ਦਮਨਜੀਤ ਕੌਰ
20 ਅਗਸਤ 2013 ਨੂੰ ਮਹਾਰਾਸ਼ਟਰ ਦੀ ਅੰਧ ਸ਼ਰਧਾ ਨਿਰਮੂਲਨ ਸਮਿਤੀ ਦੇ ਸੰਸਥਾਪਕ ਅਤੇ ਤਰਕਸ਼ੀਲ ਆਗੂ ਡਾ. ਨਰਿੰਦਰ ਦਾਭੋਲਕਰ ਦੀ ਪੁਣੇ (ਮਹਾਰਾਸ਼ਟਰ) ਵਿਚ ਕੁਝ ਫਿਰਕੂ ਅਨਸਰਾਂ ਨੇ ਹੱਤਿਆ ਕਰ ਦਿੱਤੀ। ਉਹ 40 ਸਾਲ ਤੋਂ ਸੂਬੇ ਵਿਚ ਕਥਿਤ ਕਾਲੇ ਇਲਮ, ਜਾਦੂ-ਟੂਣੇ, ਚਮਤਕਾਰ ਅਤੇ ਦੈਵੀ ਸ਼ਕਤੀਆਂ ਦੇ ਝੂਠੇ ਦਾਅਵੇਦਾਰ ਬਾਬਿਆਂ, ਤਾਂਤਰਿਕਾਂ, ਜੋਤਸ਼ੀਆਂ ਵਲੋਂ ਲੋਕਾਂ ਦੀ ਲੁੱਟ ਅਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਮੁਹਿੰਮ ਚਲਾ ਰਹੇ ਸਨ। ਮਿਰਾਜ ਦੇ ਮੈਡੀਕਲ ਕਾਲਜ ਤੋਂ ਡਾਕਟਰੀ ਦੀ ਡਿਗਰੀ ਪ੍ਰਾਪਤ ਡਾ. ਦਾਭੋਲਕਰ ਨੇ 1983 ਵਿਚ ਸੰਘਰਸ਼ ਸ਼ੁਰੂ ਕੀਤਾ ਸੀ ਅਤੇ 1989 ਵਿਚ ਉਨ੍ਹਾਂ ਅੰਧ ਸ਼ਰਧਾ ਨਿਰਮੂਲਨ ਸਮਿਤੀ ਬਣਾ ਕੇ ਅੰਧਵਿਸ਼ਵਾਸਾਂ ਵਿਰੁੱਧ ਬਕਾਇਦਾ ਜਥੇਬੰਦਕ ਵਿਗਿਆਨਕ ਚੇਤਨਾ ਲਹਿਰ ਦੀ ਸ਼ੁਰੂਆਤ ਕੀਤੀ।
ਡਾ. ਦਾਭੋਲਕਰ ਨੇ ਪੂਰੇ ਮਹਾਰਾਸ਼ਟਰ ਵਿਚ ਤਰਕਸ਼ੀਲ ਸੰਸਥਾ ਦੀਆਂ 200 ਤੋਂ ਵੱਧ ਇਕਾਈਆਂ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਜੋਤਿਸ਼, ਰਾਸ਼ੀਫਲ, ਵਾਸਤੂ ਸ਼ਾਸਤਰ, ਕਾਲਾ ਜਾਦੂ ਦੇ ਅੰਧਵਿਸ਼ਵਾਸਾਂ ਦਾ ਪਰਦਾਫਾਸ਼ ਕਰਨ ਦੇ ਨਾਲ ਨਾਲ ਰੂੜੀਵਾਦੀ ਰਸਮਾਂ, ਨਰ ਬਲੀ, ਮੂਰਤੀ ਵਿਸਰਜਨ, ਧਾਰਮਿਕ ਅਸਹਿਣਸ਼ੀਲਤਾ, ਜਾਤ-ਪਾਤ, ਨਸ਼ੇ, ਛੂਤ-ਛਾਤ ਅਤੇ ਨਾ-ਬਰਾਬਰੀ ਖਿਲਾਫ਼ ਵੀ ਲਗਾਤਾਰ ਮੁਹਿੰਮ ਚਲਾਈ। ਇਸੇ ਮੁਹਿੰਮ ਤਹਿਤ ਉਨ੍ਹਾਂ ਵਿਗਿਆਨ ਬੋਧ ਵਾਹਿਨੀ ਨਾਂ ਦੀ ਚਲਦੀ ਫਿਰਦੀ ਪ੍ਰਯੋਗਸ਼ਾਲਾ ਪਿੰਡਾਂ ਵਿਚ ਘੁਮਾਈ ਅਤੇ ਲੋਕਾਂ ਨੂੰ ਕਥਿਤ ਚਮਤਕਾਰਾਂ ਪਿੱਛੇ ਕੰਮ ਕਰਦੇ ਵਿਗਿਆਨਕ ਤੱਥਾਂ ਬਾਰੇ ਜਾਗਰੂਕ ਕੀਤਾ। ਸਮਾਜਿਕ ਬਰਾਬਰੀ ਯਕੀਨੀ ਬਣਾਉਣ ਲਈ ‘ਇਕ ਪਿੰਡ ਇਕ ਖੂਹ’ ਅੰਦੋਲਨ ਵਿਚ ਸਰਗਰਮ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ 15 ਸਾਲਾਂ ਵਿਚ ਲਗਭਗ 10 ਹਜ਼ਾਰ ਅਧਿਆਪਕਾਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸਿਖਿਅਤ ਕੀਤਾ। ਉਨ੍ਹਾਂ ਵਿਗਿਆਨਕ ਵਿਸ਼ਿਆਂ ’ਤੇ 12 ਕਿਤਾਬਾਂ ਵੀ ਲਿਖੀਆਂ ਅਤੇ ਪ੍ਰਗਤੀਸ਼ੀਲ ਹਫ਼ਤਾਵਾਰ ‘ਸਾਧਨਾ’ ਦੇ ਸੰਪਾਦਕ ਵੀ ਰਹੇ।
ਉਨ੍ਹਾਂ ਦਾ ਵਿਚਾਰ ਸੀ ਕਿ ਅੰਧਵਿਸ਼ਵਾਸਾਂ ਵਿਰੁੱਧ ਵਿਗਿਆਨਕ ਚੇਤਨਾ ਲਹਿਰ ਨੂੰ ਵੱਧ ਪ੍ਰਭਾਵਸ਼ਾਲੀ ਤੇ ਲੋਕਪੱਖੀ ਬਣਾਉਣ ਲਈ ਅਜਿਹੇ ਕਾਨੂੰਨ ਦੀ ਲੋੜ ਹੈ ਜਿਸ ਤਹਿਤ ਅੰਨ੍ਹੀ ਸ਼ਰਧਾ ਤੇ ਅੰਧਵਿਸ਼ਵਾਸ ਫੈਲਾ ਕੇ ਲੋਕਾਂ ਦਾ ਆਰਥਿਕ, ਸਰੀਰਕ ਤੇ ਮਾਨਸਿਕ ਸ਼ੋਸ਼ਣ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿਵਾਈ ਜਾ ਸਕੇ। ਉਨ੍ਹਾਂ 1995 ’ਚ ਅੰਧਵਿਸ਼ਵਾਸ ਵਿਰੋਧੀ ਬਿੱਲ ਦਾ ਖਰੜਾ ਸਰਕਾਰ ਨੂੰ ਭੇਜਿਆ ਪਰ ਵਿਧਾਨ ਸਭਾ ਵਿਚ ਇਹ ਬਿੱਲ ਪੇਸ਼ ਹੋਣ ਮੌਕੇ ਕੁਝ ਸਿਆਸੀ ਤੇ ਧਾਰਮਿਕ ਸੰਗਠਨਾਂ ਨੇ ਇਸ ਦਾ ਵਿਰੋਧ ਕੀਤਾ। ਡਾ. ਦਾਭੋਲਕਰ ਵਲੋਂ ਇਹ ਬਿੱਲ ਪਾਸ ਕਰਾਉਣ ਲਈ ਮਹਾਰਾਸ਼ਟਰ ਸਰਕਾਰ ਉਤੇ ਪਾਏ ਜਥੇਬੰਦਕ ਦਬਾਅ ਅਤੇ ਲਗਾਤਾਰ ਯਤਨਾਂ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਕੁਝ ਧਾਰਮਿਕ ਕੱਟੜਵਾਦੀ ਸੰਗਠਨਾਂ ਅਤੇ ਅਖੌਤੀ ਕਾਲੇ ਇਲਮ ਵਾਲਿਆਂ ਨੇ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਪਰ ਉਨ੍ਹਾਂ ਆਪਣੇ ਯਤਨ ਜਾਰੀ ਰੱਖੇ। ਸਿਆਸੀ ਪਾਰਟੀਆਂ ਦੇ ਇਤਰਾਜ਼ ਦੂਰ ਕਰਨ ਲਈ ਵੱਖ ਵੱਖ ਨੇਤਾਵਾਂ ਨਾਲ ਮੁਲਾਕਾਤ ਕੀਤੀ। ਆਖਿ਼ਰਕਾਰ ਇਹ ਬਿੱਲ 2005 ਵਿਚ ਮਹਾਰਾਸ਼ਟਰ ਵਿਧਾਨ ਸਭਾ ਵਿਚੋਂ ਪਾਸ ਹੋ ਗਿਆ ਪਰ ਇਹ ਵਿਧਾਨ ਪਰਿਸ਼ਦ ਵਿਚ ਪਾਸ ਨਹੀਂ ਹੋ ਸਕਿਆ। ਡਾ. ਦਾਭੋਲਕਰ ਦੀ ਹੱਤਿਆ ਤੋਂ ਬਾਅਦ ਲੋਕ ਰੋਹ ਨੂੰ ਸ਼ਾਂਤ ਕਰਨ ਲਈ ਸਰਕਾਰ ਨੇ ਇਹ ਬਿੱਲ ਆਰਡੀਨੈਂਸ ਦੇ ਰੂਪ ਵਿਚ ਪਾਸ ਕਰਨ ਦਾ ਫ਼ੈਸਲਾ ਕੀਤਾ।
ਇਹ ਤੱਥ ਜੱਗ ਜ਼ਾਹਿਰ ਹੈ ਕਿ ਧਰਮ ਦੇ ਓਹਲੇ ਹੇਠ ਅੰਧਵਿਸ਼ਵਾਸ ਫੈਲਾਉਣ ਅਤੇ ਧਾਰਮਿਕ ਕਰਮਕਾਂਡਾਂ ਦਾ ਪ੍ਰਚਾਰ ਪ੍ਰਸਾਰ ਕਰਨ ਵਾਲਿਆਂ ਨੂੰ ਅੰਦਰ ਖਾਤੇ ਸਿਆਸੀ ਤੇ ਫਿਰਕੂ ਸੰਗਠਨਾਂ ਦੀ ਹਮਾਇਤ ਹੁੰਦੀ ਹੈ। ਸਿਆਸੀ ਪਾਰਟੀਆਂ ਅਜਿਹੇ ਵੋਟ ਬੈਂਕ ਨੂੰ ਸੱਤਾ ਹਾਸਲ ਕਰਨ ਲਈ ਚੋਣਾਂ ਵੇਲੇ ਖ਼ੂਬ ਵਰਤਦੀਆਂ ਹਨ। ਇਸੇ ਲਈ ਅਜਿਹੀਆਂ ਫਿਰਕੂ ਸਿਆਸੀ ਧਿਰਾਂ ਅਤੇ ਹਾਕਮ ਜਮਾਤਾਂ ਵਿਗਿਆਨਕ ਵਿਚਾਰਧਾਰਾ ਰਾਹੀਂ ਕੀਤੀ ਜਾਣ ਵਾਲੀ ਲੋਕ-ਪੱਖੀ, ਸਮਾਜਿਕ ਤੇ ਸਭਿਆਚਾਰਕ ਤਬਦੀਲੀ ਦੇ ਰਸਤੇ ਵਿਚ ਰੋੜੇ ਅਟਕਾਉਂਦੀਆਂ ਹਨ ਤਾਂ ਕਿ ਲੋਕ ਅੰਧਵਿਸ਼ਵਾਸਾਂ, ਕਰਮਕਾਂਡਾਂ ਅਤੇ ਪਾਖੰਡੀਆਂ ਦੇ ਚੁੰਗਲ ਵਿਚੋਂ ਬਾਹਰ ਨਿਕਲ ਕੇ ਤਰਕਸ਼ੀਲ ਸੋਚ ਦੇ ਧਾਰਨੀ ਨਾ ਬਣ ਸਕਣ।
ਭਾਰਤੀ ਸੰਵਿਧਾਨ ਦੀ ਧਾਰਾ 51-ਏ (ਐੱਚ) ਅਨੁਸਾਰ ਹਰ ਭਾਰਤੀ ਨਾਗਰਿਕ ਨੂੰ ਵਿਗਿਆਨਕ ਸੋਚ ਅਤੇ ਇਨਸਾਨੀਅਤ ਦੀ ਭਾਵਨਾ ਵਿਕਸਤ ਕਰਨ ਦੇ ਨਾਲ ਨਾਲ ਆਪਣੇ ਆਲੇ-ਦੁਆਲੇ ਬਾਰੇ ਜਾਨਣ ਅਤੇ ਉਸ ਵਿਚ ਸੁਧਾਰ ਕਰਨ ਦਾ ਫਰਜ਼ ਨਿਭਾਉਣ ਦੀ ਤਾਕੀਦ ਕੀਤੀ ਗਈ ਹੈ। ਇਸ ਦੇ ਨਾਲ ਹੀ ਸੰਵਿਧਾਨ ਦੀ ਧਾਰਾ 19 ਤਹਿਤ ਕਿਸੇ ਮੁੱਦੇ ਸਬੰਧੀ ਲਿਖਣ, ਬੋਲਣ, ਵਿਰੋਧ ਕਰਨ ਅਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਿੱਤੀ ਗਈ ਹੈ ਅਤੇ ਧਾਰਾ 21 ਤਹਿਤ ਜਿਊਣ ਤੇ ਨਿੱਜੀ ਆਜ਼ਾਦੀ ਦਾ ਅਧਿਕਾਰ ਦਿੱਤਾ ਗਿਆ ਹੈ ਪਰ ਮੌਜੂਦਾ ਦੌਰ ਵਿਚ ਹਾਕਮ ਜਮਾਤਾਂ ਅਜਿਹੀਆਂ ਆਜ਼ਾਦੀਆਂ ਉਤੇ ਸਖ਼ਤ ਰੋਕਾਂ ਲਾ ਰਹੀਆਂ ਹਨ ਅਤੇ ਵਿਗਿਆਨਕ ਸੋਚ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਪ੍ਰਗਤੀਸ਼ੀਲ ਬੁੱਧੀਜੀਵੀਆਂ ਉਤੇ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ।
ਡਾ. ਦਾਭੋਲਕਰ ਨੂੰ ਸਰੀਰਕ ਤੌਰ ’ਤੇ ਖ਼ਤਮ ਕਰਕੇ ਤਰਕਸ਼ੀਲ ਲਹਿਰ ਨੂੰ ਖ਼ਤਮ ਕਰਨ ਦਾ ਭਰਮ ਪਾਲਣ ਵਾਲੀਆਂ ਤਾਕਤਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਮੁਲਕ ਵਿਚ ਲੱਖਾਂ ਦਾਭੋਲਕਰ ਲੋਕ-ਪੱਖੀ ਤਬਦੀਲੀ ਲਈ ਜੂਝ ਰਹੇ ਹਨ। ਆਓ, ਡਾ. ਦਾਭੋਲਕਰ ਦੀ ਸੋਚ ’ਤੇ ਪਹਿਰਾ ਦਿੰਦੇ ਹੋਏ ਅੰਧਵਿਸ਼ਵਾਸ ਦੇ ਹਨੇਰਿਆਂ ਨੂੰ ਦੂਰ ਕਰਨ ਲਈ ਵਿਗਿਆਨਕ ਚੇਤਨਾ ਦੀ ਮਸ਼ਾਲ ਘਰ ਘਰ ਪਹੁੰਚਾਈਏ ਅਤੇ ਡਾ. ਦਾਭੋਲਕਰ ਤੋਂ ਇਲਾਵਾ ਤਰਕਸ਼ੀਲ ਬੁੱਧੀਜੀਵੀਆਂ ਗੋਬਿੰਦ ਪਨਸਾਰੇ, ਪ੍ਰੋ. ਐੱਮਐੱਮ ਕੁਲਬਰਗੀ ਤੇ ਪੱਤਰਕਾਰ ਗੌਰੀ ਲੰਕੇਸ਼ ਦੇ ਕਾਤਲਾਂ ਅਤੇ ਉਨ੍ਹਾਂ ਦੇ ਸਿਆਸੀ ਸਰਪ੍ਰਸਤਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਤੱਕ ਜਥੇਬੰਦਕ ਸੰਘਰਸ਼ਾਂ ਨੂੰ ਹੋਰ ਤੇਜ਼ ਕਰੀਏ।
ਸੰਪਰਕ: 86991-85547