ਡਾ. ਪ੍ਰਵੀਨ ਬੇਗ਼ਮ
ਛੇਵੇਂ ਪੀਰੀਅਡ ਦੀ ਬੈੱਲ ਹੁੰਦਿਆਂ ਹੀ ਮੈਂ ਦੌੜ ਕੇ ਗਿਆਰਵੀਂ ਜਮਾਤ ਦੇ ਕਮਰੇ ਵੱਲ ਗਈ। ਅੱਜ ਮੇਰਾ ਉਸ ਕਲਾਸ ’ਚ ਵਾਤਾਵਰਣ ਸਿੱਖਿਆ ਦਾ ਪੀਰੀਅਡ ਸੀ। ਕੱਲ੍ਹ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤਿ ਦੀ ਗਰਮੀ ਤੇ ਲੂ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ 7 ਤੋਂ 12 ਵਜੇ ਤੱਕ ਦਾ ਕੀਤਾ ਗਿਆ ਹੈ। ਸਿੱਟੇ ਵਜੋਂ ਇੱਕ ਘੰਟਾ ਸਮਾਂ ਘਟਣ ਕਰਕੇ ਪੀਰੀਅਡ ਵੀ ਛੋਟੇ ਹੋ ਗਏ। ਮੈਂ ਪਹਿਲਾਂ ਹੀ ਸੋਚ ਰੱਖਿਆ ਸੀ ਕਿ ਵਿਦਿਆਰਥੀਆਂ ਨੂੰ ਅੱਜ ਵਾਤਾਵਰਣ ’ਚ ਵੱਡੇ ਪੱਧਰ ’ਤੇ ਆ ਰਹੇ ਬਦਲਾਅ ਬਾਰੇ ਸਮਝਾਉਣਾ ਹੈ। ਮੈਂ ਕਲਾਸ ’ਚ ਦਾਖ਼ਲ ਹੁੰਦਿਆਂ ਹੀ ਵਿਦਿਆਰਥੀਆਂ ਨੂੰ ਸ਼ੀਸ਼ੇ ਵਾਲੀਆਂ ਖਿੜਕੀਆਂ ਖੋਲ੍ਹਣ ਲਈ ਕਿਹਾ। ਉਹਨਾਂ ਕਿਹਾ, ‘ਨਾ ਜੀ, ਗਰਮ ਹਵਾ ਆ ਰਹੀ ਹੈ।’ ਕਮਰੇ ਦੇ ਆਲੇ-ਦੁਆਲੇ ਦਰੱਖ਼ਤ ਵੀ ਕੋਈ ਨਹੀਂ ਸੀ ਤੇ ਉਸ ਸਮੇਂ ਬਿਜਲੀ ਵੀ ਨਹੀਂ ਸੀ। ਕੁੱਝ ਵਿਦਿਆਰਥੀ ਬੋਲੇ, ‘ਜੀ ਬਿਜਲੀ ਦੇ ਕੱਟ ਵੀ ਬਹੁਤ ਲੱਗ ਰਹੇ ਨੇ।’ ਮੈਂ ਉਥੋਂ ਹੀ ਗੱਲ ਸ਼ੁਰੂ ਕੀਤੀ ਕਿ, ‘ਬੱਚਿਓ ਬਿਜਲੀ ਦੇ ਕੱਟ ਸਾਡੇ ਉਸ ਧੁੰਦਲੇ ਭਵਿੱਖ ਦੀ ਨਿਸ਼ਾਨੀ ਨੇ ਜਿਸ ਵੱਲ ਸਾਨੂੰ ਵਿਕਾਸ ਦੇ ਨਾਂ ’ਤੇ ਧੱਕਿਆ ਜਾ ਰਿਹਾ ਹੈ। ਲਗਾਤਾਰ ਗਰਮੀ ਵਧਣ ਕਾਰਨ ਬਿਜਲੀ ਦੀ ਮੰਗ ਵੀ ਹਰ ਖੇਤਰ ’ਚ ਵਧ ਜਾਂਦੀ ਏ। ਬਿਜਲੀ ਦੀ ਪੂਰਤੀ ਅਸੀਂ ਕੋਲਾ ਆਧਾਰਿਤ ਥਰਮਲਾਂ ਤੇ ਪਣ-ਬਿਜਲੀ ਪ੍ਰਾਜੈਕਟਾਂ ਤੋਂ ਕਰਦੇ ਹਾਂ। ਇਹਨਾਂ ਦੀ ਤੇਜ਼ੀ ਨਾਲ ਵਰਤੋਂ ਹੋਣ ਕਰਕੇ ਸਾਡੇ ਇਹ ਸਰੋਤ ਵੀ ਖ਼ਤਮ ਹੋ ਜਾਣਗੇ’। ਅਸੀਂ ਆਰਾਮਦਾਇਕ ਜ਼ਿੰਦਗੀ ਲਈ ਹਰ ਤਰ੍ਹਾਂ ਦਾ ਢੰਗ ਲੱਭ ਲਿਆ ਹੈ। ਸਿੱਟੇ ਵਜੋਂ ਸਾਡਾ ਰਹਿਣ-ਸਹਿਣ ਬਦਲ ਚੁੱਕਾ ਹੈ। ਹਰ ਘਰ ਵਿੱਚ ਏਅਰ-ਕੰਡੀਸ਼ਨਰ ਅਤੇ ਫਰਿੱਜ ਹਨ। ਆਵਾਜਾਈ ਸਾਡੀ ਨਾ-ਨਵਿਆਉਣਯੋਗ ਈਂਧਣ ਦੇ ਸਿਰ ’ਤੇ ਚੱਲਦੀ ਹੈ ਅਤੇ ਇਹਨਾਂ ਦਾ ਧੂੰਆਂ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਜ਼ਿੰਦਗੀ ਅਤਿ ਦਰਜੇ ਦੀ ਸੁਖਾਲੀ ਹੋ ਗਈ ਹੈ। ਸਾਰੀ ਦੁਨੀਆ ਦੀ ਜਾਣਕਾਰੀ ਦੇਣ ਵਾਲੇ ਮੋਬਾਈਲ ਫੋਨ ਸਾਡੇ ਕੋਲ ਹਨ। ਨੰਬਰ ਇੱਕ ਆਬਾਦੀ ਵਾਲੇ ਦੇਸ਼ ਭਾਰਤ ਦੇ ਲੋਕਾਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਦੀ ਪੂਰਤੀ ਲਈ ਜੰਗਲਾਂ ਦੀ ਕਟਾਈ ਨੇ ਅੱਜ ਸਾਨੂੰ ਉੱਥੇ ਲਿਆ ਖੜ੍ਹਾ ਕੀਤਾ ਹੈ ਜਿੱਥੇ ਅਸੀਂ ਅਤਿ ਦਰਜੇ ਦੀ ਗਰਮੀ, ਸਰਦੀ, ਹੜ੍ਹਾਂਂ ਅਤੇ ਸੋਕੇ ਵਰਗੀਆਂ ਅਲਾਮਤਾਂ ਦੇ ਸ਼ਿਕਾਰ ਹੋ ਗਏ ਹਾਂ। ਪਾਣੀ ਸਾਡੇ ਮੁੱਕ-ਸੁੱਕ ਗਏ ਨੇ। ਸਾਡੀ ਨੌਜਵਾਨੀ ਮਿਹਨਤ ਕਰਨ ਤੋਂ ਭੱਜ ਕੇ ਖੇਤੀਬਾੜੀ ਦੇ ਸੁਖਾਲੇ ਹੀਲੇ-ਵਸੀਲੇ ਲੱਭ ਕਣਕ-ਝੋਨੇ ਦੇ ਜਾਲ ਵਿਚ ਫਸ ਚੁੱਕੀ ਹੈ। ਸੰਸਾਰ ਦੇ ਗਲੇਸ਼ੀਅਰ ਵਧਦੇ ਤਾਪਮਾਨ ਕਰਕੇ ਪਿਘਲ ਰਹੇ ਹਨ। ਉੱਤਰੀ ਅਮਰੀਕਾ ਦਾ ਦੇਸ਼ ਵੈਨੇਜ਼ੂਏਲਾ ਪਿਛਲੇ ਹਫ਼ਤੇ ਹੀ ਸੰਸਾਰ ਦਾ ਗਲੇਸ਼ੀਅਰ ਮੁਕਤ ਦੇਸ਼ ਬਣ ਗਿਆ ਕਿਉਂ ਜੋ ਉੱਥੇ ਆਖ਼ਰੀ ਬਚਿਆ ਗਲੇਸ਼ੀਅਰ ਵੀ ਪਿਘਲ ਕੇ ਸਮੁੰਦਰ ਦਾ ਹਿੱਸਾ ਬਣ ਗਿਆ। ਸਿੱਟੇ ਵਜੋਂ ਧਰਤੀ ਦੇ ਤਾਪਮਾਨ ਵਿੱਚ ਆਏ ਦਿਨ ਵਾਧਾ ਹੋ ਰਿਹਾ ਹੈ। ਧਰਤੀ ਜਲ ਉੱਠੀ ਹੈ। ਪੰਛੀ ਅਤੇ ਜਾਨਵਰ ਇਹਨਾਂ ਮਨੁੱਖੀ ਗ਼ਲਤੀਆਂ ਦਾ ਖਮਿਆਜ਼ਾ ਭੁਗਤ ਲੋਪ ਹੋ ਰਹੇ ਹਨ।
