ਡਾ. ਕੁਲਦੀਪ ਸਿੰਘ
ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਕਰਮਾਂ ਵਾਲੀ ਸੰਸਥਾ ਗਿਣਦਾ ਹਾਂ, ਜਿਸ ਨੇ ਸਮੇਂ-ਸਮੇਂ ਅਜਿਹੇ ਗੁਣੀ ਸੱਜਣਾਂ ਨੂੰ ਖੋਜ ਕਰਨ ਦਾ ਵੱਡਮੁੱਲਾ ਮੌਕਾ ਪੂਰੇ ਸਨਮਾਨ ਸਾਹਿਤ ਪ੍ਰਦਾਨ ਕੀਤਾ ਹੈ, ਜਿਹੜੇ ਉੱਚੀ ਲਿਆਕਤ ਦੇ ਧਾਰਨੀ ਤਾਂ ਸਨ ਪਰ ਉਨ੍ਹਾਂ ਕੋਲ ਕੋਈ ਰਸਮੀ ਡਿਗਰੀਆਂ ਨਹੀਂ ਸਨ।’ ਇਹ ਸਤਰਾਂ ਪ੍ਰੋਫ਼ੈਸਰ ਹਰਪਾਲ ਸਿੰਘ ਪੰਨੂ ਨੇ ਪ੍ਰੋਫ਼ੈਸਰ ਪਿਆਰਾ ਸਿੰਘ ਪਦਮ ਦੇ ਸੰਦਰਭ ਵਿੱਚ ਲਿਖੀਆਂ, ਕਿਉਂਕਿ ਪ੍ਰੋਫ਼ੈਸਰ ਪਿਆਰਾ ਸਿੰਘ ਪਦਮ (1921-2021) ਨੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਤੋਂ ਬਕਾਇਦਾ ਤੌਰ ‘ਤੇ ਵਿੱਦਿਆ ਹਾਸਿਲ ਨਹੀਂ ਕੀਤੀ ਸੀ। ਮੁੱਢਲੀ ਵਿੱਦਿਆ ਸਾਧਾਂ-ਸੰਤਾਂ ਦੇ ਡੇਰਿਆਂ ਤੋਂ ਹਾਸਿਲ ਕੀਤੀ ਸੀ। ਇਸੇ ਤਰ੍ਹਾਂ ਗਿਆਨੀ ਅਰਜਨ ਸਿੰਘ ਦੀ ਸੰਗਤ ਮਾਣਦਿਆਂ ਅਤੇ ਆਪਣੇ ਪਿਤਾ ਜੋ ਵੱਖ-ਵੱਖ ਪੱਧਰ ‘ਤੇ ਧਾਰਮਿਕ ਕਾਰਜਾਂ ਨਾਲ ਜੁੜੇ ਹੋਏ ਸਨ, ਤੋਂ ਵਿੱਦਿਆ ਹਾਸਿਲ ਕੀਤੀ। ਉਨ੍ਹਾਂ ਇੱਕ ਮੁਲਾਕਾਤ ਦੌਰਾਨ ਡਾ. ਸਰੋਜ ਨਾਲ ਆਪਣੀ ਲੇਖਣੀ ਦੀ ਪ੍ਰਤੀਬੱਧਤਾ ਬਾਰੇ ਗੱਲ ਕਰਦਿਆਂ ਕਿਹਾ ਸੀ, ‘ਲੋਕ ਐਵੇਂ ਹੀ ਇੱਧਰ-ਉੱਧਰ ਭੱਜੇ ਫਿਰਦੇ ਹਨ, ਕੰਮ ਨੇ ਹੀ ਬੋਲਣਾ ਹੈ, ਮੈਨੂੰ ਤਾਂ ਕਿਤਾਬ, ਪੈੱਨ ਅਤੇ ਕਾਗ਼ਜ਼ ਦੀ ਲੋੜ ਤੋਂ ਬਿਨਾਂ ਕੁਝ ਨਹੀਂ ਚਾਹੀਦਾ। ਬਸ ਇਹ ਹੀ ਅਰਦਾਸ ਹੈ।’
