ਕਰੋਨਾ ਮਹਾਮਾਰੀ ਕਰ ਕੇ ਅਸੀਂ ਸਾਰੇ ਬੁਰੇ ਦੌਰ ਵਿਚੋਂ ਗੁਜ਼ਰ ਰਹੇ ਹਾਂ। ਸਾਰੇ ਖੇਤਰਾਂ ਦੀਆਂ ਆਰਥਿਕ ਸਰਗਰਮੀਆਂ ਅਤੇ ਸਮੁੱਚੇ ਸੰਸਾਰ ਦੀ ਆਰਥਿਕ ਵਿਵਸਥਾ ਤੇ ਵੱਡਾ ਅਸਰ ਪਿਆ ਹੈ। ਪਿਛਾਂਹ ਝਾਤ ਮਾਰੀਏ ਤਾਂ ਲੌਕਡਾਊਨ ਦੀ ਮੌਜੂਦਾ ਹਾਲਤ ਤੋਂ ਪਹਿਲਾਂ ਵੀ ਸਾਡੇ ਸੂਬੇ ਦੀ ਆਰਥਿਕ ਹਾਲਤ ਕੋਈ ਵਧੀਆ ਨਹੀਂ ਸੀ। ਦੂਜੇ ਪਾਸੇ, ਵੱਖੋ-ਵੱਖਰੇ ਖੇਤਰਾਂ ਦੇ ਪ੍ਰਤੀਨਿਧ ਰਾਜ ਸਰਕਾਰ ਤੋਂ ਸਬਸਿਡੀਆਂ ਜਾਂ ਹੋਰ ਤਰ੍ਹਾਂ ਨਾਲ ਵੱਡੀ ਵਿਤੀ ਸਹਾਇਤਾ ਦੀਆਂ ਉਮੀਦਾਂ ਲਾਈ ਬੈਠੇ ਹਨ, ਹਾਲਾਂਕਿ ਉਨ੍ਹਾਂ ਤੋਂ ਸੂਬੇ ਦੀ ਅਰਥ-ਵਿਵਸਥਾ ਕੋਈ ਗੁੱਝੀ ਨਹੀਂ ਹੈ।
ਇਸ ਵਰਤਾਰੇ ਕਰ ਕੇ ਇਕ ਘਟਨਾ ਯਾਦ ਆ ਗਈ ਹੈ। ਮੇਰਾ ਪਿੰਡ ਅੰਮ੍ਰਿਤਸਰ-ਤਰਨਤਾਰਨ ਸੜਕ ਤੇ ਪੈਂਦਾ ਹੈ। ਉਸ ਇਲਾਕੇ ਵਿਚ ਜੋਤਾਂ ਮੁਕਾਬਲਤਨ ਛੋਟੀਆਂ ਹੋਣ ਕਰ ਕੇ ਹਾੜ੍ਹੀ ਦੇ ਮੌਸਮ ਵਿਚ ਸਿਰਫ਼ ਉਹ ਕਿਸਾਨ ਹੀ ਸਾਰੀ ਜ਼ਮੀਨ ਤੇ ਫ਼ਸਲ ਬੀਜਦੇ ਸਨ ਜਿਨ੍ਹਾਂ ਕੋਲ ਸਿੰਜਾਈ ਦੀਆਂ ਚੰਗੀਆਂ ਸਹੂਲਤਾਂ ਹੁੰਦੀਆਂ ਸਨ। ਉਦੋਂ ਅਸੀਂ 4-5 ਏਕੜ ਵਿਚ ਬਰਸੀਮ ਤੇ ਕਮਾਦ ਅਤੇ ਬਾਕੀ ਵਿਚ ਕਣਕ ਜਾਂ ਬੇਰੜਾ (ਕਣਕ-ਛੋਲਿਆਂ ਨੂੰ ਰਲਾ ਕੇ ਬੀਜਣਾ) ਬੀਜਦੇ ਸਾਂ। ਸਾਉਣੀ ਦੀ ਰੁੱਤ ਵਿਚ ਅੱਧੀ ਜਾਂ ਅੱਧੀ ਤੋਂ ਥੋੜ੍ਹੀ ਵੱਧ ਜ਼ਮੀਨ ਵਿਚ ਮੱਕੀ, ਝੋਨਾ, ਨਰਮਾ ਅਤੇ ਚਾਰਾ ਬੀਜਦੇ। ਬਾਕੀ ਖਾਲੀ ਪੈਲੀਆਂ ਨੂੰ ਵਾਰ ਵਾਰ ਵਾਹੁੰਦੇ ਤਾਂ ਜੋ ਇਹ ਜ਼ਮੀਨ ਕਣਕ ਦੀ ਫ਼ਸਲ ਲਈ ਵਧੀਆ ਤਿਆਰ ਕੀਤੀ ਜਾਵੇ। ਇਸ ਦੇ ਪਿੱਛੇ ‘ਦੱਬ ਕੇ ਵਾਹ ਤੇ ਰੱਜ ਕੇ ਖਾਹ’ ਦਾ ਲੋਕ-ਵਿਸ਼ਵਾਸ ਵੀ ਕੰਮ ਕਰਦਾ ਸੀ। ਇਉਂ ਕਣਕ ਸਾਡੇ ਇਲਾਕੇ ਦੀ ਮੁੱਖ ਫ਼ਸਲ ਸੀ ਅਤੇ ਇਸ ਦੇ ਮੁਕਾਬਲੇ ਕੋਈ ਹੋਰ ਫ਼ਸਲ ਨੇੜੇ-ਤੇੜੇ ਵੀ ਨਹੀਂ ਸੀ ਆਉਂਦੀ। ਪਿੰਡ ਵਿਚ ਕਿਸ ਦੀ ਖੇਤੀ ਸਭ ਤੋਂ ਚੰਗੀ ਹੈ, ਉਸ ਦਾ ਆਧਾਰ ਕਣਕ ਦੀ ਫ਼ਸਲ ਹੁੰਦੀ ਸੀ। ਇਸੇ ਆਧਾਰ ਤੇ ਹੀ ਕਿਸੇ ਕਿਸਾਨ ਦੀ ਭੱਲ ਬਣਦੀ। ਸਾਡੇ ਪਿੰਡ ਵਿਚ ਮੇਰੇ ਪਿਤਾ ਜੀ ਵੀ ਅਜਿਹੇ ਤਿੰਨ-ਚਾਰ ਕਿਸਾਨਾਂ ਵਿਚੋਂ ਸਨ ਜੋ ਵਾਰੋ-ਵਾਰੀ ਕਣਕ ਦੀ ਪੈਦਾਵਾਰ ਲੈਣ ਵਿਚ ਮੋਹਰੀ ਹੋਣ ਦਾ ਜੱਸ ਖੱਟਦੇ ਸਨ।
ਮਾਰਚ 1961 ਵਿਚ ਅੰਮ੍ਰਿਤਸਰ-ਤਰਨਤਾਰਨ-ਪੱਟੀ-ਖੇਮਕਰਨ ਦੀ ਬੈਲਟ ਵਿਚ ਤਕੜੀ ਗੜੇਮਾਰ ਹੋਈ। ਕਣਕ ਦੀ ਫ਼ਸਲ ਪੱਕਣ ਦੇ ਨੇੜੇ ਸੀ ਅਤੇ ਉਸ ਦਾ ਜੋ ਨੁਕਸਾਨ ਹੋਇਆ, ਉਹ ਭੁੱਲਦਾ ਨਹੀਂ। ਪੱਕੀ ਕਣਕ ਦੇ ਬੂਟੇ, ਗੜਿਆਂ ਦੀ ਮਾਰ ਝੱਲ ਨਾ ਸਕੇ ਅਤੇ ਸਿੱਟੇ ਟੁੱਟ ਕੇ ਹੇਠਾਂ ਡਿੱਗ ਪਏ। ਸਾਡੀ ਕਣਕ ਦੀ ਪੈਦਾਵਰ ਜੋ ਆਮ ਤੌਰ ਤੇ 275-300 ਕੱਚੇ ਮਣ (ਕੱਚੇ ਮਣ ਵਿਚ 16 ਸੇਰ ਹੁੰਦੇ ਸਨ; 16 ਸੇਰ ਅਰਥਾਤ 15 ਕਿਲੋ ਤੋਂ ਥੋੜ੍ਹਾ ਘੱਟ) ਹੁੰਦੀ ਸੀ, ਘਟ ਕੇ ਤਕਰੀਬਨ 120 ਕੱਚੇ ਮਣ ਰਹਿ ਗਈ। ਉਸ ਕਿਸਾਨ ਦੀ ਹਾਲਤ ਦਾ ਭਲੀ-ਭਾਂਤ ਅੰਦਾਜ਼ਾ ਲੱਗ ਸਕਦਾ ਹੈ ਜਿਸ ਦੀ ਪੈਦਾਵਾਰ 50% ਤੋਂ ਵੀ ਘਟ ਗਈ ਹੋਵੇ। ਸਾਡੇ ਇਲਾਕੇ ਵਿਚ ਦੋ ਵਿਧਾਨ ਸਭਾ ਚੋਣ ਹਲਕੇ ਪੈਂਦੇ ਸਨ ਜਿਨ੍ਹਾਂ ਦੀ ਵਾਗਡੋਰ ਅਸਰ-ਰਸੂਖ਼ ਸ਼ਖ਼ਸੀਅਤਾਂ ਨੇ ਸੰਭਾਲੀ ਹੋਈ ਸੀ, ਜਿਨ੍ਹਾਂ ਵਿਚੋਂ ਇੱਕ, ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਅਤੇ ਦੂਜੇ, ਉਸ ਵੇਲੇ ਦੇ ਸਪੀਕਰ (ਵਿਧਾਨ ਸਭਾ) ਗੁਰਦਿਆਲ ਸਿੰਘ ਢਿੱਲੋਂ ਸਨ। ਇਹ ਸ਼ਾਇਦ ਉਨ੍ਹਾਂ ਦੇ ਪ੍ਰਭਾਵ ਸਦਕਾ ਸੀ ਜਾਂ ਸਰਕਾਰੀ ਤੰਤਰ ਦੀ ਚੰਗੀ ਕਾਰਗੁਜ਼ਾਰੀ ਤੇ ਸਦਭਾਵਨਾ, ਕਿ ਪ੍ਰਭਾਵਿਤ ਪਿੰਡਾਂ ਵਿਚ ਬਿਨਾਂ ਦੇਰ ਕੀਤਿਆਂ ਹਰ ਸ਼ਖ਼ਸ ਨੂੰ 60 ਕਿਲੋ ਕਣਕ ਦੇਣ ਦਾ ਪ੍ਰਬੰਧ ਕੀਤਾ ਗਿਆ। ਮੇਰੇ ਪਿਤਾ ਜੀ ਪਿੰਡ ਦੇ ਸਰਪੰਚ ਸਨ ਅਤੇ ਜਦੋਂ ਕਣਕ ਵੰਡਣੀ ਸੀ, ਉਨ੍ਹਾਂ ਨੇ ਮੇਰੀ ਡਿਊਟੀ ਇਸ ਦਾ ਰਿਕਾਰਡ ਰੱਖਣ ਤੇ ਲਾ ਦਿੱਤੀ। ਮੈਂ ਥੋੜ੍ਹੇ ਦਿਨ ਪਹਿਲਾਂ ਹੀ ਨੌਵੀਂ ਪਾਸ ਕੀਤੀ ਸੀ ਪਰ ਉਸ ਜ਼ਮਾਨੇ ਦੇ ਹਿਸਾਬ ਨਾਲ ਕਾਫ਼ੀ ਪੜ੍ਹਿਆ-ਲਿਖਿਆ ਸਾਂ।
ਸ਼ਾਮ ਦੇ ਤਕਰੀਬਨ ਚਾਰ ਵਜੇ ਵੰਡ-ਵੰਡਈਏ ਦਾ ਇਹ ਕੰਮ ਜਦੋਂ ਨੇਪਰੇ ਚੜ੍ਹਨ ਤੇ ਆ ਗਿਆ ਤਾਂ ਪੰਚਾਇਤ ਸਕੱਤਰ ਦੇ ਧਿਆਨ ਵਿਚ ਆਇਆ ਕਿ 8-10 ਪਰਿਵਾਰ ਅਜਿਹੇ ਹਨ ਜਿਨ੍ਹਾਂ ਨੇ ਇਹ ਕਣਕ ਨਹੀਂ ਸੀ ਲਈ (ਇਨ੍ਹਾਂ ਪਰਿਵਾਰਾਂ ਵਿਚ ਸਾਡਾ ਪਰਿਵਾਰ ਵੀ ਸ਼ਾਮਲ ਸੀ ਪਰ ਮੇਰੇ ਪਿਤਾ ਜੀ ਨੇ ਪੰਚਾਇਤ ਸਕੱਤਰ ਨੂੰ ਸਵੇਰੇ ਹੀ ਦੱਸ ਦਿੱਤਾ ਸੀ ਕਿ ਉਹ ਸਰਕਾਰੀ ਕਣਕ ਨਹੀਂ ਲੈਣਗੇ)। ਜਦੋਂ ਪੰਚਾਇਤ ਸਕੱਤਰ ਅਤੇ ਮੇਰੇ ਪਿਤਾ ਜੀ ਇਸ ਬਾਬਤ ਗੱਲਬਾਤ ਕਰ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਪੰਚਾਇਤ ਦਾ ਇੱਕ ਮੈਂਬਰ ਜਿਸ ਨੇ ਅਜੇ ਕਣਕ ਨਹੀਂ ਸੀ ਲਈ, ਤਕਰੀਬਨ 10 ਬੰਦਿਆਂ ਦੇ ਗਰੁੱਪ ਵਿਚ ਖੜ੍ਹਾ ਸੀ। ਇਨ੍ਹਾਂ ਵਿਚ 4-5 ਹੋਰ ਵੀ ਅਜਿਹੇ ਬੰਦੇ ਸਨ ਜਿਨ੍ਹਾਂ ਨੇ ਕਣਕ ਨਹੀਂ ਸੀ ਲਈ। ਇਹ 55-60 ਵਰ੍ਹਿਆਂ ਦੇ ਤਕਰੀਬਨ ਛੇ ਫੁੱਟ ਲੰਮੇ, ਖੁੱਲ੍ਹੀ ਦਾੜ੍ਹੀ ਅਤੇ ਚਿੱਟੀ ਜਟਕਾ ਸਟਾਈਲ ਪੱਗ ਵਾਲੇ ਭਾਈ ਬੂਟਾ ਸਿੰਘ ਜੀ ਸਨ। ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਹੋਣ ਕਰ ਕੇ ਹੀ ਸ਼ਾਇਦ ਪਿੰਡ ਵਿਚ ਉਨ੍ਹਾਂ ਨੂੰ ‘ਭਾਈ ਜੀ’ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ। ਪੰਚਾਇਤ ਸਕੱਤਰ ਨੇ ਉਨ੍ਹਾਂ ਨੂੰ ਉੱਚੀ ਆਵਾਜ਼ ਵਿਚ ਕਿਹਾ, “ਭਾਈ ਜੀ ਤੁਸੀਂ ਵੀ ਕਣਕ ਲੈ ਲਓ, ਅਸੀਂ ਕੰਮ ਖ਼ਤਮ ਕਰੀਏ।” ਭਾਈ ਸਾਹਿਬ ਨੇ ਅੱਗਿਓਂ ਗਰਜਵੀਂ ਆਵਾਜ਼ ਵਿਚ ਕਿਹਾ, “ਬਾਊ ਜੀ ਅਸੀਂ ਕਿਰਤੀ ਵਾਂ, ਮੰਗਤੇ ਨਹੀਂ।”
