ਪ੍ਰੋ. ਕ੍ਰਿਸ਼ਨ ਕੁਮਾਰ ਰੱਤੂ
‘‘ਇਨ੍ਹਾਂ ਸ਼ਬਦਾਂ ਦੀ ਕੋਈ ਆਵਾਜ਼ ਨਹੀਂ
ਸ਼ਬਦਾਂ ਦਾ ਤੂਫ਼ਾਨ, ਬੱਸ
ਇੱਕ ਅੱਗ ਦਾ ਗੋਲਾ
ਇੱਕ ਸੂਰਜ ਦੀ ਤਲਾਸ਼ ਹੈ
ਇਹ ਤਪਸ਼ ਹੈ
ਉਸ ਦੀਆਂ ਅੱਖਾਂ ਵਿਚ
…
ਸ਼ਬਦਾਂ ਦੇ ਤੀਰਾਂ ਨਾਲ ਵਿੰਨ੍ਹਦਾ ਹੈ
ਸਾਰਾ ਬ੍ਰਹਿਮੰਡ
ਮੇਰੇ ਸ਼ਬਦ, ਮੇਰਾ ਭਵਿੱਖ
ਮੇਰੇ ਸ਼ਬਦ ਹੀ ਮੇਰਾ ਬ੍ਰਹਿਮੰਡ…
ਜ਼ਿੰਦਾ ਹੋ ਜਾਵੇਗਾ ਸੱਚ
ਜਿੰਨਾ ਚਿਰ ਸੂਰਜ ਹੈ ਮੇਰੀਆਂ ਅੱਖਾਂ ’ਚ।’’
ਪੱਤਰਕਾਰ ਤੇ ਕਵਿੱਤਰੀ ਦਿਲ ਬੀਰੀਨ ਤਾਗਟ ਨੇ ਇਹ ਕਵਿਤਾ ਦਿਲ ਦੀਆਂ ਗਹਿਰਾਈਆਂ ਵਿਚੋਂ ਉੱਠੀਆਂ ਭਾਵਨਾਵਾਂ ਨਾਲ ਉਦੋਂ ਲਿਖੀ ਸੀ, ਜਦੋਂ ਸੂਰਜ ਦੀ ਧੁੱਪ ਦਾ ਅਹਿਸਾਸ ਨਹੀਂ ਸੀ।
ਉਸ ਨੇ ਲਿਖਿਆ ਕਿ ਜੇਲ੍ਹ ਦੀਆਂ ਕਵਿਤਾਵਾਂ ਮਨੁੱਖੀ ਅਸਤਿਤਵ ਦੀਆਂ ਕਵਿਤਾਵਾਂ ਨਹੀਂ ਹਨ। ਉਸ ਸਮੇਂ ਉਸ ਦੀ ਸ਼ਾਇਰੀ ਦੇ ਸ਼ਬਦ ਉਸ ਦੀ ਰੂਹ ਦੇ ਬੋਲਾਂ ਦਾ ਸ਼ੋਰ ਹੁੰਦੇ ਹਨ ਅਤੇ ਇਹ ਇੱਕ ਅਜਿਹਾ ਸਮੁੰਦਰ ਹੈ ਜਿਸ ਵਿੱਚੋਂ ਜੇਲ੍ਹ ਵਿੱਚ ਹੋਣ ਕਾਰਨ ਬਾਹਰ ਨਿਕਲਣਾ ਮੁਸ਼ਕਿਲ ਹੈ।
ਉਸ ਨੇ ਜੇਲ੍ਹਾਂ ਦੇ ਕੈਦੀਆਂ ਲਈ ਇੱਕ ਕਿਤਾਬ ਲਿਖੀ ਜਿਸ ਦਾ ਸਿਰਲੇਖ ਸੀ ‘ਜਿਨ੍ਹਾਂ ਦੀ ਕੋਈ ਦੁਨੀਆ ਨਹੀਂ ਹੈ’। ‘‘ਉਹ ਜਿਨ੍ਹਾਂ ਨੇ ਆਪਣੀ ਦੁਨੀਆ ਨੂੰ ਪਿੱਛੇ ਛੱਡ ਦਿੱਤਾ ਹੈ’’। ਜਦੋਂ ਇਹ ਕਿਤਾਬ ਕੁਰਦ ਪ੍ਰਕਾਸ਼ਨ ਨੇ ਪ੍ਰਕਾਸ਼ਿਤ ਕੀਤੀ ਤਾਂ ਇੱਕ ਮਹੀਨੇ ਦੇ ਅੰਦਰ ਇਸ ਦੀਆਂ ਕਈ ਲੱਖ ਕਾਪੀਆਂ ਵਿਕੀਆਂ ਅਤੇ ਇਹ ਦੁਨੀਆ ਦੀਆਂ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋ ਗਈ। ਇਸ ਸੰਗ੍ਰਹਿ ਵਿਚ ਕਵਿਤਾ ਦੀ ਤਾਕਤ ਅਤੇ ਸ਼ਬਦਾਂ ਦੇ ਸ਼ੋਰ ਦਾ ਸੰਗੀਤ ਹੈ ਜਿਸ ਵਿੱਚ ਕਵਿਤਾ ਲਿਖੀ ਜਾਂਦੀ ਹੈ, ਪਰ ਜੇਲ੍ਹਾਂ ਵਿਚ ਰਹਿਣ ਵਾਲੇ ਲੋਕਾਂ ਦੀ ਕਹਾਣੀ ਵੱਖਰੀ ਹੈ।
ਇਹ ਬਗ਼ਾਵਤ ਲਈ ਆਵਾਜ਼ ਹੈ।
ਇਹ ਸਾਡੇ ਸਮਿਆਂ ਦਾ ਸੱਚ ਹੈ ਕਿ ਸਲਾਖਾਂ ਪਿੱਛੇ ਜਾ ਕੇ ਵੀ ਇਰਾਨ ਦੀਆਂ ਤਿੰਨ ਔਰਤਾਂ ਦਾ ਜੀਵਨ, ਉਨ੍ਹਾਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੀ ਕ੍ਰਾਂਤੀ ਦੀ ਆਵਾਜ਼ ਪੂਰੀ ਦੁਨੀਆ ਲਈ ਪ੍ਰੇਰਨਾ ਸਰੋਤ ਬਣ ਗਈ ਹੈ।
ਸੰਯੁਕਤ ਰਾਸ਼ਟਰ ਨੇ ਵਿਸ਼ਵ ਪ੍ਰੈੱਸ ਦੀ ਆਜ਼ਾਦੀ ਦਾ ਸੰਘਰਸ਼ ਪੁਰਸਕਾਰ ਦਾ ਨਾਂ ਕੋਲੰਬੀਆਈ ਪੱਤਰਕਾਰ ਗੁਈਰਮੋ ਕਨੋ ਇਸਾਸਾ ਦੇ ਨਾਂ ’ਤੇ ਰੱਖਿਆ ਹੈ। ਇਸਾਸਾ ਨੂੰ 17 ਦਸੰਬਰ 1986 ਨੂੰ ਕੋਲੰਬੀਆ ਦੇ ਬੋਗੋਟਾ ਵਿੱਚ ਉਸ ਦੇ ਅਖ਼ਬਾਰ ਦੇ ਦਫ਼ਤਰ ਸਾਹਮਣੇ ਹੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਸ ਵਾਰ ਪ੍ਰੈੱਸ ਦੀ ਆਜ਼ਾਦੀ ਲਈ ਇਹ ਪੁਰਸਕਾਰ ਤਿੰਨ ਇਰਾਨੀ ਮਹਿਲਾ ਪੱਤਰਕਾਰਾਂ- ਨੀਲੋਫਰ ਹਮੀਦੀ, ਇਲਾਹੇ ਮੁਹੰਮਦੀ ਅਤੇ ਨਰਗਿਸ ਮੁਹੰਮਦੀ- ਨੂੰ ਦਿੱਤਾ ਗਿਆ ਹੈ। ਇਨ੍ਹਾਂ ਤਿੰਨਾਂ ਦੇ ਨਾਮ ਉਨ੍ਹਾਂ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹਨ ਜੋ ਇਸ ਸਮੇਂ ਦੁਨੀਆ ਵਿੱਚ ਸਭ ਤੋਂ ਵੱਧ ਦਹਿਸ਼ਤ ਹੇਠ ਜੀਵਨ ਬਤੀਤ ਕਰ ਰਹੇ ਹਨ। ਇਨ੍ਹਾਂ ਸਾਰੀਆਂ ਨੂੰ ਜੇਲ੍ਹ ਦੀਆਂ ਕਾਲ ਕੋਠੜੀਆਂ ਵਿਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਆਵਾਜ਼ ਨੂੰ ਹਰ ਹੀਲੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਰਅਸਲ, ਅਜੋਕੇ ਸਮੇਂ ਵਿਚ ਲੋਕਤੰਤਰ, ਸੱਤਾ, ਰਾਜਨੀਤੀ, ਧਰਮ ਅਤੇ ਜਾਤ ਨਸਲ ਦੇ ਨਾਂ ’ਤੇ ਪ੍ਰੈੱਸ ਦੀ ਆਜ਼ਾਦੀ ਦਾ ਘਾਣ ਕੀਤਾ ਜਾ ਰਿਹਾ ਹੈ।
ਇਸ ਸਮੇਂ ਅੱਧੀ ਦੁਨੀਆਂ ਇਕ ਤਰ੍ਹਾਂ ਦੀ ਅਣ-ਐਲਾਨੀ ਐਮਰਜੈਂਸੀ ਵਿਚ ਰਹਿ ਰਹੀ ਹੈ। ਦੁਨੀਆ ਦੇ 57 ਦੇਸ਼ ਅਜਿਹੇ ਹਨ ਜਿੱਥੇ ਪ੍ਰੈੱਸ ਦੀ ਆਜ਼ਾਦੀ ਨੂੰ ਬੁਰੀ ਤਰ੍ਹਾਂ ਕੁਚਲਿਆ ਗਿਆ ਹੈ, ਪਰ ਇਸ ਸੂਚੀ ਵਿਚ ਭਾਰਤ ਦਾ 161ਵੇਂ ਨੰਬਰ ’ਤੇ ਆਉਣਾ ਅਫ਼ਸੋਸਨਾਕ ਹੈ। ਰਾਜਨੀਤੀ, ਧਰਮ ਅਤੇ ਜਾਤ ਦੇ ਦਾਇਰੇ ਵਿੱਚ ਰਹਿ ਕੇ ਨਵੇਂ ਸਮਾਜ ਤੇ ਰਾਸ਼ਟਰ ਦੀ ਉਸਾਰੀ ਦੀ ਗੱਲ ਕਰਨ ਵਾਲੇ ਆਮ ਲੋਕਾਂ ਅਤੇ ਖੋਜੀ ਇਹ ਭੁੱਲ ਜਾਂਦੇ ਹਨ ਕਿ ਜਦੋਂ ਤੱਕ ਦੇਸ਼ ਵਿਚ ਪ੍ਰੈਸ ਦੀ ਆਵਾਜ਼ ਨਹੀਂ ਹੁੰਦੀ ਉਦੋਂ ਤੱਕ ਕੋਈ ਲੋਕਤੰਤਰ ਕਾਮਯਾਬ ਨਹੀਂ ਹੋ ਸਕਦਾ।
ਪ੍ਰੈਸ ਦੀ ਆਜ਼ਾਦੀ ਸਬੰਧੀ ਪੁਰਸਕਾਰ ਜਿੱਤਣ ਵਾਲੀਆਂ ਇਨ੍ਹਾਂ ਤਿੰਨ ਬਹਾਦਰ ਇਰਾਨੀ ਪੱਤਰਕਾਰਾਂ ਨੇ ਆਪਣੀਆਂ ਖ਼ਬਰਾਂ ਨਾਲ ਇਰਾਨ ਵਿੱਚ ਹਿਜਾਬ ਵਿਰੁੱਧ ਇਨਕਲਾਬ ਲਈ ਆਵਾਜ਼ ਬੁਲੰਦ ਕੀਤੀ ਸੀ ਜਿਸ ਦੀ ਉਨ੍ਹਾਂ ਨੂੰ ਭਾਰੀ ਕੀਮਤ ਚੁਕਾਉਣੀ ਪਈ ਹੈ।
