ਹਰਪ੍ਰੀਤ ਕੌਰ
ਇਹ ਗੱਲ ਕੋਈ ਚਾਰ ਸਾਲ ਪੁਰਾਣੀ ਹੈ। ਬੁੱਧਵਾਰ ਦਾ ਦਿਨ ਸੀ, ਮਤਲਬ ਹਫ਼ਤਾਵਾਰੀ ਛੁੱਟੀ ਦਾ ਦਿਨ, ਆਰਾਮ ਨਾਲ ਉੱਠਣ ਦਾ ਦਿਨ ਪਰ ਸਵੇਰ ਸਾਰ ਹੀ ਕਮਰੇ ਦਾ ਦਰਵਾਜ਼ਾ ਖੜਕ ਗਿਆ, “ਉੱਠ ਪੁੱਤ!” ਇਹ ਆਵਾਜ਼ ਮੇਰੇ ਚਾਚਾ ਜੀ ਦੀ ਸੀ। ਮੈਂ ਅੱਖਾਂ ਮਲ਼ਦੀ ਨੇ ਦਰਵਾਜ਼ਾ ਖੋਲ੍ਹਿਆ, “ਕੀ ਹੋਇਆ!” “ਆਪਾਂ ਤੇਰੇ ਵੀਰੇ ਲਈ ਕੁੜੀ ਦੇਖਣ ਜਾਣਾ।” ਨਾਲ ਹੀ ਉਨ੍ਹਾਂ ਮੈਨੂੰ ਛੇਤੀ ਤਿਆਰ ਹੋਣ ਲਈ ਹਦਾਇਤ ਵੀ ਕਰ ਦਿੱਤੀ। ਹੁਣ ਨੀਂਦ ਇਕਦਮ ਉੱਡ-ਪੁਡ ਚੁੱਕੀ ਸੀ, ਹੈਰਾਨੀ ਜ਼ਾਹਰ ਕਰਦਿਆਂ ਪੁੱਛਿਆ, “ਮੈਂ ਜਾਣਾ?” “ਹਾਂ ਹਾਂ ਤੂੰ ਜਾਣਾ ਸਾਡੇ ਨਾਲ।” “ਹੋਰ ਕੀਹਨੇ ਕੀਹਨੇ ਜਾਣਾ?” ਮੈਂ ਅਗਲਾ ਸਵਾਲ ਦਾਗਿਆ। “ਬੱਸ ਤੂੰ, ਤੇਰੀ ਚਾਚੀ ਤੇ ਮੈਂ।” ਚਾਚਾ ਜੀ ਓਨੇ ਹੀ ਕਾਹਲੇ ਦਿਸੇ। “ਜੀਹਨੇ ਵਿਆਹ ਕਰਵਾਉਣਾ, ਉਹਨੇ ਨ੍ਹੀਂ ਜਾਣਾ?” “ਉਹਨੇ ਕੀ ਕਰਨਾ, ਆਪਾਂ ਆਪੇ ਦੇਖ ਆਉਣੀ ਕੁੜੀ।” ਹੁਣ ਹੈਰਾਨੀ ਨਾਲ ਪ੍ਰੇਸ਼ਾਨੀ ਵੀ ਜੁੜ ਗਈ ਸੀ। ਮੈਂ ਖਿਝ ਕੇ ਜਵਾਬ ਦੇ ਦਿੱਤਾ। ਚਾਚਾ ਜੀ ਬੁੜ ਬੁੜ ਕਰਦੇ ਪੌੜੀਆਂ ਉਤਰ ਗਏ। ਮੈਂ ਸਵੇਰੇ ਸਵੇਰੇ ਹੀ ਉਨ੍ਹਾਂ ਨੂੰ ਨਾਰਾਜ਼ ਕਰ ਲਿਆ ਸੀ। … ਆਖ਼ਿਰ ਭਾਵੁਕਤਾ ਭਾਰੂ ਪੈ ਗਈ ਅਤੇ ਮੈਂ ਤਿਆਰ ਹੋ ਗਈ।
ਕਾਰ ’ਚ ਡਰਾਈਵਰ ਸਣੇ ਅਸੀਂ ਚਾਰੇ ਜਣਿਆਂ ਨੇ ਕੁੜੀ ਦੇ ਪਿੰਡ ਨੂੰ ਚਾਲੇ ਪਾ ਲਏ। ਉੱਥੇ ਪਹੁੰਚੇ ਤਾਂ ਸਾਡਾ ਨਿੱਘਾ ਸਵਾਗਤ ਹੋਇਆ ਪਰ ਕੁੜੀ ਦੇ ਮਾਪਿਆਂ ਦੀਆਂ ਅੱਖਾਂ ਮੁੰਡੇ ਨੂੰ ਲੱਭ ਰਹੀਆਂ ਸਨ। ਫਿਰ ਉਨ੍ਹਾਂ ਪੁੱਛ ਹੀ ਲਿਆ, “ਮੁੰਡਾ ਨ੍ਹੀਂ ਆਇਆ?” ਚਾਚੇ ਨੇ ਗੱਲ ਸੰਭਾਲੀ, “ਉਹਦਾ ਤਾਂ ਅੱਜ ਪੇਪਰ ਸੀ।” ਉਦੋਂ ਵੀਰਾ ਐੱਮਏ ਦੇ ਪੇਪਰ ਦੇ ਰਿਹਾ ਸੀ। ਚਾਹ-ਪਾਣੀ ਮਗਰੋਂ ਮੈਂ ਤੇ ਚਾਚੀ ਕੁੜੀ ਵਾਲੇ ਕਮਰੇ ’ਚ ਬੈਠ ਗਈਆਂ। ਕੁੜੀ ਕੋਲ ਬੈਠੀ ਇਕ ਰਿਸ਼ਤੇਦਾਰ ਨੇ ਵੀ ਮੁੰਡੇ ਬਾਰੇ ਪੁੱਛਿਆ। ਮੈਂ ਚਾਚੇ ਵਾਲਾ ਹੀ ਜਵਾਬ ਦਿੱਤਾ, “ਉਹਦਾ ਐੱਮਏ ਦਾ ਪੇਪਰ ਐ।” ਉਹ ਅੱਗਿਓਂ ਆਖਣ ਲੱਗੇ, “ਸਾਡੀ ਕੁੜੀ ਤਾਂ ਭਾਈ ਦਸਵੀਂ ਪਾਸ ਐ।” ਚਾਚੀ ਜੀ ਕਹਿੰਦੇ, “ਸਾਨੂੰ ਘਰੇਲੂ ਕੁੜੀ ਹੀ ਚਾਹੀਦੀ।” ਉਨ੍ਹਾਂ ਮੁੰਡੇ ਦੀ ਫੋਟੋ ਦਿਖਾਉਣ ਨੂੰ ਕਿਹਾ ਤਾਂ ਮੈਂ ਫੋਨ ’ਚੋਂ ਫੋਟੋ ਕੱਢ ਕੇ ਦਿਖਾ ਦਿੱਤੀ। ਕੁੜੀ ਨੇ ਚਾਈਂ ਚਾਈਂ ਤਸਵੀਰ ਦੇਖੀ। ਚਾਚਾ ਚਾਚੀ ਨੂੰ ਕੁੜੀ ਪਸੰਦ ਆ ਗਈ ਸੀ ਤੇ ਉਨ੍ਹਾਂ ਦੇਰ ਨਾ ਕੀਤੀ, ਕੁੜੀ ਦਾ ਮੂੰਹ ਮਿੱਠਾ ਕਰਵਾ ਦਿੱਤਾ ਤੇ ਉਹਦੇ ਪੱਲੇ ਸ਼ਗਨ ਪਾ ਕੇ ਰੋਕ ਕਰ ਦਿੱਤੀ। ਉੱਥੇ ਬੈਠੀ ਮੈਂ ਸੋਚ ਰਹੀ ਸਾਂ ਕਿ ਹੁਣ ਪਹਿਲਾਂ ਵਾਲਾ ਓਹ ਜ਼ਮਾਨਾ ਤਾਂ ਰਿਹਾ ਨ੍ਹੀਂ, ਜਦੋਂ ਘਰਦੇ ਵੱਡੇ ਜਾ ਕੇ ਸਾਕ ਕਰ ਆਉਂਦੇ ਸਨ ਪਰ ਪੰਜਵੀਂ ਪਾਸ ਤੇ ਰੂੜੀਵਾਦੀ ਵਿਚਾਰਾਂ ਵਾਲੇ ਚਾਚੇ ਨੂੰ ਕੌਣ ਸਮਝਾਉਂਦਾ!
ਸਾਰੇ ਰਾਹ ਚਾਚਾ ਤੇ ਚਾਚੀ ਖੁਸ਼ੀ ਵਿਚ ਖੀਵੇ ਹੋਏ ਫਰਲ ਫਰਲ ਗੱਲਾਂ ਮਾਰਦੇ ਰਹੇ। ਘਰ ਆਏ ਤਾਂ ਆਪਣੇ ਮੁੰਡੇ ਨੂੰ ਕਹਿੰਦੇ, “ਵਧਾਈਆਂ ਪੁੱਤ, ਅਸੀਂ ਰਿਸ਼ਤਾ ਕਰ’ਤਾ ਤੇਰਾ।” ਇਹ ਸੁਣ ਕੇ ਮੁੰਡੇ ਦਾ ਪਾਰਾ ਚੜ੍ਹ ਗਿਆ, “ਮੈਂ ਕੁੜੀ ਦੇਖੀ ਨ੍ਹੀਂ ਭਾਲੀ ਨ੍ਹੀਂ, ਐਵੇਂ ਕਿਵੇਂ ਰਿਸ਼ਤਾ ਕਰ ਦਿੱਤਾ। ਮੈਂ ਨ੍ਹੀਂ ਕਰਾਉਣਾ ਆਹ ਰਿਸ਼ਤਾ।” ਇਹ ਗੱਲ ਸੁਣ ਕੇ ਚਾਚੇ ਚਾਚੀ ਦੀ ਖੁਸ਼ੀ ਤਾਂ ਜਿਵੇਂ ਖੰਭ ਲਾ ਕੇ ਉੱਡ ਗਈ।
