ਡਾ. ਰਣਜੀਤ ਸਿੰਘ
ਇਸ ਮਹੀਨੇ ਕਈ ਰੋਕੜੀ ਫ਼ਸਲਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ। ਜੇ ਕੋਈ ਖੇਤ ਵਿਹਲਾ ਹੈ ਤਾਂ ਉੱਥੇ ਸੂਰਜਮੁਖੀ ਤੇ ਮੈਂਥਾ ਲਗਾਇਆ ਜਾ ਸਕਦਾ ਹੈ। ਪਿਆਜ਼ ਦੀ ਪਨੀਰੀ ਵੀ ਹੁਣ ਖੇਤ ’ਚ ਲਗਾਉਣ ਦਾ ਢੁਕਵਾਂ ਸਮਾਂ ਹੈ।
ਸੂਰਜਮੁਖੀ ਦੀਆਂ ਕੇਵਲ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਬਿਜਾਈ ਕਰੋ। ਪੰਜਾਬ ਵਿਚ ਪੀਐੱਸਐੱਚ-2080, ਪੀਐੱਸਐੱਚ-1962, ਪੀਐੱਸਐੱਚ-996 ਅਤੇ ਡੀਕੇ-3849 ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਦੋਗਲੀਆਂ ਕਿਸਮਾਂ ਹਨ, ਇਨ੍ਹਾਂ ਦਾ ਬੀਜ ਹਰ ਵਾਰ ਨਵਾਂ ਹੀ ਲੈਣਾ ਪੈਂਦਾ ਹੈ। ਇਸ ਨੂੰ ਕਿਸੇ ਭਰੋਸੇਯੋਗ ਵਸੀਲੇ ਤੋਂ ਪ੍ਰਾਪਤ ਕਰਨਾ ਜ਼ਰੂਰੀ ਹੈ। ਇੱਕ ਏਕੜ ਲਈ ਦੋ ਕਿਲੋ ਬੀਜ ਚਾਹੀਦਾ ਹੈ। ਬਿਜਾਈ ਸਮੇਂ ਲਾਈਨਾਂ ਵਿਚਕਾਰ 60 ਅਤੇ ਬੂਟਿਆਂ ਵਿਚਕਾਰ 30 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਵੱਟਾਂ ’ਤੇ ਬਿਜਾਈ ਕੀਤਿਆਂ ਵਧੇਰੇ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ; ਪਾਣੀ ਦੀ ਬੱਚਤ ਵੀ ਹੁੰਦੀ ਹੈ। ਵੱਟਾਂ ਨੂੰ ਪੂਰਬ-ਪੱਛਮ ਵਾਲੇ ਪਾਸੇ ਬਣਾਵੋ; ਬੀਜ ਦੱਖਣ ਵਾਲੇ ਪਾਸੇ ਬੀਜਿਆ ਜਾਵੇ। ਇਹ ਫ਼ਸਲ ਪੱਕਣ ਵਿਚ 100 ਕੁ ਦਿਨ ਲੈਂਦੀ ਹੈ। ਇਕ ਏਕੜ ’ਚੋਂ ਅੱਠ ਕੁਇੰਟਲ ਦੇ ਲਗਪਗ ਝਾੜ ਪ੍ਰਾਪਤ ਹੋ ਜਾਂਦਾ ਹੈ। ਇਕ ਏਕੜ ਵਿਚ 50 ਕਿਲੋ ਯੂਰੀਆ ਅਤੇ 75 ਕਿਲੋ ਸੁਪਰਫ਼ਾਸਫ਼ੇਟ ਪਾਉਣ ਦੀ ਸਿਫ਼ਾਰਸ਼ ਹੈ। ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੋਡੀ ਬਿਜਾਈ ਤੋਂ 20 ਕੁ ਦਿਨਾਂ ਪਿੱਛੋਂ ਕਰੋ। ਜਦੋਂ ਫ਼ਸਲ ਨੂੰ ਫ਼ੁਲ ਪੈਣ ਲੱਗਣ ਤਾਂ ਮਿੱਟੀ ਚਾੜ੍ਹ ਦੇਣੀ ਚਾਹੀਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਖਲਾਈ ਲੈ ਕੇ ਤੁਸੀਂ ਦੋਗਲੀਆਂ ਕਿਸਮਾਂ ਦਾ ਬੀਜ ਆਪ ਤਿਆਰ ਕਰ ਸਕਦੇ ਹੋ।
