ਸ਼ਵਿੰਦਰ ਕੌਰ
ਆਪਣੇ ਘਰ ਵੱਡੀ ਸਬਾਤ ਵਿਚ ਇੱਕ ਪਾਸੇ ਤਿੰਨ ਸੰਦੂਕ ਪਏ ਹੁੰਦੇ। ਸਭ ਤੋਂ ਛੋਟਾ ਸੰਦੂਕ ਦਾਦੀ ਮਾਂ ਦਾ ਸੀ। ਅਗਲਾ ਜਿਸ ’ਤੇ ਫੱਟੀ ਲਾ ਕੇ ਡੱਬੇ ਪਾਏ ਹੋਏ ਸਨ ਤੇ ਡੱਬਿਆਂ ਵਿਚ ਪਿੱਤਲ ਦੀਆਂ ਫੁੱਲੀਆਂ ਲੱਗੀਆਂ ਸਨ, ਮੇਰੀ ਮਾਂ ਦਾ ਸੀ। ਤੀਜੇ ਸੰਦੂਕ ’ਤੇ ਡੱਬੇ ਤਾਂ ਸਨ ਪਰ ਦੋ ਡੱਬੇ ਜਿਨ੍ਹਾਂ ਵਿਚ ਸ਼ੀਸ਼ੇ ਲੱਗੇ ਹੋਏ ਸਨ, ਨੂੰ ਛੱਡ ਕੇ ਬਾਕੀ ਸਭ ਖਾਲੀ ਸਨ। ਇਸ ਸੰਦੂਕ ਨੂੰ ਅਸੀਂ ਹਮੇਸ਼ਾ ਬੰਦ ਹੀ ਦੇਖਦੇ। ਜਦੋਂ ਵੀ ਘਰ ਵਿਚ ਇਸ ਸੰਦੂਕ ਬਾਰੇ ਗੱਲ ਹੁੰਦੀ ਤਾਂ ਇਸ ਨੂੰ ਗਨੀ ਕਾ ਸੰਦੂਕ ਕਿਹਾ ਜਾਂਦਾ।
ਮੈਂ ਅਤੇ ਮੇਰੀਆਂ ਭੈਣਾਂ ਜੇ ਕਦੇ ਇਸ ਨੂੰ ਖੋਲ੍ਹਣ ਲੱਗਦੀਆਂ ਤਾਂ ਦਾਦੀ ਮਨ੍ਹਾ ਕਰ ਦਿੰਦੀ। ਅਸੀਂ ਕਾਰਨ ਪੁੱਛਦੀਆਂ ਤਾਂ ਉਹ ਇਹ ਕਹਿ ਕੇ ਗੱਲ ਨਬਿੇੜ ਦਿੰਦੀ- ਇਹ ਤਾਂ ਪੁੱਤ ਬੇਗਾਨੀ ਅਮਾਨਤ ਹੈ। ਮੈਂ ਚਾਹੁੰਦੀ ਹਾਂ, ਜਦੋਂ ਇਹਦੀ ਮਾਲਕਣ ਇਹਨੂੰ ਲੈਣ ਆਵੇ ਤਾਂ ਉਸ ਨੂੰ ਉਸੇ ਤਰ੍ਹਾਂ ਪਿਆ ਮਿਲੇ ਜਿਸ ਤਰ੍ਹਾਂ ਉਹ ਰੱਖ ਕੇ ਗਈ ਸੀ।
ਮਨ ’ਚ ਆਉਂਦਾ, ਇਸ ਦੀ ਮਾਲਕਣ ਕੌਣ ਹੋਊ? ਉਹ ਇੱਥੇ ਕਿਉਂ ਰੱਖ ਗਈ? ਪਰ ਬੇਪਰਵਾਹ ਬਚਪਨ! ਛੇਤੀ ਹੀ ਸਭ ਕੁਝ ਵਿਸਰ ਜਾਂਦਾ। ਵੱਡੇ ਹੁੰਦੇ ਗਏ ਤਾਂ ਵੰਡ ਬਾਰੇ, ਪੰਜਾਬੀਆਂ ਨਾਲ ਵਰਤੇ ਅਸਹਿ, ਅਕਹਿ ਕਹਿਰ ਬਾਰੇ ਜਾਣਨ ਦਾ ਮੌਕਾ ਮਿਲਿਆ। ਇਹ ਸਮਝ ਵੀ ਆ ਗਈ ਕਿ ਸੰਦੂਕ ਇੱਥੇ ਕਿਸੇ ਨੇ ਕਿਉਂ ਰੱਖਿਆ। ਹੁਣ ਇਸ ਦੀ ਮਾਲਕਣ ਇਸ ਨੂੰ ਲੈਣ ਕਦੇ ਨਹੀਂ ਆਵੇਗੀ। ਜਦੋਂ ਦਾਦੀ ਨੂੰ ਇਹ ਗੱਲ ਦੱਸਣੀ ਤਾਂ ਉਸ ਦਾ ਵਿਸ਼ਵਾਸ ਕਦੇ ਨਾ ਡੋਲਦਾ ਸਗੋਂ ਉਹਨੇ ਸਾਨੂੰ ਗੁੱਸੇ ਹੋਣ ਲੱਗ ਪੈਣਾ- ਦੋ ਅੱਖਰ ਪੜ੍ਹ ਕੇ ਤੁਹਾਡੀ ਮੱਤ ਹੀ ਮਾਰੀ ਗਈ। ਸਾਡੇ ਨਾਲ ਵਸਦੇ ਹਮਸਾਏ ਬਿਗਾਨੇ ਕਿਵੇਂ ਹੋ ਗਏ? ਇਸੇ ਪਿੰਡ ’ਚ ਜੰਮੇ ਜਾਏ, ਵੱਡੇ ਹੋਏ, ਹੁਣ ਉਨ੍ਹਾਂ ਨੂੰ ਆਪਣੇ ਪਿੰਡ ਆਪਣੇ ਘਰ ਆਉਣ ਤੋਂ ਭਲਾ ਕੌਣ ਰੋਕ ਸਕਦਾ? ਭੋਲੀ ਦਾਦੀ ਸਿਆਸਤ ਦੀਆਂ ਖੇਡਾਂ ਬਾਰੇ ਕੀ ਜਾਣਦੀ ਸੀ!
ਸੰਦੂਕ ਤੱਕ ਕੇ ਮਨ ਵਿਚ ਕਈ ਕੁਝ ਘੁੰਮਦਾ ਰਹਿੰਦਾ। ਕਿੰਨੀਆਂ ਰੀਝਾਂ ਤੇ ਚਾਵਾਂ ਨਾਲ ਮਾਪਿਆਂ ਨੇ ਆਪਣੀ ਧੀ ਨੂੰ ਸੰਦੂਕ ਬਣਾ ਕੇ ਦਿੱਤਾ ਹੋਵੇਗਾ। ਸਹੁਰੇ ਘਰ ਨਵੀਂ ਆਈ ਉਸ ਮੁਟਿਆਰ ਨੂੰ ਉਸ ਅਣਜਾਣ ਪਰਿਵਾਰ ਵਿਚ ਇਹ ਸੰਦੂਕ ਹੀ ਆਪਣੇਪਣ ਦਾ ਧਰਵਾਸ ਦਿੰਦਾ ਹੋਵੇਗਾ। ਜਦੋਂ ਉਸ ਨੇ ਇਸ ਦੇ ਸ਼ੀਸਿ਼ਆਂ ਸਾਹਮਣੇ ਖੜ੍ਹ ਕੇ ਆਖਰੀ ਦਿਨ ਸਿਰ ਵਾਹੁੰਦਿਆਂ ਆਪਣਾ ਸੰਧੂਰੀ ਚਿਹਰਾ ਤੱਕਿਆ ਹੋਵੇਗਾ, ਉਸ ਨੂੰ ਕੀ ਪਤਾ ਸੀ ਕਿ ਉਹ ਇਸ ਰਿਸ਼ਤੇ ਦਾ ਆਖਰੀ ਦਿਨ ਹੈ। ਜਦੋਂ ਉਸ ਦਾ ਪਰਿਵਾਰ ਸੰਦੂਕ ਸਾਡੇ ਘਰ ਰੱਖਣ ਆਇਆ ਹੋਵੇਗਾ ਤਾਂ ਭਰੇ ਗਲੇ ਅਤੇ ਸਿਲ੍ਹੀਆਂ ਅੱਖਾਂ ਨਾਲ ਉਹ ਇਸ ਵਲ ਕਿਵੇਂ ਤੱਕ ਰਹੀ ਹੋਵੇਗੀ।
ਕਦੇ ਅੱਖਾਂ ਸਾਹਮਣੇ ਉਹ ਦ੍ਰਿਸ਼ ਆ ਜਾਂਦਾ ਜਦੋਂ ਲੋਕ ਲੋੜੀਂਦੀਆਂ ਵਸਤਾਂ ਦੀ ਗੱਠੜੀ ਬੰਨ੍ਹ ਕੇ ਘਰਾਂ ਦੀ ਦਹਿਲੀਜ਼ ਟੱਪਣ ਲੱਗੇ ਹੋਣਗੇ ਜਿਨ੍ਹਾਂ ਵਿਚ ਉਨ੍ਹਾਂ ਦਾ ਦਿਲ ਧੜਕਦਾ ਸੀ। ਪਤਾ ਨਹੀਂ ਕਿੰਨੀ ਕੁ ਵਾਰ ਭਰੇ ਮਨਾਂ ਨਾਲ ਪਿਛਾਂਹ ਮੁੜ ਮੁੜ ਘਰ ਵੱਲ ਤੱਕਿਆ ਹੋਵੇਗਾ। ਫਿਰ ਲੀਹੋਂ ਥਿੜਕੀ ਜਿ਼ੰਦਗੀ ਨੂੰ ਮੁੜ ਤਰਤੀਬ ਦੇਣ ਲਈ ਪਤਾ ਨਹੀਂ ਉਨ੍ਹਾਂ ਨੂੰ ਕਿੰਨੇ ਕੁ ਜ਼ਫ਼ਰ ਜਾਲਣੇ ਪਏ ਹੋਣਗੇ।
ਸਮਾਂ ਬੀਤਦਾ ਗਿਆ। ਦਾਦੀ ਸੰਦੂਕ ਦੀ ਮਾਲਕਣ ਦਾ ਰਾਹ ਤੱਕਦੀ ਇਸ ਜਹਾਨ ਤੋਂ ਤੁਰ ਗਈ। ਪੇਟੀਆਂ, ਅਲਮਾਰੀਆਂ ਦੇ ਮੋਹ ਅੱਗੇ ਸੰਦੂਕਾਂ ਦੀ ਵੁਕਤ ਘਟਦੀ ਗਈ। ਸੰਭਾਲ ਖੁਣੋਂ ਉਨ੍ਹਾਂ ਨੂੰ ਸਿਉਂਕ ਖਾ ਗਈ। ਆਪੋ-ਆਪਣੀ ਗ੍ਰਹਿਸਥ ਵਿਚ ਖੁਭ ਕੇ ਸੰਦੂਕ ਚੇਤਿਆਂ ਵਿਚੋਂ ਵਿਸਰ ਗਿਆ।
ਕੁਝ ਕੁ ਦਿਨ ਪਹਿਲਾਂ ਮਿਸੀਸਾਗਾ (ਕੈਨੇਡਾ) ਤੋਂ ਚਾਚਾ ਜੀ ਨੇ ਫੋਨ ਕਰ ਕੇ ਦੱਸਿਆ ਕਿ ਆਪਣੇ ਨਾਲ ਦੇ ਪਿੰਡ ਬਾਰੇ ਕੋਈ ਵੀਡੀਓ ਫੇਸਬੁੱਕ ’ਤੇ ਘੁੰਮ ਰਹੀ ਹੈ ਜਿਸ ਵਿਚ ਪੱਛਮੀ ਪੰਜਾਬ ਤੋਂ ਕੋਈ ਬਜ਼ੁਰਗ ਉਸ ਪਿੰਡ ਨੂੰ ਯਾਦ ਕਰਕੇ ਉਸ ਬਾਰੇ ਗੱਲਾਂ ਕਰ ਰਿਹਾ ਹੈ। ਹੋ ਸਕਦਾ, ਆਪਣੇ ਪਿੰਡ ਤੋਂ ਵੀ ਜੋ ਪਰਿਵਾਰ ਗਏ ਸਨ, ਉਨ੍ਹਾਂ ਵਿਚੋਂ ਵੀ ਕੋਈ ਬਜ਼ੁਰਗ ਸਲਾਮਤ ਹੋਵੇ। ਮੈਂ ਉਨ੍ਹਾਂ ਨੂੰ ਅਖ਼ਬਾਰ ਵਿਚੋਂ ਲੱਭ ਕੇ ਸਾਂਵਲ ਧਾਮੀ ਦਾ ਫੋਨ ਦੇ ਦਿੱਤਾ ਕਿ ਇਹ ਸ਼ਖਸ ਵੰਡ ਵੇਲੇ ਦੀਆਂ ਘਟਨਾਵਾਂ ਬਾਰੇ ਲਿਖਦਾ ਹੈ। ਉਨ੍ਹਾਂ ਫੋਨ ਕੀਤਾ ਤਾਂ ਉਹਨੇ ਯਾਸਰ ਡੋਗਰ ਦਾ ਫੋਨ ਦੇ ਦਿੱਤਾ। ਯਾਸਰ ਡੋਗਰ ਪੱਛਮੀ ਪੰਜਾਬ ਵਿਚ ਇਧਰੋਂ ਗਏ ਪਰਿਵਾਰਾਂ ਦੀਆਂ ਵੀਡੀਓਜ਼ ਬਣਾ ਕੇ ਸਬੰਧਤ ਲੋਕਾਂ ਨੂੰ ਭੇਜਦਾ ਰਹਿੰਦਾ ਹੈ। ਚਾਚਾ ਜੀ ਨੇ ਉਸ ਨਾਲ ਗੱਲ ਕੀਤੀ।
ਕੁਝ ਦਿਨ ਹੀ ਲੰਘੇ ਸਨ ਕਿ ਯਾਸਰ ਨੇ ਸਾਹੀਵਾਲ ਜਿ਼ਲ੍ਹੇ ਵਿਚ ਸਾਡੇ ਪਿੰਡ ਦੇ ਰਹਿੰਦੇ ਪਚਾਨਵੇਂ ਸਾਲਾਂ ਬਜ਼ੁਰਗ ਖੁਸ਼ੀ ਮੁਹੰਮਦ ਲੱਭ ਲਿਆ। ਉਸ ਨਾਲ ਗੱਲਾਂ ਕਰਕੇ ਵੀਡੀਓ ਭੇਜ ਦਿੱਤੀ। ਨਾਲ ਹੀ ਉਸ ਦੇ ਪੋਤੇ ਤਨਵੀਰ ਦਾ ਫੋਨ ਦੇ ਦਿੱਤਾ। ਚਾਚਾ ਜੀ ਨੇ ਗੱਲ ਕੀਤੀ ਤਾਂ ਉਹ ਬਹੁਤ ਖੁਸ਼ ਹੋਏ।
ਚਾਚਾ ਜੀ ਨੇ ਮੈਨੂੰ ਦੱਸਿਆ ਤਾਂ ਭੁੱਲਿਆ ਵਿਸਰਿਆ ਸੰਦੂਕ ਯਾਦ ਆ ਗਿਆ। ਮੇਰੀ ਜਿਗਿਆਸਾ ਉਸ ਬਾਰੇ ਜਾਨਣ ਲਈ ਬੇਤਾਬ ਹੋ ਉੱਠੀ। ਤਨਵੀਰ ਨੇ ਬਾਬਾ ਜੀ ਨਾਲ ਗੱਲ ਕਰਾਈ ਤਾਂ ਪਿੰਡ ਲਈ ਡੁੱਲ੍ਹ ਡੁੱਲ੍ਹ ਪੈਂਦਾ ਪਿਆਰ ਉਨ੍ਹਾਂ ਦੀਆਂ ਗੱਲਾਂ ਵਿਚੋਂ ਝਲਕ ਰਿਹਾ ਸੀ। ਉਹ ਪਿੰਡ ਦੇ ਬਸਿ਼ੰਦਿਆਂ ਬਾਰੇ ਜਾਣਨ ਲਈ ਉਤਾਵਲੇ ਸਨ ਪਰ ਅਫਸੋਸ! ਦੋ-ਤਿੰਨ ਨੂੰ ਛੱਡ ਕੇ ਹੋਰ ਕੋਈ ਵੀ ਜੀਵਤ ਨਹੀਂ ਸੀ। ਬਾਬਾ ਜੀ ਅੱਗੇ ਉਨ੍ਹਾਂ ਦੀ ਔਲਾਦ, ਉਨ੍ਹਾਂ ਦੀ ਰਾਜ਼ੀ ਖੁਸ਼ੀ ਬਾਰੇ ਬੜੇ ਤਿਹੁ ਨਾਲ ਗੱਲਾਂ ਕਰਦੇ ਰਹੇ। ਉਹ ਪਿੰਡ ਦੀ ਹਰ ਗਲੀ, ਨੁੱਕਰ ਵਿਚ ਫਿਰਦੇ ਬੋਹੜਾਂ, ਪਿੱਪਲਾਂ, ਖੂਹਾਂ ਟੋਭਿਆਂ ਬਾਰੇ ਗੱਲਾਂ ਕਰਦੇ ਭਾਵੁਕ ਹੋ ਰਹੇ ਸਨ। ਉਨ੍ਹਾਂ ਦੀ ਯਾਦ ਸ਼ਕਤੀ ਦੇਖ ਕੇ ਮੈਂ ਹੈਰਾਨ ਰਹਿ ਗਈ। ਬਾਬਾ ਜੀ ਦਾ ਸਾਰਾ ਪਰਿਵਾਰ ਉਦਾਲੇ ਬੈਠਾ ਸਾਡੀਆਂ ਗੱਲਾਂ ਸੁਣ ਰਿਹਾ ਸੀ। ਉਨ੍ਹਾਂ ਦੱਸਿਆ, “ਤੇਰਾ ਦਾਦਾ ਮੇਰੇ ਭਰਾਵਾਂ ਦੀ ਥਾਂ ਲੱਗਦਾ ਸੀ, ਇਸ ਰਿਸ਼ਤੇ ਕਰਕੇ ਤੂੰ ਕੁੜੀਏ ਮੇਰੀ ਪੋਤੀ ਲੱਗਦੀ ਐਂ।” ਫਿਰ ਉਨ੍ਹਾਂ ਦੀ ਪੋਤੀ ਅਜ਼ਰਾ ਗੱਲਾਂ ਕਰਨ ਲੱਗ ਪਈ। ਅਸੀਂ ਝੱਟ ਭੈਣਾਂ ਬਣ ਗਈਆਂ। ਲੱਗ ਰਿਹਾ ਸੀ, ਜਿਵੇਂ ਸਦੀਆਂ ਤੋਂ ਇੱਕ ਦੂਜੇ ਨੂੰ ਜਾਣਦੀਆਂ ਹੋਈਏ।
ਮੈਨੂੰ ਮਨ ਅੰਦਰ ਤਾਂ ਸੰਦੂਕ ਘੁੰਮ ਰਿਹਾ ਸੀ। ਮੈਂ ਬਾਬਾ ਜੀ ਨੂੰ ਪੁੱਛ ਲਿਆ ਕਿ ਗਨੀ ਕੌਣ ਸੀ? ਉਨ੍ਹਾਂ ਦੱਸਿਆ, “ਤੁਹਾਡੇ ਘਰਾਂ ਤੋਂ ਅੱਗੇ ਧਰਮਸ਼ਾਲਾ ਨਾਲ ਗੁੱਜਰਾਂ ਦੇ ਘਰ ਸਨ, ਗਨੀ ਉਨ੍ਹਾਂ ਦਾ ਮੁੰਡਾ ਸੀ। ਥੋੜ੍ਹਾ ਸਮਾਂ ਪਹਿਲਾਂ ਹੀ ਉਹਦਾ ਵਿਆਹ ਨਿਆਮਤੇ ਨਾਲ ਹੋਇਆ ਸੀ।” ਮੈਂ ਸੰਦੂਕ ਦੀ ਗੱਲ ਕੀਤੀ ਤਾਂ ਉਹ ਕਹਿਣ ਲੱਗੇ ਕਿ ਤੁਰਨ ਤੋਂ ਪਹਿਲਾਂ ਉਹ ਸੰਦੂਕ ਤੁਹਾਡੇ ਘਰ ਅਤੇ ਬਾਕੀ ਸਾਮਾਨ ਕਿਹਰ ਸਿੰਘ ਕੇ ਰੱਖ ਗਏ ਸਨ। ਸੰਦੂਕ ਰੱਖਣ ਨਿਮਾਅਤੇ ਆਪ ਵੀ ਨਾਲ ਗਈ ਸੀ।
ਮਨ ’ਚ ਆਇਆ, ਨਿਆਮਤੇ ਨੂੰ ਦੱਸਾਂ ਕਿ ਤੇਰਾ ਸੰਦੂਕ ਦਾਦੀ ਨੇ ਕਿਵੇਂ ਸਾਂਭ ਕੇ ਰੱਖਿਆ ਸੀ। ਮੈਂ ਜਲਦੀ ਦੇਣੇ ਬਾਬਾ ਜੀ ਤੋਂ ਉਨ੍ਹਾਂ ਬਾਰੇ ਜਾਣਕਾਰੀ ਮੰਗੀ ਪਰ ਬਾਬਾ ਜੀ ਦਾ ਜਵਾਬ ਸੁਣ ਕੇ ਮਨ ਗਮਗੀਨ ਹੋ ਗਿਆ। ਉਹ ਪਰਿਵਾਰ ਸਾਹੀਵਾਲ ਤੋਂ ਸੌ ਕਿਲੋਮੀਟਰ ਦੂਰ ਰਹਿੰਦਾ ਸੀ ਅਤੇ ਨਿਆਮਤੇ ਤੇ ਗਨੀ ਜਹਾਨੋਂ ਤੁਰ ਗਏ ਸਨ।
ਮਨ ’ਤੇ ਕਾਬੂ ਪਾ ਕੇ ਬਾਬਾ ਜੀ ਨੂੰ ਪੁੱਛਿਆ, “ਤੁਹਾਡਾ ਪਿੰਡ ਆਉਣ ਨੂੰ ਦਿਲ ਕਰਦਾ ਹੋਣੈ?”
“ਕੁੜੀਏ ਤੂੰ ਆਉਣ ਦੀ ਗੱਲ ਕਰਦੀ ਐਂ, ਪਿੰਡ ਤਾਂ ਮੇਰੇ ਅੰਦਰ ਵਸਦੈ। ਮੈਨੂੰ ਤਾਂ ਸੁਪਨੇ ਵੀ ਪਿੰਡ ਦੇ ਹੀ ਆਉਂਦੇ। ਸੁਪਨਿਆਂ ਵਿਚ ਮੈਂ ਖੂਹਾਂ, ਟੋਭਿਆਂ ਅਤੇ ਖੇਤਾਂ ’ਚ ਆਪਣੇ ਇਧਰ ਰਹਿ ਗਏ ਭਰਾਵਾਂ ਨਾਲ ਕੰਮ ਕਰਦਾ ਫਿਰਦਾਂ। ਇੱਕ ਵਾਰੀ ਮੈਨੂੰ ਪਿੰਡ ਦਿਖਾ ਦਿਉ ਤਾਂ ਤੁਹਾਨੂੰ ਪੁੰਨ ਲੱਗੂ। ਉਮਰ ਬਥੇਰੀ ਭੋਗ ਲਈ, ਹੁਣ ਤਾਂ ਇੱਕੋ ਖਾਹਸ਼ ਐ, ਆਪਣੀ ਜਨਮ ਭੋਇੰ ਦੀ ਮਿੱਟੀ ਨੂੰ ਮੱਥੇ ਨਾਲ ਲਾ ਕੇ ਸਿਜਦਾ ਕਰ ਲਵਾਂ।”
ਸੰਪਰਕ: 76260-63596