ਇਸ ਤੋਂ ਬਾਅਦ ਕਹਾਣੀ ਹੋਰ ਪਾਸੇ ਮੁੜ ਪਈ। ਹੁਣ ਇਕ ਪਾਸੇ ਚਾਚੇ ਦੀ ਜ਼ਬਾਨ ਸੀ ਅਤੇ ਦੂਜੇ ਪਾਸੇ ਮੁੰਡੇ ਦੀ ਰਿਸ਼ਤੇ ਨਾ ਕਰਵਾਉਣ ਦੀ ਅੜੀ ਸੀ। ਜਦੋਂ ਮੁੰਡਾ ਕਿਸੇ ਵੀ ਢੰਗ ਨਾ ਹੀ ਮੰਨਿਆ ਤਾਂ ਫਿਰ ਚਾਚੇ ਨੇ ਇਸ ਗੱਲ ਨੂੰ ‘ਮੁੱਛ ਦਾ ਸਵਾਲ’ ਬਣਾ ਕੇ ਛੋਟੇ ਮੁੰਡੇ ਅੱਗੇ ਤਰਲੇ ਕੀਤੇ ਅਤੇ ਉਸ ਨੂੰ ਰਿਸ਼ਤੇ ਲਈ ਰਾਜ਼ੀ ਕਰ ਲਿਆ। ਉਹ ਵੀ ਸਿਰਫ਼ ਆਪਣੇ ਪਿਤਾ ਦੀ ਲਾਜ ਬਾਰੇ ਸੋਚਦਾ ਭਾਵੁਕ ਹੋ ਗਿਆ ਹਾਲਾਂਕਿ ਉਹ ਵੀ ਭੋਰਾ ਖੁਸ਼ ਨਹੀਂ ਸੀ। ਉਹ ਉਦੋਂ ਬੀਏ ਕਰ ਰਿਹਾ ਸੀ। ਮਗਰੋਂ ਕੁੜੀ ਦੇ ਪਿਉ ਨੂੰ ਸਾਰੀ ਗੱਲ ਦੱਸੀ। ਵਿਚਾਰ-ਵਟਾਂਦਰੇ ਪਿੱਛੋਂ ਉਹ ਵੀ ਤਿਆਰ ਹੋ ਗਏ। ਦਿਨ ਬੰਨ੍ਹ ਕੇ ਮੰਗਣੀ ਕਰ ਦਿੱਤੀ ਗਈ। ਫਿਰ ਵਿਆਹ ਲਈ ਟਾਲ ਮਟੋਲ ਕਰਦਿਆਂ ਦੋ ਸਾਲ ਲੰਘ ਗਏ। ਆਖ਼ਿਰ ਵਿਆਹ ਹੋ ਗਿਆ ਦੋਹਾਂ ਦੀ ਬਣੀ ਨਾ। ਉਹ ਵਹੁਟੀ ਨਾਲ ਸਿੱਧੇ ਮੂੰਹ ਗੱਲ ਵੀ ਨਾ ਕਰਦਾ। ਸਾਰਿਆਂ ਨੇ ਸਮਝਾਇਆ, ਉਹ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇ ਪਰ ਕੋਈ ਦਾਅ ਪੇਚ ਕੰਮ ਨਾ ਆਇਆ। ਮਗਰੋਂ ਕਲੇਸ਼ ਹੋਣ ਲੱਗ ਪਿਆ। ਪਤੀ-ਪਤਨੀ ਦੇ ਚਿਹਰਿਆਂ ਤੇ ਤਣਾਅ ਦੀਆਂ ਲਕੀਰਾਂ ਸਾਫ਼ ਨਜ਼ਰ ਆਉਂਦੀਆਂ। ਛੇ ਮਹੀਨਿਆਂ ਮਗਰੋਂ ਕੁੜੀ ਤੇ ਮੁੰਡੇ ਵਾਲੇ ਆਹਮੋ-ਸਾਹਮਣੇ ਹੋਏ। ਕੋਰਟ-ਕਚਹਿਰੀਆਂ ਦੇ ਚੱਕਰ ਵਿਚ ਨਾ ਪੈਣ ਦਾ ਫੈਸਲਾ ਹੋਇਆ ਅਤੇ ‘ਰਿਸ਼ਤਾ’ ਤੇਰਾਂ ਲੱਖ ਰੁਪਏ ਕੁੜੀ ਵਾਲਿਆਂ ਨੂੰ ਦੇ ਕੇ ‘ਨਿੱਬੜ’ ਗਿਆ।…
ਚਾਚਾ ਜੀ ਨੇ ‘ਇੱਜ਼ਤ’ ਬਚਾਉਣ ਲਈ ਦੋ ਜ਼ਿੰਦਗੀਆਂ ਦਾਅ ਤੇ ਲਾ ਦਿੱਤੀਆਂ ਸਨ। ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ, ਉਦੋਂ ਬਹੁਤ ਦੇਰ ਹੋ ਚੁੱਕੀ ਸੀ।
ਸੰਪਰਕ: 98722-75644