ਡਾ. ਸ਼ਿਆਮ ਸੁੰਦਰ ਦੀਪਤੀ
ਅਗਨੀਪਥ ਯੋਜਨਾ ਮਗਰੋਂ ਸੈਨਾ ਦੇ ਇਕ ਅਫਸਰ ਨੇ ਇਸ ਦੇ ਸਪੱਸ਼ਟੀਕਰਨ ਵਿਚ ਕਿਹਾ ਕਿ ਅਸੀਂ ਫੌਜ ਵਿਚ ਹੋਸ਼ ਅਤੇ ਜੋਸ਼ ਦਾ ਸੰਤੁਲਨ ਬਣਾ ਰਹੇ ਹਾਂ। ਆਮ ਆਦਮੀ ਇਸ ਦਾ ਇਹ ਭਾਵ ਵੀ ਲੈ ਸਕਦਾ ਹੈ ਕਿ ਮੌਜੂਦਾ ਫੌਜ ਵਿਚ ਲੋੜੀਂਦਾ ਜੋਸ਼ ਨਹੀਂ ਜਾਂ ਨਹੀਂ ਰਿਹਾ ਹੈ। ਪਤਾ ਨਹੀਂ ਉਸ ਸੈਨਾ ਅਧਿਕਾਰੀ ਨੇ ਇਹ ਗੱਲ ਕਿਸ ਆਧਾਰ ’ਤੇ ਕਹੀ ਜਾਂ ਇਹ ਉਸ ਦਾ ਅੰਦਾਜ਼ਾ ਸੀ; ਇਹ ਵੀ ਹੋ ਸਕਦਾ ਹੈ ਕਿ ਉਮਰ ਦੇ ਇਸ ਪੜਾਅ ਤਕ ਆਉਂਦੇ ਜੋਸ਼ ਮੁੱਕ ਜਾਂਦਾ ਹੋਵੇ, ਉਂਝ ਜੇ ਇਹ ਗੱਲ ਸਹੀ ਹੈ ਤਾਂ ਇਹ ਸੋਚਣ ਵਾਲੀ ਗੱਲ ਹੈ।
ਦੂਸਰਾ ਪਹਿਲੂ ਹੈ ਜੋਸ਼ ਦਾ, ਜੋਸ਼ ਉਹ ਅਗਨੀ ਵਾਂਗ, 18 ਤੋਂ 21 ਸਾਲ ਦੇ ਨੌਜਵਾਨਾਂ ਵਿਚ ਦੇਖਦੇ ਹਨ। ਇਹ ਧਾਰਨਾ ਵੀ ਇਸ ਪੱਖ ਨੂੰ ਉਜਾਗਰ ਕਰਦੀ ਹੈ ਕਿ ਨੌਜਵਾਨਾਂ ਵਿਚ ਜੋਸ਼ ਹੁੰਦਾ ਹੈ, ਹੋਸ਼ ਨਹੀਂ। ਇਹ ਠੀਕ ਹੈ ਕਿ ਇਸ ਉਮਰ ਵਿਚ ਇਹ ਵੱਧ ਹੁੰਦਾ ਹੈ। ਇਸ ਪੱਖ ਤੋਂ ‘ਅਗਨੀਵੀਰ’ ਨਾਂ ਕਾਫ਼ੀ ਸਾਰਥਕ ਹੈ। ਅੱਗ ਤਾਂ ਹੁੰਦੀ ਹੀ ਹੈ ਜਵਾਨਾਂ ਵਿਚ, ਇਹ ਹੋਣੀ ਵੀ ਚਾਹੀਦੀ ਹੈ। ਉਂਜ ਮਨੋਵਿਗਿਆਨਕ ਪੱਖ ਤੋਂ ਆਪਾਂ ਇਹ ਵੀ ਜਾਣਦੇ/ਮੰਨਦੇ ਹਾਂ ਕਿ ਅੱਗ ਊਰਜਾ, ਨਿੱਘ ਅਤੇ ਜੀਵਨ ਦਾ ਪ੍ਰਤੀਕ ਹੈ। ਨਾਲ ਹੀ ਸੜਨ-ਬਲਣ ਅਤੇ ਸਵਾਹ ਕਰ ਦੇਣਾ ਵੀ ਅੱਗ ਦਾ ਸੁਭਾਅ ਹੈ।
ਜਿਥੋਂ ਤਕ ਹੋਸ਼ ਦੀ ਗੱਲ ਹੈ, ਇਹ ਧਾਰਨਾ ਬੇਮੂਲ ਹੈ। ਬੜੀ ਸਾਫ਼ ਸਪੱਸ਼ਟ ਸਥਿਤੀ ਹੈ ਕਿ ਇਹੀ ਉਮਰ ਹੈ ਅਠਾਰਾਂ ਸਾਲ ਦੀ, ਜਦੋਂ ਨੌਜਵਾਨ ਦੁਨੀਆਂ ਭਰ ਵਿਚ ਸਾਰੇ ਕੋਰਸਾਂ, ਉਚ ਸਿੱਖਿਆ ਲਈ ਦਾਖਲੇ ਲੈਂਦੇ ਹਨ। ਮੈਡੀਕਲ, ਇੰਜਨੀਅਰਿੰਗ, ਕਾਮਰਸ, ਬਿਜ਼ਨੈਸ ਮੈਨੇਜਮੈਂਟ, ਆਈਆਈਟੀ ਆਦਿ। ਇਹ ਸਾਰੇ ਹੀ ਕੋਰਸ ਚਾਰ ਤੋਂ ਛੇ ਸਾਲ ਵਿਚ ਨੌਜਵਾਨ ਮਾਹਿਰ ਪੈਦਾ ਕਰਦੇ ਹਨ ਜੋ ਆਪੋ-ਆਪਣੇ ਖੇਤਰਾਂ ਵਿਚ ਮੁਹਾਰਤ ਹਾਸਿਲ ਕਰਨ ਪਿੱਛੋਂ ਕੌਮੀ ਕੌਮਾਂਤਰੀ ਪੱਧਰ ’ਤੇ ਮੱਲਾਂ ਮਾਰਦੇ ਹਨ। ਮੱਲਾਂ ਮਾਰਨਾ ਹੋਸ਼ ਦਾ ਕੰਮ ਹੈ।
ਅੱਜ ਨੌਜਵਾਨੀ ਦਾ ਦ੍ਰਿਸ਼ ਦੇਖੀਏ ਤਾਂ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਇਸ ਉਮਰ ਨੂੰ ਸੰਜੀਦਗੀ ਨਾਲ ਨਹੀਂ ਲਿਆ ਜਾ ਰਿਹਾ। ਇਸ ਉਮਰ ਦੇ ਨਾਕਾਰਾਤਮਕ ਪੱਖ ਵਧ ਉਭਾਰੇ ਜਾਂਦੇ ਹਨ ਤੇ ਪ੍ਰਾਪਤੀਆਂ ਨੂੰ ਅੱਖੋਂ ਪਰੋਖੇ ਕਰਨ ਦੀ ਕਵਾਇਦ ਵੱਧ ਹੈ। ਇਹ ਨਾਸਮਝ ਨੇ, ਅਜੇ ਨਿਆਣੇ ਨੇ, ਇਨ੍ਹਾਂ ਨੂੰ ਕੰਮ ਦਾ ਕੋਈ ਤਜਰਬਾ ਨਹੀਂ। ਨਾ-ਤਜਰਬੇਕਾਰੀ ਹੋਰ ਗੱਲ ਹੈ ਤੇ ਸਿਆਣਪ ਹੋਰ। ਉਮਰ ਦੇ ਇਸ ਪੜਾਅ ਦੇ ਬੌਧਿਕ ਸਰਵੇਖਣ ਸਪੱਸ਼ਟ ਕਰਦੇ ਹਨ ਕਿ ਹਰ ਨਵੀਂ ਪੀੜ੍ਹੀ, ਪਹਿਲੀ ਪੀੜ੍ਹੀ ਤੋਂ ਵਧ ਸਿਆਣੀ ਹੁੰਦੀ ਹੈ। ਇਕ ਦਹਾਕੇ ਵਿਚ ਤਕਨਾਲੋਜੀ ਦੀ ਤਬਦੀਲੀ ਨਾਲ ਨਵੀਂ ਪੀੜ੍ਹੀ ਵੱਧ ਸੂਚਨਾਵਾਂ ਨਾਲ ਲੈਸ ਹੁੰਦੀ ਹੈ। ਇਹ ਗੱਲ ਸਹੀ ਹੈ ਕਿ ਸੂਚਨਾਵਾਂ ਵਧ ਹੋਣਾ, ਕਿਸੇ ਤਰ੍ਹਾਂ ਵੀ ਸਿਆਣਪ ਦਾ ਪੈਮਾਨਾ ਨਹੀਂ ਹੈ ਪਰ ਸੂਚਨਾ ਤੋਂ ਹੀ ਸਿਆਣਪ ਦਾ ਵਿਕਾਸ ਸ਼ੁਰੂ ਹੁੰਦਾ ਹੈ।
ਹੁਣ ਮਸਲਾ ਸਿਆਣਪ ਦਾ ਹੈ ਜਿਸ ਨੂੰ ਅਸੀਂ ਪਛਾਣਦੇ ਨਹੀਂ। ਕਿਸੇ ਵੀ ਨੌਜਵਾਨ ਨੂੰ ਇਸ ਗੱਲ ’ਤੇ ਸਭ ਤੋਂ ਵੱਧ ਔਖ ਹੁੰਦੀ ਹੈ ਜਦੋਂ ਉਸ ਦੀ ਸਿਆਣਪ ’ਤੇ ਸਵਾਲ ਖੜ੍ਹਾ ਕੀਤਾ ਜਾਂਦਾ ਹੈ। ਹੋ ਸਕਦਾ ਹੈ, ਉਸ ਦੀ ਸਿਆਣਪ ਅਜੇ ਕੱਚੀ ਹੋਵੇ ਪਰ ਉਸ ਨੂੰ ਪਕੇਰਾ ਕਿਸ ਨੇ ਕਰਨਾ ਹੈ, ਕਿਵੇਂ ਕਰਨਾ ਹੈ, ਉਹ ਸਾਨੂੰ ਪਤਾ ਵੀ ਹੈ। ਅਸੀਂ ਉਨ੍ਹਾਂ ਦੀਆਂ ਪ੍ਰਾਪਤੀਆਂ ਗਿਣ ਸਕਦੇ ਹਾਂ। ਇਹ ਵੀ ਸੱਚ ਹੈ ਕਿ 15 ਤੋਂ 19 ਸਾਲ ਤਕ ਦਾ ਸਮਾਂ ਤਬਦੀਲੀਆਂ ਦਾ ਸਮਾਂ ਹੈ ਜਦੋਂ ਉਹ ਹਰ ਪੱਖ ਤੋਂ- ਸਰੀਰਕ, ਸਮਾਜਿਕ, ਮਾਨਸਿਕ ਤੇ ਬੌਧਿਕ, ਪਰਿਪੱਕ ਹੋ ਰਿਹਾ ਹੁੰਦਾ ਹੈ।
ਇਸ ਉਮਰ ਦੀ ਸਿਆਣਪ ਦਾ ਇਸ ਪੱਖ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਦੁਨੀਆ ਭਰ ਦੇ ਸਮਾਜ ਮਨੋਵਿਗਿਆਨ ਦੇ ਮਾਹਿਰਾਂ ਦੀ ਰਾਏ ’ਤੇ ਆਧਾਰਿਤ ਹੀ ਇਹ ਫੈਸਲਾ ਹੋਇਆ ਕਿ ਲੋਕਾਂ ਨੂੰ ਅਠਾਰਾਂ ਸਾਲ ਦੀ ਉਮਰ ’ਤੇ ਵੋਟ ਦੇਣ ਦਾ ਅਧਿਕਾਰ ਹੋਵੇ। ਚੰਗੇ ਮਾੜੇ ਦੀ ਪਛਾਣ ਦੀ ਕਾਬਲੀਅਤ ਇਸ ਉਮਰ ਵਿਚ ਆ ਜਾਂਦੀ ਹੈ ਜੋ ਸਿਆਣੇ ਹੋਣ ਦੀ ਨਿਸ਼ਾਨੀ ਹੈ।
ਇਸੇ ਤਰ੍ਹਾਂ ਵਿਆਹ ਦੀ ਉਮਰ ਤੈਅ ਕਰਨ ਵੇਲੇ ਲੜਕੀ ਦਾ ਸਰੀਰਕ ਪੱਖ ਤੋਂ ਪਕੇਰਾ ਹੋਣਾ ਅਹਿਮ ਹੈ, ਨਾਲ ਹੀ ਪਰਿਵਾਰ ਚਲਾਉਣੇ, ਬੱਚੇ ਸਾਂਭਣ ਦੀ ਜਿ਼ੰਮੇਵਾਰੀ ਲੈ ਸਕਣਾ ਵੀ ਲੋੜੀਂਦਾ ਹੈ; ਮਤਲਬ, ਇਸ ਉਮਰ ’ਤੇ ਕਿਸੇ ਵੀ ਤਰ੍ਹਾਂ ਦੀ ਜਿ਼ੰਮੇਵਾਰੀ ਲੈਣ ਦੀ ਕਾਬਲੀਅਤ ਹੁੰਦੀ ਹੈ। ਇਹ ਕੋਈ ਜਜ਼ਬਾਤੀ ਗੱਲਾਂ ਨਹੀਂ, ਖੋਜ ਆਧਾਰਿਤ ਨਤੀਜੇ ਹਨ।
ਨੌਜਵਾਨਾਂ ਲਈ ਜੋਸ਼ ਅਤੇ ਹੋਸ਼ ਨਾਲੋ-ਨਾਲ ਵਰਤੇ ਜਾਂਦੇ ਹਨ। ਜਿਥੋਂ ਤਕ ਜੋਸ਼ ਦੀ ਗੱਲ ਹੈ, ਉਹ ਇਸ ਉਮਰ ਦੀ ਖਾਸੀਅਤ ਹੈ। ਜ਼ਿੰਦਗੀ ਦੀ ਸ਼ੁਰੂਆਤ ਹੋ ਰਹੀ ਹੈ। ਚੜ੍ਹਤ ਦਾ ਸਮਾਂ ਹੈ। ਜੋਸ਼ ਜਨੂਨ ਦਾ ਸੂਚਕ ਹੈ। ਅਸੀਂ ਜਾਣਦੇ ਹਾਂ, ਕੁਝ ਹਾਸਿਲ ਕਰਨ ਲਈ ਜਨੂਨ ਦੀ ਲੋੜ ਹੁੰਦੀ ਹੈ।
ਇਹ ਜਨੂਨ ਹੈ ਜੋ ਹੱਥ ਵਿਚ ਲੈਪਟਾਪ ਤੇ ਸਰਜਰੀ ਲਈ ਚਾਕੂ ਫੜਦਾ ਹੈ; ਹਵਾ ਵਿਚ ਉਛਾਲਣ ਲਈ ਪੱਥਰ ਵੀ ਤੇ ਤਲਵਾਰ ਵੀ। ਇਹ ਦੁਨੀਆ ਮਨੁੱਖੀ ਹੱਥਾਂ ਨਾਲ ਹੀ ਉਸਰੀ ਹੈ। ਹੱਥ ਨਾਲ ਹੱਥ ਮਿਲ ਕੇ ਹੀ ਕ੍ਰਿਸ਼ਮੇ ਹੁੰਦੇ ਹਨ। ਇਸ ਉਮਰ ਵਿਚ ਨਵਾਂ ਨਰੋਆ ਵਿਕਸਿਤ ਹੋਇਆ ਮਨ, ਸਰੀਰ ਤੇ ਦਿਮਾਗ, ਸਰੀਰ ਦੇ ਸਾਰੇ ਹੀ ਹਾਰਮੋਨਜ਼ ਪੂਰੇ ਜਲੋਅ ਵਿਚ ਹੁੰਦੇ ਹਨ। ਇਹ ਉਮਰ ਸੁਪਨੇ ਲੈਣ ਦੀ ਉਮਰ ਮੰਨੀ ਜਾਂਦੀ ਹੈ। ਇਹਦੇ ਲਈ ਮਾਹੌਲ ਚਾਹੀਦਾ ਹੁੰਦਾ ਹੈ ਜਿਥੇ ਉਹ ਆਪਣੀ ਕਾਬਲੀਅਤ ਦਿਖਾ ਸਕਣ।
