ਗੁਰਦੀਪ ਸਿੰਘ ਢੁੱਡੀ
ਗੱਲ 1987 ਦੇ ਮਈ ਮਹੀਨੇ ਦੇ ਅਖੀਰਲੇ ਹਫ਼ਤੇ ਦੀ ਹੈ। ਫ਼ਰੀਦਕੋਟ ਵਿਚ ਪੱਕੇ ਤੌਰ ਤੇ ਰਿਹਾਇਸ਼ ਕਰਨ ਦੇ ਮਕਸਦ ਨਾਲ ਅਸੀਂ ਪਤੀ ਪਤਨੀ ਨੇ ਆਪਣੀਆਂ ਬਦਲੀਆਂ ਫ਼ਰੀਦਕੋਟ ਦੇ ਨਜ਼ਦੀਕ ਕਰਵਾਉਣ ਦੀ ਕੋਸ਼ਿਸ਼ ਕੀਤੀ। ਬਦਲੀਆਂ ਤਾਇਨਾਤੀਆਂ ਵਿਚ ਹੁੰਦੀ ਸਿਆਸੀ ਦਖ਼ਲਅੰਦਾਜ਼ੀ ਕਾਰਨ ਸਿਆਸੀ ਲੋਕ ਇਹ ਗੱਲ ਅਕਸਰ ਆਖਦੇ ਹਨ ਕਿ ਪੀਸੀਐੱਸ ਅਫ਼ਸਰ ਦੀ ਬਦਲੀ ਕਰਵਾਉਣੀ ਅਸਾਨ ਹੈ ਜਦੋਂ ਕਿ ਅਧਿਆਪਕ ਦੀ ਬਦਲੀ ਕਰਵਾਉਣੀ ਇਸ ਤੋਂ ਕਿਤੇ ਮੁਸ਼ਕਿਲ ਹੁੰਦੀ ਹੈ। ਸਾਡੇ ਦੋਹਾਂ ਪਤੀ ਪਤਨੀ ਵਿਚੋਂ ਕੇਵਲ ਮੇਰੀ ਬਦਲੀ ਫ਼ਰੀਦਕੋਟ ਨੇੜਲੇ ਪਿੰਡ ਸਾਧਾਂਵਾਲਾ ਵਿਚ ਹੋਈ ਅਤੇ ਪਤਨੀ ਦੀ ਬਦਲੀ ਨਾ ਹੋ ਸਕੀ। ਸਾਡੀ ਰਿਹਾਇਸ਼ ਮਲੋਟ ਨੇੜੇ (ਉਸ ਸਮੇਂ ਮੋਗਾ ਤੇ ਮੁਕਤਸਰ ਤਹਿਸੀਲਾਂ ਸਨ ਅਤੇ ਇਹ ਫ਼ਰੀਦਕੋਟ ਜ਼ਿਲ੍ਹੇ ਦਾ ਹਿੱਸਾ ਹੁੰਦੀਆਂ ਸਨ।) ਪਿੰਡ ਬਾਦੀਆਂ ਵਿਚ ਸੀ। ਅਧਿਆਪਕਾ ਪਤਨੀ ਦੀ ਤਾਇਨਾਤੀ ਇਸੇ ਪਿੰਡ ਦੇ ਹਾਈ ਸਕੂਲ ਵਿਚ ਸੀ ਅਤੇ ਬੱਚੇ ਛੋਟੇ ਹੋਣ ਕਾਰਨ ਅਸੀਂ ਇਸੇ ਪਿੰਡ ਵਿਚ ਹੀ ਰਿਹਾਇਸ਼ ਕਰ ਲਈ ਸੀ। ਆਪਣੀ ਬਦਲੀ ਵਾਲੇ ਸਥਾਨ ਤੇ ਹਾਜ਼ਰ ਹੋਣ ਤੋਂ ਬਾਅਦ ਦੁਪਹਿਰ ਦਾ ਸਮਾਂ ਮੈਂ ਫ਼ਰੀਦਕੋਟ ਵਿਖੇ ਕੱਟ ਕੇ ਚਾਰ ਵਜੇ ਦੇ ਕਰੀਬ ਸਕੂਟਰ ਉੱਤੇ ਆਪਣੀ ਰਿਹਾਇਸ਼ ਵਾਲੇ ਸਥਾਨ ਨੂੰ ਚੱਲ ਪਿਆ। ਜੌੜੀਆਂ ਨਹਿਰਾਂ ਰਾਜਸਥਾਨ ਫ਼ੀਡਰ ਅਤੇ ਸਰਹਿੰਦ ਫ਼ੀਡਰ ਦੀ ਪਟੜੀ ਰਾਹੀਂ ਸਾਡੀ ਰਿਹਾਇਸ਼ ਵਾਲੇ ਸਥਾਨ ਦੀ ਦੂਰੀ ਕੁਝ ਘੱਟ ਬਣਦੀ ਹੋਣ ਕਰ ਕੇ ਇਸੇ ਰਸਤੇ ਜਾਣਾ ਮੈਨੂੰ ਵਧੇਰੇ ਠੀਕ ਜਾਪਿਆ ਸੀ।
ਗਰਮੀ ਦੇ ਕਹਿਰ ਤੋਂ ਬਚਣ ਵਾਸਤੇ ਮੈਂ ਆਪਣਾ ਪਰਨਾ ਪਾਣੀ ਨਾਲ ਗਿੱਲਾ ਕਰ ਕੇ ਸਿਰ ਅਤੇ ਮੂੰਹ ਦੁਆਲ਼ੇ ਵਲ੍ਹੇਟ ਲਿਆ। ਇਤਫ਼ਾਕ ਨਾਲ ਪਰਨੇ ਦਾ ਰੰਗ ਕੇਸਰੀ ਸੀ। ਨਹਿਰ ਦੀ ਪਟੜੀ ਪਟੜੀ ਜਾਂਦਿਆਂ ਮੁਕਤਸਰ ਵਾਲੀ ਸੜਕ ਤੋਂ ਥੋੜ੍ਹਾ ਹਟਵਾਂ ਪੁਲੀਸ ਪਾਰਟੀ ਦਾ ਨਾਕਾ ਲਾਇਆ ਹੋਇਆ ਸੀ। ਇਸ ਸਮੇਂ ਪੰਜਾਬ ਵਿਚ ਖਾੜਕੂਆਂ ਅਤੇ ਪੁਲੀਸ ਦਾ ਹੀ ਰਾਜ ਸੀ। ਕਿਸੇ ਸਥਾਨ ਅਤੇ ਸਮੇਂ ਤੇ ਖਾੜਕੂਆਂ ਦੀ ਤੂਤੀ ਬੋਲਦੀ ਹੁੰਦੀ ਸੀ ਅਤੇ ਕਦੇ ਪੁਲੀਸ ਦੇ ਹੁਕਮ ਤੇ ਹੀ ਹਵਾ ਨੂੰ ਚੱਲਣ ਦੀ ਆਗਿਆ ਹੁੰਦੀ ਸੀ। ਮੈਨੂੰ ਦੇਖਦਿਆਂ ਹੀ ਨਾਕੇ ਤੇ ਖੜ੍ਹੇ ਪੁਲੀਸ ਦੇ ਜਵਾਨਾਂ ਨੇ ਆਪਣੀਆਂ ਪੁਜੀਸ਼ਨਾਂ ਲੈ ਲਈਆਂ ਅਤੇ ਮੇਰੇ ਵੱਲ ਬੰਦੂਕਾਂ ਸੇਧ ਲਈਆਂ। ਪੁਲੀਸ ਅਧਿਕਾਰੀ ਨੇ ਮੈਨੂੰ ਰੁਕਣ ਦਾ ਇਸ਼ਾਰਾ ਕੀਤਾ। ਮੈਂ ਰੁਕਿਆ ਤਾਂ ਪੁਲੀਸ ਅਧਿਕਾਰੀ ਨੇ ਬੜੇ ਹੀ ਰੁੱਖੇ ਸੁਰ ਵਿਚ ਪੁੱਛਿਆ, “ਕਿਧਰੋਂ ਆਇਆ ਹੈਂ ? ਕਿਧਰ ਜਾਣਾ ਹੈ?”
“ਜੀ ਮੈਂ ਫ਼ਰੀਦਕੋਟੋਂ ਆਇਆ ਹਾਂ ਅਤੇ ਪਿੰਡ ਬਾਦੀਆਂ ਜਾਣਾ ਹੈ।” ਮੈਂ ਹਲੀਮੀ ਨਾਲ ਜਵਾਬ ਦਿੱਤਾ। ਪੁਲੀਸ ਹੋਰ ਮੁਸਤੈਦ ਹੋ ਗਈ ਅਤੇ ਅਧਿਕਾਰੀ ਦਾ ਸੁਰ ਹੋਰ ਰੁੱਖਾ ਹੋ ਗਿਆ, “ਬਾਦੀਆਂ ਤੇਰਾ ਕੀ ਰੱਖਿਆ ਹੈ? ਉੱਥੇ ਕੀ ਲੈਣ ਜਾਣਾ ਹੈ!” ਇਸ ਪਿੰਡ ਦੇ ਕੁਝ ਮੁੰਡੇ ਖਾੜਕੂ ਲਹਿਰ ਵਿਚ ਸਰਗਰਮ ਹੋਣ ਕਾਰਨ ਇਹ ਪਿੰਡ ਪੁਲੀਸ ਦੀਆਂ ਨਜ਼ਰਾਂ ਵਿਚ ਆਇਆ ਹੋਇਆ ਸੀ।
“ਜੀ ਉੱਥੇ ਮੇਰਾ ਪਰਿਵਾਰ ਰਹਿੰਦਾ ਹੈ। ਮੇਰੀ ਪਤਨੀ ਅਧਿਆਪਕਾ ਹੈ ਅਤੇ ਉਸ ਦੀ ਤਾਇਨਾਤੀ ਉੱਥੇ ਹੀ ਹੈ। ਮੇਰੇ ਦੋ ਬੱਚੇ ਹਨ। ਮੈਂ ਵੀ ਅਧਿਆਪਕ ਹਾਂ ਅਤੇ ਮੇਰੀ ਬਦਲੀ ਫ਼ਰੀਦਕੋਟ ਨੇੜੇ ਪਿੰਡ ਸਾਧਾਂ ਵਾਲਾ ਵਿਖੇ ਹੋਈ ਹੈ। ਮੈਂ ਅੱਜ ਉੱਥੇ ਹਾਜ਼ਰ ਹੋ ਕੇ ਆਪਣੇ ਪਰਿਵਾਰ ਕੋਲ ਵਾਪਸ ਜਾ ਰਿਹਾ ਹਾਂ।” ਮੇਰੇ ਦੁਆਰਾ ਵਿਸਥਾਰ ਨਾਲ ਦੱਸਣ ਤੇ ਪੁਲੀਸ ਅਧਿਕਾਰੀ ਦਾ ਸੁਰ ਕੁਝ ਨਰਮ ਹੋ ਗਿਆ, “ਤੇਰੇ ਕੋਲ ਕੋਈ ਸਬੂਤ ਹੈ?”