ਇਸ ਸਮੇਂ ਅੱਜ ਇਹ ਤਿੰਨੋਂ ਮਹਿਲਾ ਪੱਤਰਕਾਰ ਜੇਲ੍ਹ ਵਿਚ ਹਨ। ਜੇਲ੍ਹ ਵਿਚ ਬੰਦ ਤਿੰਨ ਕੈਦੀ ਔਰਤਾਂ ਨੂੰ ਦਿੱਤਾ ਜਾਣ ਵਾਲਾ ਇਹ ਸੰਯੁਕਤ ਰਾਸ਼ਟਰ ਦਾ ਪੱਤਰਕਾਰੀ ਲਈ ਪਹਿਲਾ ਵੱਡਾ ਪੁਰਸਕਾਰ ਹੈ। ਨੀਲੋਫਰ ਹਮੀਦੀ ਨੇ 22 ਸਾਲਾ ਔਰਤ ਅਮੀਨੀ ਅਤੇ ਉਸ ਦੀ ਮੌਤ ਬਾਰੇ ਖ਼ਬਰਾਂ ਰਾਹੀਂ ਜਾਣਕਾਰੀ ਦਿੱਤੀ ਸੀ। ਪਿਛਲੇ ਸਾਲ ਸਤੰਬਰ ’ਚ ਪੁਲੀਸ ਹਿਰਾਸਤ ਵਿੱਚ ਅਮੀਨੀ ਦੀ ਮੌਤ ਹੋ ਗਈ ਸੀ। ਦਰਅਸਲ, ਹਿਜਾਬ ਸਹੀ ਢੰਗ ਨਾਲ ਨਾ ਪਹਿਨਣ ਕਾਰਨ ਪੁਲੀਸ ਨੇ ਅਮੀਨੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਦੀ ਕੁੱਟਮਾਰ ਕੀਤੀ ਸੀ।
ਉਸ ਸਮੇਂ ਇਲਾਹੇ ਮੁਹੰਮਦੀ ਨੇ ਅਮੀਨੀ ਦੇ ਅੰਤਿਮ ਸੰਸਕਾਰ ਬਾਰੇ ਆਪਣੀ ਰਿਪੋਰਟ ਵਿੱਚ ਲਿਖਿਆ: ਇਹ ਔਰਤਾਂ ਦੀ ਆਜ਼ਾਦੀ ਦਾ ਅੰਤਿਮ ਜਨਾਜ਼ਾ ਉੱਠਣ ਜਾ ਰਿਹਾ ਹੈ ਅਤੇ ਅਮੀਨੀ ਦੀ ਮੌਤ ਨੇ ਇਰਾਨ ਵਿੱਚ ਹਿਜਾਬ ਵਿਰੁੱਧ ਬੁਲੰਦ ਆਵਾਜ਼ ਨੂੰ ਇੱਕ ਵਾਰ ਫਿਰ ਔਰਤਾਂ ਦੇ ਹੱਕਾਂ ਲਈ ਲੜਨ ਦਾ ਪਾਠ ਪੜ੍ਹਾਇਆ ਹੈ।
ਇਰਾਨ ਦੀ ਰਾਜਧਾਨੀ ਤਹਿਰਾਨ ਤੋਂ ਲੈ ਕੇ ਸਿਡੋਰ ਤੱਕ ਅਤੇ ਦੇਸ਼ ਦੇ ਉੱਤਰ-ਪੱਛਮ ਤੱਕ ਲੱਖਾਂ ਲੋਕ ਸੜਕਾਂ ’ਤੇ ਉਤਰੇ ਅਤੇ ਦੇਸ਼ ਦੀ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤੇ। ਉਦੋਂ ਪੂਰੀ ਦੁਨੀਆ ਦੇ ਮੀਡੀਆ ਨੇ ਇਸ ਨੂੰ ਪ੍ਰਮੁੱਖਤਾ ਨਾਲ ਛਾਪਿਆ ਅਤੇ ਦਿਖਾਇਆ। ਪੱਛਮੀ ਦੇਸ਼ਾਂ ਦੇ ਮੀਡੀਆ ਨੇ ਪੂਰੀ ਦੁਨੀਆ ’ਚ ਹਿਜਾਬ ਦੇ ਖਿਲਾਫ਼ ਮਾਹੌਲ ਬਣਾਇਆ ਹੋਇਆ ਸੀ। ਇਰਾਨ ਅਤੇ ਪੂਰੀ ਦੁਨੀਆ ਵਿੱਚ ਸੈਂਕੜੇ ਔਰਤਾਂ ਨੇ ਹਿਜਾਬ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤੇ ਸਨ।
ਪਾਬੰਦੀਆਂ ਖਿਲਾਫ਼ ਜੁਝਾਰੂ ਬੋਲਾਂ ਦੀ ਗੂੰਜ ਪਈ ਅਤੇ ਪੂਰੀ ਦੁਨੀਆ ’ਚ ਵਿਰੋਧ ਪ੍ਰਦਰਸ਼ਨ ਹੋਏ। ਇਸੇ ਕਾਰਨ 2 ਸਤੰਬਰ 2022 ਤੋਂ ਇਰਾਨ ’ਚ ਜੇਲ੍ਹ ’ਚ ਬੰਦ ਤਿੰਨ ਮਹਿਲਾ ਪੱਤਰਕਾਰਾਂ ਨੀਲੋਫਰ ਹਮੀਦੀ, ਇਲਾਹੇ ਮੁਹੰਮਦੀ ਅਤੇ ਨਰਗਿਸ ਮੁਹੰਮਦੀ ’ਤੇ ਤਸ਼ੱਦਦ ਕੀਤਾ ਜਾ ਰਿਹਾ ਹੈ।
ਨਰਗਿਸ ਮੁਹੰਮਦੀ 16 ਸਾਲ ਕੈਦ ਦੀ ਸਜ਼ਾ ਭੁਗਤ ਰਹੀ ਹੈ। ਇਹ ਸਜ਼ਾ ਸਿਰਫ਼ ਇਸ ਲਈ ਹੈ ਕਿਉਂਕਿ ਉਸ ਨੇ ਆਪਣੇ ਸ਼ਬਦਾਂ ਦੀ ਵਰਤੋਂ ਆਮ ਲੋਕਾਂ ਤੱਕ ਖ਼ਬਰਾਂ ਪਹੁੰਚਾਉਣ ਲਈ ਕੀਤੀ ਸੀ। ਨਰਗਿਸ ਮੁਹੰਮਦੀ ਨੇ ਆਪਣੇ ਕੰਮ ਰਾਹੀਂ ਵਿਦੇਸ਼ਾਂ ਵਿਚ ਵੀ ਪਛਾਣ ਬਣਾਈ। ਉਹ ਆਪਣੀਆਂ ਲਿਖਤਾਂ ਰਾਹੀਂ ਇਰਾਨ ਵਿਚ ਮੌਤ ਦੀ ਸਜ਼ਾ ਦਾ ਲਗਾਤਾਰ ਵਿਰੋਧ ਕਰਦੀ ਸੀ ਜਿਸ ਕਾਰਨ ਸਰਕਾਰ ਨੂੰ ਬੇਹੱਦ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।
ਨਰਗਿਸ ਮੁਹੰਮਦੀ ਜੇਲ੍ਹ ਤੋਂ ਵੀ ਖ਼ਬਰਾਂ ਭੇਜਦੀ ਹੈ। ਉਸ ਨੇ ਮਹਿਲਾਂ ਕੈਦੀਆਂ ਦੀਆਂ ਇੰਟਰਵਿਊ ਵੀ ਕੀਤੀਆਂ ਹਨ। ਉਹ ਤਹਿਰਾਨ ਸਥਿਤ ਸਿਵਿਲ ਸੁਸਾਇਟੀ ਸੰਸਥਾ ਡਿਫੈਂਡਰਜ਼ ਆਫ਼ ਰਾਈਟਰ ਦੀ ਡਿਪਟੀ ਡਾਇਰੈਕਟਰ ਰਹਿ ਚੁੱਕੀ ਹੈ। ਸੰਯੁਕਤ ਰਾਸ਼ਟਰ ਨੇ ਉਸ ਬਾਰੇ ਕਿਹਾ ਹੈ ਕਿ ਉਸ ਨੇ ਜੇਲ੍ਹ ਤੋਂ ਰਿਪੋਰਟ ਦੇ ਕੇ ਪੂਰੀ ਦੁਨੀਆ ਵਿਚ ਬੰਦ ਕੀਤੇ ਜਾ ਰਹੇ ਸੰਵਾਦ ਦੇ ਪ੍ਰਗਟਾਵੇ ਦੀ ਰਾਖੀ ਕੀਤੀ ਹੈ। ਮਹਿਲਾ ਕੈਦੀਆਂ ਨਾਲ ਕੀਤੀਆਂ ਇੰਟਰਵਿਊਜ਼ ਉਸ ਦੀ ਕਿਤਾਬ ‘ਵ੍ਹਾਈਟ ਟੌਰਚਰ’ ਵਿਚ ਸ਼ਾਮਿਲ ਹਨ। ਇਹ ਆਪਣੀ ਕਿਸਮ ਦੀ ਪਹਿਲੀ ਕਿਤਾਬ ਹੈ ਜਿਸ ਵਿੱਚ ਨਰਗਿਸ ਮੁਹੰਮਦੀ ਨੇ ਆਪਣੇ ਦੁੱਖਾਂ-ਦਰਦਾਂ ਦੇ ਨਾਲ ਹੋਰ ਔਰਤਾਂ ਦੇ ਸੰਤਾਪ ਦਾ ਵੀ ਜ਼ਿਕਰ ਕੀਤਾ ਹੈ।
ਇਨ੍ਹੀਂ ਦਿਨੀਂ ਇਰਾਨ ’ਚ ਪੱਤਰਕਾਰਾਂ ਨੂੰ ਬਦਨਾਮ ਕਰਨ ਦੀ ਮੁਹਿੰਮ ਚੱਲ ਰਹੀ ਹੈ। ਉੱਥੇ ਸਲਾਖਾਂ ਪਿੱਛੇ ਭੇਜੀਆਂ ਜਾਣ ਵਾਲੀਆਂ ਮਹਿਲਾ ਪੱਤਰਕਾਰਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਵਿਚੋਂ ਬਹੁਤੀਆਂ ਉੱਤੇ ਇਰਾਨ ਦੀ ਰਾਸ਼ਟਰੀ ਸੁਰੱਖਿਆ ਖਿਲਾਫ਼ ਸਾਜ਼ਿਸ਼ ਰਚਣ ਦੇ ਦੋਸ਼ ਲੱਗੇ ਹਨ, ਪਰ ਇਰਾਨ ਦੇ ਸਭ ਤੋਂ ਵੱਡੇ ਅਖ਼ਬਾਰ ਵਿੱਚ ਸਾਰਕ ਲਈ ਕੰਮ ਕਰਨ ਵਾਲੀ ਨੀਲੋਫਰ ਹਮੀਦੀ ਉੱਤੇ ਕੋਈ ਦੋਸ਼ ਨਹੀਂ ਲਗਾਇਆ ਗਿਆ। ਉਹ ਜੇਲ੍ਹ ਵਿਚ ਬੰਦ ਹੈ ਅਤੇ ਉਸ ਦੇ ਵਕੀਲ ਦਾ ਕਹਿਣਾ ਹੈ ਕਿ ਉਸ ਨੂੰ ਕਿਸੇ ਨਾਲ ਸੰਪਰਕ ਕਰਨ ਦੀ ਇਜਾਜ਼ਤ ਨਹੀਂ ਹੈ ਅਤੇ ਉਸ ਦੀ ਸਹਿਯੋਗੀ ਇਲਾਹੀ ਮੁਹੰਮਦੀ ਬਾਰੇ ਝੂਠ ਫੈਲਾਇਆ ਜਾ ਰਿਹਾ ਹੈ। ਅਖ਼ਬਾਰਾਂ ਦੀਆਂ ਖ਼ਬਰਾਂ ਮੁਤਾਬਿਕ ਉਨ੍ਹਾਂ ਨੇ ਇਰਾਨੀ ਪ੍ਰਸਾਰਣਕਾਰ ਆਈਆਰਆਈਬੀ ਦੇ ਇਰਾਨ ਵਿਚਲੇ ਫ਼ੌਜੀ ਸਾਧਨਾਂ ਅਤੇ ਗ਼ਲਤ ਸੂਚਨਾਵਾਂ ਰਾਹੀਂ ਇਕ ਤਰ੍ਹਾਂ ਦੀ ਹਾਈਬ੍ਰਿਡ ਜੰਗ ਛੇੜੀ ਹੈ ਜੋ ਕਿਸੇ ਜੰਗੀ ਅਪਰਾਧ ਤੋਂ ਘੱਟ ਨਹੀਂ ਹੈ।
