ਸੁਖਦੇਵ ਸਿੰਘ ਮਾਨ
ਸ਼ਾਹਰਾਹ ਤੋਂ ਸੈਰ ਕਰ ਕੇ ਮੁੜ ਰਿਹਾਂ ਸਾਂ। ਸ਼ਾਹਰਾਹ ਉਪਰ ਦੀ ਮੋਟਰਾਂ ਘੱਟ, ਐਂਬੂਲੈਂਸਾਂ ਜ਼ਿਆਦਾ ਦੌੜ ਰਹੀਆਂ ਸੀ। ਕਰੋਨਾ ਮਹਾਮਾਰੀ ਦੇ ਭੰਨੇ ਮਰੀਜ਼ਾਂ ਨੂੰ ਘਰ ਤੋਂ ਹਸਪਤਾਲ, ਹਸਪਤਾਲ ਤੋਂ ਸਿਵਿਆਂ ਤੱਕ ਲੈ ਕੇ ਜਾਣ ਦਾ ਅਮਲ ਐਂਬੂਲੈਂਸਾਂ ਦਿਨ ਰਾਤ ਦੁਹਰਾਅ ਰਹੀਆਂ ਸੀ। ਚੰਦਰੇ ਵਕਤ ਦਾ ਗਵਾਹ ਬਣਿਆ ਘਰ ਮੁੜ ਰਿਹਾ ਸੀ। ਰਾਹ ਵਿਚ ਮੇਰੇ ਬਚਪਨ ਦੇ ਦੋਸਤ ਬੋਘੇ ਦੇ ਤਾਏ ਦਾ ਪੁੱਤ ਨਾਜਰ ਮਿਲ ਗਿਆ। ਉਂਜ ਤਾਂ ਨਾਜਰ ਗੁਰਦੁਆਰੇ ਦੇ ਰਾਹ ਵਿਚ ਵੀ ਰੋਜ਼ ਮਿਲਦਾ ਸੀ ਪਰ ਦਿਨ ਉਹ ਸ਼ਾਹਰਾਹ ਵੱਲ ਆਉਂਦੇ ਰਸਤੇ ਤੇ ਮੈਨੂੰ ਦਿਸ ਜਾਂਦਾ ਤਾਂ ਪਤਾ ਲੱਗ ਜਾਂਦਾ ਕਿ ਬੋਘਾ ਜਾਂ ਤਾਂ ਬਿਮਾਰ ਹੈ, ਜਾਂ ਰੋਟੀ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਨਾਜਰ ਤਾਂ ਗੁਰਦੁਆਰੇ ਹੀ ਰੋਟੀ ਖਾ ਲੈਂਦਾ। ਅਖੰਡ ਪਾਠ ਵੀ ਕਰ ਲੈਂਦਾ ਪਰ ਕਾਮਰੇਡ ਬੋਘਾ ਸਾਰੀ ਉਮਰ ਦਾ ਹੀ ਨਾਜਰ ਨਾਲ ਨਾਰਾਜ਼ ਰਿਹਾ ਕਿ ਉਹ ਜੋੜਿਆਂ ਦੀ ਦੁਕਾਨ ਛੱਡ ਪੁਜਾਰੀਆਂ ਦੇ ਪੈਰੀਂ ਕਿਉਂ ਜਾ ਡਿੱਗਿਆ!
