ਨੂਰਦੀਪ ਕੋਮਲ
ਹਰ ਰੋਜ਼ ਵਾਂਗ ਅੱਜ ਵੀ ਮੈਂ ਕਾਹਲੀ-ਕਾਹਲੀ ਸੁੰਨੀ ਸੜਕ ਉੱਤੇ ਤੁਰੀ ਜਾ ਰਹੀ ਸੀ। ਬਸ ਆਉਣ ਵਿੱਚ ਹਜੇ ਸਮਾਂ ਸੀ। ਮੇਰੇ ਸਟੌਪਿਜ ਤੋਂ ਪਹਿਲਾਂ ਇਕ ਨਹਿਰ ਆਉਂਦੀ ਸੀ, ਜਿੱਥੇ ਪੁਲ ਦੀ ਥਾਂ ਬਿਜਲੀ ਵਾਲਾ ਖੰਬਾ ਰੱਖਿਆ ਹੋਇਆ ਸੀ। ਰਸਤਾ ਬਹੁਤ ਖਤਰਨਾਕ ਸੀ। ਕਈ ਵਾਰ ਡਿੱਗਣ ਤੋਂ ਬਚਦੀ ਪਰ ਘਰ ਦੀ ਗਰੀਬੀ ਕਾਰਨ ਮੈਂ ਇਹ ਨੌਕਰੀ ਕਰਨ ਲਈ ਮਜਬੂਰ ਸੀ। ਮੈਂ ਬੱਚਿਆਂ ਨੂੰ ਕੰਪਿਊਟਰ ਪੜ੍ਹਾਉਂਦੀ ਸੀ, ਤਨਖ਼ਾਹ ਹਜ਼ਾਰ ਰੁਪਿਆ ਸੀ। ਮੈਂ ਘੜੀ ਵੱਲ ਵੇਖਿਆ, ਬਸ ਦੇ ਆਉਣ ਵਿੱਚ ਪੂਰੇ ਵੀਹ ਮਿੰਟ ਸਨ। ਮੈਂ ਆਪਣੇ ਕਦਮਾਂ ਦੀ ਚਾਲ ਨੂੰ ਹੌਲੀ ਕਰ ਲਿਆ ਤੇ ਨਹਿਰ ਕੰਢੇ-ਕੰਢੇ ਸੋਚਾਂ ਵਿੱਚ ਗੁੰਮ ਤੁਰਨ ਲੱਗੀ। ਮੈਂ ਕਦੇ ਵਗਦੇ ਪਾਣੀ ਵੱਲ ਵੇਖਦੀ, ਕਦੇ ਨਹਿਰ ਕੰਢੇ ਲੱਗੇ ਦਰਖ਼ਤਾਂ ਵੱਲ। ਮੈਂ ਕੁਦਰਤ ਦਾ ਪੂਰਾ ਆਨੰਦ ਮਾਣ ਰਹੀ ਸੀ ਕਿ ਪਿੱਛੋਂ ਇਕ ਉੱਚੀ ਆਵਾਜ਼ ਸੁਣਾਈ ਦਿੱਤੀ। ਮੇਰੀ ਧੜਕਣ ਤੇਜ਼ ਹੋ ਗਈ। ਅਕਸਰ ਜਦੋਂ ਓਥੋਂ ਲੰਘਦੀ ਤਾਂ ਨਹਿਰ ਵਿਚ ਨਹਾਉਂਦੇ ਮੈਨੂੰ ਵੇਖ ਕੇ ਉੱਚੀ-ਉੱਚੀ ਚੀਕਦੇ। ਅੱਜ ਵੀ ਮੈਨੂੰ ਏਦਾਂ ਹੀ ਲੱਗਿਆ। ਪੂਰੀ ਸੜਕ ਸੁੰਨੀ ਪਈ ਸੀ। ਮੈਂ ਬਿਨਾਂ ਪਿੱਛੇ ਵੇਖੇ ਕਦਮਾਂ ਦੀ ਚਾਲ ਤੇਜ਼ ਕਰ ਲਈ। ਅੰਦਰੋ-ਅੰਦਰੀ ਮੇਰਾ ਦਿਲ ਘਬਰਾਉਣ ਲੱਗਾ। ਪਿੱਛੋਂ ਆਵਾਜ਼ ਨੇ ਰੌਲੇ ਦਾ ਰੂਪ ਲੈ ਲਿਆ। ਜਦੋਂ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਇਕ ਅਧੱਖੜ ਉਮਰ ਦਾ ਆਦਮੀ ਨਹਿਰ ਵਿੱਚ ਡੁੱਬ ਰਿਹਾ ਸੀ।
