ਜਗਦੀਪ ਸਿੱਧੂ
ਬਹੁਤ ਛੋਟਾ ਸਾਂ, ਚੇਤੇ ਆਉਂਦਾ ਹੈ; ਪਿਤਾ ਕੰਧਾਂ ਨਾਲ ਮਿੱਟੀ ਲਾ ਰਿਹਾ। ਹੁਣ ਪਤਾ ਲੱਗਦਾ, ਉਹ ਸਮਾਂ ਸੰਨ 88 ਦਾ ਸੀ। ਅਸੀਂ ਕੋਠੇ ’ਤੇ ਚੜ੍ਹ ਕੇ ਦੇਖਦੇ ਹਾਂ, ਪਾਣੀ ਦੂਰ ਖੜ੍ਹਾ ਦਿਸਦਾ। ਆਵਾਜ਼ਾਂ ਆਉਂਦੀਆਂ- ਪਾਣੀ ਆ ਰਿਹਾ, ਪਾਣੀ ਆ ਰਿਹਾ। ਤਦ ਮੇਰੀ ਸੋਚ ਹੈਰਾਨ ਹੁੰਦੀ ਹੈ ਕਿ ਪਾਣੀ ਇਸ ਤਰ੍ਹਾਂ ਵੀ ਆ ਸਕਦਾ ਹੈ? ਫਿਰ ਕਿਤੇ ਨਾ ਕਿਤੇ ਕਿਸੇ ਸਾਲ ਇਹ ਸ਼ਬਦ ਕੰਨੀ ਪੈਂਦੇ- ਨਾਲੀ ਉਪਰੋਂ ਦੀ ਹੋ ਗਈ, ਬੰਨ੍ਹ ਟੁੱਟਣ ਵਾਲ਼ਾ। ਇਹ ਸ਼ਬਦ ਕਿਸੇ ਨਾ ਕਿਸੇ ਰੂਪ ਵਿਚ ਹੁਣ ਤਕ ਖ਼ੌਫਜਦਾ ਕਰਦੇ ਨੇ। ਨਾਲ਼ੀ ਮਾਨਸਾ, ਸਰਦੂਲਗੜ੍ਹ ਵਿਚ ਘੱਗਰ ਨੂੰ ਕਹਿੰਦੇ ਸੀ/ਹਨ।
ਇਹ ਡਰ ਹੁਣ ਵੀ ਮੇਰੇ ਅਵਚੇਤਨ ਵਿਚ ਹੈ; ਮੇਰੇ ਘਰ ਦੇ ਨਾਲ ਖਾਲੀ ਪਲਾਟ ਕਾਰਨ ਮੈਂ ਬਰਸਾਤਾਂ ਵਿਚ ਆਪਣੀਆਂ ਕੰਧਾਂ ਸੁਰੱਖਿਅਤ ਕਰਨ ਡਹਿ ਪੈਨਾਂ। ਛੱਤ ’ਤੇ ਕਿਤੇ ਪਾਣੀ ਨਹੀਂ ਖੜ੍ਹਨ ਦਿੰਦਾ।
ਕੀ ਉੱਪਰ ਕੀ ਥੱਲੇ, ਕੀ ਛੋਟੇ ਕੀ ਵੱਡੇ, ਬੇਨਿਯਮੀਆਂ ਸਭ ਕਰ ਰਹੇ ਨੇ। ਪਹਾੜ ਕੱਟ ਕੇ ਸੜਕਾਂ ਬਣਾਈਆਂ ਜਾ ਰਹੀਆਂ ਤੇ ਹੋਟਲ ਰੈਸਟੋਰੈਂਟ ਵੀ। ਭੂ-ਵਿਗਿਆਨੀ ਕਹਿੰਦੇ- ਪਹਾੜਾਂ ਵਿਚ ਸੜਕਾਂ ਜ਼ਿਆਦਾਤਰ ਕੁਦਰਤੀ ਰਾਹਾਂ ’ਤੇ ਹੀ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਜਿੱਥੇ ਕਟਾਈ ਘੱਟੋ-ਘੱਟ ਹੋਵੇ। ਵੱਡੇ ਰਿਜ਼ੌਰਟ, ਹੋਟਲ ਪਹਾੜਾਂ ਵਿਚਲੀ ਪੱਧਰੀ ਥਾਂ ’ਤੇ ਹੀ ਬਣਾਏ ਜਾਣ। ਸੜਕਾਂ ’ਤੇ ਬਣਾਉਣ ਦੇ ਲਾਲਚ ਨੇ ਇਹਨਾਂ ਨੂੰ ਰਾਹਾਂ ਦੇ ਨੇੜੇ ਨਹੀਂ ਸਗੋਂ ਦੂਰ ਲੈ ਜਾਣਾ ਹੈ।
ਸੰਨ 93 ਵਿਚ ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤਕ ਪਾਣੀ ਆ ਗਿਆ। ਸਾਡੇ ਪੜ੍ਹੇ-ਲਿਖੇ ਵਿਗਿਆਨੀਆਂ, ਬੁੱਧੀਜੀਵੀਆਂ, ਸਿਆਸੀ ਲੋਕਾਂ ਨੇ ਤਦ ਵੀ ਫੌਰੀ ਕਦਮ ਵੱਲ ਧਿਆਨ ਨਹੀਂ ਦਿੱਤਾ ਜਾਂ ਦਿਵਾਇਆ ਨਹੀਂ ਕਿ ਇਹ ਵਾਰ ਵਾਰ ਕਿਉਂ ਵਾਪਰ ਰਿਹਾ?
ਇਹਨਾਂ ਹੀ ਸਾਲਾਂ ਤੋਂ ਕੁਝ ਵਰ੍ਹੇ ਬਾਅਦ ਮੈਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬੇ ਮਾਹਿਲਪੁਰ ਵਿਚ ਖੇਡ ਵਿੰਗ ’ਚ ਪੜ੍ਹਨਾ-ਖੇਡਣਾ ਹੈ। ਸਾਨੂੰ ਬਰਸਾਤੀ ਚੋਆਂ ਵਿਚ ਸਰੀਰਕ ਤਾਕਤ ਇਕੱਠੀ ਕਰਨ ਲਈ ਭਜਾਇਆ ਜਾਂਦਾ ਸੀ। ਪਾਣੀ ਲਈ ਸਭ ਤੋਂ ਸੁਚੱਜੇ ਰਾਹ ਮੈਨੂੰ ਇਹੀ ਜਾਪੇ। ਬਰਸਾਤਾਂ ਵਿਚ ਪਾਣੀ ਆਉਂਦੇ ਤੇ ਆਪਣੇ ਰਾਹ ਤੁਰ ਜਾਂਦੇ।
2011 ਵਿਚ ਸ਼ਿਵਜੋਤ ਇਨਕਲੇਵ ਖਰੜ ਵਿਚ ਫਲੈਟ ਲਿਆ; ਸੋਹਣੀਆਂ ਬਿਲਡਿੰਗਾਂ, ਪਾਰਕ ਆਦਿ। ਪਿਛਲੇ ਪਾਸੇ ਹਰਿਆਲੀ, ਚਰਾਂਦ ਜਿਹੀ ਜਿੱਥੇ ਕਦੀ ਗੁੱਜਰ ਆ ਜਾਂਦੇ, ਕਦੇ ਕੋਈ ਹੋਰ। ਦੋਸਤਾਂ ਨੇ ਕਹਿਣਾ- ਕਿੱਥੇ ਨਦੀ ’ਚ ਘਰ ਲੈ ਲਿਆ। ਮੇਰਾ ਕਹਿਣਾ ਹੁੰਦਾ- ਲੋਕ ਰਹਿੰਦੇ ਨੇ ਉੱਥੇ।
