ਸਵਰਨਜੀਤ ਸਵੀ
ਕੁੱਕ… ਉੱਕ… ਕੁੱਕ… ਉੱਕ… ਕੁੱਕ…
ਰਾਣੀ, ਪੰਮੀ, ਸੀਮਾ ਤੇ ਮੈਂ ਗਰਮੀ ਦੀਆਂ ਚਾਲ਼ੀ ਛੁੱਟੀਆਂ ਨਾਨਕੇ (ਗਹਿਲਾਂ) ਨਹੀਂ ਮੂਮਾ ਗਹਿਲਾਂ ਵਾਸਤੇ ਬੀਬੀ ਨਾਲ ਹਠੂਰ ਤੋਂ ਪੈਦਲ ਤੁਰਦੇ। ਬਸਤੇ ਸਭ ਦੇ ਆਪੋ-ਆਪਣੇ ਮੋਢਿਆਂ ’ਤੇ ਹੁੰਦੇ, ਬਾਕੀ ਦਾ ਸਮਾਨ ਬੀਬੀ ਕੋਲ਼ ਹੰਦਾ ਜਿਸ ਵਿਚ ਹਠੂਰ ਵਾਲੇ ਮਾਮੇ ਘਰੋਂ ਕੁਝ ਮਿੱਠਾ ਵਗੈਰਾ ਖਾਣ ਨੂੰ ਵੀ ਹੁੰਦਾ। ਅਸੀਂ ਹਠੂਰੋਂ ਤੁਰਦੇ ਹੀ ਉਡੀਕ ਕਰਨ ਲਗਦੇ ਕੁੱਕ… ਉੱਕ… ਕੁੱਕ ਦੀ ਆਵਾਜ਼ ਦੀ ਜੋ ਨਾਨਕੇ ਪਿੰਡ ਵੜਨ ਤੋਂ ਕਾਫੀ ਪਹਿਲਾਂ ਹੀ ਸੁਣਨੀ ਸ਼ੁਰੂ ਹੋ ਜਾਂਦੀ। ਉਦੋਂ ਲਗਦਾ, ਪਹੁੰਚ ਗਏ ਹੁਣ ਤਾਂ। ਇਸ ਆਵਾਜ਼ ਦੇ ਸੁਰ ਕਦੇ ਕੁੱਕ… ਉੱਕ… ਕੁੱਕ, ਕਦੇ ਉੱਕ… ਉੱਕ ਤੇ ਕਦੇ ਰੁੱਕ ਰੁੱਕ… ਸੁਣਦੇ। ਇਹ ਸਾਡੀ ਮਨੋ ਅਵਸਥਾ ’ਤੇ ਨਿਰਭਰ ਹੁੰਦਾ ਸੀ। ਰਸਤੇ ’ਚ ਪਿਸ਼ਾਬ ਕਰਨਾ ਹੁੰਦਾ ਜਾਂ ਬੀਬੀ ਦੇ ਡੱਬੇ ’ਚੋਂ ਕੁਝ ਖਾਣ ਨੂੰ ਦਿਲ ਕਰਦਾ ਤੇ ਕੁੱਕ… ਕੁੱਕ ਹੋ ਜਾਂਦੀ। ਪੈਰਾਂ ਹੇਠ ਕੋਈ ਰੋੜ ਚੁੱਭ ਜਾਣ ’ਤੇ ਠੇਡਾ ਲੱਗ ਜਾਣਾ ਤਾਂ ਉੱਕ… ਉੱਕ… ਹੋ ਜਾਂਦੀ। ਪਿੰਡ ਪਹੁੰਚਣ ਦਾ ਚਾਅ ਲਗਣਾ ਤਾਂ ਕੁੱਕ… ਕੁੱਕ… ਕੁੱਕ ਹੋ ਜਾਂਦੀ।
ਹਠੂਰ, ਵੱਡਾ ਛਨਿੀਆਲ, ਛੋਟਾ ਛੀਨੀਆਲ ਤੇ ਫਿਰ ਮੂਮਾ ਗਹਿਲਾਂ। ਬੀਬੀ ਕਹਿੰਦੀ ਮੀਲ ਤਾਂ ਹੈ ਬੱਸ… ਹਠੂਰੋਂ ਬੱਸੋਂ ਉਤਰਾਂਗੇ ਤੇ ਹਠੂਰ ਵਾਲੇ ਮਾਮੇ ਦੇ ਘਰ ਦੁਪਿਹਰ ਤੋਂ ਪਹਿਲਾਂ ਪਹੁੰਚ ਜਾਵਾਂਗੇ, ਰੋਟੀ ਪਾਣੀ ਖਾ ਕੇ ਥੋੜ੍ਹੀ ਧੁੱਪ ਢਲੀ ਤੋਂ ਤੁਰਪਾਂਗੇ। ਬੱਸ ਸ਼ਾਮ ਤੋਂ ਪਹਿਲਾਂ ਪੁਹੰਚ ਜਾਣਾ ਨਾਨਕੇ। ਅਸੀਂ ਅੱਗੇ ਪਿੱਛੇ ਲਾਈਨ ਬੰਨ੍ਹੀ ਹੌਲੀ ਹੌਲੀ ਤੁਰੀ ਜਾਂਦੇ; ਕਦੇ ਮੈਂ ਅੱਗੇ, ਕਦੇ ਰਾਣੀ, ਕਦੇ ਪੰਮੀ। ਰਸਤੇ ’ਚ ਪੁਲ਼ੀ ਆਉਂਦੀ ਸੂਏ ਵਾਲੀ, ਗੁਰਦੁਆਰਾ ਆਉਂਦਾ, ਛੀਨੀਆਲ ਲੰਘਦਿਆਂ ਟਾਹਲੀਆਂ ਕਿੱਕਰਾਂ ਨਿੰਮਾਂ ਆਉਂਦੀਆਂ। ਖੇਤਾਂ ਤੋਂ ਲੰਘਦੀ ਹਵਾ ਕਦੇ ਤੱਤੀ ਕਦੇ ਠੰਢੀ ਲਗਦੀ।
ਗੁਰਦੁਆਰੇ ਕੋਲੋਂ ਹਮੇਸ਼ਾ ਮੋਰ ਦੀ ਆਵਾਜ਼ ਆਉਂਦੀ ਪਰ ਸਾਡੇ ਮਨਾਂ ’ਚ ਕੁੱਕ ਕੁੱਕ ਹੁੰਦੀ ਰਹਿੰਦੀ। ਪਿੰਡ ਦਾ ਬਾਹਰਲਾ ਮੋੜ ਆ ਜਾਣਾ, ਕੁੱਕ ਕੁੱਕ ਦੀ ਆਵਾਜ਼ ਸੁਣਨੀ ਸੁਰੂ ਹੋ ਜਾਂਦੀ। ਛੇਵੇਂ ਨਾਨੇ ਦੀ ਚੱਕੀ ਪਿੰਡ ਦੇ ਪਰਲੇ ਪਾਸੇ ਦੱਦਾ ਹੂਰ ਵਾਲੀ ਨਹਿਰ ਵਾਲੇ ਪਾਸੇ ਸੀ। ਆਵਾਜ਼ ਸੁਣਦਿਆਂ ਹੀ ਬਸਤਿਆਂ ਦਾ ਭਾਰ ਖਤਮ ਹੋ ਜਾਂਦਾ। ਥਕਾਵਟ ਪਤਾ ਨਹੀਂ ਕਿੱਧਰ ਉੱਡ-ਪੁੱਡ ਜਾਂਦੀ। ਪੈਰਾਂ ਦੀ ਕਦਮ-ਤਾਲ ’ਚ ਤੇਜ਼ੀ ਆ ਜਾਂਦੀ। ਕੋਈ ਕੁੜੀ ਮੁੰਡਾ ਆਦਮੀ ਔਰਤ ਕੋਲੋਂ ਲੰਘਦਾ ਤਾਂ ਸਭ ਨੂੰ ਮਾਮਾ ਮਾਸੀ ਨਾਨੀ ਨਾਨਾ ਕਹਿੰਦੇ। ਸਾਸਰੀਕਾਲ ਬੁਲਾਉਣੀ। ਸਭ ਨੇ ਖੁਸ਼ ਹੋ ਕੇ ਜਵਾਬ ਦੇਣਾ- ‘ਕਿਵਂੇ ੳ ਬਈ, ਸਾਬਾਸ਼ੇ’ ਤੇ ਫਿਰ ਕੁੱਕ ਕੁੱਕ ਦੀ ਆਵਾਜ਼ ਹੋਰ ਉੱਚੀ ਹੋ ਜਾਣੀ। ਅਸੀਂ ਕੁੱਕ ਕੁੱਕ ਤੋਂ ਬਹੁਤ ਪਹਿਲਾਂ ਹੀ ਝਾੜੀਆਂ ਵਾਲੇ ਰਾਹ ਤੋਂ ਸਿੱਧੇ ਅੰਦਰ ਵੜ ਜਾਣਾ… ਇਹ ਦਰਵਾਜ਼ੇ ਨੂੰ ਜਾਂਦਾ ਰਾਹ ਸੀ।
ਪਹਿਲਾਂ ਨਾਨਿਆਂ ਮਾਮਿਆਂ ਦੀਆਂ ਬਾੜੀਆਂ ਜਿੱਥੇ ਮਿਰਚਾਂ, ਨਿੰਬੂ, ਅੰਬ, ਅਮਰੂਦ, ਸਬਜ਼ੀਆਂ ਆਦਿ ਹੁੰਦੇ; ਫਿਰ ਘਰ ਸ਼ੁਰੂ ਹੁੰਦੇ। ਪਹਿਲਾ ਘਰ ਮਾਸਟਰ ਮਾਮੇ ਮਾਸੀ ਦਾ, ਅੱਗੇ ਛੋਟੇ ਨਾਨੇ ਦਾ… ਮਾਸੀਆਂ, ਮਾਮੀਆਂ, ਨਾਨੀਆਂ ਬੈਠੀਆਂ ਹੁੰਦੀਆਂ- ‘ਮਖ ਪੁੱਤ ਆਗੇ… ਮਾਂ ਸਦਕੇ ਸਾਊ ਦੇ’। ਮਾਸੀਆਂ ਮਾਮੇ ਸਾਡੇ ਬਸਤੇ ਫੜ ਲੈਂਦੇ ਤੇ ਤੁਰ ਪੈਂਦੇ ਮੂਹਰੇ ਮੂਹਰੇ ਨਾਨੇ ਦੇ ਘਰ ਵੱਲ ਜੋ ਅੱਧ ਤੋਂ ਥੋੜ੍ਹਾ ਅੱਗੇ ਜਾ ਕੇ ਆਉਂਦਾ।
ਬੱਸ ਦੂਰੋਂ ਹੀ ਨਾਨੀ ਨੇ ਬਾਹਾਂ ਖੋਲ੍ਹ ਕੇ ਚਾਅ ਮੱਤੀ ਹੋ ਕੇ ਬੋਲਣਾ- ‘ਮਖ ਆਗੇ ਆਗੇ, ਨਾਨੇ ਮੰਗਾਉਣੇ ਆਗੇ…’। ਅਸੀਂ ਬੋਟਾਂ ਵਾਂਗ ਨਾਨੀ ਨੂੰ ਚਿੰਬੜ ਜਾਣਾ- ਲੱਤਾਂ ਨੂੰ, ਬਾਹਾਂ ਨੂੰ; ਘੁੰਮ ਕੇ ਗੇੜਾ ਦੇ ਦੇਣਾ ਚਾਰਾਂ ਨੇ… ਨਾਲ ਹੀ ਨਾਨੀ ਨੇ ਘੁੰਮ ਜਾਣਾ। ਨਾਨੀ ਕਾਹਦੀ ਰੱਬ ਈ ਸੀ ਪਿਆਰ ਦਾ। ਸਾਰਿਆਂ ਨੂੰ ਘੁੱਟ ਘੁੱਟ ਮੱਥੇ ਚੁੰਮਣੇ। ਨਾਨੀ ਦੀ ਬੁੱਕਲ ਅਲੱਗ ਹੀ ਸੰਸਾਰ ਹੁੰਦਾ। ਕੀ ਚੀਜ਼ ਹੈ ਨਾਨੀ… ਘਰ ਦੇ ਹੀ ਨਹੀਂ, ਨਾਨੇ ਨਾਨੀਆਂ ਦੀ ਸਾਰੀ ਗਲੀ ਨੂੰ ਕਿਵਂੇ ਚਾਅ ਚੜ੍ਹ ਜਾਂਦਾ- ‘ਨਾਨੇ ਮੰਗਾਉਣੇ’ ਸ਼ਹਿਰੀਆਂ ਦੇ ਆਉਣ ਦਾ।