ਮੈਂ ਜਿੱਧਰ ਨੂੰ ਉਹ ਅੰਕਲ ਜਾ ਰਿਹਾ ਸੀ ਉੱਧਰ ਨੂੰ ਦੌੜਨਾ ਸ਼ੁਰੂ ਕੀਤਾ। ਰੌਲਾ ਵੀ ਪਾਇਆ ਪਰ ਕੋਈ ਨਹੀਂ ਆਇਆ। ਅਖ਼ੀਰ ਮੈਂ ਪਰਸ ਲਾਹ ਕੇ ਨਹਿਰ ਕਿਨਾਰੇ ਦਰਖ਼ਤ ‘ਤੇ ਟੰਗ ਦਿੱਤਾ, ਫਿਰ ਬਜ਼ੁਰਗ ਅੰਕਲ ਵੱਲ ਆਪਣੀ ਚੁੰਨੀ ਲਾਹ ਕੇ ਸੁੱਟੀ। ਪਾਣੀ ਦੇ ਤੇਜ਼ ਵਹਾਅ ਕਾਰਨ ਅੰਕਲ ਦਾ ਹੱਥ ਚੁੰਨੀ ‘ਤੇ ਨਹੀਂ ਪਿਆ ਪਰ ਚੁੰਨੀ ਮੇਰੇ ਹੱਥੋਂ ਵੀ ਛੁੱਟ ਗਈ। ਥੋੜੀ ਹੋਰ ਅੱਗੇ ਵੇਖਿਆ ਕਿ ਨਹਿਰ ਕੰਢੇ ਲੱਗੇ ਦਰਖ਼ਤ ਦਾ ਤਣਾ ਪਾਣੀ ਵਿੱਚ ਡਿੱਗਿਆ ਸੀ। ਮੈਂ ਉਸਨੂੰ ਫੜ ਕੇ ਨਹਿਰ ਵਿੱਚ ਉਤਰ ਗਈ। ਅੰਕਲ ਜਿਓ ਹੀ ਮੇਰੇ ਵੱਲ ਆਏ ਮੈਂ ਉਨ੍ਹਾਂ ਨੂੰ ਫੜ ਕੇ ਕੰਢੇ ਨਾਲ ਲਾਈ ਰੱਖਿਆ। ਉਨ੍ਹਾਂ ਦਾ ਸਿਰ ਬਾਹਰ ਸੀ ਤੇ ਸਰੀਰ ਅੰਦਰ। ਇੰਝ ਹੀ ਸਾਨੂੰ ਨਹਿਰ ਵਿਚ ਕਰੀਬ ਚਾਰ ਘੰਟੇ ਬੀਤ ਗਏ। ਮੇਰੀਆਂ ਬਾਹਵਾਂ ਜਵਾਬ ਦੇਣ ਲੱਗੀਆਂ। ਦਰਖ਼ਤ ਦਾ ਤਣਾ ਹੱਥੋਂ ਛੁੱਟਣ ਲੱਗਾ। ਅੰਤ ਉਥੋਂ ਲੰਘਦੇ ਮੁੰਡਿਆਂ ਕੁਝ ਨੇ ਸਾਨੂੰ ਵੇਖ ਲਿਆ ਤੇ ਉਨ੍ਹਾਂ ਸਾਨੂੰ ਦੋਵਾਂ ਨੂੰ ਬਾਹਰ ਕੱਢਿਆ। ਮੇਰਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ ਤੇ ਮੈਂ ਸਿਰ ਤੋਂ ਪੈਰਾਂ ਤੱਕ ਭਿੱਜ ਗਈ ਸੀ। ਮੈਂ ਬਾਹਰ ਨਿਕਲਦੇ ਹੀ ਪਰਸ ਵੱਲ ਦੌੜੀ। ਪਰਸ ਲਾਹ ਕੇ ਗਲ ਵਿਚ ਪਾਇਆ ਅਤੇ ਘਰ ਵੱਲ ਨੂੰ ਤੁਰ ਪਈ। ਪਿੱਛੇ ਮੁੜ ਕੇ ਵੇਖਿਆ, ਅੰਕਲ ਬੇਸੁੱਧ ਪਿਆ ਸੀ। ਪਤਾ ਨਹੀਂ ਜਿਉਂਦਾ ਸੀ ਜਾਂ ਨਹੀਂ। ਮੈਂ ਘਰ ਜਾ ਕੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ। ਘਰਦਿਆਂ ਨੇ ਗਿੱਲੇ ਕੱਪੜਿਆਂ ਬਾਰੇ ਪੁੱਛਿਆ ਤਾਂ ਮੈਂ ਝੂਠ ਬੋਲ ਦਿੱਤਾ ਕਿ ਖੰਬੇ ਤੋਂ ਪੈਰ ਫਿਸਲ ਗਿਆ ਸੀ ਤੇ ਹੇਠ ਡਿੱਗ ਪਈ ਸੀ। ਉਹ ਤਾਂ ਪਾਣੀ ਘੱਟ ਹੋਣ ਕਾਰਨ ਬਚਾਅ ਹੋ ਗਿਆ। ਘਰ ਦਿਆਂ ਨੇ ਸ਼ੁਕਰ ਮਨਾਇਆ।
ਇਸ ਘਟਨਾ ਨੂੰ ਭਾਵੇਂ ਕਈ ਦਿਨ ਹੋ ਗਏ ਸਨ ਪਰ ਇਸ ਨੇ ਮੈਨੂੰ ਅੰਦਰੋਂ ਬਹੁਤ ਪਰੇਸ਼ਾਨ ਕੀਤਾ ਹੋਇਆ ਸੀ। ਇਕ ਸਵੇਰ ਆਪਣੀ ਧੁਨ ਵਿੱਚ ਮਸਤ ਸਟੌਪਿਜ ਵੱਲ ਜਾ ਰਹੀ ਸੀ ਕਿ ਪਿੱਛੋਂ ਇਕ ਸਰਦਾਰ ਵਿਅਕਤੀ ਦੀ ਆਵਾਜ਼ ਆਈ, “ਗੁੱਡੀ, ਗੱਲ ਸੁਣ।”
ਪਰ ਮੈਂ ਘਬਰਾ ਕੇ ਤੇਜ਼ ਦੌੜਣ ਲੱਗੀ। ਉਸ ਵਿਅਕਤੀ ਨੇ ਵੀ ਚਾਲ ਤੇਜ਼ ਕਰ ਲਈ। ਅੱਗੇ ਵੇਖਿਆ ਕਿ ਸਕੂਲ ਬਸ ਆ ਗਈ ਤੇ ਮੈਂ ਭੱਜ ਕੇ ਬਸ ਚੜ੍ਹ ਗਈ। ਅਗਲੀ ਸਵੇਰ ਫੇਰ ਉਸ ਅੰਕਲ ਨੇ ਮੇਰਾ ਪਿੱਛਾ ਕੀਤਾ। ਮੈਂ ਫੇਰ ਕਿਸੇ ਨਾ ਕਿਸੇ ਤਰ੍ਹਾਂ ਬਚ ਨਿਕਲੀ। ਇਹ ਸਿਲਸਿਲਾ ਚਾਰ ਦਿਨ ਚਲਦਾ ਰਿਹਾ। ਮੈਂ ਬਹੁਤ ਡਰੀ ਰਹਿਣ ਲੱਗੀ। ਡਰ ਸੀ ਕਿ ਕਿਤੇ ਘਰਦੇ ਸਕੂਲੋਂ ਨਾ ਹਟਾ ਲੈਣ। ਫੇਰ ਮਨ ਬਣਾ ਹੀ ਲਿਆ ਕਿ ਬੇਬੇ ਨਾਲ ਗੱਲ ਕਰ ਹੀ ਲਵਾਂਗੀ। ਜਦੋਂ ਘਰ ਆਈ ਤਾਂ ਵੇਖਿਆਂ ਕਿ ਉਹ ਅੰਕਲ ਸਾਡੇ ਘਰ ਕੁਰਸੀ ‘ਤੇ ਬੈਠਾ ਚਾਹ ਪੀ ਰਿਹਾ ਸੀ। ਉਹਨੂੰ ਵੇਖ ਕੇ ਮੈਂ ਸੁੰਨ ਹੋ ਗਈ। ਅੰਕਲ ਮੇਰੇ ਵੱਲ ਨੂੰ ਆਇਆ। ਬੇਬੇ ਤੇ ਬਾਪੂ ਮੇਰੇ ਵੱਲ ਟਿਕਟਿਕੀ ਲਗਾ ਕੇ ਵੇਖ ਰਹੇ ਸਨ। ਮੇਰੀਆਂ ਧੜਕਣਾਂ ਤੇਜ਼ ਹੋਣ ਲੱਗੀਆਂ।
ਅੰਕਲ ਨੇ ਪੁੱਛਿਆ, ‘‘ਬੀਬਾ ਤੂੰ ਉਹੀਂ ਹੈ ਜਿਸ ਨੇ ਮੇਰੀ ਨਹਿਰ ਵਿੱਚ ਡੁੱਬਦੇ ਦੀ ਜਾਨ ਬਚਾਈ ਸੀ।’’
ਮੈਂ ਕਿਹਾ, ‘‘ਪਰ ਤੁਸੀਂ ਤਾਂ ਸਰਦਾਰ ਹੋ।’’
ਉਹ ਬੋਲੇ, ‘‘ਹਾਂ ਪੁੱਤਰ ਉਸ ਦਿਨ ਮੈਂ ਨਹਿਰ ਕੰਢੇ ਸੈਰ ਕਰਨ ਆਇਆ ਸੀ ਤੇ ਮੇਰਾ ਪੈਰ ਫਿਸਲ ਗਿਆ। ਮੈਂ ਨਹਿਰ ਵਿੱਚ ਜਾ ਡਿੱਗਾ ਤੇ ਪਾਣੀ ਦੇ ਤੇਜ਼ ਬਹਾਅ ਕਰਕੇ ਮੇਰੀ ਪੱਗ ਲਹਿ ਕੇ ਡਿੱਗ ਪਈ ਸੀ।’’
ਇਕ ਪਾਸੇ ਅੰਕਲ ਨੂੰ ਜਿਉਂਦਾ ਵੇਖ ਕੇ ਮੈਨੂੰ ਖੁਸ਼ੀ ਵੀ ਹੋ ਰਹੀ ਸੀ ਤੇ ਦੂਜੇ ਪਾਸੇ ਦਿਲ ਡਰ ਵੀ ਰਿਹਾ ਸੀ ਕਿ ਘਰਦਿਆਂ ਨੂੰ ਉਸ ਦਿਨ ਵਾਲੀ ਘਟਨਾ ਦਾ ਪਤਾ ਲੱਗ ਗਿਆ ਸੀ। ਜਦੋਂ ਮੈਂ ਬੇਬੇ ਬਾਪੂ ਦਾ ਚਿਹਰਾ ਵੇਖਿਆ ਤਾਂ ਲੱਗਿਆ ਜਿਵੇਂ ਉਨ੍ਹਾਂ ਨੂੰ ਮੇਰੇ ਝੂਠ ਤੋਂ ਕੋਈ ਸ਼ਿਕਾਇਤ ਨਹੀਂ ਹੁੰਦੀ। ਅੰਕਲ ਨੇ ਜੇਬ ਵਿੱਚੋਂ ਹਜ਼ਾਰ ਰੁਪਏ ਦਾ ਨੋਟ ਕੱਢ ਕੇ ਮੇਰੇ ਹੱਥ ਉੱਤੇ ਧਰ ਦਿੱਤਾ। ਬੇਬੇ ਝੱਟ ਬੋਲੀ “ਇਹ ਕੀ ਵੀਰ ਜੀ?”