ਮੈਂ 2016 ਵਿਚ ਉਸ ਤੋਂ ਕਾਫੀ ਅਗਾਂਹ ਪਲਾਟ ਲੈ ਕੇ ਘਰ ਬਣਾਇਆ। ਹੁਣ ਜਦ ਹੜ੍ਹ ਆਇਆ, ਸ਼ਿਵਜੋਤ ਵਾਲ਼ੀ ਨਦੀ ਵਿਚ ਤੀਹ ਸਾਲਾਂ ਬਾਅਦ ਪਾਣੀ ਆਇਆ ਤਾਂ ਤਿੰਨ ਮੰਜ਼ਿਲੇ ਘਰ ਨੂੰ ਵਹਾ ਕੇ ਲੈ ਗਿਆ ਅਤੇ ਰਾਹ ਵਿਚ ਪੈਂਦੀਆਂ ਹੋਰ ਝੁੱਗੀਆਂ- ਝੋਪੜੀਆਂ ਵੀ ਨਾਲ ਹੀ ਲੈ ਗਿਆ।
ਹਰ ਵਾਰ ਕੁਦਰਤੀ ਜਾਂ ਕਹਿ ਲਵੋ ਮਨੁੱਖ ਸਹੇੜੀਆਂ ਆਫਤਾਂ ਆਉਂਦੀਆਂ ਰਹਿੰਦੀਆਂ ਨੇ; ਅਸੀਂ ਉਸ ਵਿਰੁੱਧ ਲੜਨ ਵਾਲ਼ੀ ਦਲੇਰੀ, ਕੁਰਬਾਨੀ ਨੂੰ ਵਡਿਆਉਣ ’ਤੇ ਜ਼ੋਰ ਲਾ ਦਿੰਦੇ ਹਾਂ। ਅਸੀਂ ਫੌਰੀ ਹੱਲ ਲਈ ਸੰਘਰਸ਼ ਕਰਦੇ ਹਾਂ। ਪਾਣੀ ਦੇ ਰਾਹਾਂ ਵਿਚ ਆਉਣ ਵਾਲੀਆਂ ਬਿਲਡਿੰਗਾਂ, ਫਲਾਈਓਵਰਾਂ ਆਦਿ ਬਾਰੇ ਗੰਭੀਰ ਤਬਸਰੇ, ਬਹਿਸਾਂ ਨਹੀਂ ਕਰਦੇ। ਸਿਰਫ ਤਰੀਕ ਯਾਦ ਰੱਖਣ ਨਾਲ ਕੁਝ ਨਹੀਂ ਹੋਣਾ। ਤਰੇੜੀ ਕੰਧ ’ਤੇ ਕਲੰਡਰ ਟੰਗਣ ਨਾਲ ਤਰੇੜ ਖ਼ਤਮ ਨਹੀਂ ਹੋਣੀ।
ਅਜਿਹੇ ਮਨੁੱਖੀ ਸਿਰੜ ਦੀ, ਮੈਨੂੰ ਆਪਣੀ ਕਵਿਤਾ ਯਾਦ ਆਉਂਦੀ ਹੈ ਜਿਹੜੀ ਮੈਂ ਬਿਹਾਰ ਦੇ ਕਿਸੇ ਇਲਾਕੇ ਵਿਚ ਹੜ੍ਹਾਂ ਦੀ ਹਾਲਤ ਨੂੰ ਦੇਖ ਕੇ ਲਿਖੀ ਸੀ:
ਹੜ੍ਹਾਂ ਵਿਚ ਫਸੇ ਲੋਕ
ਨਦੀ ਕਿਨਾਰੇ ਰਹਿੰਦੇ ਲੋਕਾਂ ਨੂੰ
ਪਹਿਲਾਂ ਮਾਰ ਪੈਂਦੀ ਹੜ੍ਹਾਂ ਦੀ
ਕਈਆਂ ਦੇ/ਨਦੀ ਸਹਾਰੇ ਘਰ ਚਲਦੇ
ਫੇਰ ਰੁੜ੍ਹਦੇ ਨਦੀ ਕਰ ਕੇ
ਪਿੰਡ ਦੇ ਵਿਹਲੜ ਅਵਾਰਾ
ਪਹੁੰਚਾਉਂਦੇ/ਸਭ ਨਾਲੋਂ ਵੱਧ ਸਮਾਨ