ਹਿੰਦੋਸਤਾਨ ਨੌਜਵਾਨ ਮੁਲਕ ਹੈ, ਮਤਲਬ 15 ਤੋਂ 35 ਸਾਲ ਦੇ ਲੋਕ ਸਾਡੇ ਕੋਲ ਦੁਨੀਆ ਵਿਚ ਸਭ ਤੋਂ ਵਧ ਹਨ। ਨਾਲ ਹੀ ਨਿਰਾਸ਼ਾ ਵਾਲਾ ਪੱਖ ਇਹ ਵੀ ਹੈ ਕਿ ਇਨ੍ਹਾਂ ਹੱਥਾਂ, ਦਿਮਾਗਾਂ ਅਤੇ ਕੁਝ ਕਰ ਦਿਖਾਉਣ ਵਾਲੇ ਹੌਸਲੇ ਵਾਲਿਆਂ ਲਈ ਵਿਉਂਤਬੰਦੀ ਅਤੇ ਦਿਸ਼ਾ ਨਿਰਦੇਸ਼ ਨਹੀਂ ਹਨ। ਤਕਰੀਬਨ 50 ਕਰੋੜ ਨੌਜਵਾਨਾਂ ਲਈ ਸਾਡੇ ਕੋਲ ਕੋਈ ਯੁਵਾ ਨੀਤੀ ਨਹੀਂ।
ਸਵਾਮੀ ਵਿਵੇਕਾਨੰਦ ਦੇ ਜਨਮ ਦਿਹਾੜੇ (12 ਜਨਵਰੀ) ਨੂੰ ‘ਕੌਮੀ ਯੁਵਾ ਦਿਵਸ’ ਐਲਾਨਿਆ ਗਿਆ ਹੈ, ਯੁਵਾ ਨੀਤੀ ਦਾ ਵੀ ਐਲਾਨ ਹੋਇਆ ਪਰ ਉਸ ਵਿਚ ਪਹਿਲਾਂ ਹੀ ਚੱਲ ਰਹੀਆਂ ਯੁਵਕ ਸਕੀਮਾਂ (ਐੱਨਸੀਸੀ, ਐੱਨਐੱਸਐੱਸ, ਸਕਾਊਟ, ਨਹਿਰੂ ਯੁਵਾ ਕੇਂਦਰ, ਪੇਂਡੂ ਖੇਡਾਂ ਆਦਿ ਇੱਕਠੇ ਕਰ ਦਿੱਤੇ ਗਏ। ਸਕੂਲੀ ਨੌਜਵਾਨਾਂ ਨੂੰ ਮਿਲ ਰਹੇ ਵਜ਼ੀਫੇ ਅਤੇ ਹੋਰ ਫੰਡ ਇਕ ਥਾਂ ਇਕੱਠਾ ਕਰ ਦਿੱਤੇ। ਚਾਹੀਦਾ ਇਹ ਹੈ ਕਿ ਇਸ ਯੁਵਾ ਸ਼ਕਤੀ ਤੋਂ ਕੀ ਕੀ ਲਾਹਾ ਲਿਆ ਜਾ ਸਕਦਾ ਹੈ। ਮੁਲਕ ਨੂੰ ਕਿਸ ਅਤੇ ਕਿੰਨੇ ਮਾਹਿਰਾਂ ਦੀ ਲੋੜ ਹੈ। ਕਿੰਨੀਆਂ ਸਿੱਖਿਆ ਸੰਸਥਾਵਾਂ ਅਤੇ ਕਿੰਨੇ ਕਿਸ ਖੇਤਰ ਲਈ ਕਾਮੇ ਲੋੜੀਂਦੇ ਹਨ। ਸਭ ਤੋਂ ਵਧ ਲੋੜ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਸਮਝਣ ਅਤੇ ਉਸ ਨਾਲ ਨਜਿਠਣ ਲਈ ਕਾਰਗਰ ਵਿਉਂਤ ਉਲੀਕਣ ਦੀ ਹੈ। ਦਰਅਸਲ, ਨੌਜਵਾਨਾਂ ਦੀ ਸਮਰੱਥਾ ਦੇ ਮੱਦੇਨਜ਼ਰ ਉਨ੍ਹਾਂ ਨੂੰ ਹਰ ਕੰਮ, ਹਰ ਪੜਾਅ, ਹਰ ਪਹਿਲੂ ’ਤੇ ਭਾਗੀਦਾਰ ਬਣਾ ਕੇ ਚੱਲਣਾ ਚਾਹੀਦਾ ਹੈ। ਕਿਸੇ ਵੀ ਪ੍ਰਾਜੈਕਟ ਦੀ ਸ਼ੁਰੂਆਤ, ਉਸ ਨੂੰ ਉਲੀਕਣ ਤੋਂ ਲੈ ਕੇ ਸਿਰੇ ਚੜ੍ਹਾਉਣ ਤਕ ਜਿ਼ੰਮੇਵਾਰੀ ਦੇਣੀ ਚਾਹੀਦੀ ਹੈ।
ਅਸੀਂ ਨੌਜਵਾਨਾਂ ਦੀ ਗੱਲ ਸ਼ੁਰੂ ਕਰਦੇ ਹੀ ਉਨ੍ਹਾਂ ਨੂੰ ਦਿਸ਼ਾਹੀਣ, ਗੁੱਸੇਖੋਰ, ਲੜਨ ਲਈ ਤਿਆਰ ਰਹਿਣ ਵਾਲੇ ਪੇਸ਼ ਕਰਦੇ ਹਾਂ। ਗੌਰ ਨਾਲ ਦੇਖੀਏ ਤਾਂ ਇਹ ਦ੍ਰਿਸ਼ ਉਦੋਂ ਬਣਦਾ ਹੈ ਜਦੋਂ ਉਨ੍ਹਾਂ ਨੂੰ ਨਕਾਰਿਆ ਜਾਂਦਾ ਹੈ, ਉਨ੍ਹਾਂ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ। ਗੁੱਸਾ ਕਦੇ ਨਾਜਾਇਜ਼ ਨਹੀਂ ਹੁੰਦਾ। ਗੁੱਸੇ ਦੀ ਜੜ੍ਹ, ਉਸ ਦਾ ਪਿਛੋਕੜ ਸਮਝਣਾ ਚਾਹੀਦਾ ਹੈ। ਇਸ ਉਮਰ ਦੇ ਸਾਰਥਕ ਪੱਖ ਹਨ ਕਿ ਉਹ ਪਿਆਰ, ਪ੍ਰਵਾਨਗੀ, ਪਛਾਣ ਅਤੇ ਪੁੱਛੇ ਜਾਣਾ ਚਾਹੁੰਦੇ ਹਨ ਜੋ ਸਮਾਜ ਵਿਚੋਂ ਉਨ੍ਹਾਂ ਨੂੰ ਨਹੀਂ ਮਿਲ ਰਿਹਾ। ਉਨ੍ਹਾਂ ਦੀ ਅਗਨ ਪਛਾਣ ਕੇ ਉਸ ਨੂੰ ਉਸਾਰੂ ਬਣਾਇਆ ਜਾ ਸਕਦਾ ਹੈ।
ਸੰਪਰਕ: 98158-08506