ਪ੍ਰਿੰਸੀਪਲ ਵਿਜੈ ਕੁਮਾਰ
05 ਅਕਤੂਬਰ 1994 ਨੂੰ ਯੂਨੈਸਕੋ (ਸੰਯੁਕਤ ਰਾਸ਼ਟਰ ਸਿੱਖਿਆ, ਵਿਗਿਆਨਕ ਅਤੇ ਸਭਿਆਚਾਰਕ ਸੰਸਥਾ) ਨੇ ਇਸ ਮਕਸਦ ਨਾਲ ਸੰਸਾਰ ਅਧਿਆਪਕ ਦਿਵਸ ਮਨਾਉਣਾ ਸ਼ੁਰੂ ਕੀਤਾ ਸੀ ਕਿ ਹਰ ਬੱਚੇ ਜਾਂ ਵਿਦਿਆਰਥੀ ਦਾ ਕੋਈ ਨਾ ਕੋਈ ਮਨਭਾਉਂਦਾ ਅਧਿਆਪਕ ਜ਼ਰੂਰ ਹੁੰਦਾ ਹੈ ਜਿਹੜਾ ਉਸ ਅੰਦਰ ਛਿਪੀ ਪ੍ਰਤਿਭਾ ਪਛਾਣਨ ਅਤੇ ਉਸ ਦੇ ਸਰਵਪੱਖੀ ਵਿਕਾਸ ਲਈ ਭਰਪੂਰ ਯਤਨ ਕਰਦਾ ਹੈ। 1966 ਵਿਚ ਯੂਨੈਸਕੋ ਅਤੇ ਸੰਸਾਰ ਕਿਰਤ ਸੰਸਥਾ ਦੀ ਸਭਾ ਹੋਈ ਸੀ ਜਿਸ ਵਿਚ ਅਧਿਆਪਕਾਂ ਦੇ ਹੱਕਾਂ, ਜਿ਼ੰਮੇਵਾਰੀਆਂ, ਰੁਜ਼ਗਾਰ ਤੇ ਭਵਿੱਖ ਵਿਚ ਸਿੱਖਿਆ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨ ਬਾਰੇ ਚਰਚਾ ਹੋਈ; ਨਾਲ ਹੀ ਸੰਸਾਰ ਅਧਿਆਪਕ ਦਿਵਸ ਮਨਾਉਣ ਦੇ ਟੀਚੇ ਮਿਥਦੇ ਹੋਏ ਦੁਨੀਆ ਭਰ ਦੇ ਮੁਲਕਾਂ ਨੂੰ ਸੁਨੇਹਾ ਦਿੱਤਾ ਗਿਆ ਕਿ ਅਧਿਆਪਕ ਦੇ ਰੁਤਬੇ ਦੇ ਮਹੱਤਵ ਦੀ ਨਿਸ਼ਾਨਦੇਹੀ ਕਰਦਿਆਂ ਹਰ ਅਧਿਆਪਕ ਨੂੰ ਸਮਾਜ ਵਿਚ ਬਣਦਾ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ। ਅਧਿਆਪਕਾਂ ਦੇ ਹੱਕ, ਫ਼ਰਜ਼ ਅਤੇ ਜਿ਼ੰਮੇਵਾਰੀਆਂ, ਸਰਕਾਰਾਂ ਅਤੇ ਅਧਿਆਪਕਾਂ ਵੱਲੋਂ ਮਹਿਸੂਸ ਕੀਤੀਆਂ ਜਾਣ। ਅਧਿਆਪਕਾਂ ਦੀ ਭਰਤੀ ਅਤੇ ਨੌਕਰੀ ਦੇ ਆਰੰਭ ਵਿਚ ਹੀ ਉਨ੍ਹਾਂ ਨੂੰ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵਿਚ ਨਿਪੁਨ ਕੀਤਾ ਜਾਵੇ।