ਪੰਜਾਬ ਵਿਚ ਮੈਂਥੇ ਹੇਠ ਕਰੀਬ 13,000 ਹੈਕਟੇਅਰ ਰਕਬਾ ਹੈ। ਕਾਸ਼ਤ ਲਈ ਕੋਸੀ, ਸੀਆਈਐੱਮ ਕ੍ਰਾਂਤੀ ਪੰਜਾਬ ਸਪੀਅਰਮਿੰਟ-1 ਅਤੇ ਰਸ਼ੀਅਨ ਮਿੰਟ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਬਿਜਾਈ ਜੜ੍ਹਾਂ ਰਾਹੀਂ ਕੀਤੀ ਜਾਂਦੀ ਹੈ। ਇਕ ਏਕੜ ਦੀ ਬਿਜਾਈ ਲਈ ਕੋਈ ਦੋ ਕੁਇੰਟਲ ਜੜ੍ਹਾਂ ਦੀ ਲੋੜ ਹੈ। ਬਿਜਾਈ ਜਨਵਰੀ ਦੇ ਦੂਜੇ ਪੰਦਰਵਾੜੇ ਕਰ ਲੈਣੀ ਚਾਹੀਦੀ ਹੈ। ਬੀਜਣ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਵੇ। ਮੈਂਥੇ ਦੀ ਬਿਜਾਈ ਸੂਰਜਮੁਖੀ ਅਤੇ ਕਮਾਦ ਦੀ ਫ਼ਸਲ ਵਿਚ ਵੀ ਕੀਤੀ ਜਾ ਸਕਦੀ ਹੈ। ਜੜ੍ਹਾਂ ਦੀ ਲੰਬਾਈ ਪੰਜ ਤੋਂ ਅੱਠ ਸੈਂਟੀਮੀਟਰ ਹੋਣੀ ਚਾਹੀਦੀ ਹੈ। ਖੇਤ ਵਿਚੋਂ ਪੁੱਟਣ ਪਿੱਛੋਂ ਜੜ੍ਹਾਂ ਧੋ ਲਵੋ। ਸਿਆੜਾਂ ਵਿਚਕਾਰ ਫ਼ਾਸਲਾ 45 ਸੈਂਟੀਮੀਟਰ ਰੱਖੋ। ਸਿਆੜਾਂ ’ਚ ਜੜ੍ਹ ਇਕ ਦੂਜੀ ਨਾਲ ਜੋੜ ਕੇ ਰੱਖੋ। ਮੁੜ ਸੁਹਾਗਾ ਫ਼ੇਰ ਦੇਵੋ। ਖੇਤ ਵਿਚ ਝੋਨੇ ਦੀ ਪਰਾਲੀ ਖਿਲਾਰ ਦੇਣੀ ਚਾਹੀਦੀ ਹੈ। ਬਿਜਾਈ ਪਿਛੋਂ ਹਲਕਾ ਪਾਣੀ ਦੇਵੋ। ਉੱਗੀਆਂ ਹੋਈਆਂ ਜੜ੍ਹਾਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ। ਮੈਂਥੇ ਦੇ ਵਿਚਕਾਰ ਪਿਆਜ਼ ਦੀ ਪਨੀਰੀ ਲਗਾਈ ਜਾ ਸਕਦੀ ਹੈ। ਮੈਂਥੇ ਲਈ ਖੇਤ ਤਿਆਰ ਕਰਦੇ ਸਮੇਂ ਜੇ ਹੋ ਸਕੇ ਤਾਂ ਦਸ ਕੁ ਟਨ ਰੂੜੀ ਜ਼ਰੂਰ ਪਾਵੋ। ਖਾਦਾਂ ਦੀ ਵਰਤੋਂ ਮਿੱਟੀ ਪਰਖ ਅਨੁਸਾਰ ਕਰਨੀ ਚਾਹੀਦੀ ਹੈ। ਆਮ ਹਾਲਾਤ ਵਿਚ ਇਕ ਏਕੜ ਲਈ 130 ਕਿਲੋ ਯੂਰੀਆ ਅਤੇ ਇਕ ਕੁਇੰਟਲ ਸਿੰਗਲ ਸੁਪਰਫ਼ਾਸਫ਼ੇਟ ਦੀ ਹੈ। ਸਾਰੀ ਸੁਪਰਫ਼ਾਸਫ਼ੇਟ ਤੇ ਯੂਰੀਆ ਦਾ ਚੌਥਾ ਹਿੱਸਾ ਬਿਜਾਈ ਸਮੇਂ ਖੇਤ ਵਿਚ ਡਰਿੱਲ ਕਰੋ। ਚੌਥਾ ਹਿੱਸਾ ਯੂਰੀਆ ਬਿਜਾਈ ਤੋਂ 40 ਕੁ ਦਿਨਾਂ ਪਿੱਛੋਂ ਪਾਵੋ। ਇਸੇ ਤਰ੍ਹਾਂ ਚੌਥਾ ਹਿੱਸਾ ਯੂਰੀਆ ਪਹਿਲੀ ਕਟਾਈ ਪਿੱਛੋਂ ਤੇ ਬਾਕੀ ਦੀ ਖਾਦ ਇਸ ਤੋਂ 40 ਦਿਨਾਂ ਪਿੱਛੋਂ ਪਾਈ ਜਾਵੇ। ਫ਼ਸਲ ਦਾ ਝਾੜ 100-125 ਕੁਇੰਟਲ ਪ੍ਰਤੀ ਏਕੜ ਪ੍ਰਾਪਤ ਹੋ ਜਾਂਦਾ ਹੈ।
ਹੁਣ ਪੱਤਝੜੀ ਬੂਟਿਆਂ ਦੀ ਲੁਆਈ ਦਾ ਸਮਾਂ ਆ ਗਿਆ ਹੈ। ਹੁਣ ਸਫ਼ੈਦਾ, ਪੋਪਲਰ, ਡੇਕ ਆਦਿ ਦੇ ਬੂਟੇ ਲਗਾਏ ਜਾ ਸਕਦੇ ਹਨ। ਇਨ੍ਹਾਂ ਦੇ ਬੂਟੇ ਪੰਜਾਬ ਦੇ ਵਣ ਵਿਭਾਗ ਕੋਲੋਂ ਮੁਫ਼ਤ ਵੀ ਮਿਲ ਜਾਂਦੇ ਹਨ। ਸਾਨੂੰ ਵਣ ਖੇਤੀ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਕੁਝ ਰਕਬੇ, ਖਾਸਕਰ ਮਾੜੀਆਂ ਧਰਤੀਆਂ ਵਿਚ ਵਣ ਖੇਤੀ ਕਰਨੀ ਚਾਹੀਦੀ ਹੈ। ਸਫ਼ੈਦਾ ਅਤੇ ਪੋਪਲਰ ਦੀ ਖੇਤੀ ਦੂਜੀਆਂ ਫ਼ਸਲਾਂ ਦੇ ਬਰਾਬਰ ਹੀ ਆਮਦਨ ਦੇ ਦਿੰਦੀ ਹੈ। ਇਸ ਵਿਚ ਖੇਚਲ ਘੱਟ, ਪਾਣੀ ਦੀ ਬੱਚਤ ਅਤੇ ਜ਼ਹਿਰਾਂ ਦੀ ਵਰਤੋਂ ਵੀ ਘੱਟ ਹੁੰਦੀ ਹੈ। ਇਨ੍ਹਾਂ ਵਿਚ ਕੁਝ ਫ਼ਸਲਾਂ ਦੀ ਕਾਸ਼ਤ ਵੀ ਹੋ ਸਕਦੀ ਹੈ।
ਹੁਣ ਪੱਤਝੜੀ ਫ਼ਲਦਾਰ ਬੂਟੇ ਲਗਾਉਣ ਦਾ ਵੀ ਢੁੱਕਵਾਂ ਸਮਾਂ ਹੈ। ਇਸ ਮਹੀਨੇ ਪਤਝੜੀ ਬੂਟੇ ਸੁੱਤੇ ਪਏ ਹੁੰਦੇ ਹਨ ਜਿਸ ਕਰ ਕੇ ਨੰਗੀਆਂ ਜੜ੍ਹਾਂ ਨਾਲ ਹੀ ਲਗਾਏ ਜਾ ਸਕਦੇ ਹਨ। ਇੰਝ ਬੂਟਿਆਂ ਤੋਂ ਇਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣਾ ਸੌਖਾ ਹੈ। ਅੰਗੂਰ, ਨਾਸ਼ਪਾਤੀ, ਆੜੂ, ਅਲੂਚਾ, ਅਨਾਰ, ਫ਼ਾਲਸਾ, ਅੰਜ਼ੀਰ ਦੇ ਬੂਟੇ ਪੋਹ ਦੇ ਮਹੀਨੇ, ਭਾਵ, ਦਸੰਬਰ ਦੇ ਆਖ਼ਰੀ ਹਫ਼ਤੇ ਤੋਂ ਲੈ ਕੇ ਜਨਵਰੀ ਦੇ ਪਹਿਲੇ ਪੰਦਰਵਾੜੇ ਵਿਚ ਲਗਾ ਦੇਣੇ ਚਾਹੀਦੇ ਹਨ। ਪੰਜਾਬ ’ਚ ਇਨ੍ਹਾਂ ਫ਼ਲਾਂ ਦੀ ਸਫ਼ਲ ਕਾਸ਼ਤ ਕੀਤੀ ਜਾ ਸਕਦੀ ਹੈ।