ਰਿਪੋਰਟਰਜ਼ ਵਿਦਾਊਟ ਬਾਰਡਰਜ਼ ਅਨੁਸਾਰ ਇਰਾਨ ਵਿਚ ਹੁਣ ਤੱਕ 43 ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਅਜੇ ਵੀ ਸਲਾਖਾਂ ਪਿੱਛੇ ਹਨ। ਇਨ੍ਹਾਂ ਵਿੱਚੋਂ 15 ਤੋਂ ਵੱਧ ਔਰਤਾਂ ਹਨ। ਉਦਾਹਰਣ ਵਜੋਂ, ਅਮੀਨੀ ਦੇ ਜੱਦੀ ਸ਼ਹਿਰ ਸਾਕੀ ਦੀ ਪੱਤਰਕਾਰੀ ਦੀ 23 ਸਾਲਾ ਵਿਦਿਆਰਥਣ ਸਲਾਮ ਰੋਸ਼ਨ ਕੁਰਦਿਸ਼ ਨੂੰ ਸਿਹਤ ਸਬੰਧੀ ਕੋਈ ਬਿਮਾਰੀ ਜਾਂ ਸਮੱਸਿਆ ਨਹੀਂ ਸੀ, ਪਰ ਪੁਲੀਸ ਤਸ਼ੱਦਦ ਕਾਰਨ ਉਸ ਦੀ ਮੌਤ ਹੋ ਗਈ। ਵਿਸ਼ਵ ਪ੍ਰੈੱਸ ਆਜ਼ਾਦੀ ਸਬੰਧੀ ਸੂਚੀ ਵਿੱਚ ਇਰਾਨ ਦਾ ਸਥਾਨ 178ਵਾਂ ਹੈ ਜੋ ਭਾਰਤ ਤੋਂ ਵੀ ਹੇਠਾਂ ਹੈ।
ਨਰਗਿਸ ਮੁਹੰਮਦੀ ਨੇ ਨੋਬੇਲ ਪੁਰਸਕਾਰ ਜੇਤੂ ਸ਼ਰੀਨ ਆਬਿਦੀ ਨਾਲ ਸ਼ਾਂਤੀ ਲਈ ਕੰਮ ਕੀਤਾ ਹੈ ਅਤੇ ਉਹ ਆਪਣੇ ਬਾਰੇ ਕਹਿੰਦੀ ਹੈ ਕਿ ਤੁਸੀਂ ਮੇਰੀ ਆਵਾਜ਼ ਨੂੰ ਦਬਾ ਨਹੀਂ ਸਕੋਗੇ ਕਿਉਂਕਿ ਮੈਂ ਤਾਂ ਰੂਹ ਤੋਂ ਲਿਖਦੀ ਹਾਂ।
ਮੁਹੰਮਦੀ ਦਾ ਜਨਮ ਇਰਾਨ ਵਿੱਚ ਹੋਇਆ ਸੀ ਅਤੇ ਉਸ ਨੇ ਇਮਾਮ ਖੋਮੇਨੀ ਇੰਟਰਨੈਸ਼ਨਲ ਯੂਨੀਵਰਸਿਟੀ ਤੋਂ ਭੌਤਿਕ ਵਿਗਿਆਨ ਦੀ ਡਿਗਰੀ ਦੇ ਨਾਲ ਗ੍ਰੈਜੂਏਸ਼ਨ ਕੀਤੀ ਸੀ ਅਤੇ ਗਿਆਨਵਾਨ ਵਿਦਿਆਰਥੀ ਸਮੂਹ ਦੀ ਅਗਵਾਈ ਵੀ ਕੀਤੀ ਸੀ। ਉਸ ਦੀਆਂ ਹੋਰ ਕਿਤਾਬਾਂ ਵਿੱਚ ਫਰੀ ਫਰੀਡਮ ਦਿ ਸਟ੍ਰੈਟਜੀ ਐਂਡ ਟੈਕਟਿਕਸ ਦੇ ਨਾਲ-ਨਾਲ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਹੋਰ ਵਿਸ਼ੇ ਸ਼ਾਮਿਲ ਹਨ।