ਸੰਸਾਰ ਅਧਿਆਪਕ ਦਿਵਸ ਮਨਾਉਣ ਦੀ ਪਰੰਪਰਾ ਆਰੰਭਣ ਦੀ ਲੋੜ ਇਸ ਲਈ ਮਹਿਸੂਸ ਕੀਤੀ ਗਈ ਕਿਉਂਕਿ ਅਧਿਆਪਕ ਨੂੰ ਵਿਦਿਆਰਥੀ ਨੂੰ ਉਸ ਦੀ ਮੰਜ਼ਿਲ ਤੱਕ ਪਹੁੰਚਾਉਣ ਦਾ ਜ਼ਰੀਆ ਮੰਨਿਆ ਜਾਂਦਾ ਸੀ ਪਰ ਅਜੋਕੇ ਸਮੇਂ ਵਿਚ ਦੋਹਾਂ ਦੇ ਸੰਬੰਧਾਂ ਵਿਚ ਤਰੇੜਾਂ ਆ ਗਈਆਂ ਹਨ। ਹੁਣ ਵਿਦਿਆਰਥੀ ਦੀਆਂ ਨਜ਼ਰਾਂ ’ਚ ਅਧਿਆਪਕ ਉਸ ਦੇ ਭਵਿੱਖ ਦਾ ਨਿਰਮਾਤਾ ਨਹੀਂ ਰਿਹਾ; ਨਾ ਹੀ ਅਧਿਆਪਕ ਨੂੰ ਵਿਦਿਆਰਥੀ ਦੀ ਨੀਂਹ ਮਜ਼ਬੂਤ ਕਰਨ ਦਾ ਫਿ਼ਕਰ ਹੈ। ਭਾਰਤ ਵਿਚ 5 ਸਤੰਬਰ ਨੂੰ ਮਨਾਇਆ ਜਾਂਦਾ ਅਧਿਆਪਕ ਦਿਵਸ ਸਰਵਪੱਲੀ ਰਾਧਾ ਕ੍ਰਿਸ਼ਨਨ ਨੂੰ ਸਮਰਪਿਤ ਹੁੰਦਾ ਹੈ ਤੇ ਮਕਸਦ ਅਧਿਆਪਕ ਦੇ ਰੁਤਬੇ ਦਾ ਸਤਿਕਾਰ ਉਜਾਗਰ ਕਰਨਾ ਹੁੰਦਾ ਹੈ। ਸੰਸਾਰ ਅਧਿਆਪਕ ਦਿਵਸ ਦਾ ਮਕਸਦ ਦੁਨੀਆ ਭਰ ਦੇ ਲੋਕਾਂ ਅਤੇ ਸਰਕਾਰਾਂ ਨੂੰ ਅਧਿਆਪਕ ਦਾ ਮਾਣ ਸਤਿਕਾਰ ਕਰਨ ਦਾ ਸੁਨੇਹਾ ਦੇਣ ਦੇ ਨਾਲ ਨਾਲ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਬਣਦੀਆਂ ਜਿ਼ੰਮੇਵਾਰੀਆਂ ਯਾਦ ਕਰਵਾਉਂਦੇ ਹੋਏ ਸਿੱਖਿਆ ਦੀ ਅਹਿਮੀਅਤ ਬਣਾਉਣ ਵਿਚ ਅਧਿਆਪਕ ਦੀ ਭੂਮਿਕਾ ਸਮਝਾਉਣਾ ਹੁੰਦਾ ਹੈ। ਦੁਨੀਆ ਵਿਚ ਅਧਿਆਪਕ ਦਿਵਸ ਮਨਾਉਣ ਦੇ ਦਿਨ ਅੱਡ ਅੱਡ ਹਨ। ਚੀਨ ਵਿਚ ਅਧਿਆਪਕ ਦਿਵਸ 10 ਸਤੰਬਰ, ਰੂਸ ਵਿਚ 5 ਅਕਤੂਬਰ, ਅਮਰੀਕਾ ਵਿਚ ਮਈ ਦੇ ਪਹਿਲੇ ਹਫਤੇ, ਇਰਾਨ ਵਿਚ 2 ਮਈ ਨੂੰ ਮਨਾਇਆ ਜਾਂਦਾ ਹੈ।