ਮੈਂ ਦੇਖਿਆ ਵਿਦਿਆਰਥੀ ਬੜੀ ਹੀ ਉਤਸੁਕਤਾ ਨਾਲ ਸਭ ਸੁਣ ਰਹੇ ਸਨ। ਮੈਂ ਬੋਲਣਾ ਜਾਰੀ ਰੱਖਿਆ ਤੇ ਦੱਸਿਆ ਕਿ ਅਜੇ ਤਾਂ ਪੰਜਾਬ ਦਾ ਤਾਪਮਾਨ 45 ਡਿਗਰੀ ਤੱਕ ਪਹੁੰਚਿਆ ਹੈ ਤੇ ਅਸੀਂ ਤ੍ਰਾਹ ਉੱਠੇ ਹਾਂ। ਸੋਚੋ ਜੇ ਲੋੜੀਂਦੇ ਕਦਮ ਨਾ ਚੁੱਕੇ ਗਏ ਤਾਂ ਭਵਿੱਖ ’ਚ ਕੀ ਹੋਵੇਗਾ। ਇੱਕ ਵਿਦਿਆਰਥੀ ਨੇ ਪੁੱਛਿਆ, ‘ਜੀ, ਫੇਰ ਕਰੀਏ ਕੀ?’ ਮੈਂ ਵੇਗ ਵਿੱਚ ਹੀ ਬੋਲੀ ਕਿ ਵੱਧ ਤੋਂ ਵੱਧ ਦਰੱਖ਼ਤ ਲਗਾਈਏ, ਪਾਣੀ ਬਚਾਈਏ, ਸੁਖਾਲੀ ਜ਼ਿੰਦਗੀ ਦੇ ਸੋਹਲਪਣ ਨੂੰ ਛੱਡੀਏ ਤੇ ਸਰੀਰਕ ਕੰਮਾਂ-ਕਾਰਾਂ ਵੱਲ ਧਿਆਨ ਦੇਈਏ ਕਿਉਂਕਿ ਸਾਡੀ ਜ਼ਿੰਦਗੀ ਨੂੰ ਸੁਖਾਲੀਆਂ ਬਣਾਉਣ ਵਾਲੀਆਂ ਚੀਜ਼ਾਂ ਅਤੇ ਖੋਜਾਂ ਸਾਨੂੰ ਨਿਕੰਮੇ ਤਾਂ ਬਣਾ ਹੀ ਰਹੀਆਂ ਹਨ ਪਰ ਸਾਨੂੰ ਬਿਮਾਰੀਆਂ ਭਰੀ ਜ਼ਿੰਦਗੀ ਤੇ ਬਦਲਦਾ ਵਾਤਾਵਰਣ ਦੇ ਕੇ ਸਾਡੇ ਲਈ ਕੰਡੇ ਵੀ ਬੀਜ ਰਹੀਆਂ ਹਨ। ਮੈਂ ਨਾਲ ਹੀ ਆਪਣੇ ਬਚਪਨ ਦੀ ਉਦਾਹਰਨ ਦਿੰਦੇ ਕਿਹਾ ਕਿ ਅੱਜ ਤੋਂ ਦੋ ਦਹਾਕੇ ਪਹਿਲਾਂ ਹਾਲਾਤ ਬਹੁਤ ਸੁਖਾਵੇਂ ਸਨ। ਸਾਡਾ ਬਚਪਨ ਬਹੁਤ ਸੋਹਣਾ ਸੀ। ਅਸੀਂ ਤਾਂ ਏਸੀ ਦਾ ਨਾਮ ਤੱਕ ਨਹੀਂ ਸੀ ਸੁਣਿਆ। ਜੇਠ-ਹਾੜ ਦੀਆਂ ਧੁੱਪਾਂ ’ਚ ਪਹੀ-ਪਹੀ ਤੁਰ ਕੇ ਸਕੂਲ ਜਾਂਦੇ ਸਾਂ ਤੇ ਪਹੀਆਂ ਉੱਪਰ ਲੱਗੇ ਸੰਘਣੇ ਅੰਬ, ਡਕੈਣਾਂ, ਪਿੱਪਲ, ਤੂਤ ਅਤੇ ਬੋਹੜ ਸਾਨੂੰ ਮਾਂ ਵਰਗੀ ਠੰਢੀ ਛਾਂ ਬਖ਼ਸ਼ਦੇ ਸਨ। ਸਾਡਾ ਜੀਵਨ ਤਕਨਾਲੋਜੀ ਦਾ ਗੁਲਾਮ ਨਹੀਂ ਸੀ। ਸਕੂਲਾਂ ਵਿੱਚ ਵੀ ਅਸੀਂ ਇਹਨਾਂ ਦਰੱਖ਼ਤਾਂ ਹੇਠ ਬੈਠ ਕੇ ਪੜ੍ਹਦੇ ਤੇ ਦੁਪਹਿਰੇ ਬਿਜਲੀ ਨਾ ਹੋਣ ਕਾਰਨ ਡਕੈਣਾਂ ਤੇ ਅੰਬਾਂ ਛਾਵੇਂ ਮੰਜੇ ਡਾਹ ਕੇ ਸੌਂਦੇ। ਕਿੱਕਲੀਆਂ ਪਾਉਂਦੇ ਸੀ, ਹੱਸਦੇ ਖੇਡਦੇ, ਖ਼ੁਸ਼ੀਆਂ ਬਿਖੇਰਦੇ ਸੀ। ਮੈਨੂੰ ਲੱਗਿਆ ਕਿ ਵਿਦਿਆਰਥੀਆਂ ਦੇ ਮੂੰਹ ’ਤੇ ਹੋਰ ਗੱਲਾਂ ਸੁਣਨ ਦੀ ਉਤਸੁਕਤਾ ਸੀ ਪਰ ਵਿੱਚੋਂ ਹੀ ਇੱਕ ਵਿਦਿਆਰਥੀ ਸਹਿਜ ਸੁਭਾਅ ਬੋਲਿਆ ਜੀ, ‘ਫੇਰ ਸਾਡੇ ਹਿੱਸੇ ਦੀ ਛਾਂ ਤਾਂ ਤੁਸੀਂ ਹੀ ਲੈ ਗਏ। ਸਾਡੇ ਹਿੱਸੇ ਤਾਂ ਹੁਣ ਤਪਦੀ ਧਰਤੀ ਹੀ ਆਈ ਏ ਫੇਰ।’ ਉਸਦੀ ਗੱਲ ਸੁਣ ਸਾਰੇ ਵਿਦਿਆਰਥੀ ਠਹਾਕਾ ਲਗਾ ਕੇ ਹੱਸ ਪਏ। ਐਨੇ ਨੂੰ ਅਗਲੇ ਪੀਰੀਅਡ ਦੀ ਘੰਟੀ ਵੀ ਵੱਜ ਗਈ। ਮੈਂ ਕਮਰੇ ਵਿਚੋਂ ਬਾਹਰ ਆਉਂਦੀ ਇਹ ਸੋਚ ਰਹੀ ਸੀ ਕਿ ਸੱਚੀਂ ਹੀ ਅਸੀਂ ਆਉਣ ਵਾਲੀਆਂ ਨਸਲਾਂ ਦੇ ਬਚਪਨ ਦੀਆਂ ਛਾਵਾਂ ਖੋਹ ਕੇ ਉਹਨਾਂ ਲਈ ਸਮੱਸਿਆਵਾਂ ਵਾਲਾ ਜੀਵਨ ਛੱਡਾਂਗੇ। ਸਾਡੀਆਂ ਨਸਲਾਂ ਦਾ ਜੀਵਨ ਤਾਂ ਇੰਟਰਨੈੱਟ, ਮੌਸਮੀ ਤਬਦੀਲੀ, ਬੰਦ ਕਮਰਿਆਂ, ਵੀਡੀਓ ਗੇਮਜ਼ ਵਰਗੀਆਂ ਅਲਾਮਤਾਂ ਨੇ ਖਾ ਲੈਣਾ ਹੈ। ਦੇਖ ਕੇ ਹੈਰਾਨੀ ਹੁੰਦੀ ਹੈ ਕਿ ਭਾਰਤ ਵਰਗੇ ਲੋਕਤੰਤਰੀ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਦੇ ਕਿਸੇ ਵੀ ਏਜੰਡੇ ਵਿੱਚ ਮੌਸਮੀ ਤਬਦੀਲੀ ਵਰਗੀ ਮਹੱਤਵਪੂਰਨ ਸਮੱਸਿਆ ਦਾ ਜ਼ਿਕਰ ਜਾਂ ਪ੍ਰਚਾਰ ਨਹੀਂ ਹੁੰਦਾ। ਮੌਸਮੀ ਤਬਦੀਲੀ ਅਜਿਹੀ ਅਲਾਮਤ ਹੈ ਕਿ ਜੇ ਕੁਝ ਨਾ ਕੀਤਾ ਗਿਆ ਤਾਂ ਇਸ ਦਾ ਖਮਿਆਜ਼ਾ ਸਾਨੂੰ ਹਰ ਗਰਮੀ-ਸਰਦੀ ਭੁਗਤਣਾ ਪਵੇਗਾ।
ਸੰਪਰਕ: 89689-48018