ਜਗਰੂਪ ਸਿੰਘ
ਪੁੱਤਰ ਨੂੰ ਮਿਲਣ ਕੈਨੇਡਾ ਗਏ ਹੋਏ ਸੀ। ਪੋਤਰਾ ਸ਼ਾਇਦ ਚੌਥੀ ਜਾਂ ਪੰਜਵੀਂ ਜਮਾਤ ਵਿਚ ਪਹੁੰਚ ਗਿਆ ਸੀ। ਉਸ ਨਾਲ ਕੁਝ ਦੇਰ ਖੇਡਣਾ ਅਤੇ ਕੁਝ ਦੇਰ ਉਸ ਨੂੰ ਪੜ੍ਹਾਉਣਾ ਰੁਟੀਨ ਬਣ ਗਿਆ ਸੀ। ਉਨ੍ਹਾਂ ਦੇ ਸਮਾਜ ਦੀਆਂ ਅੰਗਰੇਜ਼ੀ ਦੀਆਂ ਕਹਾਣੀਆਂ ਤਾਂ ਮੈਨੂੰ ਘੱਟ ਹੀ ਸਮਝ ਆਉਂਦੀਆਂ ਸਨ ਪਰ ਇਸ ਆਸ਼ੇ ਨਾਲ ਮੈਂ ਉਸ ਨੂੰ ਅੰਗਰੇਜ਼ੀ ਪੜ੍ਹਾਉਂਦਾ ਕਿ ਉਹ ਹੋਮ ਵਰਕ ਵੀ ਕਰ ਲਵੇਗਾ ਅਤੇ ਮੈਂ ਉਸ ਨੂੰ ਅੰਗਰੇਜ਼ੀ ਦਾ ਵਿਆਕਰਨ ਵੀ ਸਿਖਾ ਦਿਆਂਗਾ। ਇਕ ਦਿਨ ਉਸ ਨੇ ਮੈਨੂੰ ਅਚਾਨਕ ਕਿਹਾ, “ਦਾਦੂ! ਹਉ ਡੁ ਯੂ ਨੋਅ ਇੰਗਲਿਸ਼?” ਉਸ ਨੇ ਇਹ ਪੁੱਛਦਿਆਂ ‘ਯੂ’ ਉੱਤੇ ਕਾਫੀ ਜ਼ੋਰ ਪਾਇਆ ਸੀ, ਜਿਵੇਂ ਮੇਰੇ ਵਰਗਾ ਸਿੱਧਾ ਸਾਦਾ ਬੰਦਾ ਤਾਂ ਅੰਗਰੇਜ਼ੀ ਜਾਣ ਹੀ ਨਾ ਸਕਦਾ! ਮੈਂ ਉਸ ਨੂੰ ਦੱਸਣ ਦੀ ਕੋਸਿ਼ਸ਼ ਕੀਤੀ ਕਿ ਮੈਂ ਕਾਫੀ ਅੱਛੀ ਨੌਕਰੀ ਕਰਕੇ ਰਿਟਾਇਰ ਹੋਇਆ ਹਾਂ। ਬੱਚੇ ਦੀ ਮਾਨਸਿਕਤਾ ’ਚ ਸ਼ਾਇਦ ਮੇਰੀ ਗੱਲ ਸਮਝ ਨਹੀਂ ਆ ਰਹੀ ਸੀ ਪਰ ਉਸ ਦੇ ਭੋਲੇਪਣ ਨੇ ਮੈਨੂੰ ਕੋਈ ਤੀਹ ਸਾਲ ਪਿੱਛੇ ਦੀ ਘਟਨਾ ਯਾਦ ਕਰਵਾ ਦਿੱਤੀ। ਉਦੋਂ ਮੈਨੂੰ ਸਵਾਲ ਸਿੱਧਾ ਤਾਂ ਨਹੀਂ ਸੀ ਪੁੱਛਿਆ ਗਿਆ ਸਗੋਂ ਨਫ਼ਰਤ ਭਰੇ ਲਹਿਜੇ ਵਿਚ ਵਿਅੰਗਾਤਮਕ ਗੱਲਬਾਤ ਰਾਹੀਂ ਕੀਤਾ ਗਿਆ ਸੀ। … ਮੇਰੀ ਤਾਇਨਾਤੀ ਬੰਬਈ ਵਿਖੇ ਸੀ ਅਤੇ ਪੰਜਾਬ ਫੇਰੀ ਵਕਤ ਛੋਟੇ ਜਿਹੇ ਹਾਦਸੇ ਵਿਚ ਮੇਰੀ ਖੱਬੀ ਬਾਂਹ ਦੀ ਅਗਲੀ ਹੱਡੀ ਟੁੱਟ ਗਈ ਸੀ। ਪਲੱਸਤਰ ਇੰਨਾ ਭਾਰੀ ਸੀ ਕਿ ਬਾਂਹ ਹਿਲਾਉਣ ਲਈ ਦੂਸਰੀ ਬਾਂਹ ਦਾ ਸਹਾਰਾ ਦੇਣਾ ਜ਼ਰੂਰੀ ਸੀ। ਪੱਗ ਤਾਂ ਦੂਸਰੇ ਤੋਂ ਹੀ ਬੰਨ੍ਹਾਉਣੀ ਪੈਂਦੀ ਸੀ। ਬੰਬਈ ਜਾਣ ਲਈ ਪਰਿਵਾਰ ਠੰਢੇ ਡੱਬੇ ਵਿਚ ਬੈਠਾ ਸੀ। ਸ਼ਾਇਦ ਦਿੱਲੀ ਸ਼ਹਿਰ ਤੋਂ ਇੱਕ ਅਲਟਰਾ ਮਾਡਰਨ ਯੁਵਤੀ ਨਾਲ ਦੀ ਸੀਟ ਤੇ ਆਣ ਬੈਠੀ। ਇਸ ਵਕਤ ਤੱਕ ਮੇਰੇ ਪਲਸਤਰ ਅੰਦਰ ਸ਼ਾਇਦ ਭੂਰੀ ਕੀੜੀ ਵੜ ਚੁੱਕੀ ਸੀ ਜਿਸ ਨੇ ਕੱਟਣਾ ਸ਼ੁਰੂ ਕਰ ਦਿੱਤਾ ਸੀ। ਇੱਟ ਵਰਗੇ ਪਲਸਤਰ ਵਿਚ ਮੈਂ ਉਸ ਦਾ ਕੁਝ ਵੀ ਨਹੀਂ ਸੀ ਕਰ ਸਕਦਾ। ਚੀਕਾਂ ਨਿੱਕਲ ਰਹੀਆਂ ਸਨ। ਸਾਥੀ ਮੁਸਾਫਿ਼ਰ ਕੀ ਕਹਿਣਗੇ, ਸੋਚ ਕੇ ਦੜ ਵੱਟ ਕੇ ਕੰਬਲ ਵਿਚ ਮੂੰਹ ਦੇ ਕੇ ਬੈਠਾ ਰਿਹਾ ਅਤੇ ਉਸ ਯੁਵਤੀ ਦੇ ਮੇਰੇ ਪਰਿਵਾਰ ਪ੍ਰਤੀ ਮੋਨੋਲੋਗ ਵੀ ਕੰਨੀ ਪੈਂਦੇ ਰਹੇ। ਸ਼ਾਇਦ ਉਹ ਸੋਚ ਰਹੀ ਸੀ: ਇੱਦਾਂ ਦੇ ਬੰਦੇ ਏਸੀ ਕੰਪਾਰਟਮੈਂਟ ਵਿਚ ਕਿਵੇਂ ਘੁਸ ਗਏ?
ਕੀੜੀ ਜਿੰਨਾ ਕੁ ਲਹੂ ਪੀ ਸਕਦੀ ਸੀ, ਪੀ ਕੇ ਸ਼ਾਂਤ ਹੋ ਗਈ। ਉਸ ਯੁਵਤੀ ਦੇ ਵਿਅੰਗਾਂ ਦਾ ਜਵਾਬ ਦੇਣ ਲਈ ਮੈਂ ਜਾਣ ਬੁੱਝ ਕੇ ਉਸ ਨਾਲ ਅੰਗਰੇਜ਼ੀ ਵਿਚ ਗੱਲਬਾਤ ਦਾ ਬਹਾਨਾ ਲੱਭ ਲਿਆ। ਉਹ ਵੀ ਸ਼ਾਇਦ ਸੋਚਣ ਲਈ ਮਜਬੂਰ ਹੋ ਗਈ ਕਿ ਢਹੀ ਜਿਹੀ ਪੱਗ ਵਾਲਾ ਇਹ ਬੰਦਾ, ‘ਹਉ ਕੈਨ ਹੀ ਸਪੀਕ ਇੰਗਲਿਸ਼!’ ਉਹ ਵੀ ਆਪਣੇ ਅੰਦਰ ‘ਹੀ’ ਉੱਤੇ ਹੀ ਜ਼ੋਰ ਦਿੰਦੀ ਸੁਣਾਈ ਦੇ ਰਹੀ ਸੀ।
ਸੋਚੀਦਾ ਹੈ ਕਿ ਸਾਡੀ ਸਮੂਹਿਕ ਮਾਨਸਿਕਤਾ ਕਿਉਂ ਨਹੀਂ ਬਦਲ ਰਹੀ? ਸ਼ਾਇਦ ਬੱਚੇ, ਜਵਾਨ ਅਤੇ ਵਡੇਰੇ ਆਪਣੇ ਆਲੇ ਦੁਆਲੇ ਅਤੇ ਬਾਹਰੀ ਪਹਿਰਾਵੇ ਤੋਂ ਜਿ਼ਆਦਾ ਪ੍ਰਭਾਵਿਤ ਹੁੰਦੇ ਹਨ। ਜਿਵੇਂ ਮੇਰੇ ਪੋਤੇ ਨੂੰ ਲੱਗਿਆ ਹੋਵੇਗਾ ਕਿ ਅੰਗਰੇਜ਼ੀ ਤਾਂ ਅੰਗਰੇਜ਼ ਹੀ ਬੋਲ ਸਕਦੇ ਹਨ, ਸਿੱਧਾ ਸਾਦਾ ਦਿਸਣ ਵਾਲਾ ਦਾਦੂ ਤਾਂ ਅੰਗਰੇਜ਼ੀ ਬੋਲ ਹੀ ਨਹੀਂ ਸਕਦਾ ਹੋਵੇਗਾ!
ਸੰਪਰਕ: jagrup1947@gmail.com