ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ
ਟੈਲੀਵਿਜ਼ਨ ਬ੍ਰਾਡਕਾਸਟਿੰਗ ਪੱਤਰਕਾਰੀ ਦੀ ਬੁਲੰਦ, ਨਿੱਡਰ ਆਵਾਜ਼ ਖ਼ਾਮੋਸ਼ ਹੋ ਗਈ। ਵਿਨੋਦ ਦੂਆ ਭਾਰਤੀ ਪੱਤਰਕਾਰੀ ਦੀ ਐਸੀ ਸਲੀਕੇਦਾਰ ਆਵਾਜ਼ ਦਾ ਜੁਝਾਰੂ ਚਿਹਰਾ ਸੀ ਜਿਸ ਦੀ ਕੋਈ ਹੋਰ ਮਿਸਾਲ ਨਹੀਂ। ਉਹ ਹਮੇਸ਼ਾ ਲਾਈਵ ਰਹੇ ਤੇ ਕਰੋੜਾਂ ਲੋਕਾਂ ਦੇ ਮਨਪਸੰਦ ਬ੍ਰਾਡਕਾਸਟਰ ਬਣੇ ਰਹੇ। ਉਹ ਆਪਣੇ ਆਪ ਨੂੰ ਪੱਤਰਕਾਰ ਨਾਲੋਂ ਬ੍ਰਾਡਕਾਸਟਰ ਕਹਾਉਣਾ ਜ਼ਿਆਦਾ ਪਸੰਦ ਕਰਦੇ ਸਨ। ਉਨ੍ਹਾਂ ਭਾਰਤੀ ਟੈਲੀਵਿਜ਼ਨ ਦੇ ਇਤਿਹਾਸ ਵਿਚ ਕਈ ਨਵੇਂ ਪ੍ਰਯੋਗ ਕੀਤੇ। ਚੋਣ ਸਰਵੇਖਣ ਅਤੇ ਪੇਸ਼ਕਾਰੀ ਤੋਂ ਲੈ ਕੇ ਇਤਿਹਾਸ ਤੇ ਸੱਭਿਆਚਾਰ ਬਾਰੇ ਨਵੇਂ ਨਵੇਂ ਵੰਨ-ਸਵੰਨੇ ਵਿਸ਼ਿਆਂ ਦੀ ਪੇਸ਼ਕਾਰੀ ਨਾਲ ਕਰੋੜਾਂ ਲੋਕਾਂ ਦੇ ਦਿਲਾਂ ਤੇ ਰਾਜ਼ ਕੀਤਾ। ਉਨ੍ਹਾਂ ਦੇ ਅਚਾਨਕ ਖ਼ਤਮ ਹੋਏ 67 ਸਾਲਾ ਸਫ਼ਰ ਨੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਬੇਹੱਦ ਉਦਾਸ ਕੀਤਾ ਹੈ। ਜੁਲਾਈ ਵਿਚ ਜਦੋਂ ਕਰੋਨਾ ਕਾਲ ਵਿਚ ਉਨ੍ਹਾਂ ਦੀ ਪਤਨੀ ਚਿੰਨਾ ਦੀ ਮੌਤ ਹੋਈ ਸੀ, ਉਸ ਤੋਂ ਬਾਅਦ ਉਹ ਟੁੱਟ ਗਏ ਸਨ ਅਤੇ ਲਗਾਤਾਰ ਬਿਮਾਰ ਰਹੇ ਸਨ।