ਪੰਜਾਬ ਵਿਚ ਨਾਸ਼ਪਾਤੀ ਹੇਠ ਕੋਈ ਤਿੰਨ ਹਜ਼ਾਰ ਰਕਬਾ ਹੈ। ਇਹ ਦੋ ਤਰ੍ਹਾਂ ਦੀ ਹੁੰਦੀ ਹੈ- ਸਖਤ ਤੇ ਨਰਮ। ਪੰਜਾਬ ਨਾਖ ਅਤੇ ਪੱਥਰ ਨਾਖ ਸਖ਼ਤ ਕਿਸਮਾਂ ਹਨ; ਪੰਜਾਬ ਗੋਲਡ, ਪੰਜਾਬ ਨੈਕਟਰ, ਪੰਜਾਬ ਬਿਊਟੀ, ਬੱਗੂਗੋਸਾ, ਨਿਜੀਸਿਕੀ ਤੇ ਪੰਜਾਬ ਸੌਫਟ ਨਰਮ ਕਿਸਮਾਂ ਹਨ। ਪਰਤਾਪ, ਫਲੋਰਿਡਾ ਪ੍ਰਿੰਸ, ਸ਼ਾਨੇ-ਪੰਜਾਬ ਤੇ ਅਰਲੀ ਗਰੈਂਡ ਆੜੂ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਨ੍ਹਾਂ ਦੇ ਗੁੱਦੇ ਦਾ ਰੰਗ ਪੀਲਾ ਹੁੰਦਾ ਹੈ। ਪ੍ਰਭਾਤ, ਸ਼ਰਬਤੀ ਅਤੇ ਪੰਜਾਬ ਨੈਕਟਰੇਨ ਚਿੱਟੇ ਗੁੱਦੇ ਵਾਲੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਸੁਪੀਰੀਅਰ ਸੀਡਲੈਸ, ਪੰਜਾਬ ਮੈਕ ਪਰਪਲ, ਫਲੇਮ ਸੀਡਲੈਸ, ਬਿਊਟੀ ਸੀਡਲੈਸ ਅਤੇ ਪਰਲਿਟ ਅੰਗੂਰਾਂ ਦੀਆਂ ਸਿਫ਼ਾਰਸ਼ ਕੀਤੀਆਂ ਗਈਆਂ ਕਿਸਮਾਂ ਹਨ। ਸਤਲੁਜ ਪਰਪਲ ਅਤੇ ਕਾਲਾ ਅੰਮ੍ਰਿਤਸਰੀ ਅਲੂਚੇ ਦੀਆਂ ਉੱਨਤ ਕਿਸਮਾਂ ਹਨ। ਭਗਵਾ, ਗਣੇਸ਼ ਅਤੇ ਕੰਧਾਰੀ ਅਨਾਰ ਦੀਆਂ ਵਧੀਆ ਕਿਸਮਾਂ ਹਨ। ਫ਼ਾਲਸੇ ਦੇ ਬੂਟੇ ਬੀਜਾਂ ਤੋਂ ਆਪ ਹੀ ਤਿਆਰ ਕੀਤੇ ਜਾ ਸਕਦੇ ਹਨ। ਬਰਾਊਨ ਟਰਕੀ ਅੰਜ਼ੀਰ ਦੀ ਸਿਫ਼ਾਰਸ਼ ਕੀਤੀ ਗਈ ਕਿਸਮ ਹੈ।
ਠੰਢ ਪੂਰੇ ਜ਼ੋਰ ’ਤੇ ਹੈ। ਜੇ ਬਾਰਸ਼ ਨਹੀਂ ਹੋਈ ਤਾਂ ਫ਼ਸਲਾਂ ਨੂੰ ਪਾਣੀ ਦੇਵੋ। ਇਸ ਵਰ੍ਹੇ ਅਗਸਤ ਸਤੰਬਰ ਵਿਚ ਜਿਹੜੇ ਨਵੇਂ ਬੂਟੇ ਲਗਾਏ ਹਨ, ਉਨ੍ਹਾਂ ਨੂੰ ਪਰਾਲੀ ਦੀ ਪੂਲੀਆਂ ਬੰਨ੍ਹ ਕੇ ਠੰਢ ਤੋਂ ਬਚਾਇਆ ਜਾ ਸਕਦਾ ਹੈ। ਪਸ਼ੂਆਂ ਨੂੰ ਵੀ ਠੰਢ ਤੋਂ ਬਚਾਉਣ ਦੀ ਲੋੜ ਹੈ। ਇਨ੍ਹਾਂ ਨੂੰ ਦਿਨੇ ਧੁੱਪ ਵਿਚ ਬੰਨ੍ਹੋ ਤੇ ਰਾਤ ਨੂੰ ਅੰਦਰ ਬੰਨ੍ਹਿਆ ਜਾਵੇ। ਪਸ਼ੂਆਂ ਹੇਠ ਸੁੱਕ ਪਾ ਦੇਣੀ ਚਾਹੀਦੀ ਹੈ।