ਜਸਵਿੰਦਰ ਸੁਰਗੀਤ
ਮੇਰੀ ਉਸ ਵਿਚ ਲਗਾਤਾਰ ਦਿਲਚਸਪੀ ਪੈਦਾ ਹੋ ਰਹੀ ਸੀ। ਹਸਪਤਾਲ ਦੇ ਵਰਾਂਡੇ ਵਿਚ ਬੈਠਾ ਉਹ ਬੜੇ ਇਤਮੀਨਾਨ ਨਾਲ ਕਿਤਾਬ ਪੜ੍ਹ ਰਿਹਾ ਸੀ। ਜਿਵੇਂ ਇਹ ਹਸਪਤਾਲ ਨਹੀਂ, ਕੋਈ ਲਾਇਬਰੇਰੀ ਹੋਵੇ। ਨਾ ਮੱਥੇ ’ਤੇ ਕਿਸੇ ਪ੍ਰਕਾਰ ਦੀ ਚਿੰਤਾ ਦੀ ਲਕੀਰ, ਨਾ ਚਿਹਰੇ ’ਤੇ ਕੋਈ ਉਦਾਸੀ। ਚਿੱਤ ’ਚ ਵਿਚਾਰ ਉੱਭਰਿਆ- “ਹਸਪਤਾਲ ਵਿਚ ਵੀ ਭਲਾ ਕੋਈ ਕਿਤਾਬ ਪੜ੍ਹਦਾ! ਇਥੇ ਤਾਂ ਲੋਕ ਉਦਾਸ ਚਿਹਰੇ ਲੈ ਕੇ ਬੈਠੇ ਹੁੰਦੇ; ਜਾਂ ਬਿਮਾਰੀਆਂ, ਦੁੱਖਾਂ ਕਸ਼ਟਾਂ ਦੀਆਂ ਗੱਲਾਂ ਕਰਦੇ ਹੁੰਦੇ ਪਰ ਇਹ ਭਲਾਮਾਣਸ ਕਿਤਾਬ ਪੜ੍ਹ ਰਿਹੈ।’
ਮੈਂ ਉਸ ਨੂੰ ਕਿੰਨੇ ਚਿਰ ਤੋਂ ਦੇਖ ਰਿਹਾ ਸੀ। ਕਦੇ ਕਦੇ ਉਹਨੂੰ ਪੜ੍ਹਦੇ ਨੂੰ ਇੱਕ ਟਕ ਦੇਖਣ ਲੱਗ ਜਾਂਦਾ। ਸਾਧਾਰਨ ਜਿਹੇ ਨੈਣ ਨਕਸ਼ਾਂ ਤੇ ਕਰੜ ਬਰੜੀ ਦਾੜ੍ਹੀ ਵਾਲਾ ਇਹ ਬੰਦਾ ਬੜਾ ਅਜੀਬ ਤੇ ਦਿਲਚਸਪ ਲੱਗਿਆ। ਇੱਕ ਦੋ ਵਾਰ ਉਹ ਮੇਰੇ ਵੱਲ ਦੇਖ ਕੇ ਮੁਸਕਰਾਇਆ ਵੀ। ਸ਼ਾਂਤ ਚਿਹਰੇ ’ਤੇ ਅਚਾਨਕ ਆਈ ਮੁਸਕਰਾਹਟ ਨੇ ਮੈਨੂੰ ਮੰਤਰਮੁਗਧ ਕਰ ਦਿੱਤਾ। ਸੋਚਿਆ- ‘ਕਾਫੀ ਰੌਚਕ ਹੋਵੇਗਾ ਇਹ ਸ਼ਖ਼ਸ।’
