ਨਰਿੰਦਰ ਪਾਲ ਸਿੰਘ ਜਗਦਿਓ
ਕੁਝ ਸਮਾਂ ਪਹਿਲਾਂ ਈਮੇਲ ਆਈ ਜਿਸ ਵਿਚ ਗੂਗਲ ਵਾਲਿਆਂ ਨੇ ਦੱਸਿਆ ਕਿ 2021 ਵਿਚ ਮੈਂ ਕੁੱਲ ਦੁਨੀਆ ਦੇ 40 ਫੀਸਦੀ ਹਿੱਸੇ ਜਿੰਨਾ ਸਫ਼ਰ (ਸੈਰ ਨਹੀਂ) ਕੀਤਾ ਹੈ; ਭਾਵ, 16 ਹਜ਼ਾਰ ਕਿਲੋਮੀਟਰ ਤੋਂ ਵੀ ਜ਼ਿਆਦਾ (ਪੂਰੀ ਦੁਨੀਆ ਦਾ ਘੇਰਾ 40 ਹਜ਼ਾਰ ਕਿਲੋਮੀਟਰ ਹੈ)। ਇਸ ਬਾਰੇ ਕਾਫੀ ਵਿਸਥਾਰ ਵਿਚ ਤਸਵੀਰਾਂ/ਗ੍ਰਾਫ ਸਮੇਤ ਜਾਣਕਾਰੀ ਭੇਜੀ ਗਈ ਸੀ। ਦਰਅਸਲ ਸੈੱਲ ਫੋਨ ਹਰ ਵੇਲੇ ਸਾਡੇ ਸਭਨਾਂ ਕੋਲ ਹੁੰਦਾ ਹੈ, ਤੇ ਬਹੁਤਿਆਂ ਦਾ ਇੰਟਰਨੈੱਟ ਹਰ ਵੇਲੇ ਚੱਲਦਾ ਹੁੰਦਾ ਹੈ, ਇਸ ਲਈ ਜਿੱਥੇ ਜਿੱਥੇ ਜਦੋਂ ਜਦੋਂ ਵੀ ਅਸੀਂ ਜਾਂਦੇ ਹਾਂ, ਸਾਰੀ ਜਾਣਕਾਰੀ ਮਨਸੂਈ ਗਿਆਨ (ਆਰਟੀਫੀਸ਼ੀਅਲ ਇੰਟੈਲੀਜੈਂਸ) ਰਾਹੀਂ ਗੂਗਲ ਸਾਫਟਵੇਅਰ ਰਿਕਾਰਡ ਕਰਦਾ ਰਹਿੰਦਾ ਹੈ।
16 ਹਜ਼ਾਰ ਕਿਲੋਮੀਟਰ ਤੋਂ ਵੀ ਜ਼ਿਆਦਾ ਘੁੰਮਣਾ! ਪੜ੍ਹਨ-ਸਣਨ ਨੂੰ ਤਾਂ ਇਹ ਬਹੁਤ ਰੋਮਾਂਚਕ ਲੱਗਦਾ ਹੈ। ਲੱਗਦੈ, ਕਿੰਨੇ ਹੀ ਮੁਲਕ, ਸ਼ਹਿਰ, ਥਾਵਾਂ ਤੇ ਪਤਾ ਨਹੀਂ ਕੀ ਕੀ ਘੁੰਮ ਮਾਰਿਆ। ਹਕੀਕਤ ਇਹ ਹੈ ਕਿ ਅਜੇ ਤੱਕ ਪੂਰਾ ਪੰਜਾਬ ਵੀ ਨਹੀਂ ਦੇਖ ਹੋਇਆ। ਮੈਂ ਤੇ ਮੇਰੇ ਸਾਥੀਆਂ ਨੇ ਕਿੰਨੀ ਵਾਰੀ ਪੰਜਾਬ ਘੁੰਮਣ ਦਾ ਪ੍ਰੋਗਰਾਮ ਬਣਾਇਆ ਪਰ ਨੌਕਰੀ ਦੇ ਗਧੀਗੇੜ ਵਿਚ ਅਜਿਹਾ ਫਸੇ ਪਏ ਹਾਂ ਕਿ ਸਵੇਰੇ ਘਰ ਤੋਂ ਨਿਕਲੀਦਾ ਕੰਮ `ਤੇ, ਤੇ ਸ਼ਾਮ ਨੂੰ ਕੰਮ ਤੋਂ ਘਰਾਂ ਨੂੰ ਪਰਤ ਆਈਦਾ। ਛੁੱਟੀ ਵਾਲੇ ਦਿਨ ਘਰ ਦੇ ਕੰਮਾਂ ਅਤੇ ਸੁਸਤਾਉਣ ਤੋਂ ਹੀ ਵਿਹਲ ਨਹੀਂ ਮਿਲਦੀ। ਬਹੁਤਾ ਸਮਾਂ ਕਾਰ ਖੰਨੇ ਤੋਂ ਚੰਡੀਗੜ੍ਹ ਦੀਆਂ ਸੜਕਾਂ `ਤੇ ਹੀ ਰਹਿੰਦੀ ਏ, ਤੇ ਇਹ 16 ਹਜ਼ਾਰ ਕਿਲੋਮੀਟਰ ਵੀ ਜ਼ਿਆਦਾਤਰ ਮੇਰੇ ਸ਼ਹਿਰ ਖੰਨੇ ਤੋਂ ਨੌਕਰੀ ਵਾਲੀ ਥਾਂ ਚੰਡੀਗੜ੍ਹ ਦੇ ਗੇੜਿਆਂ ਦੀ ਹੀ ਇਕ ਸਾਲ ਦੀ ਗਿਣਤੀ-ਮਿਣਤੀ ਹੈ। ਉਂਝ ਵੀ 2 ਸਾਲ ਤੋਂ ਸਫ਼ਰਾਂ ’ਤੇ ਹੀ ਹਾਂ, ਕਰੋਨਾ ਨੇ ਸੈਰਾਂ ਦਾ ਮੌਕਾ ਹੀ ਨਹੀਂ ਦਿੱਤਾ।
ਵੈਸੇ ਸੈਰ-ਸਪਾਟੇ ਦਾ ਕਾਫੀ ਸ਼ੌਕ ਹੈ। ਆਮ, ਖਾਸ, ਇਤਿਹਾਸਕ, ਧਾਰਮਿਕ, ਰੌਚਕ ਅਤੇ ਵਿਲੱਖਣ ਥਾਵਾਂ ਦੇਖਣ ਦਾ ਜਦੋਂ ਵੀ ਮੌਕਾ ਮਿਲਦਾ ਹੈ, ਜ਼ਰੂਰ ਜਾਈਦਾ। ਘੁੰਮਣ-ਫਿਰਨ ਦੇ ਇਸ ਸ਼ੌਂਕ ਤਹਿਤ ਹੀ ਯੂਟਿਊਬ ’ਤੇ ‘ਪੰਜਾਬੀ ਟਰੈਵਲਰ’ ਚੈਨਲ ਸ਼ੁਰੂ ਕੀਤਾ ਪਰ ਕਰੋਨਾ ਕਰਕੇ ਬਹੁਤ ਸਾਰੀਆਂ ਸਕੀਮਾਂ ਅਮਲ `ਚ ਹੀ ਨਹੀਂ ਆ ਰਹੀਆਂ। ਖੈਰ, ਕਿਸੇ ਜਗ੍ਹਾਂ ਦੀ ਸੈਰ ਕਰਨੀ ਹੈ ਤਾਂ ਉੱਥੇ ਅੱਪੜਨ ਲਈ ਸਫ਼ਰ ਕਰਨਾ ਪਹਿਲੀ ਸ਼ਰਤ ਹੁੰਦੀ ਹੈ। ਬਿਨਾਂ ਸਫ਼ਰ ਦੇ ਸੈਰ-ਸਪਾਟਾ ਨਹੀਂ ਕੀਤਾ ਜਾ ਸਕਦਾ। ਸਿਰਫ ਸਫ਼ਰ ਕਰਨ ਨੂੰ ਵੀ ਸੈਰ-ਸਪਾਟੇ ਦਾ ਨਾਂ ਨਹੀਂ ਦਿੱਤਾ ਜਾ ਸਕਦਾ। ਹਾਂ, ਕਿਤੇ ਘੁੰਮਣ-ਫਿਰਨ ਲਈ ਜਾਣ ਵੇਲੇ ਕੀਤੇ ਸਫ਼ਰ ਦਾ ਆਪਣਾ ਆਨੰਦ ਹੋ ਸਕਦਾ ਹੈ।
ਜਦੋਂ ਸਫ਼ਰ ਅਤੇ ਸੈਰ ਇਕੱਠੇ ਹੋ ਜਾਣ ਤਾਂ ਮਨੁੱਖ ਊਰਜਾ ਨਾਲ ਭਰਿਆ ਮਹਿਸੂਸ ਕਰਦਾ ਹੈ। ਸੈਰ ਸਫ਼ਰ ਦਾ ਆਪਣਾ ਹੀ ਨਜ਼ਾਰਾ ਤੇ ਆਨੰਦ ਹੈ। ਸੈਰ-ਸਪਾਟੇ ਵਾਲੀ ਮੰਜ਼ਿਲ ’ਤੇ ਪੁੱਜ ਕੇ ਸਫ਼ਰ ਦੀ ਸਾਰੀ ਥਕਾਵਟ ਪਲਾਂ ਵਿਚ ਦੂਰ ਹੋ ਜਾਂਦੀ ਹੈ। 2019 ਵਿਚ ਕਜ਼ਾਕਿਸਤਾਨ ਗਿਆ ਸੀ। ਰਾਤ ਨੂੰ ਦਿੱਲੀ ਪੁੱਜ ਗਿਆ, ਦੂਜੇ ਦਿਨ ਸਵਖਤੇ ਹੀ ਏਅਰਪੋਰਟ ਤੋਂ ਜਹਾਜ਼ ਲੈ ਕੇ ਦੁਪਹਿਰੇ 12 ਵੱਜਦੇ ਨੂੰ ਕਜ਼ਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਅਲਮਾਟੀ ਵਿਚ ਸੀ। ਪਹਾੜਾਂ ਦੇ ਪੈਰਾਂ ਵਿਚ ਵਸੇ ਅਲਮਾਟੀ ਦੀ ਖੂਬਸੂਰਤੀ ਦੇਖ ਕੇ ਦੋ ਦਿਨਾਂ ਦੀ ਥਕਾਵਟ ਪਲਾਂ ਵਿਚ ਹੀ ਉੱਡ-ਪੁੱਡ ਗਈ। ਇਕ ਵੱਜਦੇ ਨੂੰ ਸ਼ਹਿਰ ਦੀਆਂ ਸੜਕਾਂ ’ਤੇ ਬਹੁਤ ਆਰਾਮ ਨਾਲ ਬਿਨਾਂ ਕਿਸੇ ਥਕਾਵਟ ਦੇ ਘੁੰਮ ਰਿਹਾ ਸੀ।
ਇਕ ਗੱਲ ਹੋਰ। ਘੁਮੱਕੜ ਹੋਣ ਲਈ ਸਿਰਫ ਜੇਬ ਦਾ ਭਾਰੀ ਹੋਣਾ ਜ਼ਰੂਰੀ ਨਹੀਂ ਹੁੰਦਾ, ਕਾਇਆ ਤੰਦਰੁਸਤ ਹੋਣੀ ਵੱਧ ਜ਼ਰੂਰੀ ਹੈ। ਅਲਮਾਟੀ ਵਿਚ ਪਬਲਿਕ ਟਰਾਂਸਪੋਰਟ ਦੇ ਨਾਂ `ਤੇ ਸਿਰਫ ਬੱਸਾਂ ਅਤੇ ਮੈਟਰੋ ਰੇਲ ਹੈ। ਹੋਰਨਾਂ ਮੁਲਕਾਂ ਵਾਂਗ ਰਿਕਸ਼ੇ ਅਤੇ ਥ੍ਰੀ ਵ੍ਹੀਲਰ ਨਹੀਂ ਚੱਲਦੇ। ਟੈਕਸੀਆਂ ਵੀ ਕਿਤੇ ਨਹੀਂ ਦਿਸੀਆਂ। ਬੱਸਾਂ ਵਿਚ ਸਫ਼ਰ ਕਰਨਾ ਸੌਖਾ ਤੇ ਸਸਤਾ ਹੈ ਪਰ ਭਾਸ਼ਾ ਦੀ ਦਿੱਕਤ ਕਰਕੇ ਪਤਾ ਹੀ ਨਹੀਂ ਲੱਗਦਾ ਕਿ ਬੱਸ ਕਿਹੜੇ ਰੂਟ ਦੀ ਹੈ ਤੇ ਕਿੱਧਰ ਜਾ ਰਹੀ ਹੈ। 99 ਫੀਸਦੀ ਲੋਕਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਨਾ ਕਿਤੇ ਅੰਗਰੇਜ਼ੀ ਲਿਖੀ ਦਿਸਦੀ ਹੈ। ਮੈਟਰੋ ਰੇਲ ਠੀਕ ਹੈ ਪਰ ਘੁਮੱਕੜੀ ਵਾਲੇ ਨਜ਼ਰੀਏ ਤੋਂ ਬਹੁਤੀ ਫਿੱਟ ਨਹੀਂ ਬੈਠਦੀ।