ਅੱਜਕੱਲ੍ਹ ਸਮਾਜ ਦੇ ਸਾਰੇ ਵਰਗਾਂ ਵਿਚ ਹਰ ਕਿਸੇ ਨੂੰ ਸਬਸਿਡੀ ਦੀ ਲਾਲਸਾ ਹੈ। ਸਬਸਿਡੀਆਂ ਹਾਸਲ ਕਰਨ ਦੀ ਇਸ ਹੋੜ ਵਿਚ ਅਸੀਂ ਆਪਣੇ ਅਮੀਰ ਸੂਬੇ ਨੂੰ ਗ਼ਰੀਬ ਅਤੇ ਕਰਜ਼ਾਈ ਕਰ ਕੇ ਰੱਖ ਦਿੱਤਾ ਹੈ। ਰੱਬ ਦੇ ਰੰਗ ਦੇਖੋ, ਸੂਬਾ ਗ਼ਰੀਬ ਪਰ ਵਸਨੀਕ ਅਮੀਰ। ਸਮਾਜ ਦੀ ਇਸ ਬਦਲ ਰਹੀ ਨਾਕਾਰਤਮਕ ਤਬਦੀਲੀ ਤੋਂ ਦਿਲ ਦੁਖੀ ਅਤੇ ਨਿਰਾਸ਼ ਹੁੰਦਾ ਹੈ! ਭਾਈ ਬੂਟਾ ਸਿੰਘ ਦੀ ਦਲੇਰ ਗੜ੍ਹਕ ਕਿ “ਅਸੀਂ ਮੰਗਤੇ ਨਹੀਂ” ਕਿਤੇ ਗੁੰਮ ਹੋ ਗਈ ਹੈ।
ਆਓ ਅਸੀਂ ਹਮੇਸ਼ਾਂ ਯਾਦ ਰੱਖੀਏ ਕਿ ਵੰਡ ਦੌਰਾਨ ਸਾਡੇ ਪੁਰਖੇ ਜੋ ‘ਇੱਧਰ’ ਨੂੰ ਆਏ ਸੀ, ਉਨ੍ਹਾਂ ਕੋਲ ਦੁੱਖਾਂ ਦੀ ਪੰਡ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ। ਉਨ੍ਹਾਂ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਮੁੜ ਸ਼ੁਰੂ ਕੀਤੀ ਅਤੇ ਆਪਣੀ ਸਖ਼ਤ ਮਿਹਨਤ ਤੇ ਲਗਨ ਸਦਕਾ ਉੱਚੀਆਂ ਬੁਲੰਦੀਆਂ ਨੂੰ ਵੀ ਛੋਹਿਆ। ਮੈਂ ਮਾਣਮੱਤੀ ਅਤੇ ਅਣਖੀ ਪੰਜਾਬੀ ਕੌਮ ਨੂੰ ਅਪੀਲ ਕਰਦਾ ਹਾਂ ਕਿ ਆਪਣੀ ਜ਼ਮੀਰ ਨੂੰ ਜਗਾਈਏ। ਦੂਜਿਆਂ ਕੋਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਨਾ ਮੰਗੀਏ। ਆਪਣੇ ਘਰ ਨੂੰ ਬਚਾਉਣਾ ਸਾਡਾ ਪਹਿਲਾ ਫ਼ਰਜ਼ ਹੈ। ਸਾਡਾ ਲੋਕ ਅਖਾਣ ਵੀ ਹੈ ਕਿ, ‘ਰੱਬ ਉਨ੍ਹਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ’।
*ਵਾਈਸ ਚਾਂਸਲਰ, ਪੀਏਯੂ, ਲੁਧਿਆਣਾ।
ਸੰਪਰਕ: dhillonbaldevsingh@gmail.com