ਵਿਨੋਦ ਦੂਆ ਨੇ ਆਪਣੀ ਜ਼ਿੰਦਗੀ ਦੀ ਲੜਾਈ ਆਪਣੇ ਅੰਦਾਜ਼ ਵਿਚ ਅੰਤ ਤੱਕ ਲੜੀ। ਉਹ ਹੌਸਲੇਮੰਦ, ਭਰੋਸੇਮੰਦ ਤੇ ਬੇਹੱਦ ਮਜ਼ਾਕੀਆ ਤੇ ਚੰਗਾ ਗਾਉਣ ਵਾਲਾ ਦੋਸਤ ਸੀ। ਉਨ੍ਹਾਂ ਆਖਿ਼ਰੀ ਲੜਾਈ ਸਰਕਾਰ ਨਾਲ ਲੜੀ ਅਤੇ ਸੁਪਰੀਮ ਕੋਰਟ ਵਿਚ ਦੇਸ਼ਧ੍ਰੋਹ ਵਾਲਾ ਕੇਸ ਜਿੱਤ ਕੇ ਪੱਤਰਕਾਰਾਂ ਲਈ ਨਜ਼ੀਰ ਪੈਦਾ ਕੀਤੀ ਕਿ ਮੁਲਕ ਦੀ ਸਰਕਾਰ ਵਿਰੁੱਧ ਲਿਖਣ ਨਾਲ ਕੋਈ ਦੇਸ਼ਧ੍ਰੋਹੀ ਨਹੀਂ ਹੋ ਜਾਂਦਾ।
ਦੋ ਧੀਆਂ ਡਾਕਟਰ ਅਤੇ ਕਾਮੇਡੀਅਨ, ਬਾਕੁਲ ਤੇ ਮਲਿਕਾ ਉਨ੍ਹਾਂ ਦੀ ਤਾਕਤ ਬਣ ਕੇ ਉਨ੍ਹਾਂ ਦੇ ਨਾਲ ਖੜ੍ਹੀਆਂ ਸਨ ਤੇ ਕਰੋੜਾਂ ਲੋਕਾਂ ਦੀਆਂ ਸ਼ੁਭ ਕਾਮਨਾਵਾਂ ਉਨ੍ਹਾਂ ਦੇ ਨਾਲ ਸਨ। ਉਹ ਯਾਰਾਂ ਦਾ ਯਾਰ ਸੀ। ਉਨ੍ਹਾਂ ਦੀ ਮੌਤ ਨਾਲ ਹੀ ਭਾਰਤੀ ਟੀਵੀ ਦੇ ਅਜਿਹੇ ਯੁੱਗ ਦਾ ਅੰਤ ਹੋ ਗਿਆ ਜਿਸ ਵਿਚ ਖੁ਼ਦਾਰੀ ਤੇ ਬੇਬਾਕੀ ਸੀ।
ਹੁਣ ਜਦੋਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਯਾਦ ਆਉਂਦਾ ਹੈ ਦਿੱਲੀ ਪਾਰਲੀਮੈਂਟ ਸਟਰੀਟ ਦਾ ਉਹ ਬ੍ਰਾਡਕਾਸਟਿੰਗ ਭਵਨ ਜਿੱਥੇ 1976 ਵਿਚ ਉਨ੍ਹਾਂ ਨਾਲ ਮੇਰੀ ਪਹਿਲੀ ਮੁਲਾਕਾਤ ਦਿੱਲੀ ਟੈਲੀਵਿਜ਼ਨ ਸਟੂਡੀਓ ਵਿਚ ਹੋਈ ਸੀ ਤੇ ਫਿਰ ਦੋਸਤੀ ਦਾ ਇਹ ਦਰਿਆ ਅੰਤ ਤੱਕ ਵਗਦਾ ਰਿਹਾ। ਉਦੋਂ ਜਲੰਧਰ ਦੂਰਦਰਸ਼ਨ, ਅੰਮ੍ਰਿਤਸਰ ਤੋਂ ਬ੍ਰਾਡਕਾਸਟ ਕੀਤਾ ਜਾਂਦਾ ਸੀ ਤੇ ਬਲੈਕ ਐਂਡ ਵ੍ਹਾਈਟ ਪ੍ਰੋਗਰਾਮ ਦਿੱਲੀ ਵਿਚ ਰਿਕਾਰਡ ਕੀਤੇ ਜਾਂਦੇ ਸਨ। ਨੌਜਵਾਨਾਂ ਲਈ ਪੰਜਾਬੀ ਵਿਚ ਪ੍ਰੋਗਰਾਮ ਮੈਂ ਅਤੇ ਵਿਨੋਦ ਕਰਦੇ ਸਾਂ। ਦੂਰਦਰਸ਼ਨ ਦੇ ਉਹ ਕੈਸੇ ਦਿਨ ਸਨ! ਫਿਰ ਮੈਂ ਭਾਰਤੀ ਪ੍ਰਸਾਰਨ ਸੇਵਾ ਵਿਚ ਆ ਗਿਆ ਅਤੇ ਵਿਨੋਦ ਦੂਆ ਨੇ ਦੂਰਦਰਸ਼ਨ, ਐੱਨਡੀਟੀਵੀ ਅਤੇ ਹੋਰ ਬਹੁਤ ਸਾਰੇ ਵੱਡੇ ਟੈਲੀਵਿਜ਼ਨ ਚੈਨਲਾਂ ਵਿਚ ਆਪਣੀ ਬੇਬਾਕ ਤੇ ਧਾਰਦਾਰ ਆਵਾਜ਼ ਨਾਲ ਲੋਕਾਂ ਦੇ ਦਿਲਾਂ ਤੇ ਰਾਜ਼ ਕੀਤਾ।
ਉਨ੍ਹਾਂ ਟੈਲੀਵਿਜ਼ਨ ਤੇ ਨਵੇਂ ਪ੍ਰੋਗਰਾਮਾਂ ਦੀ ਐਂਕਰਿੰਗ ਕੀਤੀ ਤੇ ਚੋਣ ਵਿਸ਼ਲੇਸ਼ਣ ਦਾ ਨਵਾਂ ਰੰਗ ਦੂਰਦਰਸ਼ਨ ਅਤੇ ਐੱਨਡੀਟੀਵੀ ਤੋਂ ਪੇਸ਼ ਕੀਤਾ। ਇਹ 1981-1984 ਦੇ ਦਿਨ ਸਨ। ਅਟਲ ਬਿਹਾਰੀ ਵਾਜਪਾਈ ਜਦੋਂ ਬੱਸ ਯਾਤਰਾ ਤੇ ਲਾਹੌਰ ਗਏ ਤਾਂ ਉਨ੍ਹਾਂ ਨੇ ਜੋ ਕੁਮੈਂਟਰੀ ਪੰਜਾਬੀ ਵਿਚ ਕੀਤੀ, ਉਹ ਅਜੇ ਤੱਕ ਲੋਕਾਂ ਨੂੰ ਯਾਦ ਹੈ। ਉਨ੍ਹਾਂ ਨੂੰ ਪਹਿਲੀ ਵਾਰੀ 1996 ਵਿਚ ਪੱਤਰਕਾਰੀ ਲਈ ਰਾਮਨਾਥ ਗੋਇਨਕਾ ਪੁਰਸਕਾਰ ਦਿੱਤਾ ਗਿਆ। ਇਹ ਪੁਰਸਕਾਰ ਪ੍ਰਾਪਤ ਕਰਨ ਵਾਲਾ ਉਹ ਪਹਿਲਾ ਇਲੈਕਟ੍ਰੌਨਿਕ ਮੀਡੀਆ ਬ੍ਰਾਡਕਾਸਟਰ ਸੀ। 2008 ਵਿਚ ਉਨ੍ਹਾਂ ਨੂੰ ਪਦਮਸ੍ਰ਼ੀ ਐਵਾਰਡ ਅਤੇ 2016 ਵਿਚ ਆਈਟੀਐੱਮ ਯੂਨੀਵਰਸਿਟੀ ਨੇ ਡੀਲਿੱਟ ਦੀ ਉਪਾਧੀ ਨਾਲ ਨਵਾਜਿਆ। ਉਨ੍ਹਾਂ ਨੂੰ 2017 ਵਿਚ ਰੈੱਡ ਇੰਕ ਐਵਾਰਡ ਵੀ ਮਿਲਿਆ।
ਵਿਨੋਦ ਦੂਆ ਨੂੰ ਥੀਏਟਰ ਦਾ ਵੀ ਬੜਾ ਸ਼ੌਕ ਸੀ। ਹੰਸਰਾਜ ਕਾਲਜ ਅਤੇ ਬਾਅਦ ਵਿਚ ਦਿੱਲੀ ਯੂਨੀਵਰਸਿਟੀ ਦੇ ਦਿਨਾਂ ਦੌਰਾਨ ਉਨ੍ਹਾਂ ਨੇ ਕਈ ਨਾਟਕ ਵੀ ਕੀਤੇ।