ਗਧੇ ਖ਼ੱਚਰ ਢੋਂਦੇ ਵਸਤਾਂ
ਘੱਟ ਪਾਣੀ ਵਾਲੀ ਥਾਓਂ
ਔਰਤ ਮਰਦ/ਕੱਪੜੇ ਗੋਡਿਆਂ ਤਕ ਚੁੱਕ ਲੈਂਦੇ
ਜਿਵੇਂ ਘੋਲ ਕਰਨਾ ਹੋਵੇ
ਘੋਲ ਹੀ ਤਾਂ ਹੈ/ਪਾਣੀ ਖ਼ਿਲਾਫ਼
ਡੂੰਘੇ ਪਾਣੀ ਵਿਚ
ਟਾਇਰ ਸੁੱਟ ਲਏ ਜਾਂਦੇ
ਸ਼ਾਇਦ ਹੀ ਸੋਚਿਆ ਹੋਵੇ ਇਹਨਾਂ
ਟਾਇਰ ਇੰਝ ਵੀ ਵਰਤੇ ਜਾਣਗੇ
ਸਫ਼ਰ ਲਈ
ਹੈਲੀਕਾਪਟਰ/ਖਾਣੇ ਦੇ ਪੈਕੇਟ ਸੁੱਟਦਾ
ਬੱਚੇ ਭੱਜ ਭੱਜ ਕੈਚ ਕਰਦੇ
ਇਹ ਕੋਈ ਖੇਡ ਨਹੀਂ
ਅੱਜ ਇਹਨਾਂ ਨੂੰ
ਕਿਸੇ ਹੋਰ ਥਾਂ/ਲਿਜਾਇਆ ਜਾਣਾ
ਚੱਲਣ ਤੋਂ ਪਹਿਲਾਂ
ਉਹਨਾਂ ਨੇ
ਉਸੇ ਪਾਣੀ ਦੇਖਿਆ ਚਿਹਰਾ
ਤੇ ਹੱਥ ਮੂੰਹ ਧੋਤੇ
ਧਿਆਨ ਨਾਲ ਦੇਖਿਆ ਪੜ੍ਹਿਆ ਜਾਵੇ ਤਾਂ ਇਹ ਵਕਤੀ ਸ਼ਾਬਾਸ਼ੀਆਂ ਹਨ, ਹੋਣੀਆਂ ਵੀ ਚਾਹੀਦੀਆਂ ਨੇ; ਅਸੀਂ ਪਏ ਵਕਤ ਅਨੁਸਾਰ ਵੀ ਲੜਨਾ ਹੁੰਦਾ ਹੈ ਪਰ ਸਿਰਫ ਇਸ ਨੂੰ ਫੜ ਕੇ ਬੈਠੇ ਰਹਿਣ ਨਾਲੋਂ ਕੀ ਹੋਇਆ, ਕਿਉਂ ਹੋਇਆ, ਇਸ ਤਰ੍ਹਾਂ ਦੇ ਸੁਆਲਾਂ ਨੂੰ ਮੁਖਾਤਬ ਹੋਣਾ ਬਹੁਤ ਜ਼ਰੂਰੀ ਹੈ।
ਹੁਣ ਦਰਿਆਵਾਂ ਵਿਚ ਉੱਚੀ ਉੱਚੀ ਲਹਿਰਾਂ ਉੱਠ ਰਹੀਆਂ ਨੇ। ‘ਲਹਿਰਾਂ’ ਹੁਣ ਖੁਸ਼ਨੁਮਾ ਅਹਿਸਾਸ ਨਹੀਂ। ਮੇਰੀ ਕਾਵਿ-ਕਿਤਾਬ ‘ਜਾਣ ਦੇ ਮੈਨੂੰ’ ਵਿਚਲੀ ਇਕ ਨਜ਼ਮ ਹੈ:
ਅੱਜ ਕੱਲ੍ਹ/ਦਰਿਆ ਵਿਚ ਲਹਿਰਾਂ ਨਹੀਂ
ਜੋ ਦਿਸ ਰਹੀਆਂ/ਇਹ ਤਿਊੜੀਆਂ ਨੇ
ਸੋ, ਅਸੀਂ ਦਰਿਆਵਾਂ ਦੀ, ਪਾਣੀ ਦੀ ਨਰਾਜ਼ਗੀ ਨੂੰ ਵੀ ਸਮਝੀਏ।
ਸੰਪਰਕ: 82838-26876