ਅਚਾਨਕ ਪੜ੍ਹਦੇ ਪੜ੍ਹਦੇ ਉਹਨੇ ਆਪਣੇ ਬਸਤੇ ਵਿਚੋਂ ਡਾਇਰੀ ਕੱਢੀ ਤੇ ਉਸ ਉੱਤੇ ਕੁਝ ਲਿਖਣ ਲੱਗਿਆ। ਕਿੰਨਾ ਚਿਰ ਲਿਖੀ ਗਿਆ। ਫਿਰ ਲਿਖਣਾ ਬੰਦ ਕਰਕੇ ਦੁਬਾਰਾ ਕਿਤਾਬ ਪੜ੍ਹਣ ਲੱਗ ਪਿਆ। ਇੰਨੇ ਨੂੰ ਨਰਸ ਆਈ ਅਤੇ ਉਹਨੂੰ ਪਰਚੀ ਫੜਾਈ। ਉਹਨੇ ਕਿਤਾਬ ਦਾ ਵਰਕਾ ਮੋੜਿਆ ਤੇ ਉੱਠ ਕੇ ਫਾਰਮੇਸੀ ਦੀ ਦੁਕਾਨ ’ਤੇ ਦਵਾਈਆਂ ਲੈਣ ਚਲਾ ਗਿਆ। ਵਾਪਸ ਆ ਕੇ ਫਿਰ ਕਿਤਾਬ ਪੜ੍ਹਨ ਲੱਗ ਪਿਆ।
“ਤੁਹਾਡਾ ਇੱਥੇ ਕੌਣ ਦਾਖਲ ਹੈ?” ਮੈਥੋਂ ਉਹਦੇ ਕੋਲ ਜਾ ਕੇ ਪੁੱਛਣੋਂ ਰਿਹਾ ਨਾ ਗਿਆ। ਉਸ ਨੇ ਕਿਤਾਬ ਪੜ੍ਹਨੀ ਥਾਏਂ ਰੋਕ ਕੇ ਮੈਨੂੰ ਧਿਆਨ ਨਾਲ ਦੇਖਿਆ ਤੇ ਫਿਰ ਬੜੇ ਸ਼ਾਂਤਮਈ ਲਹਿਜ਼ੇ ਵਿਚ ਕਿਹਾ, “ਪਤਨੀ ਦਾਖਲ ਐ।”
“ਕੀ ਦਿੱਕਤ ਐ?” ਨਾਲ ਦੀ ਨਾਲ ਮੈਂ ਅਗਲਾ ਸਵਾਲ ਪੁੱਛਿਆ।
“ਬ੍ਰੇਨ ਹੈਮਰੇਜ ਹੋਇਐ।” ਉਸ ਨੇ ਬੜੇ ਸਹਿਜ ਨਾਲ ਇਉਂ ਆਖਿਆ, ਜਿਵੇਂ ਕੋਈ ਮਾਮੂਲੀ ਜਿਹਾ ਸਿਰ ਦਰਦ ਹੋਵੇ, ਜਿਸ ਨੇ ਥੋੜ੍ਹੇ ਚਿਰ ਬਾਅਦ ਹੀ ਹਟ ਜਾਣਾ ਹੋਵੇ। ਮੈਂ ਉਸ ਨਾਲ ਹੋਰ ਵੀ ਗੱਲਾਂ ਕਰਨਾ ਚਾਹੁੰਦਾ ਸੀ ਪਰ ਉਹ ਕਿਤਾਬ ਵਿਚ ਰੁੱਝ ਗਿਆ ਤੇ ਮੈਂ ਵੀ ਉਸ ਨੂੰ ਬੁਲਾਉਣਾ ਮੁਨਾਸਬਿ ਨਾ ਸਮਝਿਆ।
ਫਿਰ ਪਤਾ ਨਹੀਂ, ਉਹਦੇ ਮਨ ਵਿਚ ਕੀ ਆਇਆ, ਕਿਤਾਬ ਪਾਸੇ ਰੱਖ ਕੇ ਉਸ ਨੇ ਮੈਨੂੰ ਪੁੱਛਿਆ, “ਮੇਰੇ ਨਾਲ ਚਾਹ ਦਾ ਕੱਪ ਸਾਂਝਾ ਕਰੋਂਗੇ?”
“ਹਾਂ ਜੀ, ਹਾਂ ਜੀ। ਕਿਉਂ ਨਹੀਂ।” ਮੈਂ ਉਸ ਦੀ ਇਸ ਪੇਸ਼ਕਸ਼ ’ਤੇ ਹੈਰਾਨ ਹੋਇਆ।
ਥੋੜ੍ਹੇ ਚਿਰ ਬਾਅਦ ਸਾਡੇ ਦੋਹਾਂ ਦੇ ਹੱਥਾਂ ਵਿਚ ਚਾਹ ਦੇ ਕੱਪ ਸਨ। ਉਹ ਚਾਹ ਦੀਆਂ ਚੁਸਕੀਆਂ ਇੰਨਾ ਇਕਾਗਰ ਚਿੱਤ ਹੋ ਕੇ ਭਰ ਰਿਹਾ ਸੀ ਜਿਵੇਂ ਉਸ ਦੀ ਜਿ਼ੰਦਗੀ ਦਾ ਮਕਸਦ ਚਾਹ ਦੀਆਂ ਚੁਸਕੀਆਂ ਭਰਨਾ ਹੀ ਹੋਵੇ।
“ਤੁਹਾਡਾ ਕੌਣ ਦਾਖਲ ਹੈ?” ਉਸ ਨੇ ਚਾਹ ਦੀ ਆਖਿ਼ਰੀ ਘੁੱਟ ਮੁਕਾਉਂਦਿਆਂ ਪੁੱਛਿਆ।
“ਮੇਰੇ ਮੈਡਮ ਨੇ, ਡਿਲਿਵਰੀ ਕੇਸ ਐ।” ਸੁਣ ਕੇ ਉਹ ਚੁੱਪ ਹੋ ਗਿਆ, ਜਿਵੇਂ ਅਤੀਤ ਵਿਚ ਗੁਆਚ ਗਿਆ ਹੋਵੇ। ਫਿਰ ਥੋੜ੍ਹਾ ਰੁਕ ਕੇ ਬੋਲਿਆ, “ਨਾ ਆਏ ਦੀ ਬਾਹਲੀ ਖੁਸ਼ੀ ਕਰੀਏ, ਨਾ ਗਏ ਦਾ ਦੁੱਖ ਮਨਾਈਏ ਸੱਜਣਾ।” ਉਸ ਦੇ ਬੋਲਾਂ ’ਚ ਜਿਵੇਂ ਸੰਗੀਤ ਉਤਰ ਆਇਆ ਹੋਵੇ।
“ਤੁਹਾਨੂੰ ਡਾਕਟਰ ਸਾਬ੍ਹ ਬੁਲਾਉਂਦੇ ਨੇ।” ਨਰਸ ਨੇ ਉਹਦੇ ਕੋਲ ਆ ਕੇ ਸੁਨੇਹਾ ਲਾਇਆ। ਉਹ ਉੱਠ ਕੇ ਡਾਕਟਰ ਦੇ ਕੈਬਿਨ ਵਿਚ ਚਲਾ ਗਿਆ।
ਵਾਪਸ ਆ ਕੇ ਉਹ ਗੰਭੀਰ ਮੁਦਰਾ ਵਿਚ ਬੈਠ ਗਿਆ। ਅੱਖਾਂ ਬੰਦ ਕਰ ਲਈਆਂ। ਪੰਜ ਸੱਤ ਮਿੰਟਾਂ ਵਿਚ ਹੀ ਉਹਦਾ ਚਿਹਰਾ ਹੋਰ ਵੀ ਸ਼ਾਂਤ ਲੱਗਣ ਲੱਗਿਆ। ਕਿੰਨਾ ਹੀ ਚਿਰ ਉਹ ਇਸੇ ਹਾਲਤ ਵਿਚ ਬੈਠਾ ਰਿਹਾ। ਫਿਰ ਅਚਾਨਕ ਉਸ ਨੇ ਅੱਖਾਂ ਖੋਲ੍ਹੀਆਂ। ਡੂੰਘਾ ਸਾਹ ਭਰਿਆ। ਆਸੇ ਪਾਸੇ ਧਿਆਨ ਨਾਲ ਦੇਖਿਆ, ਜਿਵੇਂ ਗਹਿਰੀ ਨੀਂਦ ਵਿਚੋਂ ਜਾਗਿਆ ਹੋਵੇ। ਇਸ ਵਾਰ ਉਸ ਨੇ ਕਿਤਾਬ ਨਹੀਂ ਚੁੱਕੀ। ਉਂਝ ਹੀ ਬੈਠਾ ਰਿਹਾ।