ਉਹ ਉਸ ਪੰਜਾਬ ਦਾ ਪੰਜਾਬੀ ਸੀ ਜਿਸ ਦੇ ਮਾਂ-ਬਾਪ ਨਬੀ ਕਰੀਮ (ਜ਼ਿਲ੍ਹਾ ਡੇਰਾ ਇਸਮਾਇਲ ਖਾਂ, ਖੈ਼ਬਰ ਪਖ਼ਤੂਨਖਵਾ, ਪਾਕਿਸਤਾਨ) ਵਿਚ ਰਹਿੰਦੇ ਸਨ ਤੇ ਉਥੋਂ 1947 ਵਿਚ ਦਿੱਲੀ ਸ਼ਰਨਾਰਥੀ ਬਣ ਕੇ ਆਪਣੇ ਪੈਰਾਂ ਤੇ ਖੜ੍ਹੇ ਹੋਏ ਸਨ। ਨੌਜਵਾਨ ਵਿਨੋਦ ਜੁਝਾਰੂ ਤੇ ਤਿੱਖੀ ਰੌਸ਼ਨੀ ਵਾਂਗ ਟੈਲੀਵਿਜ਼ਨ ਪਰਦੇ ਤੇ ਛਾ ਗਿਆ। ਉਸ ਨੇ ਭਾਰਤੀ ਭਾਸ਼ਾ ਤੇ ਸੱਭਿਆਚਾਰ ਨਾਲ ਜੁੜੇ ‘ਪਰਖ’ ਵਰਗੇ ਪ੍ਰੋਗਰਾਮ ਵਿਚ ਨੇਤਾਵਾਂ ਤੇ ਤਿੱਖੀਆਂ ਟਿੱਪਣੀਆਂ ਕੀਤੀਆਂ। ਉਨ੍ਹਾਂ ਨੂੰ ਪਤਾ ਸੀ ਕਿ ਅਜਿਹੀਆਂ ਤਿੱਖੀਆਂ ਟਿੱਪਣੀਆਂ, ਸਲੀਕੇਦਾਰ ਭਾਸ਼ਾ ਵਿਚ ਕਿਵੇਂ ਪਰੋਸਣੀਆਂ ਹਨ।
ਉਹ ਜਦੋਂ ਵੀ ਮਿਲਿਆ, ਠੇਠ ਪੰਜਾਬੀ ਵਿਚ ਗੱਲਾਂ ਕਰਦਾ ਅਤੇ ਬੇਪ੍ਰਵਾਹ ਅੰਦਾਜ਼ ਨਾਲ ਮਿਲਿਆ। ਵਿਨੋਦ ਦੀ ਮੌਤ ਤੇ ਉਸ ਦੀ ਧੀ ਮਲਿਕਾ ਨੇ ਇਕ ਪੋਸਟ ਵਿਚ ਉਨ੍ਹਾਂ ਦੇ ਦੇਹਾਂਤ ਨੂੰ ਇਕ ਯੁੱਗ ਦਾ ਅੰਤ ਕਿਹਾ ਹੈ ਪਰ ਮੈਂ ਜਾਣਦਾ ਹਾਂ, ਉਹ ਆਪਣੇ ਆਪ ਵਿਚ ਬ੍ਰਾਡਕਾਸਟਿੰਗ ਦੀ ਦੁਨੀਆ ਦਾ ਅਜਿਹਾ ਅਵਾਰਾ ਮਸੀਹਾ ਸੀ ਜਿਸ ਦੀ ਮਿਸਾਲ ਦੂਰ ਦੂਰ ਤੱਕ ਨਹੀਂ ਮਿਲਦੀ। ਮਲਿਕਾ ਨੇ ਵਿਨੋਦ ਬਾਰੇ ਭਾਵੁਕ ਹੋ ਕੇ ਲਿਖਿਆ ਹੈ ਕਿ ਆਪਣੇ ਪੇਸ਼ੇ ਅਤੇ ਬੱਚਿਆਂ ਲਈ ਉਹ ਡਟ ਕੇ ਲੜਾਈ ਲੜਦੇ ਰਹੇ।
ਟੈਲੀਵਿਜ਼ਨ ਦੀ ਦੁਨੀਆ ਵਿਚ ਵਿਚਰਦਿਆਂ ਤੇ ਇਸ ਪ੍ਰਸ਼ਾਸਕੀ ਢਾਂਚੇ ਦੀ ਵਾਗਡੋਰ ਸੰਭਾਲਦਿਆਂ ਮੈਂ ਕਹਿ ਸਕਦਾ ਹਾਂ ਕਿ ਅੱਜ ਦੇ ਦੌਰ ਵਿਚ ਵਿਨੋਦ ਦੂਆ ਵਰਗਾ ਹੌਸਲਾ ਕਿਸੇ ਕਿਸੇ ਵਿਚ ਹੀ ਹੈ, ਉਹ ਜ਼ਿੰਦਾਦਿਲ ਸ਼ਖ਼ਸੀਅਤ ਸੀ। ਉਨ੍ਹਾਂ ਦੇ ਪ੍ਰਸਿੱਧ ਪ੍ਰੋਗਰਾਮ ‘ਜਨ ਗਨ ਮਨ ਕੀ ਬਾਤ-2019’ ਵਿਚ ਉਸ ਨੇ ਨਵੇਂ ਪ੍ਰਯੋਗ ਕੀਤੇ ਪਰ ਉਨ੍ਹਾਂ ਖਿ਼ਲਾਫ਼ ਦੇਸ਼ਧ੍ਰੋਹ ਦਾ ਕੇਸ ਕਰਵਾ ਦਿੱਤਾ ਗਿਆ। ਉਨ੍ਹਾਂ ਸਰਕਾਰ ਦੀਆਂ ਜ਼ਿਆਦਤੀਆਂ ਨੂੰ ਬੇਪਰਦ ਕਰਨ ਲਈ ਖੜ੍ਹੇ ‘ਵਾਇਰ’ ਵਰਗੇ ਪੋਰਟਲ ਲਈ ਵੀ ਲਿਖਿਆ। ਅੰਤ ਵਿਚ ਉਸ ਨੇ ਯੂ-ਟਿਊਬ ਚੈਨਲ ਐੱਸਡਬਲਿਊ ਨਿਊਜ਼ ਵੀ ਸ਼ੁਰੂ ਕੀਤਾ। ਦਿੱਲੀ ਦੀ ਸ਼ਰਨਾਰਥੀ ਬਸਤੀ ਤੋਂ ਉਠਿਆ ਇਹ ਯੋਧਾ ਹਮੇਸ਼ਾ ਸੱਚ ਨਾਲ ਖੜ੍ਹਾ ਰਿਹਾ, ਤਾਂ ਹੀ ਹਬੀਬ ਨੇ ਆਪਣੇ ਸ਼ਰਧਾਂਜਲੀ ਸੁਨੇਹੇ ਵਿਚ ਕਿਹਾ ਹੈ ਕਿ ਉਹ ਮੁਲਕ ਦੇ ਕੁਝ ਅਜਿਹੇ ਪੱਤਰਕਾਰਾਂ ਵਿਚੋਂ ਸੀ ਜਿਸ ਵਿਚ ਰੀੜ੍ਹ ਦੀ ਹੱਡੀ ਅਜੇ ਬਚੀ ਹੋਈ ਸੀ।
ਸੱਚਮੁੱਚ ਵਿਨੋਦ ਦੂਆ ਅਜਿਹੀ ਸ਼ਖ਼ਸੀਅਤ ਸੀ ਜਿਸ ਨੇ ਆਪਣੇ ਖੇਤਰ ਵਿਚ ਸਿਖਰਾਂ ਛੂਹੀਆਂ। ਟੈਲੀਵਿਜ਼ਨ ਦੀ ਦੁਨੀਆ ਵਿਚ ਆਪਣੇ 42 ਸਾਲਾ ਸਫਰ ਦੀਆਂ ਯਾਦਾਂ ਵਿਚ ਮੈਂ ਵਿਨੋਦ ਦੂਆ ਨੂੰ ਦਿਲ ਦੇ ਬੇਹੱਦ ਕਰੀਬ ਪਾਇਆ ਹੈ। ਉਸ ਦੀ ਦੋਸਤੀ ਵਿਚ ਪੰਜਾਬੀ ਜ਼ਾਇਕੇ ਦਾ ਸਲੀਕਾ ਸੀ। ਤਦ ਹੀ ਤਾਂ ਮੈਂ ਉਸ ਨੂੰ ਪੰਜਾਬ ਦਾ ਬਟਰ ਚਿਕਨ ਜ਼ਾਇਕਾ ਕਹਿੰਦਾ ਹੁੰਦਾ ਸਾਂ। ਕੁਝ ਦੇਰ ਪਹਿਲਾਂ ਉਸ ਨੇ ਭਾਰਤੀ ਸਵਾਦਾਂ ਵਿਚ ਜ਼ਾਇਕਾ ਇੰਡੀਆ ਸ਼ੋਅ ਵੀ ਕੀਤਾ ਸੀ ਜੋ ਦੇਸ਼-ਵਿਦੇਸ਼ ਵਿਚ ਬੇਹੱਦ ਮਕਬੂਲ ਹੋਇਆ ਸੀ।
ਅਲਵਿਦਾ ਵਿਨੋਦ! ਤੂੰ ਸੱਚਮੁੱਚ ਬਹੁਤ ਯਾਦ ਆਵੇਂਗਾ।
ਸੰਪਰਕ: 94787-30156