ਡਾ. ਵਿਦਵਾਨ ਸਿੰਘ ਸੋਨੀ
ਕਾਮਰੇਡ ਜਗਜੀਤ ਸਿੰਘ ਆਨੰਦ ਦੀ ਛੇਵੀਂ ਬਰਸੀ 19 ਜੂਨ 2021 ਨੂੰ ਹੈ। ਉਨ੍ਹਾਂ ਦਾ ਜਨਮ 28 ਦਸੰਬਰ 1921 ਨੂੰ ਤਰਨ ਤਾਰਨ ਵਿਚ ਹੋਇਆ ਸੀ। ਮੁਢਲੀ ਪੜ੍ਹਾਈ ਉਨ੍ਹਾਂ ਗੁਰੂ ਅਰਜਨ ਦੇਵ ਖਾਲਸਾ ਹਾਈ ਸਕੂਲ ਵਿਚ ਕੀਤੀ ਜਿੱਥੇ ਉਨ੍ਹਾਂ ਦੇ ਪਿਤਾ ਮਹਿਤਾਬ ਸਿੰਘ ਹੈੱਡ ਮਾਸਟਰ ਸਨ। ਮਹਿਤਾਬ ਸਿੰਘ ਜੀ ਨੇ ਗੁਰਦੁਆਰਿਆਂ ਦੀ ਤਹਿਰੀਕ ਸਮੇਂ ਮੁੱਖ ਰੋਲ ਨਿਭਾਇਆ ਸੀ। ਇੰਜ ਜਗਜੀਤ ਸਿੰਘ ਨੂੰ ਸਿਆਸਤ ਦੀ ਗੁੜ੍ਹਤੀ ਘਰ ਵਿਚੋਂ ਹੀ ਮਿਲੀ, ਭਾਵੇਂ ਮਗਰੋਂ ਉਹ ਕਮਿਊਨਿਸਟ ਵਿਚਾਰਧਾਰਾ ਦੇ ਹਾਮੀ ਬਣ ਗਏ। ਉਨ੍ਹਾਂ ਪੜ੍ਹਾਈ ਦੇ ਨਾਲ ਨਾਲ ਸਿਆਸੀ ਸਰਗਰਮੀਆਂ ਵਿਚ ਵੀ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ। ਗਦਰੀ ਬਾਬੇ ਉਨ੍ਹਾਂ ਦੇ ਪਿਤਾ ਜੀ ਨੂੰ ਅਕਸਰ ਮਿਲਦੇ ਸਨ ਅਤੇ ਉਹ ਵੀ ਉਨ੍ਹਾਂ ਕੋਲੋਂ ਸੇਧ ਲੈਂਦੇ। ਇਸ ਤਰ੍ਹਾਂ ਆਨੰਦ ਜੀ ਦੀ ਵਿਚਾਰਧਾਰਾ ਵੀ ਖੱਬੇ ਪੱਖੀ ਬਣ ਗਈ। ਉਨ੍ਹਾਂ ਮਾਰਕਸਵਾਦੀ ਵਿਚਾਰਧਾਰਾ ਦਾ ਡੂੰਘਾ ਅਧਿਐਨ ਕੀਤਾ। 1938 ਤੋਂ 1941 ਤੱਕ ਉਹ ਏਆਈਐੱਸਐੱਫ ਦੇ ਜਨਰਲ ਸਕੱਤਰ ਦੇ ਅਹੁਦੇ ’ਤੇ ਰਹੇ ਤੇ ਉਨ੍ਹਾਂ ਦੀ ਅਗਵਾਈ ਹੇਠ ਹੀ ਪੰਜਾਬ ਭਰ ਦੇ ਕਾਲਜਾਂ ਵਿਚ ਵਿਦਿਆਰਥੀ ਫੈਡਰੇਸ਼ਨ ਦੇ ਯੂਨਿਟ ਸਥਾਪਿਤ ਹੋਏ।
ਆਨੰਦ ਜੀ ਸੀਪੀਆਈ ਦੇ ਆਗੂ ਰਹੇ ਹਨ। ਉਨ੍ਹਾਂ ਨੂੰ ਵਿਦਿਆਰਥੀ ਜੀਵਨ ਦੌਰਾਨ ਗੁਪਤਵਾਸ ਵੀ ਰਹਿਣਾ ਪਿਆ। ਉਨ੍ਹਾਂ ਅੰਗਰੇਜ਼ ਹਾਕਮਾਂ ਦਾ ਵਿਰੋਧ ਕਰਨ ਵਾਲੀਆਂ ਵੱਖ ਵੱਖ ਲਹਿਰਾਂ ’ਚ ਵੀ ਹਿੱਸਾ ਲਿਆ। ਉਨ੍ਹਾਂ ਨੂੰ ਲਾਹੌਰ ਕਿਸਾਨ ਮੋਰਚੇ ਸਮੇਂ ਪੁਲੀਸ ਦੀਆਂ ਲਾਠੀਆਂ ਵੀ ਪਈਆਂ। ਉਹ ਹਰਸ਼ਾ ਛੀਨਾ ਮੋਰਚੇ ’ਚ ਵੀ ਸ਼ਾਮਲ ਸਨ। ਜਦੋਂ ਉਹ ਜੇਲ੍ਹ ਵਿਚ ਸਨ ਤਾਂ ਜੇਲ੍ਹ ਵਿਚ ਸੁਧਾਰਾਂ ਵਾਸਤੇ ਲੰਮੀਆਂ ਭੁੱਖ ਹੜਤਾਲਾਂ ਕੀਤੀਆਂ।
ਦੇਸ਼ ਆਜ਼ਾਦ ਹੋਣ ਤੋਂ ਬਾਅਦ ਪੰਡਿਤ ਨਹਿਰੂ ਦੀ ਸਰਕਾਰ ਨੇ ਕਈ ਕਾਮਰੇਡਾਂ ਨੂੰ ਇਸ ਕਰਕੇ ਨਾਲ ਹਿਰਾਸਤ ਵਿਚ ਲੈ ਲਿਆ ਕਿ ਇਨ੍ਹਾਂ ਤੋਂ ਮੁਲਕ ਦੀ ਆਜ਼ਾਦੀ ਨੂੰ ਖ਼ਤਰਾ ਹੈ। 1948 ਨੂੰ ਕੈਦ ਕੀਤੇ ਆਗੂਆਂ ਵਿਚ ਕਾਮਰੇਡ ਆਨੰਦ ਸਮੇਤ ਸੋਹਨ ਸਿੰਘ ਜੋਸ਼, ਸੋਹਨ ਸਿੰਘ ਭਕਨਾ, ਅਰਜਨ ਸਿੰਘ ਗੜਗੱਜ ਸਮੇਤ ਕਈ ਅਹਿਮ ਕਮਿਊਨਿਸਟ ਲੀਡਰ ਸ਼ਾਮਲ ਸਨ। ਪਹਿਲਾਂ ਕਾਮਰੇਡ ਆਨੰਦ ਨੂੰ ਯੋਲ ਜੇਲ੍ਹ ਵਿਚ ਨਜ਼ਰਬੰਦ ਕੀਤਾ ਗਿਆ। ਇਸ ਕੇਸ ਅਧੀਨ ਉਹ ਕਰੀਬ ਢਾਈ ਸਾਲ ਵੱਖ ਵੱਖ ਜੇਲ੍ਹਾਂ ਵਿਚ ਬੰਦ ਰਹੇ ਅਤੇ 1951 ਵਿਚ ਰਿਹਾ ਹੋਏ।
ਕਾਮਰੇਡ ਆਨੰਦ ਦੀ ਸ਼ਾਦੀ ਗੁਰਬਖਸ਼ ਸਿਂਘ ਪ੍ਰੀਤਲੜੀ ਦੀ ਪੁੱਤਰੀ ਉਰਮਿਲਾ ਨਾਲ ਹੋਈ। ਬਾਅਦ ਵਿਚ ਆਨੰਦ ਜੋੜੀ ਨੇ ਸਾਰੀ ਉਮਰ ਕਿਰਤੀਆਂ ਦੇ ਹੱਕਾਂ ਵਾਸਤੇ ਲੜਾਈਆਂ ਲੜੀਆਂ। ਕਾਮਰੇਡ ਆਨੰਦ ਪੜ੍ਹਦੇ ਲਿਖਦੇ ਤਾਂ ਸਨ ਹੀ, ਉਹ ਅਨੁਵਾਦ ਕਰਨ ਦੇ ਮਾਹਿਰ ਸਨ।
ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਉਨ੍ਹਾਂ ਨੇ ਪਾਰਟੀ ਪੱਤ੍ਰਿਕਾ ‘ਜੰਗੇ ਆਜ਼ਾਦੀ’ ਚਲਾਈ ਅਤੇ ਬਾਅਦ ਵਿਚ ਉਸੇ ਤਜਰਬੇ ਕਰਕੇ ਕਰੀਬ ਅੱਧੀ ਸਦੀ ਤੱਕ ਅਖਬਾਰ ‘ਨਵਾਂ ਜਮਾਨਾ’ ਚਲਾਈ। ਇਹ ਅਖਬਾਰ ਪਹਿਲਾਂ 1952 ਵਿਚ ਉਰਦੂ ਵਿਚ ਅਤੇ ਫਿਰ 1956 ਵਿਚ ਪੰਜਾਬੀ ਵਿਚ ਛਪਣ ਲੱਗੀ, ਉਨ੍ਹਾਂ ਨੇ ਇਸ ਕੰਮ ਨੂੰ ਆਖਰੀ ਦਮ ਤੱਕ ਬਾਖੂਬੀ ਨਿਭਾਇਆ। ਕਾਮਰੇਡ ਆਨੰਦ ਪੰਜਾਬੀ ਭਾਸ਼ਾ ਦੇ ਮਾਹਿਰ ਸਨ, ਇਸ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਨ੍ਹਾਂ ਨੂੰ 1969 ਵਿਚ 9 ਮੈਂਬਰੀ ਸ਼ਬਦਜੋੜ ਕਮੇਟੀ ਦਾ ਮੈਂਬਰ ਬਣਾਇਆ। ਉਹ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸੀਨੀਅਰ ਮੈਂਬਰ ਸਨ ਅਤੇ ਉਨ੍ਹਾਂ ਨੇ ਦੇਸ਼ ਭਗਤ ਯਾਦਗਾਰ ਹਾਲ ਬਣਾਉਣ ਵਿਚ ਵੀ ਵਿਸ਼ੇਸ਼ ਯੋਗਦਾਨ ਪਾਇਆ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦੇ 1956 ਤੋਂ ਮੋਢੀ ਮੈਂਬਰ ਸਨ। ਉਨ੍ਹਾਂ ਨੂੰ 1965 ਵਿਚ ਉਤਮ ਅਨੁਵਾਦਕ ਵਜੋਂ ਸੋਵੀਅਤ ਲੈਂਡ ਨਹਿਰੂ ਅਵਾਰਡ ਮਿਲਿਆ ਅਤੇ 1971 ਵਿਚ ਪੰਜਾਬ ਸਰਕਾਰ ਵੱਲੋਂ ਸਾਲਾਨਾ ਪੱਤਰਕਾਰ ਵਜੋਂ ਸਨਮਾਨਿਆ ਗਿਆ। 1974 ਵਿਚ ਉਹ ਪੰਜਾਬ ਵਿਚੋਂ ਰਾਜ ਸਭਾ ਦੇ ਮੈਂਬਰ ਚੁਣੇ ਗਏ। ਉਹ ਉੱਤਰੀ ਰੇਲਵੇ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਦੇ ਅਹੁਦੇ ’ਤੇ ਰਹੇ ਅਤੇ ਸਰਬ ਭਾਰਤੀ ਯੂਨੀਵਰਸਿਟੀ ਤੇ ਕਾਲਜ ਮੁਲਾਜ਼ਮ ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਵੀ ਬਣੇ ਰਹੇ।
ਉਹ ਅਕਾਲੀਆਂ ਅਤੇ ਕਾਂਗਰਸੀਆਂ ਦੀ ਸਿਆਸਤ ਬਾਰੇ ਸਾਫ ਬੋਲਦੇ ਸਨ ਅਤੇ ਅਤਿਵਾਦ ਦੌਰਾਨ ਕਿਸੇ ਦੀ ਪ੍ਰਵਾਹ ਨਾ ਕਰਦੇ ਹੋਏ ਉਹ ਸਪੱਸ਼ਟ ਬੋਲਦੇ ਰਹੇ।
ਕਾਮਰੇਡ ਆਨੰਦ ਮੇਰੇ ਗਰਾਈਂ ਸਨ। ਸਾਹਿਤ ਅਕੈਡਮੀ ਲੁਧਿਆਣਾ ਦੇ ਸਮਾਗਮਾਂ ਦੌਰਾਨ ਜਦੋਂ ਵੀ ਕਦੀ ਕੁਝ ਬੋਲਣ ਦਾ ਮੌਕਾ ਮਿਲਿਆ ਤਾਂ ਆਨੰਦ ਜੀ ਆਖਦੇ, “ਇਹ ਮੇਰੇ ਜਮਾਤੀ ਕਾਮਰੇਡ ਮੰਜੀਤ ਸਿੰਘ ਸੋਨੀ ਦਾ ਛੋਟਾ ਭਰਾ ਹੈ।” ਮੇਰੇ ਭਰਾ ਮੰਜੀਤ ਸਿੰਘ ਸੋਨੀ ਪਹਿਲਾਂ ਰੇਲਵੇ ਮੁਲਾਜ਼ਮ ਸਨ ਪਰ ਪਿਛਲੀ ਸਦੀ ਦੌਰਾਨ ਸੱਠਵਿਆਂ ਦੇ ਆਰੰਭ ਵਿਚ ਹੋਈ ਦੇਸ਼ ਵਿਆਪੀ ਰੇਲ ਮੁਲਾਜ਼ਮ ਹੜਤਾਲ ਵਿਚ ਸ਼ਾਮਲ ਹੋਣ ਕਰਕੇ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।
ਇਨ੍ਹਾਂ ਸ਼ਬਦਾਂ ਨਾਲ ਅਸੀਂ ਬਹੁਪੱਖੀ ਸ਼ਖ਼ਸੀਅਤ ਕਾਮਰੇਡ ਜਗਜੀਤ ਸਿੰਘ ਆਨੰਦ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ।
ਸੰਪਰਕ: 98143-48697