“ਕਿਵੇਂ ਐ ਤੁਹਾਡੀ ਪਤਨੀ?” ਮੈਂ ਉਸ ਨਾਲ ਦੁਬਾਰਾ ਗੱਲ ਸ਼ੁਰੂ ਕੀਤੀ।
“ਦੇਖੋ…!” ਉਸ ਨੇ ਬਸ ਇੰਨਾ ਹੀ ਕਿਹਾ।
“ਦੇਖੋ ਮਤਲਬ?…”
“ਲਗਦੈ, ਪ੍ਰੀਤ ਵੀ ਜਾਊਗੀ।” ਉਹ ਸਹਿਜ ਭਾਅ ਬੋਲਿਆ।
“ਪ੍ਰੀਤ ਵੀ ਜਾਊਗੀ!… ਇਹਦਾ ਮਤਲਬ ਇਸ ਤੋਂ ਪਹਿਲਾਂ ਵੀ ਕੋਈ…।” ਤੇ ਅੱਗੇ ਮੈਥੋਂ ਬੋਲਿਆ ਨਾ ਗਿਆ ਪਰ ਉਹ ਸਮਝ ਗਿਆ, “ਛੇ ਕੁ ਮਹੀਨੇ ਪਹਿਲਾਂ ਮੇਰਾ ਇਕਲੌਤਾ ਪੁੱਤਰ ਹਾਦਸੇ ’ਚ ਪੂਰਾ ਹੋਇਐ।” ਸੁਣ ਕੇ ਮੈਨੂੰ ਜਿਵੇਂ ਕਰੰਟ ਲੱਗ ਗਿਆ ਹੋਵੇ। “ਪੁੱਤਰ! ਇਕਲੌਤਾ ਪੁੱਤਰ!!” ਮੈਂ ਉਹਦੇ ਮੂੰਹ ਵੱਲ ਬਿਟ ਬਿਟ ਦੇਖਣ ਲੱਗਿਆ।
ਖ਼ਾਮੋਸ਼ੀ ਭਾਰੂ ਪੈਣ ਲੱਗੀ ਪਰ ਉਹਨੇ ਆਪੇ ਹੀ ਤੋੜ ਦਿੱਤੀ, “ਦੇਖੋ ਦੋਸਤ, ਮੈਂ ਸਹਿਜ ਭਾਅ ਜਿਊਣ ਦਾ ਰਸਤਾ ਚੁਣਿਆ ਹੋਇਐ… ਪਰ ਕੋਈ ਬੰਦਾ ਇਹੋ ਜਿਹੀ ਔਖੀ ਘੜੀ ਵਿਚ ਸਹਿਜ ਕਿਵੇਂ ਰਹਿ ਸਕਦੈ, ਜਦੋਂ ਇਕਲੌਤਾ ਪੁੱਤਰ ਤੁਰ ਗਿਆ ਹੋਵੇ ਤੇ ਹੁਣ ਪਤਨੀ ਜਿ਼ੰਦਗੀ ਮੌਤ ਦੀ ਲੜਾਈ ਲੜ ਰਹੀ ਹੋਵੇ… ਉਂਝ,&ਨਬਸਪ; ਮੇਰੇ ਅਸਹਿਜ ਹੋਣ ਨਾਲ ਤਾਂ ਕੋਈ ਫਰਕ ਨਹੀਂ ਪੈਣਾ।”
“ਇਹਦਾ ਮਤਲਬ ਬੰਦਾ ਕੋਈ ਯਤਨ ਵੀ ਨਾ ਕਰੇ?” ਮੈਂ ਸਵਾਲ ਉਠਾਇਆ।
“ਮੈਂ ਕਦ ਕਹਿੰਨਾ ਬੰਦਾ ਯਤਨ ਨਾ ਕਰੇ ਪਰ ਨਤੀਜਾ ਜੋ ਵੀ ਆਵੇ, ਉਹਨੂੰ ਖਿੜੇ ਮੱਥੇ ਮੰਨੇ।”
ਮਲਟੀਸਪੈਸ਼ਲਿਟੀ ਹਸਪਤਾਲ ਦੇ ਵਰਾਂਡੇ ਦੇ ਕੋਨੇ ਵਿਚ ਇਸ ਅਜਨਬੀ ਦੀਆਂ ਗੱਲਾਂ ਮੈਂ ਪਤਾ ਨਹੀਂ ਕਿੰਨਾ ਚਿਰ ਹੋਰ ਸੁਣਦਾ ਰਹਿੰਦਾ ਕਿ ਜੱਚਾ ਬੱਚਾ ਕੇਂਦਰ ਤੋਂ ਮੇਰੇ ਨਾਂ ਦੀ ਆਵਾਜ਼ ਪਈ ਤੇ ਮੈਂ ਉੱਠ ਕੇ ਚਲਾ ਗਿਆ।
