ਟੀਐੱਨ ਨੈਨਾਨ
ਅਮਰੀਕਾ ਦੇ ਬਦਨਾਮ ਵਾਟਰਗੇਟ ਸਕੈਂਡਲ ਦੇ ਸੂਤਰ ‘ਡੀਪ ਥਰੋਟ’ ਨੇ ਇਸ ਸਟੋਰੀ ਦਾ ਖੁਰਾ ਕੱਢਣ ਵਾਲੇ ਦੋ ਪੱਤਰਕਾਰਾਂ ਨੂੰ ਆਖਿਆ ਸੀ ‘ਪੈਸੇ ਦੀ ਪੈੜ ਚਾਲ ਨੱਪੋ’। ਸੋਵੀਅਤ ਸੰਘ ਦੇ ਟੁੱਟਣ ਪਿੱਛੋਂ ਯੂਕਰੇਨ ਦੀ ਰਾਜਨੀਤੀ ਵਿਚ ਜੋ ਕੁਝ ਹੋਇਆ, ਉਹ ਇਸ ਦੇ ਇਤਿਹਾਸ ਵਿਚ ਆਏ ਮੋੜਾਂ ਘੋੜਾਂ ਨੂੰ ਸਮਝਣ ਦਾ ਤਰੀਕਾ ਹੈ। ਕਿਉਂਜੋ ਜੇ ਕਿਸੇ ਦੇਸ਼ ਨੂੰ ਇਸ ਦੇ ਧਨਪਤੀਆਂ (ਜੋ ਕਾਰੋਬਾਰ ਦੇ ਨਾਲ ਨਾਲ ਰਾਜਨੀਤੀ ਤੇ ਨੀਤੀ ਦੇ ਝੂਟੇ ਮਾਟੇ ਵੀ ਲੈਂਦੇ ਹੋਣ) ਵਲੋਂ ਚਲਾਇਆ ਜਾਂਦਾ ਹੈ ਤਾਂ ਇਹ ਉਹੀ ਮਨੋਰੋਗੀ ਲੱਛਣਾਂ ਨਾਲ ਗ੍ਰਸਿਆ ਦੇਸ਼ ਹੈ ਜਿਸ ਦਾ ਜ਼ਿਆਦਾ ਵੱਡਾ ਹਿੱਸਾ ਨਸਲੀ ਤੌਰ ’ਤੇ ਯੂਕਰੇਨੀ ਹੈ, ਕੁਝ ਹਿੱਸਾ ਰੂਸੀ (ਕੁਝ ਹੋਰ ਨਸਲਾਂ ਵਾਲਾ) ਵੀ ਹੈ ਅਤੇ ਜੋ ਲੰਮੇ ਸਮੇਂ ਤੋਂ ਪੂਰਬ ਤੇ ਪੱਛਮ ’ਚ ਰੱਸਾਕਸ਼ੀ ਦਾ ਅਖਾੜਾ ਬਣਿਆ ਰਿਹਾ ਹੈ।
ਇਹ ਕਹਾਣੀ ਸ਼ਾਇਦ 2006 ਵਿਚ ਉਸ ਮੀਟਿੰਗ ਨਾਲ ਸ਼ੁਰੂ ਹੁੰਦੀ ਹੈ ਜੋ ਉਸ ਵੇਲੇ ਦੇ ਯੂਕਰੇਨੀ ਰਾਸ਼ਟਰਪਤੀ ਵਿਕਟਰ ਯੂਸ਼ੈਂਕੋ ਨੇ ਬੁਲਾਈ ਸੀ ਜਿਸ ਵਿਚ ਪ੍ਰਧਾਨ ਮੰਤਰੀ, ਕੁਝ ਸੀਨੀਅਰ ਮੰਤਰੀ ਅਤੇ ਓਲੀਗਾਰਕ (ਅਜਾਰੇਦਾਰ ਪੂੰਜੀਵਾਦ ਦਾ ਮੋਹਰੀ ਧਨਪਤੀ) ਤੇ ਦੇਸ਼ ਦੇ ਵਣਜ ਚੈਂਬਰ ਦਾ ਮੁਖੀ ਦਮਿਤਰੀ ਫਰਤਾਸ਼ ਸ਼ਾਮਲ ਸਨ। ਫਰਤਾਸ਼ ਨੇ ਹਾਲ ਹੀ ਵਿਚ ਅਖ਼ਬਾਰ ‘ਫਾਇਨੈਂਸ਼ੀਅਲ ਟਾਈਮਜ਼’ ਨਾਲ ਮੁਲਾਕਾਤ ਵਿਚ ਦੱਸਿਆ ਸੀ ਕਿ ਪੱਛਮ ਪੱਖੀ ਯੁਸ਼ੈਕੋ ਨੇ ਮੀਟਿੰਗ ਵਿਚ ਆਖਿਆ ਸੀ ਕਿ ਇਸ ਤੋਂ ਪਹਿਲਾਂ ਕਿ ਰੂਸ ਮਜ਼ਬੂਤ ਹੋ ਕੇ ਕੋਈ ਕਦਮ ਉਠਾ ਲਵੇ, ਯੂਕਰੇਨ ਨੂੰ ਨਾਟੋ ’ਚ ਸ਼ਾਮਲ ਹੋ ਜਾਣਾ ਚਾਹੀਦਾ ਹੈ। ਰੂਸ ਪੱਖੀ ਪ੍ਰਧਾਨ ਮੰਤਰੀ ਵਿਕਟਰ ਯਾਨੁਕੋਵਿਕ ਨੇ ਇਸ ਨਾਲ ਸਹਿਮਤੀ ਨਾ ਜਤਾਈ ਅਤੇ ਤਲਖ਼ ਕਲਾਮੀ ਪਿੱਛੋਂ ਮੀਟਿੰਗ ਛੱਡ ਕੇ ਚਲੇ ਗਏ ਸਨ।
ਫਰਤਾਸ਼ ਨੇ ਗੈਸ ਦੇ ਕਾਰੋਬਾਰ ਵਿਚ ਧਨ ਕਮਾਇਆ ਸੀ। ਉਸ ਨੇ ਰੂਸੀ ਗੈਸ ਕੰਪਨੀ ਗਾਜ਼ਪ੍ਰੋਮ ਦੀ ਪਾਈਪਲਾਈਨ ਰਾਹੀਂ ਤੁਰਕਮੇਨਿਸਤਾਨ ਦੀ ਗੈਸ ਯੂਕਰੇਨ ਨੂੰ ਵੇਚੀ ਸੀ। ਜਦੋਂ ਯਾਨੁਕੋਵਿਕ ਦੀ ਥਾਂ ਯੂਲੀਆ ਤਿਮੋਸ਼ੈਂਕੋ ਪ੍ਰਧਾਨ ਮੰਤਰੀ ਬਣੀ ਤਾਂ ਉਸ ਨੇ ਫਰਤਾਸ਼ ਦੇ ਖੰਭ ਕੁਤਰ ਕੇ ਸਿੱਧਾ ਵਲਾਦੀਮੀਰ ਪੂਤਿਨ ਅਤੇ ਗਾਜ਼ਪ੍ਰੋਮ ਨਾਲ ਸੌਦਾ ਕਰ ਲਿਆ ਜਿਸ ਕਰ ਕੇ ਯੂਕਰੇਨ ਵਿਚ ਗੈਸ ਦੀਆਂ ਕੀਮਤਾਂ ਵਿਚ ਅਥਾਹ ਵਾਧਾ ਹੋ ਗਿਆ। ਤਿਮੋਸ਼ੈਂਕੋ ਨੂੰ ਪੱਛਮੀ ਦੇਸ਼ਾਂ ਵੱਲੋਂ 2004 ਦੀ ‘ਸੰਤਰੀ ਕ੍ਰਾਂਤੀ’ ਦੀ ਨਾਇਕਾ ਵਜੋਂ ਤੱਕਿਆ ਜਾਂਦਾ ਹੈ, ਜਿਸ ਨੇ ਰੂਸ ਪੱਖੀ ਆਗੂ ਨੂੰ ਹਟਾਇਆ ਸੀ। ਯੂਕਰੇਨ ਵਿਚ ਉਹ ‘ਗੈਸ ਦੀ ਸ਼ਹਿਜ਼ਾਦੀ’ ਵਜੋਂ ਦੇਖੀ ਜਾਂਦੀ ਹੈ ਜਿਸ ਨੇ ਰੂਸੀ ਰਾਸ਼ਟਰਪਤੀ ਪੂਤਿਨ ਨਾਲ ਸੌਦਾ ਕੀਤਾ ਸੀ। ਉਹ ਹੁਸ਼ਿਆਰੀ ਨਾਲ ਦੋਵੇਂ ਪਾਸੇ ਖੇਡ ਰਹੀ ਸੀ, ਬਸ ਉਹ ਇਹ ਜਾਣਦੀ ਸੀ ਕਿ ਫਰਤਾਸ਼ ਉਸ ਦਾ ਸਿਰੇ ਦਾ ਵੈਰੀ ਹੈ।