“ਹਾਂ ਜੀ, ਮੇਰੇ ਕੋਲ ਆਈਡੈਂਟਟੀ ਕਾਰਡ ਹੈ, ਦਫ਼ਤਰ ਤੋਂ ਮੈਂ ਅੱਜ ਪੁਰਾਣੇ ਸਕੂਲ ਵਾਸਤੇ ਰਿਕਾਰਡ ਵੀ ਲੈ ਕੇ ਆਇਆ ਹਾਂ।” ਮੇਰੇ ਜਵਾਬ ਦੇਣ ਤੋਂ ਬਾਅਦ ਆਪਣਾ ਸ਼ਨਾਖ਼ਤੀ ਕਾਰਡ ਅਤੇ ਦੂਸਰਾ ਰਿਕਾਰਡ ਦਿਖਾਏ ਜਾਣ ਤੇ ਪੁਲੀਸ ਅਧਿਕਾਰੀ ਦਾ ਰਵੱਈਆ ਆਮ ਵਰਗਾ ਹੋ ਗਿਆ ਅਤੇ ਉਸ ਨੇ ‘ਅੱਗੇ ਵਾਸਤੇ ਮੂੰਹ ਢਕ ਕੇ ਨਹੀਂ ਚੱਲਣਾ ਅਤੇ ਇਸ ਰੰਗ ਦਾ ਪਰਨਾ ਨਹੀਂ ਲੈਣਾ’ ਦੀ ਹਦਾਇਤ ਦਿੰਦਿਆਂ ਮੈਨੂੰ ਜਾਣ ਦੀ ਆਗਿਆ ਦੇ ਦਿੱਤੀ।
ਅੱਜ ਇਸ ਗੱਲ ਨੂੰ 33 ਸਾਲ ਦਾ ਸਮਾਂ ਪੂਰਾ ਹੋ ਗਿਆ ਹੈ। ਕਰੋਨਾ ਫ਼ੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਅਤੇ ਸਰਕਾਰ ਨੇ ਲੋਕਾਂ ਨੂੰ ਹੁਣ ਨੱਕ ਮੂੰਹ ਮਾਸਕ ਨਾਲ ਢਕ ਕੇ ਚੱਲਣ ਦੀਆਂ ਹਦਾਇਤਾਂ ਕੀਤੀਆਂ ਹੋਈਆਂ ਹਨ। ਜੇਕਰ ਮਾਸਕ ਨਾ ਹੋਵੇ ਤਾਂ ਚੁੰਨੀ, ਰੁਮਾਲ, ਪਰਨੇ ਨਾਲ ਵੀ ਨੱਕ ਮੂੰਹ ਢਕਿਆ ਜਾ ਸਕਦਾ ਹੈ। ਅਜਿਹਾ ਨਾ ਕਰਨਾ ਕਾਨੂੰਨੀ ਜੁਰਮ ਕਰਾਰ ਦਿੱਤਾ ਹੋਇਆ ਹੈ। ਕਦੇ ਕੱਪੜੇ ਨਾਲ ਮੂੰਹ ਢਕ ਕੇ ਚੱਲਣਾ ‘ਜੁਰਮ’ ਸੀ, ਹੁਣ ਉਸੇ ਕੱਪੜੇ ਨਾਲ ਮੂੰਹ ਨਾ ਢਕ ਕੇ ਚੱਲਣਾ ਕਾਨੂੰਨਨ ਅਪਰਾਧ ਹੋ ਗਿਆ ਹੈ। ਅਜਿਹੇ ਸਮੇਂ ਸੋਚਣ ਲਈ ਮਜਬੂਰ ਹੋ ਰਿਹਾ ਹਾਂ ਕਿ ਇਹ ਸਾਰਾ ਕੁੱਝ ਕਿਵੇਂ ਬਦਲ ਰਿਹਾ ਹੈ! ਕੀ ਸਮੇਂ ਨਾਲ ਸਾਡੇ ਵਿਹਾਰ ਦੇ ਅਰਥ ਹੀ ਬਦਲ ਜਾਂਦੇ ਹਨ?
ਸੰਪਰਕ: 95010-20731