ਅਲਮਾਟੀ ਵਿਚ ਘੁੰਮਣ-ਫਿਰਨ ਤੇ ਸੈਰ-ਸਪਾਟੇ ਲਈ ਕੁੱਲ ਡੇਢ ਦਿਨ ਸੀ, ਇਸ ਤੋਂ ਬਾਅਦ ਮੈਂ ਇੰਗਲੈਂਡ ਜਾਣਾ ਸੀ। ਜੇਬ ਵਿਚ ਪੈਸੇ ਸੀ, ਘੁੰਮਣ ਵਾਲੀਆਂ ਥਾਵਾਂ ਦੀ ਸੂਚੀ ਵੀ ਸੀ ਪਰ ਜਾਣ ਲਈ ਕੋਈ ਸਾਧਨ ਨਹੀਂ ਬਣ ਰਿਹਾ ਸੀ। ਹੋਟਲ ਤੋਂ ਟੈਕਸੀ ਪਤਾ ਕੀਤੀ ਤਾਂ ਉਹ ਕੁਝ ਕੁ ਥਾਵਾਂ ਦੇ ਹੀ ਕਾਫੀ ਪੈਸੇ ਮੰਗ ਰਹੇ ਸੀ। ਫੇਰ ਕੀ, ਡੇਢ ਦਿਨ ਤੁਰ-ਫਿਰ ਕੇ ਹੀ ਸਾਰਾ ਸ਼ਹਿਰ ਗਾਹ ਮਾਰਿਆ। ਗੂਗਲ ਮੈਪ ਨੇ ਵਾਹਵਾ ਮਦਦ ਕੀਤੀ, ਇਸ ਦੇ ਹਿਸਾਬ ਨਾਲ ਤੁਰ-ਫਿਰ ਕੇ ਥਾਵਾਂ ਦੇਖਦਾ ਰਿਹਾ। 29 ਹਜ਼ਾਰ ਤੋਂ ਜ਼ਿਆਦਾ ਕਦਮਾਂ ਨਾਲ ਪੂਰਾ ਸ਼ਹਿਰ ਮਾਪ ਛੱਡਿਆ। ਮੋਬਾਈਲ ਐਪਸ ਦੇ ਹਿਸਾਬ ਨਾਲ ਇਹ ਸਫ਼ਰ 23 ਤੋਂ 27 ਕਿਲੋਮੀਟਰ ਬਣਦਾ ਹੈ।
ਸੈਰ-ਸਪਾਟੇ ਲਈ ਕੀਤਾ ਸਫ਼ਰ ਭੋਰਾ ਵੀ ਦੁਖਦਾ ਨਹੀਂ। ਇਹੀ ਸਫ਼ਰ ਜੇ ਕਿਸੇ ਬੋਰ ਰਿਸ਼ਤੇਦਾਰੀ ’ਚ ਜਾਣ ਲਈ ਕਰਨਾ ਪੈਂਦਾ ਤਾਂ ਦੋ ਦਿਨ ਸਰੀਰ ਤਾਬ ਨਹੀਂ ਆਉਣਾ ਸੀ। ਮਨੁੱਖੀ ਜ਼ਿੰਦਗੀ ਵਿਚ ਸੈਰ-ਸਫ਼ਰ ਦੀਆਂ ਵਿਸ਼ੇਸ਼ਤਾਵਾਂ ਬਾਰੇ ਬਹੁਤ ਸਾਰੀਆਂ ਚੰਗੀਆਂ ਗੱਲਾਂ, ਫਿਲਾਸਫੀਆਂ, ਨਜ਼ਰੀਏ ਅਤੇ ਵਿਚਾਰ ਪੇਸ਼ ਕੀਤੇ ਪਏ ਹਨ। ਸਾਡੀ ਸਭ ਤੋਂ ਵੱਡੀ ਉਦਾਹਰਨ ਤਾਂ ਬਾਬਾ ਨਾਨਕ ਹੈ ਜਿਨ੍ਹਾਂ ਦੇ ਕੀਤੇ ਸਫ਼ਰ (ਉਦਾਸੀਆਂ) ਨੇ ਮਨੁੱਖਤਾ ਨੂੰ ਨਵੀਂ ਰਾਹ ਤੇ ਰੌਸ਼ਨੀ ਦਿਖਾਈ। ਸ਼ਾਲਾ! ਸਫ਼ਰ ’ਤੇ ਰਹਿਣ ਵਾਲਿਆਂ ਨੂੰ ਸੈਰਾਂ ਦਾ ਮੌਕਾ ਵੀ ਮਿਲਦਾ ਰਹੇ!
ਸੰਪਰਕ: 97802-16767