ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਅਤੇ ਉਨ੍ਹਾਂ ਦੇ ਪੁੱਤਰ ਕਾਰਤੀ ਚਿਦੰਬਰਮ ਨਾਲ ਸਬੰਧਤ ਆਈਐੱਨਐੱਕਸ ਮੀਡੀਆ ਮਨੀ ਲਾਂਡਰਿੰਗ ਕੇਸ ’ਚ ਅੱਜ ਸਾਬਕਾ ਮੀਡੀਆ ਕਾਰੋਬਾਰੀ ਪੀਟਰ ਮੁਖਰਜੀ ਨੂੰ ਜ਼ਮਾਨਤ ਦੇ ਦਿੱਤੀ ਹੈ। ਵਿਸ਼ੇਸ਼ ਜੱਜ ਐੱਨਕੇ ਨਾਗਪਾਲ ਨੇ ਆਈਐੱਨਐੱਕਸ ਮੀਡੀਆ ਦੇ ਸਾਬਕਾ ਡਾਇਰੈਕਟਰ ਤੇ ਸੀਓਓ ਮੁਖਰਜੀ ਨੂੰ ਰਾਹਤ ਦਿੱਤੀ ਹੈ। ਵਿੱਤ ਮੰਤਰੀ ਵਜੋਂ ਚਿਦੰਬਰਮ ਦੇ ਕਾਰਜਕਾਲ ਦੌਰਾਨ 2007 ’ਚ ਆਈਐੱਨਐੱਕਸ ਮੀਡੀਆ ਸਮੂਹ ਨੂੰ 305 ਕਰੋੜ ਰੁਪਏ ਦਾ ਵਿਦੇਸ਼ੀ ਧਨ ਹਾਸਲ ਹੋਣ ਦੇ ਦੋਸ਼ ਹੇਠ ਸੀਬੀਆਈ ਨੇ 15 ਮਈ 2017 ਨੂੰ ਕੇਸ ਦਰਜ ਕੀਤਾ ਸੀ। ਚਿਦੰਬਰਮ ਨੂੰ ਸੀਬੀਆਈ ਨੇ 21 ਅਗਸਤ 2019 ਤੇ ਈਡੀ ਨੇ 16 ਅਕਤੂਬਰ 2019 ਨੂੰ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