ਸੰਸਾਰ ਅਧਿਆਪਕ ਦਿਵਸ ਦੀ ਖਾਸ ਗੱਲ ਇਹ ਵੀ ਹੈ ਕਿ ਹਰ ਵਰ੍ਹੇ ਵਿਸ਼ੇਸ਼ ਥੀਮ ਚੁਣ ਕੇ ਦੁਨੀਆ ਭਰ ਦੇ ਮੁਲਕਾਂ ਨੂੰ ਉਸ ਨੂੰ ਅਪਣਾਉਣ ਦਾ ਸੁਨੇਹਾ ਦਿੱਤਾ ਜਾਂਦਾ ਹੈ। 2020 ਦੇ ਅਧਿਆਪਕ ਦਿਵਸ ਦਾ ਥੀਮ ਨੌਜਵਾਨ ਅਧਿਆਪਕਾਂ ਨੂੰ ਸਮਰਪਿਤ ਸੀ ਜੋ ਸਿੱਖਿਆ ਦੇ ਗੁਣਾਤਮਕ ਪੱਖ ਨੂੰ ਪੁਖਤਾ ਕਰਨ ਲਈ ਯਤਨ ਕਰਦੇ ਹਨ। ਸੁਨੇਹੇ ਵਿਚ ਇਹ ਵੀ ਕਿਹਾ ਗਿਆ ਸੀ ਕਿ ਨੌਜਵਾਨ ਅਧਿਆਪਕਾਂ ਨੂੰ ਸਿੱਖਿਆ ਦੇ ਕਿੱਤੇ ਨੂੰ ਪਹਿਲ ਦੇ ਆਧਾਰ ਤੇ ਅਪਣਾਉਣ ਲਈ ਪ੍ਰੇਰਿਆ ਜਾਵੇ। ਐਤਕੀਂ 2021 ਲਈ ਸੰਸਾਰ ਅਧਿਆਪਕ ਦਿਵਸ ਲਈ ਥੀਮ ਨੂੰ ਕਰੋਨਾ ਮਹਾਮਾਰੀ ਕਾਰਨ ਸਿੱਖਿਆ ਦੇ ਹੋਏ ਨੁਕਸਾਨ ਨਾਲ ਜੋੜਿਆ ਗਿਆ ਹੈ। ਇਸ ਵਰ੍ਹੇ ਦਾ ਥੀਮ ਹੈ- ਅਧਿਆਪਕ: ਸਿੱਖਿਆ ਲਈ ਵਧ ਰਹੇ ਸੰਕਟ ਵਿਚ ਸਿੱਖਿਆ ਦੇ ਭਵਿੱਖ ਦੀ ਨਵੀਂ ਕਲਪਨਾ। ਕੋਵਿਡ-19 ਮਹਾਮਾਰੀ ਦੇ ਭਿਆਨਕ ਸਮੇਂ ਦੌਰਾਨ ਸਿੱਖਿਆ ਦੇ ਖੇਤਰ ਵਿਚ ਪੈਦਾ ਹੋਈਆਂ ਸਮੱਸਿਆਵਾਂ ਦੇ ਨਬਿੇੜੇ ਲਈ ਅਧਿਆਪਕ ਆਪਣੀ ਮਿਹਨਤ ਅਤੇ ਯਤਨਾਂ ਦਾ ਮੁਲੰਕਣ ਕਰਦਿਆਂ ਹੋਰ ਅੱਗੇ ਵਧਣ।
ਐਤਕੀਂ ਵਾਲੇ ਥੀਮ ਜਾਂ ਸੁਨੇਹੇ ਦੇ ਪ੍ਰਸੰਗ ਵਿਚ ਸਾਡੇ ਮੁਲਕ ਦੀ ਸਰਕਾਰ ਦੀ ਸਿੱਖਿਆ ਵੱਲ ਨੀਤੀ ਦੀ ਤਸਵੀਰ ਸਾਫ ਨਜ਼ਰ ਆ ਰਹੀ ਹੈ। ਇਸ ਮਾਮਲੇ ਵਿਚ ਮੁਲਕ ਦੀ ਸਰਕਾਰ ਦੀ ਭੂਮਿਕਾ ਬਹੁਤ ਨਿਰਾਸ਼ਾਜਨਕ ਹੈ। ਸਰਕਾਰ ਨੇ ਇਸ ਮਹਾਮਾਰੀ ਨਾਲ ਨਜਿੱਠਣ ਲਈ ਅਧਿਆਪਕਾਂ ਨੂੰ ਤਿਆਰ ਤਾਂ ਕੀ ਕਰਨਾ ਸੀ ਸਗੋਂ ਉਨ੍ਹਾਂ ਦੀਆਂ ਡਿਊਟੀਆਂ ਨਾਕਿਆਂ ਤੇ ਲਗਾਈ ਰੱਖੀਆਂ। ਜਿ਼ਆਦਾਤਰ ਅਧਿਆਪਕਾਂ ਨੂੰ ਯੂਨੈਸਕੋ ਵੱਲੋਂ ਸੰਸਾਰ ਅਧਿਆਪਕ ਦਿਵਸ ਮੌਕੇ ਹਰ ਵਰ੍ਹੇ ਦਿੱਤੇ ਜਾਣ ਵਾਲੇ ਥੀਮ ਦੀ ਜਾਣਕਾਰੀ ਨਹੀਂ ਹੁੰਦੀ ਕਿਉਂਕਿ ਮੁਲਕ ਵਿਚ ਇਸ ਦਿਨ ਨੂੰ ਬਹੁਤਾ ਮਹੱਤਵ ਨਹੀਂ ਦਿੱਤਾ ਜਾਂਦਾ। ਉਂਜ ਵੀ, ਮੁਲਕ ਦਾ ਨੌਜਵਾਨ ਵਰਗ ਅਧਿਆਪਕ ਬਣਨ ਨੂੰ ਤਰਜੀਹ ਕਿਉਂ ਦੇਵੇਗਾ ਕਿਉਂਕਿ ਅਧਿਆਪਕਾਂ ਨੂੰ ਰੁਜ਼ਗਾਰ ਲੈਣ ਲਈ ਸਰਕਾਰਾਂ ਦੇ ਹਾੜ੍ਹੇ ਕੱਢਣੇ ਪੈਂਦੇ ਹਨ, ਮੁਜ਼ਾਹਰੇ ਕਰਨੇ ਪੈਂਦੇ ਹਨ, ਪੁਲੀਸ ਦੀਆਂ ਡਾਂਗਾਂ ਖਾਣੀਆਂ ਪੈਂਦੀਆਂ ਹਨ। ਉਨ੍ਹਾਂ ਨੂੰ ਗੁਜ਼ਾਰਾ ਕਰਨ ਯੋਗ ਤਨਖਾਹ ਵੀ ਨਹੀਂ ਮਿਲਦੀ। ਉਹ ਤਰੱਕੀ ਦੀ ਉਡੀਕ ਕਰਦਿਆਂ ਸੇਵਾਮੁਕਤ ਹੋ ਜਾਂਦੇ ਹਨ। ਉਨ੍ਹਾਂ ਕੋਲੋਂ ਪੈਨਸ਼ਨ ਦੀ ਸਹੂਲਤ ਖੋਹ ਲਈ ਗਈ ਹੈ।
ਦਰਅਸਲ, ਅਧਿਆਪਕ ਦਿਨੋ-ਦਿਨ ਸਿੱਖਿਆ ਵਿਚੋਂ ਮਨਫੀ ਹੋ ਰਿਹਾ ਹੈ। ਇਹ ਸਿੱਖਿਆ ਨੀਤੀਆਂ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ। ਉਹ ਆਪਣੀ ਇੱਛਾ ਅਨੁਸਾਰ ਜਮਾਤਾਂ ਵਿਚ ਪੜ੍ਹਾ ਨਹੀਂ ਸਕਦਾ, ਉਸ ਨੂੰ ਉਹ ਕੁਝ ਪੜ੍ਹਾਉਣਾ ਪੈਂਦਾ ਹੈ ਜੋ ਸਰਕਾਰਾਂ ਚਾਹੁੰਦੀਆਂ ਹਨ। ਅਧਿਆਪਕ ਵਰਗ ਅਤੇ ਅਧਿਆਪਨ ਦੇ ਕਿੱਤੇ ਦੇ ਘਟ ਰਹੇ ਮਾਣ ਸਨਮਾਨ ਲਈ ਸਰਕਾਰਾਂ ਦੀਆਂ ਨੀਤੀਆਂ ਅਤੇ ਅਧਿਆਪਕ ਵਰਗ ਦੀ ਪਦਾਰਥਵਾਦੀ ਸੋਚ ਜਿ਼ੰਮੇਵਾਰ ਹੈ। ਉਹ ਦਿਨ ਕਦੋਂ ਆਵੇਗਾ ਜਦੋਂ ਅਧਿਆਪਕ ਅਤੇ ਉਸ ਦਾ ਕਿੱਤਾ ਮੁੜ ਪਹਿਲਾਂ ਜਿਹਾ ਮਾਣ ਸਨਮਾਨ ਹਾਸਲ ਕਰ ਲਵੇਗਾ?