ਉਸ ਨੇ ਲਿਖਿਆ ਸੀ ਕਿ ਇਰਾਨ ਅੱਜ ਔਰਤਾਂ ਲਈ ਰਹਿਣ ਯੋਗ ਨਹੀਂ ਰਿਹਾ। ਇਹ ਬਗ਼ਾਵਤ ਦੀਆਂ ਆਵਾਜ਼ਾਂ ਨੂੰ ਬਚਾਉਣ ਦਾ ਸਮਾਂ ਹੈ। ਉਹ ਲਿਖਦੀ ਹੈ:
ਜੇਕਰ ਤੁਸੀਂ ਮੇਰੇ ਸ਼ਬਦਾਂ ਨੂੰ ਗੁਆਉਂਦੇ ਹੋ,
ਤਾਂ ਉਹ
ਤੁਹਾਡੇ ਸਾਹਮਣੇ ਨਹੀਂ ਆਉਣਗੇ,
ਕਿਉਂਕਿ ਮੇਰੇ ਲਈ ਹੁਣ
ਮੌਤ ਅਤੇ ਅਜ਼ਾਦੀ
ਇੱਕੋ ਜਿਹੀ ਹੈ,
ਜੋ ਪਹਿਲਾਂ ਤੋਂ ਹੀ ਹੱਕ ਵਿੱਚ ਹੈ
ਅਤੇ ਉਸ ਦੇ ਪੱਖ ਤੋਂ ਇੱਕ ਨੂੰ ਦੇਵੇਗਾ.
ਧਰਤੀ ’ਤੇ ਆਜ਼ਾਦੀ ਦਾ ਨਵਾਂ ਧੁਰਾ ਖੁੱਲ੍ਹੇਗਾ
ਅਤੇ
ਧਰਤੀ ਦੇ ਉਸ ਟੁਕੜੇ ’ਤੇ
ਸਾਡੀ ਆਵਾਜ਼
ਬੁਲੰਦ ਹੋਵੇਗੀ।
ਕਵਿਤਾ ਇਨਕਲਾਬ ਦਾ ਹਥਿਆਰ ਨਹੀਂ, ਇਨਕਲਾਬ ਦੀ ਆਵਾਜ਼ ਹੈ। ਇਹ ਆਜ਼ਾਦੀ ਦੇ ਪ੍ਰਗਟਾਵੇ ਦੇ ਸ਼ਬਦ ਹਨ ਜਿਨ੍ਹਾਂ ਨੂੰ ਸੈਂਸਰ ਨਹੀਂ ਕੀਤਾ ਜਾ ਸਕਦਾ। ਇੱਕ ਬਾਗੀ ਕੁਰਦ ਕਵੀ ਨੇ ਠੀਕ ਹੀ ਲਿਖਿਆ ਹੈ:
ਉਸ ਨੇ ਮੇਰੀ ਮਾਂ ਨੂੰ ਕਿਹਾ
ਕਿਉਂਕਿ ਤੁਸੀਂ
ਅਜਿਹੇ ਪੁੱਤਰ ਨੂੰ ਜਨਮ ਦਿੱਤਾ ਹੈ
ਮੈਂ ਅਸਮਾਨ ਵਿੱਚ
ਸੂਰਜ ਜਿਹਾ ਮਨੁੱਖ ਦੇਖਿਆ,
ਇਹ ਸੂਰਜ ਅਤੇ ਚੰਦ ਹੁਣ ਸਾਡੇ ਹਨ,
ਇਸ ਲਈ ਹਰ ਦਿਨ ਨਿਕਲੇਗਾ ਸੂਰਜ
ਹਰ ਸਵੇਰ ਨਵੀਂ ਧੁੱਪ ਲੈ ਕੇ ਆਵੇਗੀ,
ਹਰ ਨਵਾਂ ਦਿਨ,
ਨਵੀਂ ਉਮੀਦ ਨਾਲ।
* ਲੇਖਕ ਉੱਘੇ ਬਰਾਡਕਾਸਟਰ ਅਤੇ ਦੂਰਦਰਸ਼ਨ ਦੇ ਉਪਮਹਾਨਿਦੇਸ਼ਕ ਰਹੇ ਹਨ।
ਸੰਪਰਕ: 94787-30156