ਪ੍ਰੋਫ਼ੈਸਰ ਪਿਆਰਾ ਸਿੰਘ ਪਦਮ ਦਾ ਕਾਰਜ ਖੇਤਰ ਭਲਾ ਹੀ ਗੁਰਬਾਣੀ ਅਤੇ ਸਿੱਖ ਇਤਿਹਾਸ ਸੀ, ਪਰ ਉਨ੍ਹਾਂ ਨੇ ਨਾਲ ਹੀ ਗੁਰਬਾਣੀ ਦੇ ਵਿਦਿਆਰਥੀਆਂ ਲਈ ਗੁਰੂ ਗ੍ਰੰਥ ਵਿਚਾਰ ਕੋਸ਼, ਸੰਕੇਤ ਕੋਸ਼, ਗੁਰੂ ਗ੍ਰੰਥ ਮਹਿਮਾ ਕੋਸ਼ ਦੇ ਨਾਲ-ਨਾਲ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਸੰਕਲਨ ਵੀ ਕੀਤਾ। ਵਰ੍ਹਾ 1948 ਤੋਂ 1950 ਤੱਕ ‘ਗੁਰਦੁਆਰਾ ਗਜ਼ਟ’ ਦੇ ਸੰਪਾਦਕ ਅਤੇ ਵਰ੍ਹਾ 1950 ਤੋਂ 1965 ਤੱਕ ‘ਪੰਜਾਬੀ ਦੁਨੀਆ’ ਦੇ ਐਡੀਟਰ ਵਜੋਂ ਕਾਰਜ ਕੀਤਾ। ਵਰ੍ਹਾ 1966 ਤੋਂ 1983 ਤੱਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵਿੱਚ ‘ਸਪੈਸ਼ਲ ਸੀਨੀਅਰ ਓਰੀਐਂਟਲ ਫੈਲੋ’ ਦੇ ਤੌਰ ‘ਤੇ ਕਾਰਜ ਲਈ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬੀ ਸਮਾਜ ਦੀਆਂ ਸੱਭਿਆਚਾਰ ਬਰੀਕੀਆਂ ਨੂੰ ‘ਪੰਜਾਬੀ ਛਿੰਝਾਂ’ ਜਿਸ ਵਿੱਚ 25 ਮਲਵਈ ਛਿੰਝਾਂ ਦੇ ਬੋਲ ਹਨ, ਲਿਖੀਆਂ। ਇਸੇ ਤਰ੍ਹਾਂ ‘ਪੰਜਾਬੀ ਝਗੜੇ’ ਜਿਸ ਵਿੱਚ 35 ਝਗੜਾਲੂ ਕਿੱਸੇ ਸ਼ਾਮਿਲ ਹਨ, ਕਾਰਜ ਕੀਤਾ। ਹਾਸ਼ਮ ਰਚਨਾਵਲੀ ਅਤੇ ਹੀਰ ਵਾਰਿਸ ਦਾ ਸ਼ੁੱਧ ਪਾਠ ਆਦਿ ਵਿਸ਼ੇਸ਼ ਅਹਿਮੀਅਤ ਰੱਖਦੀਆਂ ਹਨ। ਇਸ ਦੇ ਨਾਲ ਹੀ ਟੈਗੋਰ ਤ੍ਰਿਵੇਣੀ, ਖ਼ਲੀਲ ਜਬਿਰਾਨ ਅਤੇ ਕਲਾਮ ਭਾਈ ਨੰਦ ਲਾਲ ਦਾ ਅਨੁਵਾਦ ਕੀਤਾ। ਉਨ੍ਹਾਂ ਦੀ ਸਿਰਜਣ ਸ਼ਕਤੀ ਪ੍ਰਤੀ ਪ੍ਰੋਫ਼ੈਸਰ ਸ. ਸੋਜ਼ ਨੇ ਇੱਕ ਵਾਰੀ ਲਿਖਿਆ ਸੀ, ‘ਸਦ ਅਫ਼ਸੋਸ, ਅਸੀਂ ਪਦਮ ਨੂੰ ਟੈਗੋਰ ਤੱਕ ਨਹੀਂ ਪਹੁੰਚਦਾ ਕਰ ਸਕੇ, ਹਾਲਾਂਕਿ ਪ੍ਰੋਫ਼ੈਸਰ ਪਦਮ ਦੀਆਂ ਕਿਤਾਬਾਂ ਟੈਗੋਰ ਨਾਲੋਂ ਉਰੇ ਦੀਆਂ ਨਹੀਂ, ਪਰੇ ਦੀਆਂ ਭਾਵੇਂ ਹੋਣ। ਉਨ੍ਹਾਂ ਨੂੰ ਤਾਂ ਸਿੱਖ ਸਾਹਿਤ ਜਗਤ ਦੇ ਟੈਗੋਰ ਦੀ ਉਪਾਧੀ ਦੇਣੀ ਬਣਦੀ ਹੈ।’ ਉਨ੍ਹਾਂ ਦੀਆਂ ਲਿਖਤਾਂ ਤੋਂ ਪ੍ਰਭਾਵਿਤ ਅਤੇ ਪ੍ਰਤੀਬੱਧਤਾ ਨੂੰ ਨੇੜਿਓਂ ਵੇਖਣ ਵਾਲੀ ਉਨ੍ਹਾਂ ਦੀ ਧੀ ਪ੍ਰੋ. ਹਰਿੰਦਰ ਕੌਰ ਦਾ ਕਹਿਣਾ ਹੈ, ‘ਉਹ ਅਕਸਰ ਕਿਹਾ ਕਰਦੇ ਸੀ ‘ਮੈਂ ਬਿਨਾਂ ਹਥਿਆਰਾਂ ਤੋਂ ਲੜਨ ਵਾਲਾ ਸਿਪਾਹੀ ਹਾਂ।’ ਉਨ੍ਹਾਂ ਦੀ ਇਹ ਵੀ ਧਾਰਨਾ ਸੀ ਕਿ ਲੇਖਕ ਸੱਚਮੁੱਚ ਰੋਟੀ ਤੋਂ ਆਜ਼ਾਦ ਹੋਣਾ ਚਾਹੀਦਾ ਹੈ, ਨੌਕਰੀਆਂ ਵਿੱਚ ਲਿਖਣ ਸਮੇਂ ਕੋਈ ਸਵਾਦ ਨਹੀਂ ਆਉਂਦਾ, ਜਿਸ ਕਰਕੇ ਕਈ ਵਾਰੀ ਲੇਖਕ ਲਿਖਦੇ ਸਮੇਂ ਵਿਚਾਰਾਂ ਤੋਂ ਸੰਤੁਸ਼ਟੀ ਨਹੀਂ ਲੈ ਸਕਦੇ ਕਿਉਂਕਿ ਸਰਕਾਰੀ ਪ੍ਰਭਾਵ ਦਾ ਛੱਪਾ ਜ਼ਮੀਰ ਨੂੰ ਘੁੱਟ ਰੱਖਦਾ ਹੈ।
ਪ੍ਰੋਫ਼ੈਸਰ ਪਿਆਰਾ ਸਿੰਘ ਪਦਮ ਦੀ ਵਿਸ਼ਾਲ ਦੇਣ ਨੂੰ ਉਚਿਆਉਣ ਹਿੱਤ ਉਨ੍ਹਾਂ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਅੰਤਰ-ਰਾਸ਼ਟਰੀ ਸੈਮੀਨਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਿੱਖ ਇਤਿਹਾਸ, ਪੰਜਾਬੀ ਭਾਸ਼ਾ ਅਤੇ ਸਾਹਿਤ ਵਿੱਚ ਪਾਏ ਵੱਡਮੁੱਲਾ ਯੋਗਦਾਨ ਨੂੰ