ਯੂਨੈਸਕੋ ਦਾ ਸੁਨੇਹਾ ਕਿ ਅਧਿਆਪਕਾਂ ਦੇ ਨੌਕਰੀ ’ਚ ਆਉਂਦਿਆਂ ਹੀ ਉਨ੍ਹਾਂ ਨੂੰ ਸਿੱਖਣ ਸਿਖਾਉਣ ਦੀ ਪ੍ਰਕਿਰਿਆ ’ਚ ਨਿਪੁਨ ਕੀਤਾ ਜਾਵੇ, ਸਾਡੇ ਮੁਲਕ ਦੀਆਂ ਸਰਕਾਰਾਂ ਨੂੰ ਅਰਥਹੀਣ ਲਗਦਾ ਹੈ ਕਿਉਂਕਿ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨੂੰ ਪੁਖਤਾ ਕਰਨ ਲਈ ਕੋਈ ਨੀਤੀ ਹੀ ਨਹੀਂ ਹੈ। ਸਿੱਖਿਆ ਦਾ ਵਪਾਰੀਕਰਨ ਅਤੇ ਨਿਜੀਕਰਨ ਕਰਕੇ ਸਰਕਾਰਾਂ ਸਿੱਖਿਆ ਤੋਂ ਆਪਣੀ ਜਿ਼ੰਮੇਵਾਰੀ ਤੋਂ ਪੱਲਾ ਛੁਡਾਉਂਦੀਆਂ ਨਜ਼ਰ ਆ ਰਹੀਆਂ ਹਨ। ਸਮੇਂ ਦੀ ਲੋੜ ਕਹਿੰਦੀ ਹੈ ਕਿ ਸਰਕਾਰਾਂ ਨੂੰ ਯੂਨੈਸਕੋ ਵਾਂਗ ਹਰ ਵਰ੍ਹੇ ਕੋਈ ਨਾ ਕੋਈ ਮਕਸਦ ਮਿਥਣਾ ਚਾਹੀਦਾ ਹੈ। ਸਿੱਖਿਆ ਦੇ ਖੇਤਰ ਵਿਚ ਆ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਅਧਿਆਪਕ ਵਰਗ ਨੂੰ ਤਿਆਰ ਕਰਨਾ ਚਾਹੀਦਾ ਹੈ। ਅਧਿਆਪਕ ਦੇ ਰੁਤਬੇ ਦਾ ਮਾਣ ਸਤਿਕਾਰ ਬਰਕਰਾਰ ਰੱਖਣਾ ਚਾਹੀਦਾ ਹੈ। ਅਧਿਆਪਕ ਵਰਗ ਨੂੰ ਵੀ ਇਹ ਗੱਲ ਚੇਤੇ ਰੱਖਣੀ ਪਵੇਗੀ ਕਿ ਉਨ੍ਹਾਂ ਨੂੰ ਆਪਣਾ ਮਾਣ ਸਤਿਕਾਰ ਕਰਵਾਉਣ ਲਈ ਬਣਦੀਆਂ ਜਿ਼ੰਮੇਵਾਰੀਆਂ ਨੂੰ ਸਮਝਣਾ ਅਤੇ ਨਿਭਾਉਣਾ ਪਵੇਗਾ।
ਸੰਪਰਕ: 98726-27136