ਮੂੰਹਜ਼ੋਰ ਹਨੇਰੇ ਤੋਂ ਬੇਪਰਵਾਹ ਬਲਜਿੰਦਰ ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ ਰੌਸ਼ਨ ਕਰਨ ਲਈ ਚਾਨਣ ਦਾ ਵਣਜਾਰਾ ਬਣ ਕੇ ਜੀਵਿਆ। ਖ਼ੁਦਕੁਸੀਆਂ ਦੀ ਬਜਾਏ ਚੇਤਨਾ ਦੇ ਚਾਨਣ ਦੀ ਫਸਲ ਬੀਜਣ ਵਾਲਾ ਇਹ ਕਿਰਤੀ ਕਾਮਾ ਲੋਕ ਲਹਿਰ ਦਾ ਅਜਿਹਾ ਬੀਜ ਹੈ ਜੋ ਆਪ ਮਿੱਟੀ ਮਿਲ ਕੇ ਸੂਝਬੂਝ ਭਰੀ ਲਹਿਰਦੀ ਫ਼ਸਲ ਝੂਮਣ ਲਾਉਂਦਾ ਹੈ। ਜਦੋਂ ਜਮੂਦ ਦੇ ਆਲਮ ਵਿਚ ਜਕੜੀ ਸੁੰਨ ਮਾਨਸਿਕਤਾ ਦਾ ਲਾਹਾ ਖੱਟ ਕੇ, ਨਵੇਂ ਆਰਡੀਨੈਂਸਾਂ ਨਾਲ ਖੇਤੀ ਦੀ ਮੁਕੰਮਲ ਤਬਾਹੀ ਦਾ ਪਟਾ ਲਿਖਿਆ ਜਾ ਰਿਹਾ ਹੈ, ਉਸ ਰੁੱਤੇ ‘ਪਗੜੀ ਸੰਭਾਲ ਓਏ’ ਦਾ ਹੋਕਾ ਦੇਣ ਵਾਲਾ, ਮਲੇਰਕੋਟਲਾ ਲਾਗੇ ਵਸੇ ਪਿੰਡ ਹਥਨ ਦਾ ਬਲਜਿੰਦਰ ਸਿੰਘ ਲੋਕ ਕਾਫ਼ਲੇ ਨੂੰ 5 ਅਗਸਤ 2020 ਨੂੰ ਸਦੀਵੀ ਅਲਵਿਦਾ ਕਹਿ ਗਿਆ।
ਮਾਂ ਗਿਆਨ ਕੌਰ, ਪਿਤਾ ਗੁਰਨਾਮ ਸਿੰਘ ਦੇ ਘਰ ਪਹਿਲੀ ਅਪਰੈਲ 1964 ਨੂੰ ਪੈਦਾ ਹੋਇਆ ਬਲਜਿੰਦਰ ਬੀਤੇ ਕਈ ਮਹੀਨੇ ਸੰਗਰੂਰ ਜੇਲ੍ਹ ਰਿਹਾ। ਆਰਥਿਕ ਤੰਗੀਆਂ ਦੇ ਭੰਨੇ, ਕਰਜ਼ੇ ਦੇ ਪਹਾੜਾਂ ਹੇਠ ਆਏ ਕਿਸਾਨਾਂ ਦੀ ਜਬਰੀ ਕੁਰਕੀ ਰੋਕਣ ਕਾਰਨ ਹੋਰਨਾਂ ਮਜ਼ਦੂਰ ਕਿਸਾਨਾਂ ਸਮੇਤ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਮਲੇਰਕੋਟਲਾ ਦਾ ਪ੍ਰਧਾਨ ਬਲਜਿੰਦਰ ਜੇਲ੍ਹ ਡੱਕ ਦਿੱਤਾ ਸੀ। ਜੇਲ੍ਹ ਵਿਚ ਭੇਤਭਰੀ ਪੀੜ ਪਰੁੰਨੇ ਬਲਜਿੰਦਰ ਨੂੰ ਰਿਹਾ ਕਰਨ, ਮੈਡੀਕਲ ਸਹੂਲਤ ਦੇਣ ਤੋਂ ਇਨਕਾਰੀ ਲੋਕ-ਵਿਰੋਧੀ ਪ੍ਰਬੰਧ ਨੇ ਉਸ ਨੂੰ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਦੇ ਪੰਜਿਆਂ ਵਿਚ ਜਕੜ ਦਿੱਤਾ।
ਚਾਰ ਮਹੀਨੇ ਪਿੱਛੋਂ ਜੇਲ੍ਹ ਤੋਂ ਬਾਹਰ ਆਉਣ ਤੇ ਜਦੋਂ ਹਸਪਤਾਲ ਲੈ ਕੇ ਗਏ ਤਾਂ ਪੀਜੀਆਈ, ਟਾਟਾ ਹਸਪਤਾਲ ਸੰਗਰੂਰ, ਨੇਚਰ ਕੇਅਰ ਕੇਂਦਰ ਭਦੌੜ, ਸਭ ਥਾਵਾਂ ਨੇ ਸਪੱਸ਼ਟ ਕਰ ਦਿੱਤਾ ਕਿ ਬਲਜਿੰਦਰ ਹੁਣ ਚੰਦ ਦਿਨਾਂ ਦਾ ਹੀ ਮਹਿਮਾਨ ਹੈ।
ਬਲਜਿੰਦਰ ਨੇ ਮੁਬਾਰਕਪੁਰ ਚੁੰਘਾਂ ਤੋਂ ਦਸਵੀਂ ਪਾਸ ਕੀਤੀ। ਜਦੋਂ 1976 ਵਿਚ ਹੰਗਾਮੀ ਹਾਲਤ ਖ਼ਤਮ ਹੋਈ ਤਾਂ ਸਾਹ-ਘੁੱਟਵੇਂ ਮਾਹੌਲ ਨੂੰ ਲੰਗਾਰ ਕਰਨ ਲਈ ਲੋਕਾਈ ਨੂੰ ਜਾਗਰੂਕ ਕਰਨ ਵਾਸਤੇ ਪੰਜਾਬ ਦਾ ਉਹ ਕਿਹੜਾ ਪਿੰਡ ਹੈ ਜਿਸ ਦੇ ਥੜ੍ਹੇ ਤੇ ਰੰਗਮੰਚ ਰਾਹੀਂ ‘ਦੁੱਲੇ ਦੀ ਵਾਰ’, ‘ਭਗਤ ਸਿੰਘ ਦੀ ਘੋੜੀ’, ‘ਕਿਵ ਕੂੜੇ ਤੁਟਿ ਪਾਲਿ’, ‘ਨਵਾਂ ਜਨਮ’, ‘ਗ਼ਦਰ ਦੀ ਗੂੰਜ’, ‘ਇਨਕਲਾਬ ਜ਼ਿੰਦਾਬਾਦ’ ਦੀ ਧਮਕ ਨਾ ਪਈ ਹੋਵੇ। 12 ਕੁ ਵਰ੍ਹਿਆਂ ਦਾ ਬਲਜਿੰਦਰ ਮੰਚ ਤੇ ਕਵਿਤਾ ਬੋਲਦਾ। ਪਿੰਡ ਵਿਚ ਹੁੰਦੇ ਨਾਟਕਾਂ ਦੀ ਤਿਆਰੀ ਵਿਚ ਹਿੱਸਾ ਲੈਂਦਾ। ਉਸ ਨੇ ਮਜ਼ਦੂਰਾਂ ਕਿਸਾਨਾਂ ਨੂੰ ਹੀ ਕਾਲਜ, ਯੂਨੀਵਰਸਿਟੀ ਸਮਝਦਿਆਂ ਆਪਣੇ ਜੀਵਨ ਭਰ ਦੀਆਂ ਸੇਵਾਵਾਂ ਸਮਰਪਿਤ ਕਰਨ ਲਈ ਲੋਕਾਂ ਦੀ ਜ਼ਿੰਦਗੀ ਦੀ ਵਿਸ਼ਾਲ ਯੂਨੀਵਰਸਟੀ ਵਿਚ ਹੀ ਦਾਖਲਾ ਲੈ ਲਿਆ। ਉਸ ਦੀ ਜੀਵਨ ਸਾਥਣ ਜਸਬੀਰ ਨੇ ਬਲਜਿੰਦਰ ਦੇ ਇਸ ਸੰਗਰਾਮੀ ਜੀਵਨ ਸਫ਼ਰ ਵਿਚ ਪੂਰਾ ਸਾਥ ਦਿੱਤਾ। ਉਹਨੇ ਪਿੰਡ ਅਤੇ ਇਲਾਕੇ ਦੇ ਘਰ ਘਰ, ਗਲੀ ਗਲੀ, ਚੁੱਲ੍ਹੇ ਚੌਕੇ ਤੱਕ ਜਾ ਕੇ ਲੋਕਾਂ ਨੂੰ ਨਵੀਂ ਚੇਤਨਾ ਦਾ ਜਾਗ ਲਾਇਆ। ਲੱਕ ਬੰਨ੍ਹੇ, ਮੋਟੀ ਸੋਟੀ ਵਿਚ ਝੰਡਾ, ਝੋਲੇ ਵਿਚ ਗੀਤਾਂ ਦੀ ਕਿਤਾਬ, ਲੰਗਰ ਵਾਸਤੇ ਇੱਕ ਹੱਥ ਦੁੱਧ ਦੀ ਕੈਨੀ, ਵਲੰਟੀਅਰ ਦੀ ਜ਼ਿੰਮੇਵਾਰੀ ਦੇ ਰੂਪ ਵਿਚ ਕਿਸੇ ਵੀ ਲੋਕ ਮੋਰਚੇ ਵਿਚ ਹਸੂੰ ਹਸੂੰ ਅਤੇ ਚੜ੍ਹਦੀ ਕਲਾ ਵਿਚ ਉਸ ਨੂੰ ਦੇਖਿਆ ਜਾ ਸਕਦਾ ਸੀ।
ਛੰਨਾ, ਧੌਲਾ, ਸੰਘੇੜਾ ਅਤੇ ਗੋਬਿੰਦਪੁਰੇ ਵਿਚ ਜ਼ਮੀਨ ਐਕਵਾਇਰ ਕਰਨ ਖ਼ਿਲਾਫ ਲੜਿਆ ਮੋਰਚਾ, ਫਰੀਦਕੋਟ ਦੀ ਧੀ ਦੇ ਉਧਾਲੇ ਖ਼ਿਲਾਫ਼ ਸ਼ਾਨਾਮੱਤਾ ਜੇਤੂ ਘੋਲ, ਨਰਮਾ ਮੋਰਚਾ, ਬਿਜਲੀ ਖੇਤਰ ਦੇ ਨਿਜੀਕਰਨ ਖਿਲਾਫ਼ ਲੰਮੀ ਜੱਦੋਜਹਿਦ, ਕਰਜ਼ੇ ਤੇ ਲੀਕ ਮਾਰਨ, ਖੁਦਕੁਸ਼ੀ ਨਹੀਂ ਸੰਗਰਾਮ ਦਾ ਪੈਗ਼ਾਮ, ਕਿਰਨਜੀਤ ਕਤਲ ਕਾਂਡ ਵਿਰੋਧੀ ਘੋਲ ਦੇ ਆਗੂਆਂ ਸਿਰ ਮੜ੍ਹੇ ਕੇਸ ਰੱਦ ਕਰਾਉਣ ਲਈ ਕਈ ਵਰ੍ਹੇ ਪਹਿਲਾਂ ਹੋਈਆਂ ਸਰਗਰਮੀਆਂ ਅਤੇ ਹੁਣ ਮਨਜੀਤ ਧਨੇਰ ਦੀ ਰਿਹਾਈ ਲਈ, ਬਰਨਾਲਾ ਜੇਲ੍ਹ ਅੱਗੇ 48 ਦਿਨ ਦੇ ਸ਼ਾਨਦਾਰ ਘੋਲ, ਨਸ਼ਿਆਂ ਵਿਰੋਧੀ ਲਹਿਰ, ਦਲਿਤਾਂ ਤੇ ਜਬਰ ਵਿਰੋਧੀ ਐਕਸ਼ਨ ਕਮੇਟੀ ਦੀਆਂ ਸਰਗਰਮੀਆਂ ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ, ਜੱਲ੍ਹਿਆਂਵਾਲਾ ਬਾਗ਼ ਸ਼ਤਾਬਦੀ ਸਮਾਗਮ, ਗੁਰਸ਼ਰਨ ਭਾਅ ਜੀ, ਪ੍ਰੋ. ਅਜਮੇਰ ਸਿੰਘ ਔਲਖ, ਗੁਰਦਿਆਲ ਸਿੰਘ ਨਾਵਲਕਾਰ ਸਬੰਧੀ ਸਮਾਗਮ, ਸੰਤੋਖ ਸਿੰਘ ਧੀਰ ਯਾਦਗਾਰੀ ਸਮਾਗਮ ਚੰਡੀਗੜ੍ਹ, ਜਲੂਰ ਪਿੰਡ ਦੇ ਦਲਿਤ ਭਾਈਚਾਰੇ ਉਪਰ ਜ਼ੁਲਮ ਵਿਰੋਧੀ ਜਾਨ-ਹੂਲਵਾਂ ਮੋਰਚਾ, ਕਾਲੇ ਕਾਨੂੰਨਾਂ ਖ਼ਿਲਾਫ਼ ਨਿਰੰਤਰ ਸਰਗਰਮੀਆਂ, ਪਟਿਆਲੇ ਦਾ ਅਧਿਆਪਕ ਮੋਰਚਾ, ਸੀਏਏ, ਐੱਨਪੀਆਰ ਅਤੇ ਐੱਨਆਰਸੀ ਵਿਰੋਧੀ ਲਹਿਰ ਉਸਾਰਨ, ਸ਼ਾਹੀਨ ਬਾਗ਼ ਦਿੱਲੀ, ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਟੀ ਅੱਗੇ ਮਾਰਚ ਤੇ ਰੋਸ ਵਿਖਾਵਾ, ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਪਹਿਲੀ ਮਈ ਕੌਮਾਂਤਰੀ ਦਿਹਾੜੇ ਮੌਕੇ ਪੰਜਾਬੀ ਪਵਨ ਲੁਧਿਆਣਾ ਵਿਖੇ 35 ਸਾਲ ਤੋਂ ਹੋ ਰਿਹਾ ਨਿਰੰਤਰ ਨਾਟਕ ਅਤੇ ਗੀਤ-ਸੰਗੀਤ ਮੇਲਾ, ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਚ ਪਹਿਲੀ ਨਵੰਬਰ ਮੇਲਾ ਗ਼ਦਰੀ ਬਾਬਿਆਂ ਦਾ, 27 ਸਤੰਬਰ ਗੁਰਸ਼ਰਨ ਭਾਅ ਜੀ ਦੇ ਵਿਛੋੜੇ ਵਾਲੇ ਦਿਨ, ਪ੍ਰੋ. ਅਜਮੇਰ ਸਿੰਘ ਔਲਖ ਨੂੰ ਸਿਜਦਾ ਕਰਦਿਆਂ ਅਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਵਾਲੀ ਇਸ ਸਾਰੀ ਰਾਤ ਦਾਣਾ ਮੰਡੀ ਬਰਨਾਲਾ ਵਿਚ ਲੱਗਦਾ ਇਨਕਲਾਬੀ ਸੱਭਿਆਚਾਰਕ ਮੇਲਾ ਅਜਿਹੀ ਅਮੁਕ ਲੜੀ ਹੈ ਜਿਨ੍ਹਾਂ ਵਿਚ ਬਲਜਿੰਦਰ ਨੇ ਸਰਗਰਮ ਭੂਮਿਕਾ ਅਦਾ ਕੀਤੀ।
ਦਰਦਾਂ ਨਾਲ ਕਰਾਹੁੰਦਾ ਉਹ ਜਦੋਂ ਜੇਲ੍ਹ ਤੋਂ ਆਇਆ ਤਾਂ ਮਾਲੇਰਕੋਟਲਾ ਵਿਖੇ ਇਤਿਹਾਸਕ ਰੈਲੀ ਦਾ ਐਲਾਨ ਕੀ ਹੋਇਆ, ਉਸ ਨੇ ਕੋਈ 50 ਪਿੰਡਾਂ ’ਚ ਤਿਆਰੀ ਮੁਹਿੰਮ ਵਿੱਢੀ। ਪਲਸ ਮੰਚ ਦੀਆਂ ਨਾਟਕ ਟੀਮਾਂ ਨੇ ਮਾਲੇਰਕੋਟਲਾ ਖੇਤਰ ਦੇ ਪਿੰਡ ਪਿੰਡ ਨੁੱਕੜ ਨਾਟਕ ਮੁਹਿੰਮ ਰਾਹੀਂ ਨਾਗਰਿਕਤਾ ਹੱਕਾਂ ਦੀ ਰਾਖੀ ਲਈ ਮਾਲੇਰਕੋਟਲਾ ਰੈਲੀ ’ਚ ਸ਼ਾਮਲ ਹੋਣ ਦਾ ਜਦੋਂ ਹੋਕਾ ਦਿੱਤਾ ਤਾਂ ਬਲਜਿੰਦਰ ਦੀ ਸਰਗਰਮੀ ਦੇਖ ਕੇ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਇਸ ਪ੍ਰਬੰਧ ਦੀ ਦੇਣ ਕੈਂਸਰ ਨੇ ਜੀਵਨ ਖੋਹ ਲੈਣ ਲਈ ਬਲਜਿੰਦਰ ਨੂੰ ਨਾਗ਼ ਵਲ ਮਾਰਿਆ ਹੋਇਆ ਹੈ। ਮਾਲੇਰਕੋਟਲਾ ਰੈਲੀ ’ਚ ਜੁੜੇ ਸਵਾਲ ਲੱਖ ਤੋਂ ਵੱਧ ਲੋਕਾਂ ਵਿਚ ਬਲਜਿੰਦਰ ਦੇ ਮਲੇਰਕੋਟਲਾ ਬਲਾਕ ਨੇ ਅਹਿਮ ਭੂਮਿਕਾ ਨਿਭਾਈ, ਉੱਥੇ ਬਲਜਿੰਦਰ ਦੇ ਪਿੰਡ ਹਥਨ ਦੇ ਘਰ ਘਰ ਦਾ ਜੀਅ ਵਿਸ਼ੇਸ਼ ਕਰ ਕੇ ਔਰਤਾਂ ਨੇ ਸ਼ਮੂਲੀਅਤ ਕੀਤੀ।
ਬਲਜਿੰਦਰ ਦੀ ਮਾਂ ਤੇ ਜੀਵਨ ਸਾਥਣ ਸਮੇਤ ਪੂਰੇ ਪਰਿਵਾਰ ਨੇ ਉਸ ਦੀਆਂ ਸਰਗਰਮੀਆਂ ਵਾਂਗ ਹੀ ਬਿਮਾਰੀ ਦੇ ਸਮੇਂ ਸਿਦਕਦਿਲੀ ਦਾ ਸਬੂਤ ਦਿੱਤਾ। ਬਲਜਿੰਦਰ ਦੀ ਭੈਣ ਬਲਜੀਤ ਕੌਰ ਭੱਠਲ (ਬਰਨਾਲਾ) ਆਪਣੇ ਭਰਾ ਵਾਲਾ ਝੰਡਾ ਹੋਰ ਬੁਲੰਦ ਕਰਨ ਲਈ ਦ੍ਰਿੜ ਸੰਕਲਪ ਹੈ। ਪਰਿਵਾਰ, ਸਾਕ-ਸਬੰਧੀ, ਸੰਗੀ-ਸਾਥੀ ਸਭ ਮਿਲ ਕੇ 14 ਅਗਸਤ ਦਿਨ ਸ਼ੁੱਕਰਵਾਰ ਦਿਨੇ 12 ਵਜੇ ਗੁਰਦੁਆਰਾ ਮਾਮੂਆਣਾ ਸਾਹਿਬ ਪਿੰਡ ਹਥਨ (ਮਲੇਰਕੋਟਲਾ) ਵਿਚ ਬਲਜਿੰਦਰ ਦੇ ਸ਼ਰਧਾਂਜਲੀ ਸਮਾਗਮ ਮੌਕੇ ਲੋਕ ਮੁਕਤੀ ਦੇ ਕਾਜ ਨੂੰ ਬੁਲੰਦ ਕਰਨ ਦਾ ਅਹਿਦ ਕਰਨਗੇ।
ਸੰਪਰਕ: 94170-76735