ਅਨੇਮਨ ਸਿੰਘ
ਮੇਰੀ ਸੱਸ ਦੇ ਬਿਮਾਰ ਹੋਣ ਕਾਰਨ ਉਸ ਦਾ ਪਤਾ ਲੈਣ ਲਈ ਸੁਨਾਮ ਜਾ ਰਿਹਾ ਸਾਂ। ਪਟਿਆਲੇ ਨੂੰ ਜਾ ਰਹੀ ਬੱਸ ਅੱਡੇ ਦੇ ਬਾਹਰ ਹੀ ਮਿਲ ਗਈ। ਮੈਂ ਕਾਹਲੀ ਨਾਲ ਬਸ ਵਿਚ ਚੜ੍ਹ ਗਿਆ। ਅਜੇ ਸੀਟ ਤੇ ਬੈਠਾ ਹੀ ਸਾਂ, ਸਾਹਮਣੇ ਨਜ਼ਰ ਗਈ ਤਾਂ ਝੁਣਝੁਣੀ ਜਿਹੀ ਛਿੜ ਗਈ। ਡਰਾਈਵਰ ਦੀ ਸੀਟ ਦੀ ਪਿੱਛੇ ਲੱਗੀ ਜਾਲੀ ਤੇ ਲੱਗੇ ਬੋਰਡ ਤੇ ਅਣਖੀ ਹੁਰਾਂ ਦਾ ਹੱਸਮੁੱਖ ਚਿਹਰਾ ਬਿਰਾਜਮਾਨ ਸੀ, ਤੇ ਨਾਲ ਹੀ ਉਨ੍ਹਾਂ ਦੀ ਆਪਣੀ ਅੰਤਿਮ ਕਿਰਿਆ ਬਾਰੇ ਲਿਖੀ ਕੁਟੇਸ਼ਨ। ਮਨ ਵਿਚ ਕਿੰਨੀਆਂ ਗੱਲਾਂ ਤੈਰਨ ਲੱਗੀਆਂ। ਬੱਸ ਮੁਕਤਸਰ ਤੋਂ ਮਲੇਰਕੋਟਲਾ ਤੱਕ ਵਾਇਆ ਸੁਨਾਮ-ਸੰਗਰੂਰ ਜਾ ਰਹੀ ਸੀ। ਕੰਡਕਟਰ ਦੇ ਟਿਕਟ ਕੱਟਣ ਲਈ ਕੋਲ ਆਉਣ ’ਤੇ ਮੈਂ ਉਸ ਨੂੰ ਬੋਰਡ ਬਾਰੇ ਪੁੱਛਿਆ ਤਾਂ ਉਸ ਨੇ ਵੀ ਅਨਜਾਣਤਾ ਪ੍ਰਗਟਾਈ। ਫਿਰ ਮੈਂ ਸੁਨਾਮ ਉੱਤਰ ਡਰਾਈਵਰ ਨੂੰ ਲੱਗੇ ਬੋਰਡ ਬਾਰੇ ਪੁੱਛਿਆ ਤਾਂ ਉਸ ਦੱਸਿਆ- ‘ਮੈਂ ਅਣਖੀ ਹੁਰਾਂ ਨੂੰ ਬਹੁਤ ਪੜ੍ਹਦਾ ਰਿਹਾਂ। ਉਨ੍ਹਾਂ ਦੇ ਨਾਵਲ ਪੜ੍ਹ ਕੇ ਇੰਝ ਲੱਗਦੈ, ਸਾਡੇ ਪਿੰਡਾਂ ਦੇ ਪਾਤਰ ਹੀ ਲਏ ਹੋਣ’। ਉਸ ਦਾ ਜੁਆਬ ਸੁਣ ਖੁਸ਼ੀ ਹੋਈ।
ਰਾਮ ਸਰੂਪ ਅਣਖੀ (28 ਅਗਸਤ 1932-14 ਫਰਵਰੀ 2020) ਨਾਲ ਬਿਤਾਏ ਪਲ ਜਿਵੇਂ ਸਾਕਾਰ ਹੋ ਗਏ ਹੋਣ! ਮੇਰੀ ਦੁਕਾਨ ਤੇ ਕਿੰਨੇ ਘੰਟੇ ਬੈਠਣਾ ਤੇ ਪੰਡ ਭਰ ਕੇ ਸਾਹਿਤ ਬਾਰੇ ਗੱਲਾਂ ਕਰਨੀਆਂ।ਪ੍ਰੇਮ ਪ੍ਰਕਾਸ਼ ਮੈਨੂੰ ਅਣਖੀ ਨਾਲ ‘ਲਕੀਰ’ ਲਈ ਇੰਟਰਵਿਊ ਕਰਨ ਲਈ ਕਿਹਾ। ਮੈਂ ਗੱਲ ਕੀਤੀ ਤਾਂ ਉਨ੍ਹਾਂ ਕਿਸੇ ਵੀ ਦਿਨ ਘਰ ਆਉਣ ਦਾ ਨਿਓਤਾ ਦਿੱਤਾ। ਇਸ ਮੁਲਾਕਾਤ ਲਈ ਰਾਜਵਿੰਦਰ ਮੀਰ ਵੀ ਮੇਰੇ ਨਾਲ ਰਲ ਗਿਆ। ਕੁਝ ਸਵਾਲ ਮੈਂ ਬਣਾਏ ਤੇ ਕੁਝ ਮੀਰ ਨੇ। ਸਵਾਲ ਕਾਫੀ ਗਹਿਰੇ ਸਨ ਪਰ ਅਣਖੀ ਹੁਰਾਂ ਬੜੀ ਸਾਦਗੀ ਤੇ ਠਰੰਮੇ ਨਾਲ ਜੁਆਬ ਦਿੱਤਾ। ਉਹ ਜਿਸ ਨੂੰ ਪਿਆਰ ਕਰਦੇ ਸਨ, ਤਾਂ ਮਣਾਂਮੂੰਹੀ ਕਰਦੇ ਸਨ।
ਮੇਰਾ ਉਨ੍ਹਾਂ ਦੇ ਘਰ ਕਈ ਵਾਰ ਜਾਣ ਆਉਣ ਹੋਇਆ। ਹਰ ਵਾਰ ਉਹ ਬੜੇ ਖੁਸ਼ ਹਿਰਦੇ ਨਾਲ ਮਿਲਦੇ। ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਵੀ ਮੈਂ ਕਈ ਵਾਰ ਉਨ੍ਹਾਂ ਦੇ ਘਰ ਗਿਆ। ਉਂਝ ਤਾਂ ਉਨ੍ਹਾਂ ਬਾਰੇ ਮੈਂ ਆਪਣੀਆਂ ਯਾਦਾਂ ਉਨ੍ਹਾਂ ਦੇ ਦੋਸਤਾਂ ਮਿੱਤਰਾਂ ਵੱਲੋਂ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਕੀਤੀਆਂ ਗੱਲਾਂ ਜੋ ਪੁਸਤਕ ‘ਆਪਣੀ ਮਿੱਟੀ ਦਾ ਰੁੱਖ’ ਵਿਚ ਮੈਂ ਵੀ ‘ਕਾਸ਼! ਇਹ ਖ਼ਬਰ ਝੂਠ ਹੁੰਦੀ’ ਲੇਖ ਰਾਹੀਂ ਕਰ ਚੁੱਕਾ ਹਾਂ। ਮੈਨੂੰ ਲੱਗਦਾ ਹੈ, ਸਾਨੂੰ ਆਪਣੇ ਵੱਡੇ ਲੇਖਕਾਂ ਦੀਆਂ ਤਸਵੀਰਾਂ ਨੂੰ ਇੰਝ ਹੀ ਹਰ ਥਾਂ ਲਗਾ ਕੇ ਸਤਿਕਾਰ ਦੇਣਾ ਚਾਹੀਦਾ ਹੈ। ਕਾਸ਼! ਉਸ ਡਰਾਈਵਰ ਵਾਂਗ ਅਸੀਂ ਵੀ ਇੰਝ ਹੀ ਆਪਣੇ ਲੇਖਕਾਂ ਨੂੰ ਨਮਨ ਕਰਦੇ ਹੋਏ ਹਰ ਪਲ ਚੇਤੇ ਦੀ ਚੰਗੇਰ ਵਿਚ ਰੱਖੀਏ।