ਉਂਜ ਬੋਘੇ ਦੀ ਲੱਤ ਵਿਚ ਕੁਦਰਤੀ ਵੱਜ ਕਾਰਨ ਉਹ ਸਾਰੀ ਉਮਰ ਹੀ ਰੋਟੀ ਪਾਣੀ ਜਿੰਨੀ ਜੋੜਿਆਂ ਦੀ ਦੁਕਾਨ ਮਸਾਂ ਚਲਾਉਂਦਾ ਰਿਹਾ ਪਰ ਉਸ ਦੀ ਕਾਮਰੇਡੀ ਵਾਲੀ ਲਾਈਨ ਨਾਜਰ ਵੀ ਬਦਲ ਨਾ ਸਕਿਆ। ਬੋਘੇ ਦੇ ਹਿੱਸੇ ਛੋਟੀ ਜਿਹੀ ਬੈਠਕ ਹੀ ਆਈ ਸੀ। ਮੈਂ ਉਸ ਨੂੰ ਸਾਰੀ ਉਮਰ ਛੋਟੀ ਜਿਹੀ ਬੈਠਕ ’ਚ ਰੂਸ ਦੀ ਕਮਿਊਨਿਸਟ ਪਾਰਟੀ ਵਾਲੀ ਕਿਤਾਬ ਵਾਚਦਿਆਂ ਦੇਖਦਾ ਰਿਹਾ ਸੀ। ਬੋਘੇ ਦਾ ਭਤੀਜਾ ਮੁਕੰਦ ਜਿੰਨਾ ਚਿਰ ਜਿਊਂਦਾ ਰਿਹਾ, ਬੋਘੇ ਨੂੰ ਰੁੱਖੀ ਮਿੱਸੀ ਦਿੰਦਾ ਰਿਹਾ ਪਰ ਵਕਤ ਤੋਂ ਪਹਿਲਾਂ ਮੁਕੰਦ ਵੀ ਤੁਰ ਗਿਆ। ਬੋਘੇ ਲਈ ਜ਼ਿੰਦਗੀ ਦਾ ਇਕ ਹੋਰ ਰਾਹ ਬੰਦ ਹੋ ਗਿਆ। ਬਾਕੀ ਦੇ ਮਹੈਣ ਦੀ ਬੋਘੇ ਨਾਲ ਨਾ ਤਾਂ ਕੋਈ ਵਿਚਾਰਧਾਰਕ ਸਾਂਝ ਸੀ, ਨਾ ਮੋਹ ਵਾਲਾ ਰਿਸ਼ਤਾ ਸੀ। ਮੁਕੰਦ ਦੇ ਤੁਰ ਜਾਣ ਬਾਅਦ ਕਈ ਵਾਰ ਤਾਂ ਬੋਘਾ ਭੁੱਖਾ ਹੀ ਪੈ ਜਾਂਦਾ। ਨਾਜਰ ਉਸ ਲਈ ਗੁਰੂ ਘਰ ’ਚੋਂ ਰੋਟੀ ਲੈ ਆਉਣ ਦੀ ਹਾਮੀ ਭਰਦਾ ਪਰ ਬੋਘੇ ਦਾ ਅੜੀਅਲ ਸੁਭਾਅ ਨਾਜਰ ਦੀ ਭਾਵਨਾ ਨੂੰ ਮੰਨਦਾ ਨਹੀਂ ਸੀ। ਨਾਜਰ ਵੀ ਘਰੋਂ ਬੋਘੇ ਨੂੰ ਰੋਜ਼ ਰੋਟੀ ਦੇਣ ਦੇ ਸਮਰੱਥ ਨਹੀਂ ਸੀ। ਬੋਘਾ ਕਈ ਵਾਰ ਬੈਠਕ ਵਿਚ ਜੋੜੇ ਸਿਉਣ ਵਾਲੇ ਸੰਦ ਰੱਖ ਜੋੜੇ ਸਿਉਂਣ ਦਾ ਯਤਨ ਕਰਦਾ ਪਰ ਸਰੀਰ ਸਾਥ ਨਾ ਦਿੰਦਾ। ਲੱਤ ਤਾਂ ਸਾਰੀ ਉਮਰ ਦੀ ਕਮਜ਼ੋਰ ਸੀ। ਮੁਕੰਦ ਦੇ ਤੁਰ ਜਾਣ ਬਾਅਦ ਬੋਘਾ ਹੋਰ ਵੀ ਟੁੱਟ ਗਿਆ। ਲੱਤ ਪੂਰੀ ਤਰ੍ਹਾਂ ਹੀ ਸਾਥ ਛੱਡ ਗਈ।