ਪਤਨੀ ਦੀਆਂ ਜਣੇਪਾ ਪੀੜਾਂ ਸ਼ੁਰੂ ਹੋ ਚੁੱਕੀਆਂ ਸਨ। ਮੈਂ ਬੈਂਚ ’ਤੇ ਬੈਠ ਕੇ ਨਵੇਂ ਜੀਅ ਦੀ ਉਡੀਕ ਕਰਨ ਲੱਗਾ। ਉਂਝ ਮੇਰੇ ਮਨ ਦਾ ਕੁਝ ਹਿੱਸਾ ਉਸ ਅਜਨਬੀ ਦੀਆਂ ਗੱਲਾਂ ਖੁਰਚਣ ਵਿਚ ਵੀ ਲੱਗਿਆ ਹੋਇਆ ਸੀ। ਥੋੜ੍ਹੇ ਚਿਰ ਬਾਅਦ ਨਰਸ ਬਾਹਰ ਆਈ। ਮੈਂ ਪੁੱਤਰ ਦਾ ਬਾਪ ਬਣ ਗਿਆ ਸੀ।
ਦੱਸਣ ਲਈ ਮੈਂ ਉਸ ਅਜਨਬੀ ਵੱਲ ਗਿਆ ਪਰ ਉਹ ਉੱਥੇ ਨਹੀਂ ਸੀ। ਉਸ ਦੀ ਕਿਤਾਬ ਉੱਥੇ ਪਈ ਸੀ। ਮੈਂ ਉੱਥੇ ਬੈਠ ਕੇ ਉਹਨੂੰ ਉਡੀਕਣ ਲੱਗਿਆ। ਲਗਪਭਗ ਅੱਧੇ ਘੰਟੇ ਦੇ ਕਰੀਬ ਉਹ ਐਮਰਜੈਂਸੀ ਵਿਭਾਗ ਵੱਲੋਂ ਆ ਰਿਹਾ ਸੀ।
ਮੈਂ ਉੱਠ ਕੇ ਉਸ ਨੂੰ ਪੁੱਤਰ ਬਾਰੇ ਦੱਸਿਆ। ਉਹ ਬੜੇ ਖ਼ਾਸ ਅੰਦਾਜ਼ ਵਿਚ ਬੋਲਿਆ, “ਧਰਤੀ ’ਤੇ ਆਏ ਨਵੇਂ ਮਹਿਮਾਨ ਲਈ ਵਧਾਈਆਂ।”
“ਤੁਹਾਡੀ ਪਤਨੀ ਵੀ ਛੇਤੀ ਰਾਜ਼ੀ ਹੋਵੇ।” ਮੇਰੇ ਮੁੱਖੋਂ ਸਹਿਜ ਭਾਅ ਨਿੱਕਲਿਆ। ਉਹ ਮੇਰੇ ਵੱਲ ਝਾਕਿਆ। ਖ਼ਾਸ ਅੰਦਾਜ਼ ਵਿਚ ਸਿਰ ਹਿਲਾਇਆ ਤੇ ਮੇਰੇ ’ਤੇ ਭਰਵੀਂ ਨਿਗ੍ਹਾ ਸੁੱਟਦਿਆਂ ਬੋਲਿਆ, “ਉਹ ਤਾਂ ਲੰਮੇ ਸਫ਼ਰ ਲਈ ਵਿਦਾ ਹੋ ਗਏ ਨੇ।”
“ਲੰਮੇ ਸਫ਼ਰ ’ਤੇ!” ਮੈਂ ਸਮਝ ਤਾਂ ਗਿਆ ਸਾਂ, ਫਿਰ ਵੀ ਮੇਰੇ ਮੂੰਹੋਂ ਇਹ ਸ਼ਬਦ ਨਿੱਕਲ ਗਏ। ਹੁਣ ਮੇਰੇ ਹੱਥ ਜੁੜ ਗਏ ਸਨ। ਮੈਂ ਉਹਦੇ ਪੈਰਾਂ ਵੱਲ ਧਾਇਆ ਤੇ ਉਸ ਅੱਧ ਵਿਚਾਲਿਉਂ ਰੋਕ ਮੈਨੂੰ ਕਲਾਵੇ ‘ਚ ਭਰ ਲਿਆ।
ਸੰਪਰਕ: 94174-48436