ਪਵਨੀਤ ਕੌਰ ਕਿੰਗਰਾ*, ਹਰਕੰਵਲਜੋਤ ਸਿੰਘ ਸੇਖੋਂ ਅਤੇ ਅਮਨਦੀਪ ਸਿੰਘ ਬਰਾੜ**
ਪੰਜਾਬ ਵਿੱਚ ਮਈ-ਜੂਨ ਦੇ ਮਹੀਨੇ ਅਤਿ ਦੀ ਗਰਮੀ ਦੇ ਹੁੰਦੇ ਹਨ। ਇਸ ਸਮੇਂ ਦੌਰਾਨ ਕਈ ਵਾਰੀ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਵੀ ਪਾਰ ਕਰ ਜਾਂਦਾ ਹੈ। ਅਜਿਹੀਆਂ ਹਾਲਤਾਂ ਵਿੱਚ ਵਾਸ਼ਪੀਕਰਨ (ਸਤ੍ਵਾ ਤੋਂ ਪਾਣੀ ਉੱਡਣ) ਦੀ ਪ੍ਰਕਿਰਿਆ ਸਿਖ਼ਰ ’ਤੇ ਹੁੰਦੀ ਹੈ। ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਗਰਮ ਅਤੇ ਖੁਸ਼ਕ ਮੌਸਮ ਸਿਰਫ਼ ਮਨੁੱਖਾਂ ਅਤੇ ਜੀਵ-ਜੰਤੂਆਂ ਲਈ ਹੀ ਨਹੀਂ ਸਗੋਂ ਫ਼ਸਲਾਂ ਲਈ ਵੀ ਮਾਰੂ ਸਿੱਧ ਹੋ ਰਿਹਾ ਹੈ। ਇਸ ਦੇ ਸਿੱਟੇ ਵਜੋਂ ਹਰ ਸਾਲ ਫ਼ਸਲਾਂ ਦੇ ਝਾੜ ਵਿੱਚ ਬਦਲਾਅ ਦੇਖਿਆ ਜਾ ਰਿਹਾ ਹੈ। ਮੁੱਖ ਤੌਰ ’ਤੇ ਇਹ ਲਗਾਤਾਰ ਵਧ ਰਹੀ ਆਲਮੀ ਤਪਸ਼ ਅਤੇ ਜਲਵਾਯੂ ਪਰਿਵਰਤਨ ਦਾ ਹੀ ਨਤੀਜਾ ਹੈ। ਜੇ ਇਸੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਮਾਰਚ (2022) ਦੇ ਮਹੀਨੇ ਦਾ ਤਾਪਮਾਨ, ਔਸਤ ਨਾਲੋਂ ਲਗਭਗ ਚਾਰ ਡਿਗਰੀ ਸੈਲਸੀਅਸ ਵੱਧ ਰਿਹਾ ਹੈ, ਜਿਸ ਦਾ ਕਣਕ ਦੇ ਝਾੜ ਉੱਪਰ ਮਾੜਾ ਅਸਰ ਪਿਆ ਹੈ। ਗਰਮੀ ਦੀ ਲਹਿਰ, ਜਿਹੜੀ ਕਿ ਆਮ ਤੌਰ ’ਤੇ ਮਈ ਦੇ ਮਹੀਨੇ ਵਿੱਚ ਦੇਖ ਜਾਂਦੀ ਸੀ, ਇਸ ਸਾਲ ਮਾਰਚ ਤੋਂ ਹੀ ਇਸ ਦਾ ਕਹਿਰ ਬਣਿਆ ਹੋਇਆ ਹੈ। ਇਸ ਤਰ੍ਹਾਂ ਦੀਆਂ ਮੌਸਮੀ ਤਬਦੀਲੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ, ਇਸ ਦੇ ਮੱਦੇਨਜ਼ਰ ਸਾਨੂੰ ਫ਼ਸਲਾਂ ਨੂੰ ਗਰਮੀ ਦੀ ਮਾਰ ਤੋਂ ਬਚਾਉਣ ਲਈ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਹੈ।
ਗਰਮੀ ਦੇ ਕਹਿਰ ਕਾਰਨ ਸਾਉਣੀ ਦੀਆਂ ਮੁੱਖ ਫ਼ਸਲਾਂ ਝੋਨਾ, ਨਰਮਾ, ਦਾਲਾਂ, ਸਬਜ਼ੀਆਂ ਅਤੇ ਫ਼ਲਦਾਰ ਫ਼ਸਲਾਂ ਅਕਸਰ ਪ੍ਰਭਾਵਿਤ ਹੁੰਦੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਅਨੁਸਾਰ ਅਤਿ ਦੀ ਗਰਮੀ ਅਤੇ ਲੂ ਨਰਮੇ ਦੇ ਪੌਦਿਆਂ ਲਈ ਨੁਕਸਾਨਦੇਹ ਹੈ। ਉੱਤਰ-ਦੱਖਣ ਦਿਸ਼ਾ ਵਿੱਚ ਵੱਟਾਂ ਬਣਾ ਕੇ ਨਰਮੇ ਦੀ ਬਿਜਾਈ ਵੱਟ ਦੇ ਪੂਰਬੀ ਪਾਸੇ ਕਰਨ ਨਾਲ ਛੋਟੀ ਫ਼ਸਲ ਲੂ ਦੀ ਮਾਰ ਤੋਂ ਬਚ ਜਾਂਦੀ ਹੈ। ਨਰਮੇ ਦੀ ਬਿਜਾਈ ਸਵੇਰੇ ਸ਼ਾਮ ਪੂਰੀ ਵੱਤਰ ਵਿੱਚ ਹੀ ਕਰੋ ਤਾਂ ਜੋ ਉੱਗਣ ਸ਼ਕਤੀ ਪੂਰੀ ਰਹੇ। ਨਰਮੇ ਦੇ ਛੋਟੇ ਬੂਟੇ ਲੂ ਨੂੰ ਸਹਾਰਦੇ ਨਹੀਂ, ਇਸ ਲਈ ਪਾਣੀ ਸਮੇਂ ਸਿਰ ’ਤੇ ਲਾਉਣਾ ਚਾਹੀਦਾ ਹੈ। ਇਹ ਵੀ ਕੋਸ਼ਿਸ਼ ਕੀਤੀ ਜਾਵੇ ਕਿ ਪਾਣੀ ਸਵੇਰੇ ਜਾਂ ਸ਼ਾਮ ਵੇਲੇ ਹੀ ਲਾਇਆ ਜਾਵੇ ਕਿਉਂਕਿ ਦੁਪਹਿਰ ਵੇਲੇ ਪਾਣੀ ਲਾਉਣ ਨਾਲ ਵਾਸ਼ਪੀਕਰਨ ਜ਼ਿਆਦਾ ਹੁੰਦਾ ਹੈ। ਦੁਪਹਿਰ ਵੇਲੇ ਪਾਣੀ ਲਾਉਣਾ ਇਸ ਲਈ ਨੁਕਸਾਨਦਾਇਕ ਹੋ ਸਕਦਾ ਹੈ ਕਿਉਂਕਿ ਇਸ ਨਾਲ ਨਰਮੇ ਦੇ ਬੂਟਿਆਂ ਵਿੱਚ ਪੈਰਾਵਿਲਟ ਦੀ ਸਮੱਸਿਆ ਆ ਸਕਦੀ ਹੈ।
ਝੋਨੇ ਦੀ ਪਨੀਰੀ ਖ਼ਾਸ ਕਰ ਕੇ ਦੱਖਣੀ-ਪੱਛਮੀ ਪੰਜਾਬ ਵਿੱਚ ਵੀ ਵਧੇਰੇ ਤਾਪਮਾਨ ਨਾਲ ਪ੍ਰਭਾਵਿਤ ਹੁੰਦੀ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਝੋਨੇ ਦੀ ਪਨੀਰੀ ਵਿੱਚ ਪਾਣੀ ਦੀ ਵਰਤੋਂ ਇਸ ਤਰ੍ਹਾਂ ਕਰੋ ਕਿ ਦੁਪਹਿਰ ਵੇਲੇ ਵਧੇਰੇ ਗਰਮੀ ਵਾਲੇ ਸਮੇਂ ਦੌਰਾਨ ਪਾਣੀ ਪਨੀਰੀ ਵਿੱਚ ਜ਼ਮੀਨ ਦੀ ਸਤ੍ਵਾ ਉੱਪਰ ਨਾ ਖੜ੍ਹਾ ਰਹੇ। ਪਨੀਰੀ ਵਿੱਚ ਪਾਣੀ ਖੜ੍ਹਾ ਰਹਿਣ ਦੀ ਸੂਰਤ ਵਿੱਚ ਪਾਣੀ ਦਾ ਤਾਪਮਾਨ ਵਧਣ ਕਰ ਕੇ ਪਨੀਰੀ ਦਾ ਵਾਧਾ ਪ੍ਰਭਾਵਿਤ ਹੁੰਦਾ ਹੈ। ਇਸ ਕਰ ਕੇ ਕਿਸਾਨ ਪਨੀਰੀ ਨੂੰ ਹਲਕੀ ਸਿੰਜਾਈ ਸਵੇਰੇ-ਸ਼ਾਮ ਸੰਜਮ ਨਾਲ ਕਰਨ ਤਾਂ ਕਿ ਪਾਣੀ ਦੀ ਬਹੁਤਾਤ ਨਾਲ ਗਰਮੀ ਦੇ ਪ੍ਰਭਾਵ ਤੋਂ ਰਾਹਤ ਮਿਲ ਸਕੇ ਅਤੇ ਪਾਣੀ ਦੀ ਘਾਟ ਹੋਣ ਦੀ ਬਦੌਲਤ ਪਨੀਰੀ ਵਿੱਚ ਲੋਹੇ ਦੀ ਘਾਟ ਵੀ ਨਾ ਆਵੇ। ਇੱਕ ਹੋਰ ਧਿਆਨ ਰੱਖਣ ਯੋਗ ਗੱਲ ਇਹ ਹੈ ਕਿ ਝੋਨੇ ਦੀ ਪਨੀਰੀ ਸਵੇਰੇ ਜਾਂ ਸ਼ਾਮ ਵੇਲੇ ਹੀ ਬੀਜੋ ਕਿਉਂਕਿ ਦੁਪਹਿਰ ਵੇਲੇ ਵਧੇਰੇ ਗਰਮੀ ਹੋਣ ਕਰ ਕੇ ਝੋਨੇ ਦੇ ਢੰਗੂਰ ਮੱਚਣ ਦੀ ਵੀ ਸਮੱਸਿਆ ਆਉਂਦੀ ਹੈ।
ਸਬਜ਼ੀਆਂ ਦੀਆਂ ਫ਼ਸਲਾਂ ਜਿਵੇਂ ਕਿ ਮਿਰਚ, ਭਿੰਡੀ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਵੀ ਗਰਮੀ ਤੋਂ ਬਹੁਤ ਪ੍ਰਭਾਵਿਤ ਹੁੰਦੀਆਂ ਹਨ। ਜ਼ਿਆਦਾ ਤਾਪਮਾਨ ਦੇ ਮਾਰੂ ਪ੍ਰਭਾਵ ਨਾਲ ਇਨ੍ਹਾਂ ਸਬਜ਼ੀਆਂ ਦੀ ਫ਼ਲ ਲੱਗਣ ਦੀ ਯੋਗਤਾ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਗਰਮੀ ਕਾਰਨ ਫੁੱਲ ਅਤੇ ਫ਼ਲ ਜ਼ਿਆਦਾ ਡਿੱਗਦੇ ਹਨ। ਅਜਿਹੇ ਅਸਾਧਾਰਨ ਤਾਪਮਾਨ ਕਰ ਕੇ ਸਬਜ਼ੀਆਂ ਵਿੱਚ ਪ੍ਰਾਗਣ ਦੀ ਪ੍ਰਕਿਰਿਆ ਵਿੱਚ ਵਿਘਨ ਪੈਂਦਾ ਹੈ ਅਤੇ ਇਸ ਨਾਲ ਫ਼ਲ ਲੱਗਣ ਵਿੱਚ ਮੁਸ਼ਕਿਲ ਆਉਂਦੀ ਹੈ। ਇਸ ਲਈ ਕਿਸਾਨਾਂ ਨੂੰ ਹਲਕੇ ਪਾਣੀ ਦੀ ਵਾਰ-ਵਾਰ ਸਿੰਜਾਈ ਕਰਨੀ ਚਾਹੀਦੀ ਹੈ ਤਾਂ ਕਿ ਕੁਝ ਹੱਦ ਤੱਕ ਅਨੁਕੂਲ ਤਾਪਮਾਨ ਬਣਾਉਣ ਵਿੱਚ ਮਦਦਗਾਰ ਹੋ ਸਕੇ। ਵਧੇਰੇ ਤਾਪਮਾਨ ਤੋਂ ਬਚਾਅ ਲਈ ਸਬਜ਼ੀਆਂ ਨੂੰ ਪੌਲੀ/ਨੈੱਟ ਹਾਊਸ ਵਿੱਚ ਵੀ ਉਗਾਇਆ ਜਾ ਸਕਦਾ ਹੈ। ਨੈੱਟ ਹਾਊਸ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਤੋਂ ਵੀ ਫ਼ਸਲਾਂ ਦਾ ਬਚਾਅ ਰਹਿੰਦਾ ਹੈ। ਸਬਜ਼ੀਆਂ ਨੂੰ ਗਰਮੀ ਤੋਂ ਬਚਾਉਣ ਲਈ ਮਲਚਿੰਗ ਵੀ ਕੀਤੀ ਜਾ ਸਕਦੀ ਹੈ। ਮਲਚਿੰਗ ਇੱਕ ਅਜਿਹੀ ਵਿਧੀ ਹੈ ਜਿਸ ਨਾਲ ਵਾਸ਼ਪੀਕਰਨ ਦੀ ਕਿਰਿਆ ਵੀ ਘਟ ਜਾਂਦੀ ਹੈ। ਮਲਚਿੰਗ ਨਾਲ ਹੇਠਲਾ ਤਾਪਮਾਨ ਠੰਢਾ ਰਹਿੰਦਾ ਹੈ ਜੋ ਸਬਜ਼ੀਆਂ ਲਈ ਲਾਹੇਵੰਦ ਸਾਬਿਤ ਹੁੰਦਾ ਹੈ। ਮਲਚਿੰਗ ਕਰਨ ਨਾਲ ਨਦੀਨਾਂ ਦੀ ਵੀ ਰੋਕਥਾਮ ਹੁੰਦੀ ਹੈ ਜਿਸ ਕਰ ਕੇ ਨਦੀਨ ਸਾਡੀ ਸਬਜ਼ੀ ਦੀ ਫ਼ਸਲ ਨਾਲ ਪਾਣੀ ਅਤੇ ਖਾਧ-ਖ਼ੁਰਾਕ ਲਈ ਮੁਕਾਬਲਾ ਵੀ ਨਹੀਂ ਕਰਦੇ।
ਫ਼ਲਦਾਰ ਪੌਦਿਆਂ ਲਈ ਮਈ-ਜੂਨ ਦਾ ਤਾਪਮਾਨ ਅਸਹਿ ਹੁੰਦਾ ਹੈ, ਖ਼ਾਸ ਤੌਰ ’ਤੇ ਨਵੇਂ ਲਗਾਏ ਬੂਟਿਆਂ ਲਈ, ਜਿਵੇਂ ਕਿ ਨਿੰਬੂ, ਅੰਬ, ਅਮਰੂਦ, ਪਪੀਤਾ ਆਦਿ। ਦੱਖਣ-ਪੱਛਮੀ ਪਾਸਿਓਂ ਜ਼ਿਆਦਾ ਤੀਬਰਤਾ ਵਾਲੀਆਂ ਸੂਰਜ ਦੀਆਂ ਕਿਰਨਾਂ ਬੂਟਿਆਂ ਦੇ ਤਣਿਆਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਹਨ। ਖੁਸ਼ਕ ਮੌਸਮ ਹੋਣ ਕਰ ਕੇ ਜ਼ਿਆਦਾ ਵਾਸ਼ਪੀਕਰਨ ਹੁੰਦਾ ਹੈ ਅਤੇ ਬੂਟਿਆਂ ਦੇ ਤਣਿਆਂ ਵਿੱਚ ਨਮੀ ਘਟ ਜਾਂਦੀ ਹੈ, ਜਿਸ ਕਰ ਕੇ ਤਣਿਆਂ ਵਿੱਚ ਤਰੇੜਾਂ ਆ ਜਾਂਦੀਆਂ ਹਨ। ਇਸ ਕਾਰਨ ਬੂਟੇ ਦਾ ਕੁਝ ਹਿੱਸਾ ਪ੍ਰਭਾਵਿਤ ਹੁੰਦਾ ਹੈ ਅਤੇ ਕਈ ਵਾਰ ਜ਼ਿਆਦਾ ਨੁਕਸਾਨ ਹੋਣ ਕਰ ਕੇ ਬੂਟਾ ਮਰ ਵੀ ਜਾਂਦਾ ਹੈ। ਖੇਤੀ ਮਾਹਿਰਾਂ ਅਨੁਸਾਰ ਫ਼ਲਦਾਰ ਬੂਟਿਆਂ ਨੂੰ ਗਰਮੀ ਦੇ ਕਹਿਰ ਤੋਂ ਬਚਾਉਣ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜਿਵੇਂ ਕਿ ਬੂਟੇ ਦੇ ਹੇਠਲੇ ਤਣੇ ਨੂੰ ਚਿੱਟਾ ਰੰਗ ਕਰੋ। ਇਸ ਚਿੱਟੇ ਰੰਗ ਦੇ ਘੋਲ ਨੂੰ ਤਿਆਰ ਕਰਨ ਲਈ 25 ਕਿਲੋ ਬੁਝਿਆ ਹੋਇਆ ਚੂਨਾ, 500 ਗ੍ਰਾਮ ਕਾਪਰ ਸਲਫੇਟ (ਨੀਲਾ ਥੋਥਾ) ਅਤੇ 500 ਗ੍ਰਾਮ ਗਮ ਸੁਰੇਸ਼ ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਬਣਾਉਣਾ ਚਾਹੀਦਾ ਹੈ। ਨਿਯਮਤ ਅੰਤਰਾਲਾਂ ’ਤੇ ਵਾਰ-ਵਾਰ ਸਿੰਜਾਈ ਦੇਣਾ ਗਰਮੀ ਦੇ ਪ੍ਰਭਾਵ ਨੂੰ ਰੋਕਣ ਲਈ ਮਦਦਗਾਰ ਸਾਬਿਤ ਹੁੰਦਾ ਹੈ। ਨਵੇਂ ਲੱਗੇ ਨਾਜ਼ੁਕ ਫ਼ਲਦਾਰ ਬੂਟਿਆਂ ਨੂੰ ਗਰਮੀ ਤੋਂ ਬਚਾਉਣ ਲਈ ਸਰਕੰਡਾ, ਪਰਾਲੀ ਜਾਂ ਖਜੂਰ ਦੇ ਪੱਤਿਆਂ ਨਾਲ ਕੁੱਲੀਆਂ ਬਣਾ ਕੇ ਢਕਿਆ ਜਾ ਸਕਦਾ ਹੈ। ਤੁਪਕਾ ਸਿੰਜਾਈ ਜਾਂ ਫੁਹਾਰਾ ਵਿਧੀ ਨਾਲ ਸਿੰਜਾਈ ਵੀ ਫ਼ਲਾਂ ਅਤੇ ਸਬਜ਼ੀਆਂ ਨੂੰ ਗਰਮੀ ਤੋਂ ਬਚਾਉਣ ਲਈ ਕਾਫ਼ੀ ਲਾਭਦਾਇਕ ਹੈ। ਗਰਮੀ ਤੋਂ ਫ਼ਸਲਾਂ ਨੂੰ ਬਚਾਅ ਕੇ ਰੱਖਣ ਲਈ ਜ਼ਮੀਨ ਵਿੱਚ ਨਮੀ ਨੂੰ ਸੰਭਾਲਣਾ ਹੀ ਇੱਕ ਮੂਲ ਮੰਤਰ ਹੈ। ਉਪਰੋਕਤ ਸੁਝਾਏ ਗਏ ਉਪਾਵਾਂ ਤੋਂ ਜ਼ਮੀਨ ਵਿੱਚ ਜੈਵਿਕ ਖਾਦਾਂ ਜਿਵੇਂ ਰੂੜੀ ਆਦਿ ਦੀ ਵਰਤੋਂ ਨਾਲ ਜ਼ਮੀਨ ਵਿੱਚ ਜੈਵਿਕ ਮਾਦੇ (ਮੱਲੜ੍ਹ) ਨੂੰ ਵਧਾਉਣਾ ਵੀ ਗਰਮੀ ਦੇ ਕਹਿਰ ਤੋਂ ਬਚਣ ਲਈ ਫ਼ਸਲਾਂ ਵਾਸਤੇ ਸਹਾਈ ਹੋ ਸਕਦਾ ਹੈ।
*ਜਲਵਾਯੂ ਪਰਿਵਰਤਨ ਤੇ ਖੇਤੀ ਮੌਸਮ ਵਿਭਾਗ ਅਤੇ **ਕੇਵੀਕੇ ਬੁੱਧ ਸਿੰਘ ਵਾਲਾ, ਮੋਗਾ।