ਡਾ. ਓਪਿੰਦਰ ਸਿੰਘ ਲਾਂਬਾ
ਸਾਲ 1947 ਵਿਚ ਮੁਲਕ ਦੀ ਵੰਡ ਮਗਰੋਂ ਸਾਡੇ ਵੱਡੇ-ਵਡੇਰੇ ਆਪਣੀ ਜੰਮਣ ਭੋਇੰ ਤੋਂ ਉੱਜੜ ਕੇ ਰੋਪੜ ਆ ਵਸੇ। ਇਸ ਬਿਗਾਨੀ ਧਰਤ ’ਤੇ ਪੁਰਖਿਆਂ ਨੇ ਆਪਣਾ ਜੀਵਨ ਸ਼ਰਨਾਰਥੀਆਂ ਵਜੋਂ ਸ਼ੁਰੂ ਕੀਤਾ, ਉਨ੍ਹਾਂ ਨੂੰ ਬਹੁਤ ਸਾਰੀਆਂ ਦੁਸ਼ਵਾਰੀਆਂ ਨਾਲ ਜੂਝਣਾ ਪਿਆ। ਸ਼ਰਨਾਰਥੀ ਹੋਣਾ ਆਪਣੇ-ਆਪ ਵਿਚ ਸੰਤਾਪ ਹੰਢਾਉਣ ਵਾਂਗ ਹੁੰਦਾ। ਮੇਰੇ ਦਾਦਾ ਜੀ ਸਿੱਧੇ-ਸਾਦੇ ਅਤੇ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ, ਇਲਾਕੇ ਦੇ ਲੋਕ ਉਨ੍ਹਾਂ ਨੂੰ ਸਤਿਕਾਰ ਵਜੋਂ ‘ਭਗਤ ਜੀ’ ਕਹਿ ਕੇ ਬੁਲਾਉਂਦੇ ਸਨ। ਇੱਥੇ ਵਸਣ ਮਗਰੋਂ ਉਨ੍ਹਾਂ ਨੇ ਲਗਭਗ 40 ਸਾਲ ਬੇਕਰੀ ਦੀ ਦੁਕਾਨ ਕੀਤੀ। ਬੇਫਿਕਰੀ ਦਾ ਆਲਮ ਇਸ ਹੱਦ ਤੱਕ ਸੀ ਕਿ ਉਨ੍ਹਾਂ 78 ਸਾਲ ਦੀ ਉਮਰ ਵਿਚ ਕੰਮ ਛੱਡ ਕੇ ਦੁਕਾਨ ਦੀਆਂ ਕੁੰਜੀਆਂ ਆਪਣੇ ਪੁਰਾਣੇ ਤੇ ਵਫਾਦਾਰ ਨੌਕਰ ਹੱਥ ਫੜਾਉਂਦਿਆਂ ਉਸ ਨਾਲ 50 ਪੈਸੇ ਦੀ ਹਿੱਸਾ-ਪੱਤੀ ਪਾ ਲਈ।
ਦਾਦਾ ਜੀ ਦੇ ਇਸ ਇਕਤਰਫਾ ਤੇ ਬੇਬਾਕ ਫੈਸਲੇ ਕਾਰਨ ਮੇਰੇ ਪਿਤਾ ਜੀ ਜੋ ਸਰਕਾਰੀ ਨੌਕਰੀ ਕਰਦੇ ਸਨ, ਬਹੁਤ ਖ਼ਫ਼ਾ ਹੋਏ। ਉਨ੍ਹਾਂ ਦਾਦਾ ਜੀ ਨੂੰ ਪੁੱਛਿਆ, “ਭਾਪਾ ਜੀ, ਤੁਸਾਂ ਬਿਨਾ ਪੁੱਛੇ ਇਹ ਕੀ ਕੀਤਾ? ਘੱਟੋ-ਘੱਟ ਸਾਡੇ ਨਾਲ ਸਲਾਹ-ਮਸ਼ਵਰਾ ਤਾਂ ਕਰਦੇ।” ਉਨ੍ਹਾਂ ਪਿਤਾ ਜੀ ਨੂੰ ਇਕ ਟੁਕ ਜਵਾਬ ਦਿੱਤਾ, “ਪੁੱਤ ਸਰਕਾਰੀ ਨੌਕਰ ਤਾਂ 58 ’ਤੇ ਰਿਟਾਇਰ ਹੋ ਜਾਂਦੈ, ਮੈਂ ਤਾਂ ਅੱਸੀਆਂ ਲਾਗੇ ਢੁਕ ਚੁੱਕਾਂ ਤੇ ਹੋਰ ਕਦੋਂ ਤੱਕ ਬੁੱਢੀਆਂ ਹੱਡੀਆਂ ਨਾਲ ਧੰਦ ਪਿੱਟਦਾ ਰਹਾਂ। ਕਾਕਾ, ਬੰਦਾ ਤਾਂ ਕਦੇ ਰੱਜਦਾ ਈ ਨਹੀਂ।” ਇਹ ਸੁਣ ਕੇ ਪਿਤਾ ਜੀ ਨੇ ਦਾਦਾ ਜੀ ਦੇ ਫੈਸਲੇ ਨੂੰ ਰੱਬ ਦੀ ਰਜ਼ਾ ਮੰਨਦਿਆਂ ਕਬੂਲ ਕਰ ਲਿਆ।
ਇਸ ਮਗਰੋਂ ਦਾਦਾ ਜੀ ਕੋਲ ਸਿਰਫ ਦੋ ਕੰਮ ਰਹਿ ਗਏ। ਸਵੇਰੇ ਤੇ ਸ਼ਾਮ ਗੁਰਦੁਆਰੇ ਜਾਣਾ, ਪਾਠ ਕਰਨਾ ਅਤੇ ਗਾਹੇ-ਬਗਾਹੇ ਦਾਦੀ ਨੂੰ ਲੋੜ ਪੈਣ ’ਤੇ ਬਾਜ਼ਾਰੋਂ ਸਬਜ਼ੀ-ਭਾਜੀ ਲਿਆ ਦੇਣੀ ਤਾਂ ਜੋ ਟੱਬਰ ਦਾ ਚੁੱਲ੍ਹਾ-ਚੌਕਾ ਚਲਦਾ ਰਹੇ। ਉਸ ਵੇਲੇ ਮੈਂ ਅਤੇ ਮੇਰੀ ਛੋਟੀ ਭੈਣ ਵੀ ਉਨ੍ਹਾਂ ਕੋਲ ਰਹਿ ਕੇ ਕਾਲਜ ਵਿਚ ਆਪੋ-ਆਪਣੀ ਪੜ੍ਹਾਈ ਕਰ ਰਹੇ ਸਾਂ, ਉਦੋਂ ਮੇਰੇ ਪਿਤਾ ਜੀ ਆਪਣੀ ਨੌਕਰੀ ਕਾਰਨ ਨੰਗਲ ਰਹਿੰਦੇ ਸਨ। ਨੌਕਰ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਦੁਕਾਨ ਤੋਂ ਹੋਈ ਵੱਟਕ ਵਿਚੋਂ ਅੱਧੇ ਪੈਸੇ ਦਾਦਾ ਜੀ ਨੂੰ ਨੇਮ ਨਾਲ ਫੜਾ ਜਾਂਦਾ ਜਿਸ ਨੂੰ ਉਹ ਬੜੇ ਮਾਣ ਨਾਲ ਆਪਣੀ ‘ਪੈਨਸ਼ਨ’ ਸਮਝਦੇ। ਮੇਰਾ ਚਾਚਾ ਜੋ ਉਸ ਵੇਲੇ ਮੇਰਠ ਲਾਗੇ ਬੜੀ ਮਸ਼ਹੂਰ ਟਾਇਰ ਫੈਕਟਰੀ ਵਿਚ ਇੰਜਨੀਅਰ ਸੀ ਅਤੇ ਰੱਜਿਆ-ਪੁੱਜਿਆ ਹੋਣ ਸਦਕਾ ਉਹ ਵੀ ਦਾਦਾ ਜੀ ਨੂੰ ਹਰ ਮਹੀਨੇ 500 ਰੁਪਏ ਦਾ ਮਨੀਆਰਡਰ ਕਰਵਾ ਦਿੰਦਾ ਸੀ। ਦਾਦਾ ਜੀ ਨੇ ਸਖਤ ਮਿਹਨਤ ਨਾਲ ਜੋੜੀ ਜੀਵਨ ਭਰ ਦੀ ਪੂੰਜੀ ਸ਼ਹਿਰ ਦੇ ਦੋ ਨਾਮੀ ਸ਼ਾਹੂਕਾਰਾਂ ਕੋਲ ਜਮ੍ਹਾਂ ਕਰਾਈ ਹੋਈ ਸੀ ਜਿਸ ਉਤੇ ਉਨ੍ਹਾਂ ਨੂੰ ਹਰ ਮਹੀਨੇ 1500 ਰੁਪਏ ਵਿਆਜ ਆ ਜਾਂਦਾ ਸੀ। ਇਨ੍ਹਾਂ ਨਾਲ ਉਨ੍ਹਾਂ ਦਾ ਪੰਜ ਦਹਾਕਿਆਂ ਤੋਂ ਵਾਹ-ਵਾਸਤਾ ਰਿਹਾ ਸੀ ਜਿਸ ਕਰਕੇ ਉਹ ਇਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਇਨ੍ਹਾਂ ਸ਼ਾਹੂਕਾਰਾਂ ਵਿਚੋਂ ਇਕ ਬਾਣੀਆ ਸੀ ਤੇ ਦੂਜਾ ਟਰਾਂਸਪੋਰਟਰ ਸੀ, ਦੋਵੇਂ ਹੀ ਦਾਦਾ ਜੀ ਦੀ ਬਹੁਤ ਇੱਜ਼ਤ-ਮਾਣ ਕਰਦੇ ਸਨ।
ਉਨ੍ਹਾਂ ਭਲੇ ਵੇਲਿਆਂ ਵਿਚ ਥੋੜ੍ਹੇ ਪੈਸਿਆਂ ਵਿਚ ਹੀ ਸੌਖਾ ਗੁਜ਼ਾਰਾ ਹੋ ਜਾਂਦਾ ਸੀ। ਦਾਦਾ ਜੀ ਹਮੇਸ਼ਾ ਰੱਬ ਦੀ ਰਜ਼ਾ ਵਿਚ ਰਹਿੰਦਿਆਂ ਇਹੀ ਕਹਿੰਦੇ, “ਹੇ ਸੱਚੇ ਮਾਲਕਾ, ਲੋੜਾਂ ਪੂਰੀਆਂ ਕਰਦਾ ਰਹੀਂ, ਖਾਹਿਸ਼ਾਂ ਦਾ ਤਾਂ ਕੋਈ ਅੰਤ ਨਹੀਂ।” ਇਸੇ ਸੋਚ ਕਾਰਨ ਉਨ੍ਹਾਂ ਨੇ ਰਹਿੰਦੀ ਜ਼ਿੰਦਗੀ ਤੱਕ ਬਿਨਾ ਤੰਗੀ-ਤੁਰਸ਼ੀ ਦੇਖਿਆਂ ਅਤੇ ਕਿਸੇ ਤੋਂ ਉਧਾਰ ਫੜੇ ਬਗੈਰ ਆਪਣੇ ਨਿਗੂਣੇ ਵਸੀਲਿਆਂ ਨਾਲ ਗੁਜ਼ਾਰਾ ਕਰਕੇ ਭਰਪੂਰ ਆਨੰਦ ਮਾਣਿਆ। ਇਕ ਦਿਨ ਮੇਰੀ ਛੋਟੀ ਭੈਣ ਜਿਸ ਨੂੰ ਉਹ ਬਹੁਤ ਪਿਆਰ ਕਰਦੇ ਸਨ, ਕਹਿਣ ਲੱਗੀ, “ਭਾਪਾ ਜੀ, ਆਪਣਾ ਮਕਾਨ ਬਹੁਤ ਪੁਰਾਣਾ ਹੈ, ਇਸ ਵਿਚ ਫਲੱਸ਼ ਤੇ ਦੋ ਕਮਰੇ ਹੋਰ ਪੁਆ ਦਿਓ ਤਾਂ ਜੋ ਇਸ ਦੀ ਦਿੱਖ ਸੋਹਣੀ ਲੱਗਣ ਲੱਗੇ।” ਉਨ੍ਹਾਂ ਬਿਨਾ ਕਿਸੇ ਨਾਂਹ-ਨੁੱਕਰ ਮੈਨੂੰ ਸੱਦ ਕੇ ਕਿਹਾ, “ਕਾਕਾ ਕੱਲ੍ਹ ਸਵੇਰੇ ਦੋਵਾਂ ਸ਼ਾਹੂਕਾਰਾਂ ਕੋਲੋਂ 25-25 ਹਜ਼ਾਰ ਲਿਆ ਕੇ ਸੰਤੋਖ ਮਿਸਤਰੀ ਨੂੰ ਉਸਾਰੀ ਦਾ ਕੰਮ ਠੇਕੇ ’ਤੇ ਦੇ ਦਿਓ। ਅਸੀਂ ਅਗਲੀ ਸਵੇਰ ਪਹਿਲਾਂ ਟਰਾਂਸਪੋਰਟਰ ਕੋਲੋਂ 25 ਹਜ਼ਾਰ ਲੈਣ ਲਈ ਗਏ ਜਿਸ ਨੇ ਬਿਨਾ ਹੀਲ-ਹੁੱਜਤ ਮੰਗੀ ਰਕਮ ਦੇ ਦਿੱਤੀ। ਜਦੋਂ ਸੇਠ ਕੋਲ ਗਏ ਤਾਂ ਉਸ ਨੇ ਆਪਣੀ ਤਿਜੌਰੀ ਵਿਚੋਂ ਵਹੀ ਖਾਤਾ ਕੱਢਿਆ ਅਤੇ ਸਾਡੇ ਨਾਲ ਹੋਏ ਪੁਰਾਣੇ ਹਿਸਾਬ-ਕਿਤਾਬ ਦੀ ਪੁਣਛਾਣ ਕਰਨ ਲੱਗਾ। ਸਾਡੀ ਰਕਮ ਸਾਨੂੰ ਦੇਣ ਨੂੰ ਸੇਠ ਦਾ ਚਿੱਤ ਨਹੀਂ ਸੀ ਕਰ ਰਿਹਾ। ਵਹੀ ਖਾਤਾ ਫਰੋਲਦਿਆਂ ਉਹ ਆਖਣ ਲੱਗਾ, “ਭਗਤ ਜੀ, ਬੁਰਾ ਨਾ ਮੰਨਿਓਂ, ਤੁਸੀਂ ਪਿਛਲੇ ਮਹੀਨੇ ਕਿਸੇ ਜ਼ਰੂਰੀ ਕੰਮ ਕਰਕੇ 29 ਤਰੀਕ ਨੂੰ ਵਿਆਜ ਦੀ ਰਕਮ ਲੈਣ ਲਈ ਆਏ ਸੀ ਅਤੇ ਮੈਂ ਤਹਾਨੂੰ 29 ਦਿਨਾਂ ਦੀ ਬਜਾਏ ਭੁਲੇਖੇ ਨਾਲ ਪੂਰੇ ਮਹੀਨੇ ਦਾ ਵਿਆਜ ਦੇ ਦਿੱਤਾ ਸੀ ਜਿਸ ਕਰਕੇ ਉਲਟਾ ਮੇਰਾ ਬਕਾਇਆ ਤੁਹਾਡੇ ਵੱਲ ਖੜ੍ਹਾ ਹੈ।” ਸੇਠ ਦੇ ਮੂੰਹੋਂ ਇਹ ਗੱਲ ਸੁਣ ਕੇ ਦਾਦਾ ਜੀ ਹੱਕੇ-ਬੱਕੇ ਰਹਿ ਗਏ ਜਿਸ ਨੇ ਪੁਰਾਣੇ ਰਿਸ਼ਤੇ ਦਾ ਭੋਰਾ ਲਿਹਾਜ਼ ਨਹੀਂ ਸੀ ਕੀਤਾ।
ਦਾਦਾ ਜੀ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਨ੍ਹਾਂ ਨੇ ਜ਼ਾਬਤੇ ਵਿਚ ਰਹਿੰਦਿਆਂ ਕਿਹਾ, “ਸ਼ਾਹ ਜੀ, ਕੋਈ ਗੱਲ ਨਹੀਂ, ਤੁਸੀਂ ਮੇਰੇ ਵੱਲ ਬਣਦੇ ਆਪਣੇ 17 ਰੁਪਏ ਕੱਟ ਲਵੋ ਅਤੇ ਹੁਣ ਤੱਕ ਦੀ ਤੁਹਾਡੇ ਕੋਲ ਮੇਰੀ ਸਾਰੀ ਜਮ੍ਹਾਂ ਪੂੰਜੀ ਮੋੜ ਦਿਓ ਤੇ ਮੇਰਾ ਖਾਤਾ ਹਮੇਸ਼ਾ ਲਈ ਬੰਦ ਕਰ ਦਿਓ।” ਇਹ ਸੁਣ ਕੇ ਸੇਠ ਡੌਰ-ਭੌਰ ਹੋ ਗਿਆ ਤੇ ਆਖਣ ਲੱਗਾ, “ਭਗਤ ਜੀ, ਮੈਥੋਂ ਕੋਈ ਭੁੱਲ ਹੋ ਗਈ, ਜਾਣ ਦਿਓ ਗੁੱਸਾ। ਸਾਡੇ ਪਰਿਵਾਰ ਦੇ ਤਾਂ ਪਿਛਲੇ 50 ਸਾਲਾਂ ਤੋਂ ਮੇਰੇ ਬਾਊ ਜੀ ਦੇ ਸਮੇਂ ਤੋਂ ਤੁਹਾਡੇ ਨਾਲ ਬਹੁਤ ਸੁਖਾਵੇਂ ਸਬੰਧ ਰਹੇ ਹਨ। ਪੈਸਾ ਕੀ ਚੀਜ਼ ਹੈ, ਇਹ ਤਾਂ ਹੱਥਾਂ ਦੀ ਮੈਲ ਹੈ; ਅੱਜ ਆਇਆ, ਕੱਲ੍ਹ ਗਿਆ। ਬੰਦਾ ਹੀ ਬੰਦੇ ਦੇ ਕੰਮ ਆਉਂਦਾ ਹੈ ਤੇ ਆਪਣਾ ਤਾਂ ਚਿਰਾਂ ਤੋਂ ਨਹੁੰ-ਮਾਸ ਦਾ ਰਿਸ਼ਤਾ ਹੈ। ਜਾਣ ਦਿਓ ਗਿਲਾ-ਸ਼ਿਕਵਾ।”
ਦਾਦਾ ਜੀ ਉਤੇ ਸੇਠ ਦੀਆਂ ਮੋਮੋਠਗਣੀਆਂ ਕੋਈ ਅਸਰ ਨਾ ਪਾ ਸਕੀਆਂ। ਉਨ੍ਹਾਂ ਨੇ ਸੇਠ ਕੋਲੋਂ ਪਾਈ ਪਾਈ ਦਾ ਹਿਸਾਬ ਕਰਕੇ ਮੂਲ ਰਕਮ ਵਾਪਸ ਕਰਵਾ ਲਈ। ਦਾਦਾ ਜੀ ਆਪਣੀ ਸੋਟੀ ਅਤੇ ਪੈਸੇ ਸਮੇਟਦਿਆਂ ਭੋਲੇ ਭਾਅ ਬੋਲੇ, “ਸੇਠ ਜੀ, ਕੋਈ ਬਾਤ ਨਹੀਂ; ਦੋ ਪੈਸੇ ਕੀ ਹੰਡੀਆ ਗਈ, ਬੰਦੇ ਕੀ ਜਾਤ ਪਛਾਤੀ ਗਈ।” ਇੰਨਾ ਕਹਿ ਕੇ ਮੇਰਾ ਸਹਾਰਾ ਲੈਂਦਿਆਂ ਦਾਦਾ ਜੀ ਉਹਦੀ ਦੁਕਾਨ ਤੋਂ ਬਾਹਰ ਨਿਕਲ ਕੇ ਘਰ ਵੱਲ ਹੋ ਤੁਰੇ। ਮੈਂ ਸਾਰੇ ਰਾਹ ਮਨੋ-ਮਨ ਇਹੀ ਸੋਚਦਾ ਰਿਹਾ ਕਿ ਇਹ ਨਿਰਮਲ ਤੇ ਸ਼ਾਂਤ ਸੁਭਾਅ ਵਾਲਾ ਇਨਸਾਨ ਜਿਸ ਨੇ ਕਦੇ ਕਿਸੇ ਨੂੰ ਇੱਕ ਲਫਜ਼ ਵੀ ਕੌੜਾ ਨਹੀਂ ਸੀ ਬੋਲਿਆ, ਆਖਰ ਇੰਨੀ ਵੱਡੀ ਗੱਲ ਕਿਵੇਂ ਕਹਿ ਗਿਆ। ਲਾਜ਼ਮੀ, ਉਨ੍ਹਾਂ ਦੇ ਮਨ ਨੂੰ ਸੇਠ ਦੀ ਮਾਇਆਧਾਰੀ ਸੋਚ ਨੇ ਡੂੰਘੀ ਸੱਟ ਮਾਰੀ ਹੋਵੇਗੀ!
ਸੰਪਰਕ: 97800-36136