ਘਰੋਂ ਦੁੱਧ ਦੀ ਗੜਵੀ ਲੈ ਕੇ ਮੈਂ ਨਾਜਰ ਦੇ ਨਾਲ ਤੁਰ ਪਿਆ। ਨਾਜਰ ਦੇ ਬਿਨਾਂ ਦੱਸਿਆਂ ਹੀ ਮੈਂ ਸਮਝ ਗਿਆ; ਜਾਂ ਤਾਂ ਬੋਘਾ ਬਿਮਾਰ ਹੈ, ਜਾਂ ਰੋਟੀ ਦੀ ਸਮੱਸਿਆ ਹੈ। ਬੋਘੇ ਦੀ ਬੈਠਕ ਵਿਚ ਪੁੱਜੇ ਤਾਂ ਬੋਘਾ ਕੂਹਣੀਆਂ ਭਾਰ ਬੈਠਾ ਹੋ ਗਿਆ। ਅਜੇ ਵੀ ਬੋਘੇ ਦੀਆਂ ਅੱਖਾਂ ਵਿਚ ਨਿਰਾਸ਼ਾ ਦੀ ਥਾਂ ਜ਼ਿੰਦਗੀ ਦੀ ਝਲਕ ਸੀ। ਨਾਜਰ ਬੋਲੀ ਗਿਆ। ਨਾਜਰ ਕੋਲ ਦੱਸਣ ਲਈ ਇਕੋ ਗੱਲ ਸੀ। ਜੇ ਬੋਘਾ ਮੰਨ ਜਾਵੇ ਤਾਂ ਗੁਰੂ ਘਰੋਂ ਰੋਟੀ ਪਵਾ ਲਿਆਇਆ ਕਰੇਗਾ। ਬੋਘਾ ਸੁਣੀ ਗਿਆ। ਇਹ ਕੋਈ ਪਹਿਲਾ ਮੌਕਾ ਨਹੀਂ ਸੀ ਜਦੋਂ ਜ਼ਿੰਦਗੀ ਦੇ ਔਖੇ ਵੇਲੇ ਇਸ ਗੱਲ ਨੂੰ ਲੈ ਕੇ ਨਾਜਰ ਅਤੇ ਬੋਘੇ ਵਿਚਕਾਰ ਬਹਿਸ ਨਾ ਹੋਈ ਹੋਵੇ। ਪਹਿਲਾਂ ਵੀ ਨਾਜਰ ਹਾਰ ਜਾਂਦਾ। ਬੋਘਾ ਗੁਰੂ ਘਰ ਵਿਚੋਂ ਆਈ ਰੋਟੀ ਖਾਣ ਵਾਲੀ ਗੱਲ ਰੱਦ ਕਰ ਦਿੰਦਾ।
ਅੱਜ ਬੋਘੇ ਨੇ ਕੋਲ ਪਈਆਂ ਕਿਤਾਬਾਂ ਵਿਚੋਂ ਗੁਰਦਿਆਲ ਸਿੰਘ ਦਾ ਨਾਵਲ ‘ਪਰਸਾ’ ਕੱਢ ਲਿਆ। ਨਾਜਰ ਬੋਲਣੋਂ ਹਟ ਗਿਆ। ਉਸ ਦੇਖ ਲਿਆ ਸੀ, ਬੋਘਾ ਹੁਣ ਆਪਣਾ ਫ਼ੈਸਲਾ ਸੁਣਾ ਦੇਵੇਗਾ। ਬੋਘਾ ਨਾਵਲ ਦੇ ਸਫ਼ੇ ਪਲਟਣ ਲੱਗਾ। ਮੈਂ ਵੀ ਨਾਵਲ ਬਥੇਰੀ ਵਾਰੀ ਪੜ੍ਹਿਆ ਸੀ ਪਰ ਬੋਘੇ ਦੀ ਹਾਲਤ ਦੇਖ ਸਾਹਿਤ ਦੀਆਂ ਗੱਲਾਂ ਕਰਨ ਨੂੰ ਜੀਅ ਨਹੀਂ ਮੰਨਦਾ ਸੀ। ਫਿਰ ਬੋਘੇ ਨੇ ਇਕ ਸਫ਼ਾ ਪਲਟ ਲਿਆ ਅਤੇ ਨਾਜਰ ਨੂੰ ਕਹਿੰਦਾ, “ਨਾਵਲ ਵਿਚ ਇਕ ਥਾਂ ਸੰਤੂ ਰਾਜਾ ਸਰਦਾਰਨੀ ਮੁਖਤਿਆਰ ਕੌਰ ਤੇ ਉਸ ਦੇ ਮਰ ਗਏ ਸਰਦਾਰ ਦੀ ਪ੍ਰਸੰਸਾ ਕਰਦਾ ਪਰਸੇ ਨੂੰ ਦੱਸਦਾ ਕਿ ਅਸੀਂ ਚਾਹੇ ਸਰਦਾਰ ਦੇ ਘਰੋਂ ਕੁਝ ਵੀ ਲੈ ਜਾਂਦੇ, ਸਰਦਾਰ ਨੇ ਕਦੇ ਮੱਥੇ ਵੱਟ ਨਹੀਂ ਪਾਇਆ ਸੀ। ਸੰਤੂ ਦੀ ਗੱਲ ਸੁਣ ਪਰਸਾ ਆਖਦਾ- ‘ਸੰਤਿਆ, ਬੰਦੇ ਨੂੰ ਅਮਰਵੇਲ ਬਣ ਕੇ ਨਹੀਂ ਜਿਊਣਾ ਚਾਹੀਦਾ। ਇਸੇ ਤਰ੍ਹਾਂ ਨਾਜਰ, ਹੁਣ ਜ਼ਿੰਦਗੀ ਸਿਰੇ ਲੱਗ ਚੁਕੀ ਆ। ਹੁਣ ਤੂੰ ਮੈਨੂੰ ਅਮਰਵੇਲ ਨਾ ਬਣਾ। ਅਜੇ ਵੀ ਇਨ੍ਹਾਂ ਹੱਥਾਂ ਵਿਚ ਜਾਨ ਆ। ਮੈਂ ਕੰਮ ਕਰਾਂਗਾ ਯਾਰ! ਜਿਹੜੇ ਨਾਜਰਾ ਸਾਰੀ ਉਮਰ ਅੰਗਿਆਰਾਂ ਤੇ ਤੁਰਦੇ ਰਹੇ ਹੋਣ, ਉਨ੍ਹਾਂ ਨੂੰ ਭੁੱਖ ਵੀ ਹਰਾ ਨਹੀਂ ਸਕਦੀ।” ਬੋਘੇ ਦਾ ਫ਼ੈਸਲਾ ਸੁਣ ਅਸੀਂ ਤੁਰ ਪਏ। ਨਾਜਰ ਨੇ ਫਿਰ ਵੀ ਮੌਕਾ ਸਾਂਭਿਆ, ਕਹਿੰਦਾ, “ਚੰਗਾ ਬੋਘਿਆ, ਮੈਂ ਰਵਿਦਾਸ ਫੁਲਵਾੜੀ ਦੇ ਭਰਾਵਾਂ ਨੂੰ ਕਹਾਂਗਾ। ਤੈਨੂੰ ਵਾਰੀ ਨਾਲ ਰੋਟੀ ਪੁੱਜਦੀ ਕਰ ਦਿਆ ਕਰਨ। ਖੈਰ! ਇਸ ਗੱਲ ਤੇ ਬੋਘੇ ਨੇ ਕੋਈ ਇਤਰਾਜ਼ ਨਾ ਕੀਤਾ।
ਦੂਜੇ ਦਿਨ ਅਸੀਂ ਦੇਖਣ ਗਏ। ਬੋਘਾ ਜੋੜੇ ਤਿਆਰ ਕਰਨ ਵਾਲੇ ਆਪਣੇ ਸੰਦ ਤਿੱਖੇ ਕਰੀ ਜਾਂਦਾ ਸੀ। ਅਸੀਂ ਬੋਘੇ ਦੇ ਇਸ ਯਤਨ ਨੂੰ ਦੂਰੋਂ ਦੇਖਦੇ ਰਹੇ। ਬੋਘਾ ਹੁਣ ਇਹ ਕੰਮ ਕਰਨ ਦੇ ਯੋਗ ਨਹੀਂ ਰਿਹਾ ਸੀ। ਜ਼ਿੰਦਗੀ ਪ੍ਰਤੀ ਇਸ ਤਰ੍ਹਾਂ ਹੰਭਲਾ ਮਾਰਦੇ ਬੋਘੇ ਨੂੰ ਦੇਖ ਸਾਡੀਆਂ ਅੱਖਾਂ ਭਰ ਆਈਆਂ। ਕੋਇਆਂ ਵਿਚ ਸਿੰਮ ਆਏ ਹੰਝੂ ਪੂੰਝ ਅਸੀਂ ਮੰਡੀ ਵੱਲ ਤੁਰ ਪਏ ਤਾਂ ਜੋ ਬੋਘੇ ਦੀ ਕਿੰਨੀ ਵਾਰ ਰੁਕ ਗਈ ਬੁਢਾਪਾ ਪੈਨਸ਼ਨ ਨੂੰ ਕਿਸੇ ਮੁਹਤਬਰ ਨੂੰ ਆਖ ਫਿਰ ਲਗਵਾ ਸਕੀਏ। ਮੈਂ ਸੋਚ ਵੀ ਰਿਹਾ ਸੀ, ਸਾਰੀ ਉਮਰ ਨਿਆਂ ਆਧਾਰਿਤ ਅਮੀਰੀ ਗਰੀਬੀ ਦੇ ਪਾੜੇ ਨੂੰ ਮੇਟਣ ਵਾਲਾ ਸਮਾਜ ਸਿਰਜਣ ਲਈ ਜ਼ਿੰਦਗੀ ਲਾ ਦੇਣ ਵਾਲੇ ਬੋਘੇ ਵਰਗਿਆਂ ਨੂੰ ਕਿਸ ਯੁਗ ਵਿਚ ਇਨਸਾਫ ਮਿਲੇਗਾ?
ਸੰਪਰਕ: 94170-59142