ਨਾਨੇ ਕੇ ਸੱਤ ਭਰਾ ਸਾਰੇ ਘਰਾਂ ਦੀ ਇਕ ਗਲੀ ਸੀ। ਘਰਾਂ ਤੋਂ ਪਹਿਲਾਂ ਬਾੜੀਆਂ ਤੇ ਗਲੀ ਦੇ ਅਖੀਰ ਵਿਚ ਵੱਡਾ ਦਰਵਾਜ਼ਾ ਜਿਸ ਦੇ ਬਹੁਤ ਵੱਡੇ ਵੱਡੇ ਭਾਰੇ ਲੱਕੜ ਦੇ ਦਰਵਾਜ਼ੇ। ਉਚੀ ਛੱਤ ਹੇਠਾਂ ਹਵਾ ਬੜੀ ਠੰਢੀ ਲੱਗਦੀ ਤੇ ਤੇਜ਼ ਵੀ ਹੁੰਦੀ, ਗਰਮੀ ਲਗਣੋਂ ਹਟ ਜਾਂਦੀ। ਦਰਵਾਜ਼ੇ ਦੇ ਇੱਕ ਪਾਸੇ ਨਾਨੇ ਦਾ ਅਹਿਰਨ, ਅੰਦਰ ਇਕ ਪਾਸੇ ਛੋਟਾ ਨਾਨਾ ਤੇਸੇ ਨਾਲ ਲੱਕੜ ਛਿੱਲਦਾ, ਕੋਲ਼ ਹਲ਼ ਬਣਦਾ, ਕਦੇ ਕਦੇ ਸਾਡੇ ਖੇਡਣ ਲਈ ਗੱਡਾ (ਖਿਡੌਣਾ) ਤੇ ਹੋਰ ਪਤਾ ਨਹੀਂ ਕੀ ਕੁਝ। ਇਹ ਦਰਵਾਜ਼ੇ ਦੇ ਅੰਦਰ ਵਾਲੇ ਪਾਸੇ ਗਲੀ ਤੋਂ ਦਰਵਾਜ਼ੇ ਵੜਦਿਆਂ ਖੱਬੇ ਹੱਥ ਸੀ। ਸੱਜੇ ਹੱਥ ਇਕ ਮਾਮਾ ਪੱਤੀਆਂ ਨੂੰ ਹੌਲ਼ੀ ਹੌਲ਼ੀ ਕੁੱਟਦਾ ਡਰੰਮ ਬਣਾਉਂਦਾ ਛੋਟੇ ਵੱਡੇ, ਕਣਕ ਰੱਖਣ ਨੂੰ, ਵੱਡੇ ਵੱਡੇ ਡੋਲੂ ਦੁੱਧ ਪਾਉਣ ਨੂੰ ਪਰ ਸਭ ਤੋਂ ਵੱਧ ਗਰਮ ਥਾਂ ਤਾਂ ਮੇਰੇ ਨਾਨੇ (ਸਾਰੇ ਬਾਈ ਕਹਿੰਦੇ) ਦੀ ਸੀ। ਅਹਿਰਨ ਦੇ ਪਿੱਛੇ ਛੋਟਾ ਮਾਮਾ ਪੱਖੀ ਜਿਹੀ ਘੁਮਾਈ ਜਾਂਦਾ। ਲੰਮੀ ਜਿਹੀ ਪਾਈਪ ਨਾਲ ਭੱਠੀ ਦੇ ਅੰਦਰ ਜਾਂਦੀ ਤੇ ਹਵਾ ਨਾਲ ਭੱਠੀ ’ਚਂੋ ਲਾਟਾਂ ਨਿਕਲਦੀਆਂ, ਉੱਪਰ ਨੂੰ ਉੱਚੀ ਚਿਮਨੀ ਚੋਂ ਧੂੰਆਂ ਉੱਡੀ ਜਾਂਦਾ, ਲਾਟਾਂ ਦੇ ਸਾਹਮਣੇ ਅਹਿਰਨ ਗੱਡੀ ਹੋਈ ਲੋਹੇ ਦੀ, ਉਹਦਾ ਸਿਰ ਚਮਕਦਾ ਸੀ। ਚਾਰੇ ਪਾਸਿਆਂ ਨੂੰ ਚਿੱਪੇ ਹੋਏ ਤੇ ਕਾਲੇ ਲੋਹੇ ਦੇ ਵਾਲ ਜਿਵੇਂ। ਸਾਹਮਣੇ ਬੈਠਾ ਨਾਨਾ ਲੰਮੀ ਸੰਨ੍ਹੀ ਫੜ ਕੇ, ਸੰਨ੍ਹੀ ਭੱਠੀ ਵੱਲ ਲਿਜਾਂਦਾ ਤੇ ਲਾਲ ਲਾਲ ਤਪਦਾ ਮੱਚਦਾ ਚੰਗਿਆੜੇ ਛੱਡਦਾ ਲੋਹੇ ਦਾ ਟੁਕੜਾ ਸੰਨ੍ਹੀ ਦੇ ਮੂੰਹ ਦੇ ਘੁੱਟ ਕੇ ਬਾਹਰ ਕੱਢਦਾ ਤੇ ਅਹਿਰਨ ਦੀ ਚਮਕਦੀ ਟਿੰਡ ’ਤੇ ਰੱਖ ਦਿੰਦਾ। ਬਿਲਕੁਲ ਸਾਹਮਣੇ ਵੱਡਾ ਮਾਮਾ ਖੜ੍ਹਾ ਹੱਥ ’ਚ ਘਣ ਫੜੀ। ਬਾਈ ਦੇ ਲੋਹੇ ਰੱਖਦੇ ਸਾਰ ਪਤਾ ਨਹੀਂ ਦੋਵੇਂ ਇਕ ਦੂਜੇ ਨੂੰ ਕਿਵੇਂ ਬੁੱਝ ਲੈਦੈ, ਨਾਨੇ ਦੀ ਮਨ ’ਚ ਕੀ ਹੁੰਦਾ ਕਿ ਇਸ ਦਾ ਕੀ ਬਣਾਉਣਾ ਤੇ ਮਾਮੇ ਨੂੰ ਕਿਵੇਂ ਪਤਾ ਲਗਦਾ ਜਿਹੜਾ ਉਥੇ ਹੀ ਸੱਟ ਮਾਰਦਾ ਜਿਥੇ ਨਾਨਾ ਬਾਈ ਕਹਿੰਦਾ ਤੇ ਉਹੀ ਬਣ ਜਾਂਦਾ ਜੋ ਨਾਨੇ ਬਾਈ ਨੇ ਬਣਾਉਣਾ ਹੁੰਦਾ। ਅਸੀਂ ਉਨ੍ਹਾਂ ਦੇ ਇਸ ਕਮਾਲ ’ਤੇ ਬਹੁਤ ਹੈਰਾਨ ਹੁੰਦੇ… ਮੈਂ ਨਾਨੇ ਬਾਈ ਨੂੰ ਪੁੱਛਣਾ ਰਾਤ ਵੇਲੇ ਰੋਟੀ ਖਾਦਿਆਂ ਕਿ ਬਾਈ, ਤੂੰ ਇਹ ਕਿਵਂੇ ਸੋਚ ਲੈਨਾ ਕਿ ਇਸ ਦਾ ਕੀ ਬਣਾਉਣਾ? ਬਾਈ ਹੱਸ ਕੇ ਕਹਿੰਦਾ- ਬਿੱਲਿਆ ਇਹ ਤਾਂ ਲੋਹੇ ਨੂੰ ਹੀ ਪਤਾ ਹੁੰਦਾ ਕਿ ਉਸ ਨੇ ਕੀ ਬਣਨਾ, ਬੱਸ ਮੈਨੂੰ ਦੱਸ ਦਿੰਦਾ ਬਾਈ ਬਾਈ ਮੈਂ ਤਾਂ ਫਾਲਾ ਬਣਨਾ। ਮੈਂ ਉਹਦੀ ਗੱਲ ਮੰਨ ਤੇਰੇ ਮਾਮੇ ਨੂੰ ਦੱਸ ਦਿੰਨਾ… ਬੱਸ ਉਹ ਫਾਲਾ ਬਣ ਜਾਂਦਾ।
ਰਾਤ ਨੂੰ ਅਸੀਂ ਛੱਤ ’ਤੇ ਪੈਂਦੇ, ਮੰਜਿਆਂ ਦੀ ਲਾਈਨ ਲੱਗੀ ਹੁੰਦੀ। ਬਾਈ ਤੇ ਮਾਮੇ ਦੇ ਵਿਚਕਾਰ ਮੰਜੇ ’ਤੇ ਮੈਂ ਪੈਂਦਾ, ਦੋਹਾਂ ਨਾਲ ਗੱਲਾਂ ਕਰਦਾ। ਦੂਜੇ ਪਾਸੇ ਪਈਆਂ ਰਾਣੀ, ਪੰਮੀ ਤੇ ਸੀਮਾ ਨਾਲ ਉੱਚੀ ਉੱਚੀ ਤਾਰੇ ਗਿਣਦੇ, ਤਾਰੇ ਉਦੋਂ ਬਹੁਤ ਚਮਕਦੇ ਹੁੰਦੇ ਸਨ। ਲਗਦੇ ਵੀ ਨੇੜੇ ਹੀ ਸਨ। ਇਉਂ ਪਤਾ ਹੀ ਨਾ ਲੱਗਦਾ 40 ਛੁੱਟੀਆਂ ਕਦ ਬੀਤ ਜਾਂਦੀਆਂ।
ਸੰਪਰਕ: 98766-68999