇ। ਭਰਾ ਕਹਿੰਦਾ ਸੀ, ਇਸ ਦਿਨ ਲੋਹਾ ਖੋਲ੍ਹਣਾ ਮਾੜਾ ਹੁੰਦਾ। ਵੀਰਵਾਰ ਨੂੰ ਕਿਸੇ ਦੇ ਘਰ ਫਰਿੱਜ ਠੀਕ ਕਰਨ ਨਹੀਂ ਸਾਂ ਜਾਂਦੇ। ਉਸ ਦਾ ਮੰਨਣਾ ਸੀ ਕਿ ਅਜਿਹਾ ਕਰਨ ਨਾਲ ਕੰਮ ਵਿਚ ਬਰਕਤ ਨਹੀਂ ਹੁੰਦੀ। ਸ਼ਨਿਚਰਵਾਰ ਉਸ ਦਾ ਪੂਜਾ ਆਸਥਾ ਦਾ ਦਿਨ ਹੁੰਦਾ ਸੀ| ਮਾਂ ਬਾਪ ਘਰ ਦੀ ਮੰਦਹਾਲੀ ਤੋਂ ਦੁਖੀ ਹੁੰਦੇ ਪਰ ਵੱਡੇ ਭਰਾ ਵੱਲੋਂ ਪਰਿਵਾਰ ਦੀਆਂ ਰਵਾਇਤਾਂ ਅਨੁਸਾਰ ਜਿਊਣ ਦੇ ਸਲੀਕੇ ਕਾਰਨ ਸਭ ਜਣੇ ਚੁੱਪ ਰਹਿੰਦੇ|
ਫਿਰ ਉਸ ਨਾਲ ਵਾਪਰੀ ਦੁਰਘਟਨਾ ਨੇ ਸਾਡਾ ਘਰ ਹਨੇਰੇ ਵਿਚ ਡੋਬ ਦਿੱਤਾ| ਬੁੱਧਵਾਰ ਦਾ ਦਿਨ ਸੀ, ਚੰਗੇ ਦਿਨ ਦੀ ਆਸ ਲਾਈ ਉਹ ਗੁਆਂਢੀ ਪਿੰਡ ਫਰਿੱਜ ਠੀਕ ਗਿਆ ਪਰ ਮੁੜ ਕਦੀ ਨਾ ਪਰਤਿਆ| ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਆਣ ਡਿੱਗਾ| ਸਾਡੇ ਸਿਰ ਦੀ ਛਾਂ ਕਿਧਰੇ ਉੱਡ ਪੁੱਡ ਗਈ| ਸੱਚੀ ਸ਼ਰਧਾ ਅਤੇ ਆਸਥਾ ਵਾਲੇ ਬੰਦੇ ਦੀ ਇੰਨੀ ਦਰਦਨਾਕ ਮੌਤ ਮੈਨੂੰ ਹਜ਼ਮ ਨਾ ਹੁੰਦੀ| ਮੁਸੀਬਤਾਂ ਵੱਖ ਸਿਰ ਚੁੱਕ ਰਹੀਆਂ ਸਨ। ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਉੱਤੇ ਸਿਰ ਆ ਪਈ ਪਰ ਉਸ ਵਕਤ ਮੈਨੂੰ ਕੋਈ ਰਾਹ ਨਹੀਂ ਸੀ ਨਜ਼ਰ ਆ ਰਿਹਾ| ਆਖਰ ਇੱਦਾਂ ਵੀ ਕਦੋਂ ਤੱਕ ਚੱਲ ਸਕਣਾ ਸੀ? ਇਕ ਦਿਨ ਉਸ ਦੇ ਸੰਦ ਸੰਭਾਲ ਕੇ ਤੁਰ ਪਿਆ| ਭਰਾ ਦੀਆਂ ਮੰਨ ਮਨੌਤਾਂ ਨੂੰ ਵੀ ਨਾ ਛੱਡਿਆ| ਸਾਰਾ ਦਿਨ ਕੰਮ ਕਰਦਾ ਪਰ ਕੁਝ ਹੱਥ ਪੱਲੇ ਨਹੀਂ ਸੀ ਪੈਂਦਾ। ਥੁੜ੍ਹਾਂ ਭਰੇ ਦਿਨ ਕੱਟਦਾ, ਆਪਣੀ ਹੋਣੀ ਅਤੇ ਕਿਸਮਤ ਨੂੰ ਕੋਸਦਾ ਰਹਿੰਦਾ| ਪਰਿਵਾਰ ਨੂੰ ਸੁਖ ਨਾ ਦੇ ਸਕਣ ਦੇ ਬੋਝ ਹੇਠ ਸਦਾ ਹੀ ਦੱਬਿਆ ਰਹਿੰਦਾ|
ਦੋ ਸਾਲ ਪਹਿਲਾਂ ਮੇਰੇ ਜੀਵਨ ਵਿਚ ਨਵਾਂ ਸੁਖਾਵਾਂ ਮੋੜ ਆਇਆ।
ਮਾਘੀ ਦੇ ਮੇਲੇ ਕਰ ਕੇ ਕੰਮ ਕਾਰ ਠੱਪ ਸੀ। ਵਿਹਲਾ, ਪ੍ਰੇਸ਼ਾਨ ਫਿਰਦਾ ਮੈਂ ਨਾਟਕਾਂ ਅਤੇ ਪੁਸਤਕਾਂ ਵਾਲੇ ਮੇਲੇ ਵਿਚ ਜਾ ਬੈਠਾ| ਉੱਥੇ ਨਾਟਕਾਂ ਵਿਚੋਂ ਮੈਨੂੰ ਆਪਣੀ ਜ਼ਿੰਦਗੀ ਦੀ ਝਲਕ ਨਜ਼ਰ ਆਈ| ਉੱਥੋਂ ਹੀ ਮੈਨੂੰ ਕੁਝ ਆਸ ਦੀਆਂ ਤੰਦਾਂ ਲੱਭੀਆਂ| ਆਉਂਦੇ ਵਕਤ ਦੋ ਪੁਸਤਕਾਂ ਵੀ ਖ਼ਰੀਦ ਲਿਆਇਆ। ਅਗਲੇ ਦਿਨ ਮੈਂ ਸਾਰਾ ਸਮਾਂ ਨਾਟਕ ਮੇਲੇ ਵਿਚ ਬਿਤਾਇਆ। ਘਰ ਆ ਕੇ ਪੁਸਤਕਾਂ ਪੜ੍ਹੀਆਂ ਤਾਂ ਮਨ ਲੱਗੀਆਂ। ਦੋ ਤਿੰਨ ਮਹੀਨੇ ਸੋਚਦਾ, ਵਿਚਾਰਦਾ ਰਿਹਾ। ਆਖਰ ਤਰਕ ਦਾ ਪੱਲਾ ਫੜ ਕੇ ਸੀਜ਼ਨ ਵਿਚ ਕੰਮ ਉੱਤੇ ਲੱਗ ਗਿਆ। ਦਿਨ, ਵਾਰ ਦੇ ਸੜ ਵਹਿਮ-ਭਰਮ ਛੱਡ ਦਿੱਤੇ। ਸਾਰਾ ਧਿਆਨ ਆਪਣੇ ਕੰਮ ਵਿਚ ਲਗਾਇਆ। ਸਮਝੋ, ਭਰਾ ਦਾ ਰਾਹ ਤਿਆਗ ਦਿੱਤਾ। ਹਫ਼ਤਾ ਭਰ ਬਿਨਾ ਨਾਗਾ ਕੰਮ ਕਰਨ ਲੱਗਾ ਤਾਂ ਦੁੱਗਣੀ ਕਮਾਈ ਹੋਣ ਲੱਗੀ। ਦੋ ਸਾਲਾਂ ਵਿਚ ਹੀ ਮਿਹਨਤ ਕਰ ਕੇ ਮੈਂ ਆਪਣੀ ਜ਼ਿੰਦਗੀ ਅਤੇ ਘਰ ਨੂੰ ਪੈਰਾਂ ਸਿਰ ਕਰ ਲਿਆ। ਮੇਰੇ ਘਰ ਵਾਲੇ ਹੈਰਾਨ ਸਨ ਅਤੇ ਖੁਸ਼ ਵੀ। ਉਹ ਮੇਰੀ ਬਦਲੀ ਸੋਚ ਨਾਲ ਸਹਿਮਤ ਹੋਏ ਕਿ ਸਾਡੇ ਇਹ ਹੱਥ ਹੀ ਹੋਣੀ ਅਤੇ ਕਿਸਮਤ ਦੇ ਸਿਰਜਕ ਹਨ| ਸਫਲਤਾ ਲਈ ਸਖਤ ਮਿਹਨਤ ਅਤੇ ਲਗਨ ਹੀ ਕੰਮ ਆਉਂਦੀ ਹੈ| ਕਰਮ ਕਾਂਡ ਤੇ ਭਰਮ ਸਾਨੂੰ ਕੁਰਾਹੇ ਤੋਰਦੇ ਹਨ। ਪੁਸਤਕਾਂ ਦੇ ਸਾਥ ਨੇ ਭਰਾ ਦੇ ਅਪਣਾਏ ਸੁੱਖਣਾਂ, ਮੰਨਤਾਵਾਂ ਦਾ ਰਾਹ ਤੋਂ ਹੋੜ ਸੋਚਣ, ਸਮਝਣ ਦੀ ਸੂਝ ਦਿੱਤੀ।
ਹੁਣ ਸ਼ਹਿਰ ਵਿਚ ਸਭ ਤੋਂ ਚੰਗਾ ਕੰਮ ਵਾਲੇ ਮਕੈਨਿਕਾਂ ਵਿਚ ਮੇਰਾ ਨਾਂ ਸ਼ਾਮਲ ਹੈ। ਇਸ ਵਿਚ ਮੇਰੀ ਮਿਹਨਤ ਤਾਂ ਹੈ ਹੀ ਪਰ ਰਾਹ ਦਰਸਾਵਾ ਤੇ ਜੀਵਨ ਜਾਂਚ ਪੁਸਤਕ ਸਾਂਝ ਦੀ ਦਾਤ ਹੈ। ਮੈਂ ਆਪਣੀ ਸੁਖਾਵੀਂ ਜ਼ਿੰਦਗੀ ਦਾ ਸਿਹਰਾ ਪੁਸਤਕਾਂ ਵਿਚਲੇ ਚਾਨਣ ਨੂੰ ਦਿੰਦਾ ਹਾਂ| ਆਪਣਾ ਕੰਮ ਕਰਦਿਆਂ ਮਿਲਣ ਗਿਲਣ ਵਾਲੇ ਲੋਕਾਂ ਨੂੰ ਪੁਸਤਕਾਂ ਨਾਲ ਜੋੜਨ ਦੀ ਕੋਸ਼ਿਸ਼ ਵਿਚ ਰਹਿੰਦਾ ਹਾਂ| ਮੈਂ ਆਪਣੇ ਘਰ ਛੋਟੀ ਜਿਹੀ ਲਾਇਬਰੇਰੀ ਵੀ ਬਣਾ ਲਈ ਹੈ|…
ਚਾਹ ਮੁੱਕ ਗਈ ਸੀ। ਹਨੇਰੇ ਤੋਂ ਚਾਨਣ ਵੱਲ ਪਰਤੀ ਜ਼ਿੰਦਗੀ ਦੀ ਗਾਥਾ ਸੁਣਾ ਕੇ ਉਹ ਕਿਸੇ ਜੇਤੂ ਜਰਨੈਲ ਵਾਂਗ ਵਿਦਾ ਲੈ ਆਪਣੇ ਕੰਮ ਤੇ ਚਲਾ ਗਿਆ| ਉਸ ਕਿਰਤੀ ਦੀ ਸੁਖਦ ਕਹਾਣੀ ਸੁਣ ਕੇ ਮੈਂ ਹੁਣ ਲਾਇਬਰੇਰੀ ਵਿਚਲੀਆਂ ਚਾਨਣ ਰੰਗੀਆਂ ਪੁਸਤਕਾਂ ਨੂੰ ਨਿਹਾਰ ਰਹੀ ਸਾਂ|
ਸੰਪਰਕ: rashpinderpalkaur@gmail.com