ਬਹੁ-ਦਿਸ਼ਾਵੀ ਅਤੇ ਬਹੁ-ਪਰਤੀ ਦ੍ਰਿਸ਼ਟੀਕੋਣਾਂ ਤੋਂ ਦੇਖਣ ਤੇ ਸਮਝਣ ਹਿੱਤ 5 ਅਗਸਤ, 2021 ਨੂੰ ਕਰਵਾਇਆ ਕੀਤਾ ਜਾ ਰਿਹਾ ਹੈ। ਇਸ ਸੈਮੀਨਾਰ ਵਿਚ ਕੌਮਾਂਤਰੀ ਹਸਤੀਆਂ ਸ਼ਿਰਕਤ ਕਰਨਗੀਆਂ, ਜਿਨ੍ਹਾਂ ਵਿਚ ਸ਼ਾਮਲ ਹਨ: ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਸੈਂਟਾ ਬਰਬਰਾ (ਅਮਰੀਕਾ) ਤੋਂ ਪ੍ਰੋਫ਼ੈਸਰ ਜੇ.ਐਸ. ਮਾਨ, ਜਿਨ੍ਹਾਂ ਦਾ ਕਾਰਜ ਖੇਤਰ ਇਤਿਹਾਸਿਕ ਤੌਰ ‘ਤੇ ਸਿੱਖ ਸਰੋਕਾਰਾਂ ਦੀਆਂ ਬਾਰੀਕੀਆਂ ਨੂੰ ਸਮਝਣਾ ਅਤੇ ਉਨ੍ਹਾਂ ਦੀ ਇਤਿਹਾਸਿਕ ਅਹਿਮੀਅਤ ਅਤੇ ਪ੍ਰਸੰਗਕਤਾ ਨੂੰ ਉਚਿਆਉਣਾ ਹੈ। ਯੂਨੀਵਰਸਿਟੀ ਆਫ਼ ਨੌਰਦਰਨ ਆਯੋਵਾ (ਅਮਰੀਕਾ) ਤੋਂ ਪ੍ਰੋਫ਼ੈਸਰ ਲੂਈ ਈ. ਫੈਨਕ ਜਿਨ੍ਹਾਂ ਨੇ ਇਸ ਵਿਦਵਾਨ ਦੀਆਂ ਲਿਖਤਾਂ ਨੂੰ ਆਪਣੇ ਖੋਜ ਕਾਰਜਾਂ ਦੌਰਾਨ ਬੇਹੱਦ ਅਹਿਮੀਅਤ ਨਾਲ ਸਮਝਿਆ ਅਤੇ ਪੰਜਾਬ ਦੀ ਧਰਾਤਲ ਦੇ ਸਰੋਕਾਰਾਂ ਨੂੰ ਕੌਮਾਂਤਰੀ ਚੌਖਟੇ ਵਿੱਚ ਰੱਖ ਕੇ ਪਰਖਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ-ਚਾਂਸਲਰ ਪ੍ਰੋ. ਜੇ.ਐਸ. ਗਰੇਵਾਲ ਜਿਨ੍ਹਾਂ ਸਿੱਖ ਇਤਿਹਾਸ ਦੀਆਂ ਵੱਖ-ਵੱਖ ਬਾਰੀਕੀਆਂ ਜਿਨ੍ਹਾਂ ਵਿੱਚ ਸਰੋਤ ਵੀ ਸ਼ਾਮਿਲ ਹਨ, ਦੇ ਸੰਦਰਭ ਵਿੱਚ ਪ੍ਰੋਫ਼ੈਸਰ ਪਿਆਰਾ ਸਿੰਘ ਪਦਮ ਦੀ ਦੇਣ ਨੂੰ ਪਰਖਿਆ ਪੜਚੋਲਿਆ ਹੈ। ਇੰਟਰਨੈਸ਼ਨਲ ਸਾਹਿਤ ਅਕਾਦਮੀ (ਯੂਕੇ) ਦੇ ਸਾਬਕਾ ਪ੍ਰਧਾਨ ਡਾ. ਪ੍ਰੀਤਮ ਸਿੰਘ ਕੈਬੋਂ ਜਿਨ੍ਹਾਂ ਨੇ ਪ੍ਰੋਫ਼ੈਸਰ ਪਿਆਰਾ ਸਿੰਘ ਪਦਮ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਪਰਖਣ ਅਤੇ ਦੇਖਣ ਵਾਲੇ ਵਿਦਵਾਨਾਂ ਦਾ ਸੰਕਲਨ ਕੀਤਾ ਅਤੇ ਇਹ ਅਹਿਸਾਸ ਕਰਵਾਇਆ ਕਿ ਜਿਸ ਵਿਸ਼ਾਲਤਾ ਨਾਲ ਪੰਜਾਬੀ ਸਾਹਿਤ ਵਿੱਚ ਉਨ੍ਹਾਂ ਦੀ ਦੇਣ ਹੈ ਉਸਨੂੰ ਹੋਰ ਖੋਜ ਕਾਰਜਾਂ ਦੇ ਰੂਪ ਵਿੱਚ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ। ਪ੍ਰਸਿੱਧ ਕਵੀ ਸੁਰਜੀਤ ਪਾਤਰ ਜਿਨ੍ਹਾਂ ਨੇ ਕਾਵਿਕ ਸਫ਼ਰ ਦੌਰਾਨ ਵੱਡੀਆਂ ਅੰਦਰੂਨੀ ਮੁੱਲਵਾਨ ਅੰਤਰਦ੍ਰਿਸ਼ਟੀਆਂ ਪ੍ਰੋਫ਼ੈਸਰ ਪਿਆਰਾ ਸਿੰਘ ਪਦਮ ਤੋਂ ਲਈਆਂ, ਉਨ੍ਹਾਂ ਦਾ ਉਹ ਮੁੱਲਵਾਨ ਸਰਮਾਇਆ ਸਮਝਦੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਪ੍ਰੋਫ਼ੈਸਰ ਅਰਵਿੰਦ ਦੀ ਦਿਲੀ ਇੱਛਾ ਹੈ ਕਿ ਜਿੰਨਾ ਖ਼ਜ਼ਾਨਾ ਵੱਖ-ਵੱਖ ਖੇਤਰਾਂ ਨਾਲ ਸਬੰਧਤ ਪੰਜਾਬ ਦੀ ਵਿਰਾਸਤੀ ਧਰਤੀ ਵਿੱਚ ਪਿਆ ਹੈ ਉਸਨੂੰ ਮੁੜ ਖੋਜਾਰਥੀਆਂ ਦੇ ਅੰਗ-ਸੰਗ ਲੈ ਕੇ ਆਉਣਾ, ਇਸ ਨਾਲ ਸਬੰਧਤ ਨਵੇਂ ਖੋਜ ਕਾਰਜ ਵਿਕਸਿਤ ਕਰਨੇ ਇਨ੍ਹਾਂ ਭਵਿੱਖੀ ਯੋਜਨਾਵਾਂ ਦਾ ਅਹਿਮ ਹਿੱਸਾ ਹੋਵੇਗਾ। ਇਸ ਕਰਕੇ ਬਹੁ-ਦਿਸ਼ਾਵੀ ਅਤੇ ਬਹੁ-ਪਰਤੀ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਸਮਾਜਿਕ ਗੁੰਝਲਾਂ ਦੇ ਪ੍ਰਸੰਗਾਂ ਵਿੱਚ ਪ੍ਰੋਫ਼ੈਸਰ ਪਿਆਰਾ ਸਿੰਘ ਪਦਮ ਯਾਦਗਾਰੀ ਕਾਰਜ ਕਰਵਾਉਣਾ ਇੱਕ ਨਵੇਂ ਕਿਸਮ ਦੀ ਚੇਟਕ ਹੋਰ ਕਾਰਜਾਂ ਲਈ ਲਗਾਏਗਾ।
ਸੰਪਰਕ: 98151-15429