ਉਹ 2010 ਵਿਚ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲੜੀ। ਫਰਤਾਸ਼ ਨੇ ਯਾਨੁਕੋਵਿਕ ਨਾਲ ਜੋੜ ਲਿਆ ਜਿਸ ਦੀ ਥਾਂ ਤਿਮੋਸ਼ੈਂਕੋ ਪ੍ਰਧਾਨ ਮੰਤਰੀ ਬਣੀ ਸੀ। ਫਰਤਾਸ਼ ਨੇ ਇਸ ਮੁਲਾਕਾਤ ਵਿਚ ਖੁਲਾਸਾ ਕੀਤਾ ਕਿ ਉਸ ਦੀ ਯਾਨੁਕੋਵਿਕ ਲਈ ਹਮਾਇਤ ਦਾ ਇਕੋ-ਇਕ ਕਾਰਨ ਇਹ ਸੀ ਕਿ ਉਹ ਤਿਮੋਸ਼ੈਂਕੋ ਦਾ ਹਿਸਾਬ ਬਰਾਬਰ ਕਰਨਾ ਚਾਹੁੰਦਾ ਸੀ ਅਤੇ ਜਲਦੀ ਹੀ ਇਸ ਗੈਸ ਸੌਦੇ ਕਰ ਕੇ ਤਿਮੋਸ਼ੈਂਕੋ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਗਈ। ਦੇਸ਼ ਦੇ ਅੰਦਰ ਵੀ ਤੇ ਬਾਹਰ ਵੀ ਬਹੁਤ ਲੋਕ ਇਸ ਨੂੰ ਉਸ ਕਿਸਮ ਦਾ ਸਿਆਸੀ ਘਟਨਾਕ੍ਰਮ ਗਿਣਦੇ ਹਨ ਜਿਵੇਂ ਅਕਸਰ ਭਾਰਤੀ ਏਜੰਸੀਆਂ ਵਲੋਂ ਕੀਤਾ ਜਾਂਦਾ ਹੈ।
ਫਰਤਾਸ਼ ਯੂਕਰੇਨ ਦਾ ਇਕੱਲਾ ਇਕਹਿਰਾ ਧਨਪਤੀ ਨਹੀਂ ਹੈ। ਰਿਨਾਤ ਅਖ਼ਮਤੋਵ ਉਸ ਤੋਂ ਕਿਤੇ ਵੱਡਾ ਸਰਮਾਏਦਾਰ ਹੈ ਜੋ ਅਸਲ ਵਿਚ ਦੋਨਬਾਸ ਖਿੱਤੇ ਦਾ ਹਾਕਮ ਹੀ ਹੈ। ਦੋਨਬਾਸ ਯੂਕਰੇਨ ਦਾ ਭਾਰੀਆਂ ਸਨਅਤਾਂ ਵਾਲਾ ਖਿੱਤਾ ਹੈ ਜਿਸ ‘ਤੇ ਰੂਸੀ ਰਾਸ਼ਟਰਪਤੀ ਪੂਤਿਨ ਦੀ ਨਜ਼ਰ ਸੀ। ਦੱਸਿਆ ਜਾਂਦਾ ਹੈ ਕਿ ਇਹ ਦੋਵੇਂ ਧਨਪਤੀ ਮੰਤਰੀਆਂ ਦੀਆਂ ਨਿਯੁਕਤੀਆਂ ਅਤੇ ਪਾਰਲੀਮੈਂਟ ਵਿਚ ਯਾਨੁਕੋਵਿਕ ਦੀ ਪਾਰਟੀ ਦੇ ਅੱਧੇ ਕੁ ਸੰਸਦ ਮੈਂਬਰਾਂ ਦਾ ਕੰਟਰੋਲ ਕਰਦੇ ਸਨ। ਦੋਵੇਂ ਨੇ ਬਹੁਤ ਧਨ ਇਕੱਠਾ ਕੀਤਾ ਹੈ। ਜਰਮਨ ਅਖਬਾਰ ‘ਸਪੀਗਲ’ ਮੁਤਾਬਕ ਰਾਜਨੀਤਕ ਕੰਟਰੋਲ ਇਨ੍ਹਾਂ ਦੇ ਸਾਂਝੇ ਕਾਰੋਬਾਰ ਦਾ ਹੀ ਵਿਸਤਾਰ ਹੈ। ਉਂਝ, ਚਲਾਕ ਖਿਡਾਰੀ ਹੋਣ ਦੇ ਨਾਤੇ ਇਨ੍ਹਾਂ ਨੇ 2014 ਦੀ ਮੈਦਾਨੀ ਕ੍ਰਾਂਤੀ ਤੋਂ ਪਹਿਲਾਂ ਹੀ ਆਪਣੀ ਸਿਆਸੀ ਚਾਲ ਬਦਲਣੀ ਸ਼ੁਰੂ ਕਰ ਦਿੱਤੀ ਸੀ। ਫ਼ਰਤਾਸ਼ ਨੂੰ ਡਰ ਸੀ ਕਿ ਕਿਤੇ ‘ਗੈਸ ਦੀ ਸ਼ਹਿਜ਼ਾਦੀ’ ਸੱਤਾ ਵਿਚ ਵਾਪਸ ਨਾ ਜਾਵੇ। ਫਿਰ ਗੁੱਸੇ ਵਿਚ ਆ ਕੇ ਪੂਤਿਨ ਨੇ ਕ੍ਰਾਇਮੀਆ ‘ਤੇ ਕਬਜ਼ਾ ਕਰ ਲਿਆ ਅਤੇ ਦੋਨਬਾਸ ਵਿਚ ਵੱਖਵਾਦੀ ਬਾਗੀਆਂ ਦੀ ਪਿੱਠ ਥਾਪੜਨੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ, ਤੀਜੇ ਧਨਪਤੀ ਇਗੋਰ ਕੋਲੋਮੋਸਕੀ ਦਾ ਦਾਖ਼ਲਾ ਹੁੰਦਾ ਹੈ ਜੋ 1990ਵਿਆਂ ਵਿਚ ਇਕ ਹੋਰ ਧਨਪਤੀ ਹੈਨੇਡੀ ਬੋਹੋਲੀਯੂਬੋਵ ਦਾ ਭਾਈਵਾਲ ਹੁੰਦਾ ਸੀ ਅਤੇ ਉਨ੍ਹਾਂ ਦੀ ਭਾਈਵਾਲੀ ਸਦਕਾ ਯੁਕਰੇਨ ਦੀ ਸਭ ਤੋਂ ਵੱਡੀ ਬੈਂਕ ਹੋਂਦ ਵਿਚ ਆਈ ਸੀ। ਇਸੇ ਰਾਹ ‘ਤੇ ਚਲਦਿਆਂ ਕੋਲੋਮੋਸਕੀ ਦਾ ਜਲਦੀ ਹੀ ਨਵੇਂ ਰਾਸ਼ਟਰਪਤੀ ਪੈਤਰੋ ਪੋਰੋਸ਼ੈਂਕੋ ਨਾਲ ਪੰਗਾ ਪੈ ਗਿਆ ਜੋ ਖ਼ੁਦ ਵੀ ਇਕ ਧਨਪਤੀ ਹਨ ਤੇ ਆਪਣੇ ਆਪ ਨੂੰ ‘ਚਾਕਲੇਟ ਕਿੰਗ’ ਅਖਵਾ ਕੇ ਖੁਸ਼ ਹੁੰਦੇ ਹਨ। ਕੋਲੋਮੋਸਕੀ ਵਿਦੇਸ਼ ਦੌੜ ਗਿਆ ਅਤੇ 2016 ਵਿਚ ਇਕ ਫਰਾਡ ਬੇਨਕਾਬ ਹੋਣ ਤੋਂ ਬਾਅਦ ਉਸ ਦੀ ਬੈਂਕ ਦਾ ਕੌਮੀਕਰਨ ਕਰ ਦਿੱਤਾ ਗਿਆ।
ਉਂਝ, ਜਦੋਂ 2019 ਵਿਚ ਚੋਣਾਂ ਦਾ ਸਮਾਂ ਨੇੜੇ ਆਇਆ ਤਾਂ ਕੋਲੋਮੋਸਕੀ ਵਾਪਸ ਖੇਡ ਵਿਚ ਸ਼ਾਮਲ ਹੋ ਗਿਆ। ਉਸ ਦੇ ਟੀਵੀ ਚੈਨਲ ਨੇ ਪੋਰੋਸ਼ੈਂਕੋ ਦੇ ਵਿਰੋਧੀ ਉਮੀਦਵਾਰ ਤੇ ਕਾਮੇਡੀਅਨ ਵਲੋਦੀਮੀਰ ਜ਼ੇਲੈਂਸਕੀ ਨੂੰ ਉਭਾਰਨਾ ਸ਼ੁਰੂ ਕਰ ਦਿੱਤਾ ਜੋ ਇਸ ਵੇਲੇ ਰੂਸ ਖਿਲਾਫ਼ ਜੰਗ ਵਿਚ ਯੂਕਰੇਨ ਦੀ ਅਗਵਾਈ ਕਰ ਰਹੇ ਹਨ। ਜ਼ੇਲੈਂਸਕੀ ਨੇ ਭ੍ਰਿਸ਼ਟਾਚਾਰ ਵਿਰੋਧੀ ਮੰਚ ਦੇ ਆਧਾਰ ‘ਤੇ ਚੋਣ ਪ੍ਰਚਾਰ ਕੀਤਾ ਸੀ ਤੇ ਭਰਵੀਂ ਜਿੱਤ ਹਾਸਲ ਕੀਤੀ ਸੀ ਪਰ ਉਹ ਖ਼ੁਦ ਵੀ ਇਸ ਦੀ ਲਪੇਟ ਵਿਚ ਆ ਗਏ ਸਨ। ਸਭ ਤੋਂ ਪਹਿਲਾਂ, ਪਿਛਲੇ ਸਾਲ ਸਾਹਮਣੇ ਆਏ ‘ਪੰਡੋਰਾ ਪੇਪਰਜ਼’ ਕਾਂਡ ਤੋਂ ਪਤਾ ਚੱਲਿਆ ਸੀ ਕਿ ਨਵੇਂ ਰਾਸ਼ਟਰਪਤੀ ਜ਼ੇਲੈਂਸਕੀ ਅਤੇ ਉਨ੍ਹਾਂ ਦੇ ਕੁਝ ਕਰੀਬੀ ਵਿਦੇਸ਼ਾਂ ਵਿਚ ਕਾਇਮ ਕੀਤੀਆਂ ਕੰਪਨੀਆਂ ਦੇ ਨੈੱਟਵਰਕ ਤੋਂ ਲਾਭਪਾਤਰੀ ਸਨ। ਦੂਜਾ, ਜ਼ੇਲੈਂਸਕੀ ਨੇ ਆਪਣੇ ਸਾਬਕਾ ਸਪਾਂਸਰ ਉੱਤੇ ਸ਼ਿਕੰਜਾ ਕੱਸਦੇ ਹੋਇਆਂ ਦੋ ਮਹੀਨੇ ਪਹਿਲਾਂ ਉਸ ਦੀ ਨਾਗਰਿਕਤਾ ਰੱਦ ਕਰ ਦਿੱਤੀ ਸੀ।
ਯੂਕਰੇਨ ਉਨ੍ਹਾਂ ਮੁਲਕਾਂ ਲਈ ਚਿਤਾਵਨੀ ਹੈ ਜਿਨ੍ਹਾਂ ਉਪਰ ਧਨਪਤੀ ਕਾਬਜ਼ ਹੋ ਚੁੱਕੇ ਹਨ। ਰਾਜਧਾਨੀ ਕੀਵ ਵਿਚ ਉਨ੍ਹਾਂ ਬੇਪਨਾਹ ਦੌਲਤ ਇਕੱਠੀ ਕਰ ਲਈ ਹੈ ਜਿੱਥੇ ਉਨ੍ਹਾਂ ਦੇ ਆਪਣੇ ਮੀਡੀਆ ਸਾਮਰਾਜ ਚਲਦੇ ਹਨ ਜਿਨ੍ਹਾਂ ਦੇ ਦਮ ‘ਤੇ ਉਹ ਸਿਆਸੀ ਖਿਡਾਰੀਆਂ ਦੀ ਕਿਸਮਤ ਚਮਕਾਉਂਦੇ ਤੇ ਵਿਗਾੜਦੇ ਹਨ, ਇਹ ਤੈਅ ਕਰਦੇ ਹਨ ਕਿ ਮੰਤਰੀ ਦੀ ਕਿਹੜੀ ਕੁਰਸੀ ਕੀਹਨੂੰ ਮਿਲੇਗੀ, ਗੈਸ ਸਪਲਾਈ ਕੌਣ ਅਤੇ ਕਿਸ ਭਾਅ ‘ਤੇ ਸਪਲਾਈ ਕਰੇਗਾ ਅਤੇ ਪੂਤਿਨ ਦੀ ਬਿੱਲੀ ਲਈ ਚੂਹੇ ਮਾਰਨ ਦਾ ਕੰਮ ਕੌਣ ਕਰੇਗਾ। ਇਸ ਦੌਰਾਨ, ਜੰਗ ਸ਼ੁਰੂ ਹੋਣ ਤੋਂ ਪਹਿਲਾਂ ਯੂਕਰੇਨ ਦੀ ਕੁੱਲ ਘਰੇਲੂ ਪੈਦਾਵਾਰ (ਜੀਡੀਪੀ) ਉਸ ਮੁਕਾਮ ‘ਤੇ ਸੀ ਜਿੱਥੇ ਇਹ 15 ਸਾਲ ਪਹਿਲਾਂ ਸੀ। ਧਨ ਕੁਬੇਰਾਂ ਨੇ ਦੇਖਦਿਆਂ ਹੀ ਦੇਖਦਿਆਂ ਬੇਹਿਸਾਬ ਸਾਧਨ ਇਕੱਤਰ ਕਰ ਲਏ ਪਰ ਇਹ ਦੇਸ਼ ਉਵੇਂ ਹੀ ਗ਼ਰੀਬ ਬਣਿਆ ਰਿਹਾ ਹੈ ਜਿਵੇਂ ਯੂਰਪ ਦੇ ਸਾਬਕਾ ਸੋਵੀਅਤ ਅਰਥਚਾਰਿਆਂ ਦਾ ਹਾਲ ਸੀ। ਹੁਣ ਇਸ ਦੀ ਇਕ ਤਿਹਾਈ ਆਬਾਦੀ ਨੇ ਗੁਆਂਢੀ ਦੇਸ਼ਾਂ ਅੰਦਰ ਸ਼ਰਨ ਲਈ ਹੋਈ ਹੈ। ਇਹ ਇਕ ਅਜਿਹਾ ਤਰਸਯੋਗ ਖਿੱਤਾ ਬਣ ਗਿਆ ਹੈ ਜਿੱਥੋਂ ਪਰਮਾਣੂ ਜੰਗ ਦੀ ਚੰਗਿਆੜੀ ਵੀ ਭੜਕ ਸਕਦੀ ਹੈ।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ।