ਨਵੀਂ ਦਿੱਲੀ, 1 ਨਵੰਬਰ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਉੱਤਰ ਪ੍ਰਦੇਸ਼ ਦੇ ਗੈਂਗਸਟਰ ਵਿਕਾਸ ਦੂਬੇ ਦੀਆਂ 10 ਕਰੋੜ ਰੁਪਏ ਦੀਆਂ ਬੇਨਾਮੀ ਜਾਇਦਾਦਾਂ ਕੁਰਕ ਕਰ ਦਿੱਤੀਆਂ, ਜੋ ਉਸ ਨੇ ਆਪਣੇ ਕਰੀਬੀ ਜੈਕਾਂਤ ਦੇ ਨਾਂ ’ਤੇ ਖਰੀਦੀਆਂ ਸਨ। ਸੂਤਰਾਂ ਨੇ ਕਿਹਾ, ‘‘ਇਹ ਜਾਇਦਾਦਾਂ ਕਾਨਪੁਰ ਤੇ ਨੇੜਲੇ ਇਲਾਕਿਆਂ ਵਿੱਚ ਹਨ। ਤਲਾਸ਼ੀ ਮੁਹਿੰਮ ਦੌਰਾਨ ਈਡੀ ਨੇ ਦੂਬੇ ਦੀਆਂ 28 ਤੋਂ ਵੱਧ ਗੈਰਕਾਨੂੰਨੀ ਜਾਇਦਾਦਾਂ ਦਾ ਪਤਾ ਲਗਾਇਆ ਸੀ।’’ ਸੂਤਰਾਂ ਨੇ ਦੱਸਿਆ ਕਿ ਦੂਬੇ ਆਪਣੀ ਪਤਨੀ, ਭੈਣ, ਰਿਸ਼ਤੇਦਾਰਾਂ ਅਤੇ ਹੋਰ ਸਹਿਯੋਗੀਆਂ ਦੇ ਨਾਂ ’ਤੇ ਜ਼ਮੀਨ ਐਕੁਆਇਰ ਕਰਦਾ ਸੀ। ਜ਼ਿਕਰਯੋਗ ਹੈ ਕਿ ਵਿਕਾਸ 2020 ’ਚ ਵਾਪਰੇ ਬਿੱਕਰੂ ਹੱਤਿਆ ਕਾਂਡ ਦਾ ਮੁੱਖ ਦੋਸ਼ੀ ਸੀ। ਦੂਬੇ ਅਤੇ ਉਸ ਦੇ ਸਾਥੀਆਂ ਨੇ ਉਸ ਦੇ ਘਰ ਛਾਪਾ ਮਾਰਨ ਗਏ ਅੱਠ ਪੁਲੀਸ ਮੁਲਾਜ਼ਮਾਂ ਦੇ ਗੋਲੀਆਂ ਮਾਰ ਦਿੱਤੀਆਂ ਸਨ। ਇਸ ਮਗਰੋਂ ਹਫਤੇ ਅੰਦਰ ਦੂਬੇ ਤੇ ਉਸ ਦੇ ਪੰਜ ਸਾਥੀ ਪੁਲੀਸ ਮੁਕਾਬਲੇ ’ਚ ਮਾਰੇ ਗਏ ਸਨ। -ਆਈਏਐੱਨਐੱਸ