15 ਨਵੰਬਰ 1943 ਨੂੰ ਕੁਲਵੰਤ ਕੌਰ ਅਤੇ ਪਰੇਮ ਸਿੰਘ ਦੇ ਘਰ ਮੰਡੀ ਬਹਾਊਦੀਨ, ਜ਼ਿਲਾ ਗੁਜਰਾਤ (ਹੁਣ ਪਾਕਿਸਤਾਨ) ਵਿਚ ਜਨਮੇ ਡਾ. ਕੁਲਦੀਪ ਸਿੰਘ ਧੀਰ ਵਿਗਿਆਨ, ਧਰਮ ਅਤੇ ਸਾਹਿਤ ਦੀ ਤ੍ਰਿਵੈਣੀ ਸਨ। ਉਹ ਬੁਨਿਆਦੀ ਤੌਰ ਤੇ ਵਿਗਿਆਨੀ ਸਨ। ਉਨ੍ਹਾਂ ਨੇ ਗ੍ਰੈਜੂਏਟ ਡਿਗਰੀ ਥਾਪਰ ਇੰਸੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਤੋਂ ਮਕੈਨੀਕਲ ਇੰਜਨੀਅਰਿੰਗ ਵਿਚ ਕੀਤੀ। ਇਸ ਤੋਂ ਬਾਅਦ ਇਨ੍ਹਾਂ ਨੇ ਇੰਜਨੀਅਰਿੰਗ ਇੰਸੀਚਿਊਟ ਆਫ ਅਪਲਾਈਡ ਮੈਨ ਪਾਵਰ ਰਿਸਰਚ ਵਿਚ ਰਿਸਰਚ ਇਨਵੈਸਟੀਗੇਟਰ ਅਤੇ ਐਗਰੀਕਲਚਰ ਯੂਨੀਵਰਸਿਟੀ ਨੈਨੀਤਾਲ ਵਿਚ ਅਸਿਸਟੈਂਟ ਪ੍ਰੋਫੈਸਰ ਵਜੋਂ ਅਤੇ ਰਾਜਸਥਾਨ ਦੇ ਇੰਡਸਟਰੀ ਵਿਭਾਗ ਵਿਚ ਟੈਕਨੀਕਲ ਅਫਸਰ ਵਜੋਂ ਕੰਮ ਕੀਤਾ। ਅਖੀਰ ਉਹ ਪਹਿਲਾਂ ਮਾਧਿਅਮ ਪਰਿਵਰਤਨ ਸਕੀਮ ਅਧੀਨ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਉਂਤ ਵਿਕਾਸ ਵਿਭਾਗ ਵਿਚ ਅਸਿਸਟੈਂਟ ਡਿਵੈਲਪਮੈਂਟ ਅਫਸਰ ਵਜੋਂ ਨਿਯੁਕਤ ਹੋਏ ਅਤੇ ਬਾਅਦ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿਚ ਹੀ ਲੈਕਚਰਾਰ, ਰੀਡਰ, ਪ੍ਰੋਫੈਸਰ ਅਤੇ ਮੁਖੀ ਬਣੇ। ਇਸੇ ਯੂਨੀਵਰਸਿਟੀ ਵਿਚ ਹੀ ਉਹ ਡੀਨ, ਭਾਸ਼ਾਵਾਂ ਅਤੇ ਡੀਨ, ਅਕਾਦਮਿਕ ਮਾਮਲੇ ਦੀ ਸਰਵ ਉਚ ਪਦਵੀ ਤੇ ਬਿਰਾਜਮਾਨ ਰਹੇ। ਪੰਜਾਬੀ ਯੂਨੀਵਰਸਿਟੀ ਆ ਕੇ ਹੀ ਉਨ੍ਹਾਂ ਨੇ ਐੱਮਏ ਪੰਜਾਬੀ ਕੀਤੀ ਅਤੇ ਨਾਟਕ ਦੀ ਸਾਹਿਤਕ ਵਿਧਾ ਉਪਰ ਖੋਜ ਕਰ ਕੇ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਸਾਹਿਤ ਅਧਿਆਪਨ, ਸਾਹਿਤਕ ਖੋਜ, ਸਾਹਿਤ ਆਲੋਚਨਾ ਤੋਂ ਇਲਾਵਾ ਪ੍ਰਬੰਧਕੀ ਜ਼ਿੰਮੇਵਾਰੀਆਂ ਨਿਭਾਈਆਂ। ਆਪਣੇ ਲੰਮੇ ਬੇਦਾਗ ਪ੍ਰਬੰਧਕੀ ਅਤੇ ਅਕਾਦਮਿਕ ਕੈਰੀਅਰ ਦੌਰਾਨ ਸਾਹਿਤ ਆਲੋਚਨਾ, ਸਾਹਿਤ ਸਿਧਾਂਤ, ਸਿੱਖ ਧਰਮ, ਸਿੱਖ ਇਤਿਹਾਸ ਜਿਹਿਆਂ ਵਿਸ਼ਿਆਂ ਤੋਂ ਇਲਾਵਾ ਵਿਗਿਆਨ ਦੇ ਵਿਸ਼ਿਆਂ ਉਪਰ ਲਿਖਿਆ।
ਧੀਰ ਨੇ ਕੇਵਲ ਉਚੇਰੀ ਸਿੱਖਿਆ ਲਈ ਪਾਠ ਪੁਸਤਕਾਂ ਹੀ ਨਹੀਂ ਲਿਖੀਆਂ ਸਗੋਂ ਵਿਗਿਆਨ ਦੀਆਂ ਸੁੱਖ ਸਹੂਲਤਾਂ ਵਾਲੀਆਂ ਕਾਢਾਂ ਅਤੇ ਨਵੀਆਂ ਖੋਜਾਂ ਨੂੰ ਬੱਚਿਆਂ ਦੀ ਪੱਧਰ ਉਪਰ ਸਮਝਣ/ਸਮਝਾਉਣ ਲਈ ਵੀ ਲਿਖਿਆ। ਇਨ੍ਹਾਂ ਪੁਸਤਕਾਂ ਵਿਚੋਂ ਰੇਲਵੇ ਇੰਜਨ, ਜਲ-ਮਿਲਿਆ ਪਰਮੇਸ਼ਰ ਮਿਲਿਆ, ਰੈਫਰੀਜਰੇਟਰ, ਕੰਪਿਊਟਰ ਆਦਿ ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪੀਆਂ ਹਨ। ਇਹ ਪੁਸਤਕਾਂ ਕੇਵਲ ਵਿਗਿਆਨ ਦੀ ਜਾਣਕਾਰੀ ਦਿੰਦਿਆ ਮਨੋਰੰਜਨ ਹੀ ਨਹੀਂ ਕਰਦੀਆਂ ਸਗੋਂ ਇਹ ਪਾਠਕ ਦੇ ਜੀਵਨ ਦ੍ਰਿਸ਼ਟੀਕੋਣ ਨੂੰ ਵੀ ਵਿਗਿਆਨਕ ਬਣਾਉਂਦੀਆਂ ਹਨ। ਉਨ੍ਹਾਂ ਕੋਲ ਵਿਦਿਆਰਥੀਆਂ ਦੇ ਹਾਣ ਦੀ ਸ਼ਬਦਾਵਲੀ ਅਤੇ ਸ਼ੈਲੀ ਸੀ ਜਿਸ ਨਾਲ ਉਹ ਉਚ-ਪੱਧਰ ਦੇ ਵਿਗਿਆਨਕ ਸੰਕਲਪਾਂ ਅਤੇ ਤਕਨੀਕੀ ਗਿਆਨ ਨੂੰ ਸਮਝਾਉਣ ਦੇ ਸਮਰੱਥ ਹੁੰਦੇ ਸਨ।
ਡਾ. ਧੀਰ ਦੀ ਵਿਗਿਆਨ ਸਾਹਿਤ ਨੂੰ ਮੁੱਖ ਦੇਣ ਕੇਵਲ ਵਿਗਿਆਨ ਦੀ ਉਚੇਰੀ ਸਿੱਖਿਆ ਲਈ ਪਾਠ-ਪੁਸਤਕਾਂ ਲਿਖਣ ਜਾਂ ਬੱਚਿਆਂ ਲਈ ਵਿਗਿਆਨਕ ਕਾਢਾਂ ਬਾਰੇ ਪੁਸਤਕਾਂ ਲਿਖਣ ਤਕ ਸੀਮਤ ਨਹੀਂ ਹੈ ਸਗੋਂ ਉਨ੍ਹਾਂ ਨੇ ਵਿਗਿਆਨ ਤੇ ਤਕਨੀਕੀ ਗਿਆਨ ਨੂੰ ਆਮ ਲੋਕਾਂ ਵਿਚ ਪ੍ਰਚੱਲਤ ਕਰਨ ਲਈ ਆਮ ਲੋਕਾਂ ਦੀ ਦਿਲਚਸਪੀ ਵਾਲਿਆਂ ਵਿਸ਼ਿਆਂ ਉਪਰ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਵੀ ਵੱਡੀ ਪੱਧਰ ਤੇ ਲਿਖਿਆ ਹੈ। ਉਨ੍ਹਾਂ ਦੇ ਅਜਿਹੇ ਲੇਖਾਂ ਦੀਆਂ ਪੁਸਤਕਾਂ ਵਿਚ ਕਹਾਣੀ ਐਟਮ ਬੰਬ ਦੀ, ਨਵੀਆਂ ਧਰਤੀਆਂ, ਨਵੇਂ ਅਕਾਸ਼, ਜਹਾਜ਼, ਰਾਕਟ ਤੇ ਉਪ-ਗ੍ਰਹਿ, ਧਰਤ ਅੰਬਰ ਦੀਆਂ ਬਾਤਾਂ, ਤਾਰਿਆ ਵੇ ਤੇਰੀ ਲੋਅ, ਆਦਮ ਮਨੁੱਖ ਤੋਂ ਸਟੀਫਨ ਹਾਕਿੰਗ ਤਕ, ਇਹ ਵਚਿੱਤਰ ਬ੍ਰਹਿਮੰਡ, ਆ ਮਾਰ ਉਡਾਰੀ ਚੱਲੀਏ ਆਦਿ ਮੁੱਖ ਹਨ। ਇਨ੍ਹਾਂ ਪੁਸਤਕਾਂ ਰਾਹੀਂ ਉਨ੍ਹਾਂ ਨੇ ਨਾ ਕੇਵਲ ਗਿਆਨ-ਵਿਗਿਆਨ ਵਿਚ ਬਿਲਕੁਲ ਨਵੇਂ ਪ੍ਰਯੋਗਾਂ, ਸੰਕਲਪਾਂ ਅਤੇ ਨਵੀਆਂ ਕਾਢਾਂ ਨੂੰ ਆਮ ਲੋਕਾਂ ਨਾਲ ਸਾਂਝਾ ਕੀਤਾ ਹੈ ਸਗੋਂ ਉਨ੍ਹਾਂ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਨਾਲ ਆਮ ਲੋਕਾਂ ਉਤੇ ਪੈ ਰਹੇ ਪ੍ਰਭਾਵਾਂ ਨੂੰ ਅਤੇ ਇਨ੍ਹਾਂ ਪ੍ਰਭਾਵਾਂ ਦੇ ਫਲਸਰੂਪ ਪੈਦਾ ਹੋ ਰਹੀਆਂ ਨਵੀਆਂ ਸਮੱਸਿਆਵਾਂ ਬਾਰੇ ਵੀ ਚੇਤਨ ਕੀਤਾ ਹੈ। ਉਨ੍ਹਾਂ ਪੰਜਾਬੀ ਵਿਗਿਆਨ ਸਾਹਿਤ ਨੂੰ ਆਮ ਲੋਕਾਂ ਵਿਚ ਹਰਮਨ ਪਿਆਰਾ ਕਰਨ ਦੇ ਨਾਲ ਨਾਲ ਨਵੀਆਂ ਸਮੱਸਿਆਵਾਂ ਤੋਂ ਵੀ ਚੇਤਨ ਕੀਤਾ ਹੈ।
ਬਹੁਤ ਸਾਰੇ ਵਿਗਿਆਨੀਆਂ ਦੇ ਉਲਟ ਡਾ. ਕੁਲਦੀਪ ਸਿੰਘ ਧੀਰ ਨਾਸਤਕ ਨਹੀਂ ਸਨ ਸਗੋਂ ਉਨ੍ਹਾਂ ਦਾ ਸਿੱਖ ਧਰਮ ਵਿਚ ਵਿਸ਼ਵਾਸ ਸੀ ਪਰ ਇਹ ਵਿਸ਼ਵਾਸ ਕਿਸੇ ਅਗਿਆਨਤਾ ਵਿਚੋਂ ਪੈਦਾ ਨਹੀਂ ਹੋਇਆ ਸਗੋਂ ਇਹ ਇਤਿਹਾਸਕ ਸੰਸਕਾਰਾਂ ਨੂੰ ਵਿਗਿਆਨ ਦੇ ਨਾਲੋ-ਨਾਲ ਸਹਿਜਤਾ ਸਹਿਤ ਅੰਗੀਕਾਰ ਕਰਨ ਤੋਂ ਬਣਿਆ। ਉਂਜ ਵੀ, ਉਨ੍ਹਾਂ ਦਾ ਵਿਗਿਆਨ ਅਤੇ ਧਰਮ ਬਾਰੇ ਗਿਆਨ ਉਸ ਪੜਾਅ ਤੇ ਪਹੁੰਚ ਗਿਆ ਸੀ ਜਿੱਥੇ ਆਸਤਕਤਾ/ਨਾਸਤਕਤਾ ਦਾ ਪ੍ਰਸ਼ਨ ਖਤਮ ਹੋ ਜਾਂਦਾ ਹੈ। ਉਸ ਲਈ ਰੱਬ ਕੋਈ ਸੱਤ ਅਸਮਾਨੀਂ ਬੈਠਾ ਵਿਅਕਤੀ ਵਿਸ਼ੇਸ਼ ਜਾਂ ਕਿਸੇ ਵਿਸ਼ੇਸ਼ ਧਰਮ ਸਥਾਨ ਵਿਚ ਸਥਿਤ ਨਹੀਂ ਹੈ ਸਗੋਂ ਇਹ ਸਮੁੱਚੇ ਬ੍ਰਹਿਮੰਡ ਅੰਦਰ ਵਿਆਪ ਰਹੇ ਵਰਤਾਰਿਆਂ ਦਾ ਵਿਸਮਾਦੀ ਰੂਪ ਹੈ। ਉਹ ਧਾਰਮਿਕ ਤਾਂ ਸਨ ਪਰ ਉਹ ਧਾਰਮਿਕ ਪਾਖੰਡਵਾਦ ਦੇ ਵਿਰੁੱਧ ਸਨ; ਖ਼ਾਸ ਕਰ ਕੇ ਉਨ੍ਹਾਂ ਨੇ ਜੋਤਿਸ਼ ਦੇ ਪਾਖੰਡਾਂ ਨੂੰ ਵਿਗਿਆਨਕ ਆਧਾਰ ਉਪਰ ਨੰਗਿਆਂ ਕੀਤਾ। ਡਾ. ਕੁਲਦੀਪ ਸਿੰਘ ਧੀਰ ਦਾ ਵਿਗਿਆਨ ਸਾਹਿਤ ਤੋਂ ਬਾਅਦ ਦੂਜਾ ਵੱਡਾ ਕੰਮ ਸਿੱਖ ਇਤਿਹਾਸ, ਸਿੱਖ ਧਰਮ ਅਤੇ ਸਿੱਖ ਜੀਵਨ-ਜਾਚ ਬਾਰੇ ਹੈ।
ਸਾਹਿਤ ਆਲੋਚਨਾ ਦੇ ਖੇਤਰ ਵਿਚ ਡਾ. ਧੀਰ ਹੋਰਾਂ ਨੇ ਆਪਣਾ ਸਫਰ ਨਾਟ-ਆਲੋਚਨਾ ਤੋਂ ਸ਼ੁਰੂ ਕੀਤਾ। ਸਾਹਿਤ ਅਧਿਐਨ ਵਿਚ ਤੁਲਨਾਤਮਿਕ ਸਾਹਿਤ ਨਵਾਂ ਅੰਤਰ-ਅਨੁਸਾਸ਼ਨੀ ਖੇਤਰ ਹੈ ਜਿਸ ਦੀਆਂ ਹੱਦਾਂ ਇਕ ਪਾਸੇ ਤਾਂ ਸਾਹਿਤ ਨਾਲ ਜੁੜਦੀਆਂ ਹਨ ਅਤੇ ਦੂਸਰੇ ਪਾਸੇ ਦਰਸ਼ਨ ਨਾਲ ਤੇ ਇਸ ਸਭ ਕੁਝ ਦੇ ਪਿਛੋਕੜ ਵਿਚ ਰਾਜਨੀਤੀ ਵੀ ਕਾਰਜਸ਼ੀਲ ਰਹਿੰਦੀ ਹੈ। ਪੰਜਾਬੀ ਭਾਸ਼ਾ ਵਿਚ ਇਸ ਖੇਤਰ ਉਪਰ ਬਹੁਤ ਘੱਟ ਕੰਮ ਹੋਇਆ ਸੀ, ਸਿਰਫ ਕੁਝ ਵਿਦਵਾਨਾਂ ਨੇ ਟੁੱਟਵੇਂ ਲੇਖ ਜਾਂ ਹਵਾਲੇ ਹੀ ਦਿੱਤੇ ਸਨ। ਡਾ. ਕੁਲਦੀਪ ਸਿੰਘ ਧੀਰ ਨੇ ਇਸ ਖੇਤਰ ਨੂੰ ਚਣੌਤੀ ਵਜੋਂ ਲਿਆ ਅਤੇ ਦੋ ਸਿਧਾਂਤਕ ਪੁਸਤਕਾਂ ਤੁਲਨਾਤਮਿਕ ਸਾਹਿਤ ਸ਼ਾਸਤਰ ਅਤੇ ਤੁਲਨਾਤਮਿਕ ਸਾਹਿਤ : ਸਿਧਾਂਤ ਤੇ ਵਿਹਾਰ ਲਿਖੀਆਂ।
ਡਾ. ਕੁਲਦੀਪ ਸਿੰਘ ਧੀਰ ਨੇ ਸਾਰੀ ਜ਼ਿੰਦਗੀ ਵਿਚ ਸ਼ਬਦਾਂ ਦੀ ਕਮਾਈ ਕੀਤੀ ਹੈ ਤਾਂ ਸਮਾਜ ਨੇ ਵੀ ਸਮੇਂ ਸਮੇਂ ਉਨ੍ਹਾਂ ਦੀ ਮਿਹਨਤ ਨੂੰ ਆਪਣੇ ਢੰਗ ਨਾਲ ਸਨਮਾਨਤ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਉਨ੍ਹਾਂ ਦੀਆਂ ਪੁਸਤਕਾਂ ਨੂੰ ਸੱਤ ਵਾਰ ਇਨਾਮ ਦਿੱਤਾ ਗਿਆ। ਨੈਸ਼ਨਲ ਪ੍ਰੋਡਕਟੇਵਿਟੀ, ਕੌਂਸਲ ਆਫ ਇੰਡੀਆ ਵੱਲੋਂ ਵੀ ਉਨ੍ਹਾਂ ਨੂੰ ਪੁਰਸਕਾਰ ਮਿਲਿਆ। ਭਾਸ਼ਾ ਵਿਭਾਗ ਪੰਜਾਬ ਨੇ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ ਨਾਲ ਸਨਮਾਨਤ ਕੀਤਾ। ਅਸਲ ਵਿਚ ਡਾ. ਕੁਲਦੀਪ ਸਿੰਘ ਧੀਰ ਗਿਆਨ ਦੀ ਤ੍ਰਿਵੈਣੀ ਸਨ ਜਿਨ੍ਹਾਂ ਵੱਖ ਵੱਖ ਖੇਤਰਾਂ ਵਿਚ ਇਕੋ ਜਿੰਨੀ ਮੁਹਾਰਤ ਨਾਲ ਕਲਮ ਚਲਾਈ ਅਤੇ ਗਿਆਨ ਦਾ ਚਾਨਣ ਵੰਡਿਆ ਹੈ। ਉਨ੍ਹਾਂ ਦੇ ਜਾਣ ਨਾਲ ਪੰਜਾਬੀ ਜਗਤ ਨੂੰ ਵੱਡਾ ਘਾਟਾ ਪਿਆ ਹੈ।
|ਸੰਪਰਕ: 98150-50617