ਤਾਂ ਅੰਕਲ ਬੋਲੇ, ‘‘ਇਹ ਤਾਂ ਧੀ ਰਾਣੀ ਨੂੰ ਇਨਾਮ ਹੈ ਕਿਉਂਕਿ ਇਸ ਨੇ ਮੇਰੀ ਜਾਨ ਬਚਾਈ ਹੈ।’’ ਮਨ ਬਹੁਤ ਖ਼ੁਸ਼ ਹੋਇਆ ਕਿ ਚਲੋ ਇਕ ਮਹੀਨੇ ਦੀ ਤਨਖ਼ਾਹ ਆ ਗਈ। ਪਰ ਬਾਪੂ ਨੇ ਮੇਰੇ ਹੱਥੋ ਨੋਟ ਫੜ ਕੇ ਅੰਕਲ ਦੀ ਜੇਬ ਵਿੱਚ ਵਾਪਿਸ ਪਾ ਦਿੱਤਾ ਅਤੇ ਆਖਿਆ ਜੇ ਕੁਝ ਦੇਣਾ ਹੀ ਹੈ ਤਾਂ ਮੇਰੀ ਧੀ ਨੂੰ ਦੁਆ ਦੇਵੋ।
ਅੰਕਲ ਨੇ ਮੇਰੇ ਸਿਰ ‘ਤੇ ਹੱਥ ਰੱਖਿਆ ਅਤੇ ਆਖਿਆ, ‘‘ਦੁਆ ਤਾਂ ਤੱਦ ਤੱਕ ਦੇਵਾਂਗਾ ਜਦੋਂ ਤੱਕ ਜੀਵਾਂਗਾ। ਇਹ ਜ਼ਿੰਦਗੀ ਇਸ ਧੀ ਰਾਣੀ ਦੀ ਦਿੱਤੀ ਹੈ।’’ ਇਹ ਕਹਿ ਕੇ ਅੰਕਲ ਚਲੇ ਗਏ। ਅੱਜ ਇਸ ਘਟਨਾ ਨੂੰ ਭਾਵੇਂ ਦਸ ਸਾਲ ਹੋ ਗਏ ਨੇ। ਪਰ ਇਹ ਘਟਨਾ ਮੇਰੇ ਦਿਲ ਵਿੱਚ ਏਦਾਂ ਤਾਜ਼ਾ ਪਈ ਹੈ, ਜਿਵੇਂ ਹੁਣੇ ਹੀ ਵਾਪਰੀ ਹੋਵੇ। ਉਹ ਅੰਕਲ ਮੁੜ ਮੈਨੂੰ ਕਦੇ ਨਹੀਂ ਮਿਲੇ। ਉਸ ਦਿਨ ਮੈਨੂੰ ਬੇਬੇ ਬਾਪੂ ‘ਤੇ ਬਹੁਤ ਗੁੱਸਾ ਆਇਆ ਸੀ ਕਿਉਂਕਿ ਉਸ ਦਿਨ ਮੈਨੂੰ ਦੁਆ ਨਾਲੋਂ ਪੈਸੇ ਦੀ ਕੀਮਤ ਵੱਡੀ ਲੱਗੀ। ਪਰ ਅੱਜ ਇਸ ਗੱਲ ਦੀ ਸਮਝ ਆਈ ਹੈ ਕਿ ਇਨਸਾਨ ਭਾਵੇਂ ਕਿੰਨਾ ਵੀ ਧਨਵਾਨ ਕਿਉਂ ਨਾ ਹੋਵੇ ਪਰ ਉਹ ਦੁਆਵਾਂ ਨੂੰ ਨਹੀਂ ਖਰੀਦ ਸਕਦਾ। ਸ਼ਾਇਦ ਇਹ ਉਸ ਅੰਕਲ ਦੀ ਦੁਆ ਦੀ ਮਿਹਰਬਾਨੀ ਹੈ ਕਿ ਮੈਂ ਅੱਜ ਖੁਸ਼ੀ ਜੀਵਨ ਜੀਅ ਰਹੀ ਹਾਂ।
ਸੰਪਰਕ: 98146-34446