ਪਿਛਲੇ ਦਿਨੀਂ ਬਰਨਾਲੇ ਵੱਲ ਰਿਸ਼ਤੇਦਾਰੀ ਵਿਚ ਕੰਮ ਸੀ। ਕ੍ਰਾਂਤੀਪਾਲ ਨੂੰ ਫੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਘਰ ਹੀ ਹਾਂ। ਗੱਲਾਂ ਬਾਤਾਂ ਹੋਈਆਂ। ਮੈਂ ਅਣਖੀ ਜੀ ਦਾ ਕਮਰਾ ਦੇਖ ਹੈਰਾਨ ਹੋ ਗਿਆ। ਇਹ ਕਮਰਾ ਪਹਿਲਾਂ ਨਾਲੋਂ ਵੀ ਜ਼ਿਆਦਾ ਅਕਰਸ਼ਿਤ ਲੱਗ ਰਿਹਾ ਸੀ। ਕ੍ਰਾਂਤੀਪਾਲ ਨੇ ਅਣਖੀ ਜੀ ਦੀਆਂ ਸਾਰੀਆਂ ਰੋਜ਼ਾਨਾ ਕੰਮ ਆਉਣ ਵਾਲੀਆਂ ਚੀਜ਼ਾਂ- ਸਾਬਣ, ਬੁਰਸ਼, ਕੰਘੇ, ਪੇਸਟ, ਕਰੀਮ, ਤੇਲ, ਘੜੀਆਂ, ਮੋਬਾਈਲ, ਸ਼ੈਂਪੂ, ਫਿਕਸੋ, ਪੱਗ ਪਿੰਨ, ਸਿਲਾਈ, ਸ਼ੀਸ਼ਾ, ਉਨ੍ਹਾਂ ਦੇ ਸਾਰੇ ਪਹਿਨਣ ਵਾਲੇ ਕੱਪੜੇ ਕਮੀਜ਼ਾਂ, ਪਜ਼ਾਮੇ, ਪੱਗਾਂ ਆਦਿ ਸਭ ਕੁਝ ਉਵੇਂ ਹੀ ਬੜੇ ਸੁੰਦਰ ਢੰਗ ਨਾਲ ਵਧੀਆ ਸ਼ੀਸ਼ੇ ਦੀਆਂ ਅਲਮਾਰੀਆਂ ਵਿਚ ਸਜਾ ਕੇ ਰੱਖਿਆ ਹੋਇਆ ਸੀ। ਉਨ੍ਹਾਂ ਦੀਆਂ ਹੱਥ ਲਿਖਤਾਂ, ਖਰੜੇ, ਕਹਾਣੀਆਂ ਦੀਆਂ ਕਾਪੀਆਂ, ਪੈਨ, ਕਾਗਜ਼, ਸਾਰਾ ਕੁਝ ਦਸਤਾਵੇਜ਼ਾਂ ਵਾਂਗ ਵਧੀਆ ਜਿਲਦਾਂ ਵਿਚ ਮੜ੍ਹਾ ਕੇ ਰੱਖਿਆ ਹੋਇਆ ਹੈ। ਅਣਖੀ ਹੁਰਾਂ ਨੇ ‘ਕਹਾਣੀ ਪੰਜਾਬ’ ਮੈਗਜ਼ੀਨ ਕੱਢਿਆ ਜੋ ਉਨ੍ਹਾਂ ਦੇ ਸਰੀਰਕ ਤੌਰ ਤੇ ਤੁਰ ਜਾਣ ਤੋਂ ਬਾਅਦ ਵੀ ਕ੍ਰਾਂਤੀਪਾਲ ਪ੍ਰਕਾਸ਼ਿਤ ਕਰ ਰਿਹਾ ਹੈ। ਪਿਛਲੇ ਸਾਲ ਹੀ ‘ਕਹਾਣੀ ਪੰਜਾਬ’ ਦੇ ਸੌਵੇਂ ਅੰਕ ਨੂੰ ਉਨ੍ਹਾਂ ਦੋ ਵਿਸ਼ੇਸ਼ ਅੰਕ ਭਾਗ-1 ਅਤੇ ਭਾਗ-2 ਜਿਨ੍ਹਾਂ ਵਿਚ ਕਹਾਣੀ ਪੰਜਾਬ ਦੇ ਪਿਛਲੇ ਸੌ ਅੰਕਾਂ ਵਿਚ ਛਪੀਆਂ ਚੋਣਵੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ, ਪਾਠਕਾਂ ਵਿਚ ਕਾਫ਼ੀ ਮਕਬੂਲ ਹੋਏ। ਤੀਜਾ ਵਿਸ਼ੇਸ਼ ਅੰਕ ਪ੍ਰੈਸ ’ਚ ਹੈ।
ਵਾਪਸ ਮੁੜਦਿਆਂ ਅਣਖੀ ਜੀ ਦੀ ਜਨਮ ਭੂਮੀ ਧੌਲੇ ਨੂੰ ਵੀ ਸਿਜਦਾ ਹੋ ਗਿਆ। ਉਨ੍ਹਾਂ ਦੇ ਨਾਵਲ ‘ਕੋਠੇ ਖੜਕ ਸਿੰਘ’, ‘ਦੁੱਲੇ ਦੀ ਢਾਬ’, ‘ਪਰਤਾਪੀ’, ‘ਭੀਮਾ’, ‘ਜ਼ਮੀਨਾਂ ਵਾਲੇ’, ‘ਗੇਲੋ’, ‘ਬੱਸ ਹੋਰ ਨਹੀਂ’ ਆਦਿ ਬਹੁਤ ਮਕਬੂਲ ਹੋਏ। ਮੈਨੂੰ ਇਹ ਵੀ ਖੁਸ਼ੀ ਵਾਲੀ ਗੱਲ ਜਾਪਦੀ ਹੈ ਕਿ ਅਣਖੀ ਹੁਰਾਂ ਦੇ ਪਿੰਡ ਧੌਲੇ ਵਿਖੇ ਸਾਹਿਤਕ ਚੇਟਕ ਵਾਲੇ ਨੌਜਵਾਨਾਂ ਵਲੋਂ ਉਨ੍ਹਾਂ ਦੇ ਨਾਂ ਤੇ ਰਾਮ ਸਰੂਪ ਅਣਖੀ ਸਾਹਿਤ ਸਭਾ ਬਣਾਈ ਹੋਈ ਹੈ ਅਤੇ ਉਹ ਆਏ ਪੰਦਰਾਂ ਦਿਨਾਂ ਬਾਅਦ ਉਨ੍ਹਾਂ ਦੀ ਯਾਦ ਵਿਚ ਸਾਹਿਤਕ ਪ੍ਰੋਗਰਾਮ ਕਰਦੇ ਹਨ ਤੇ ਸਾਲ ਵਿਚ ਇਕ ਵੱਡਾ ਸਮਾਗਮ ਕਰ ਉਨ੍ਹਾਂ ਦੇ ਨਾਮ ਤੇ ਕਿਸੇ ਸਾਹਿਤਕ ਹਸਤੀ ਨੂੰ ਅਵਾਰਡ ਵੀ ਦਿੰਦੇ ਹਨ। ਆਪਣੀਆਂ ਵਡੇਰੀਆਂ ਕਲਮਾਂ ਦੇ ਇਸ ਤਰ੍ਹਾਂ ਦੇ ਸਮਾਗਮ ਮੈਨੂੰ ਲੱਗਦਾ ਹੈ, ਹੁੰਦੇ ਰਹਿਣੇ ਚਾਹੀਦੇ ਹਨ। ਇਸ ਤਰ੍ਹਾਂ ਦੇ ਸਮਾਗਮਾਂ ਵਿਚ ਸ਼ਾਮਿਲ ਹੋ ਕੇ ਲਿਖਣ ਦੀ ਊਰਜਾ ਮਿਲਣੀ ਸੁਭਾਵਿਕ ਹੁੰਦੀ ਹੈ।
ਸੰਪਰਕ: 98720-92101