ਜੰਮੂ, 25 ਅਕਤੂਬਰ
ਦਹਿਸ਼ਤਗਰਦਾਂ ਵੱਲੋਂ ਹਾਲ ਹੀ ਵਿੱਚ ਕਸ਼ਮੀਰੀ ਪੰਡਿਤਾਂ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਫਿਰਕੇ ਦੇ ਲੋਕ ਦਹਿਸ਼ਤ ਵਿਚ ਹਨ। ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਪਿੰਡ ਚੌਧਰੀਗੁੰਡ ਦੇ 10 ਕਸ਼ਮੀਰੀ ਪਰਿਵਾਰ ਦਹਿਸ਼ਤ ਕਾਰਨ ਪਿੰਡ ਛੱਡ ਕੇ ਜੰਮੂ ਚਲੇ ਗਏ ਹਨ, ਜਿੱਥੇ ਉਹ ਆਪਣੇ ਰਿਸ਼ਤੇਦਾਰਾਂ ਘਰ ਰਹਿਣ ਲਈ ਮਜਬੂਰ ਹਨ। ਦਹਿਸ਼ਤਗਰਦਾਂ ਨੇ ਕਸ਼ਮੀਰੀ ਪੰਡਿਤ ਪੂਰਨ ਕ੍ਰਿਸ਼ਨ ਭੱਟ ਦੀ 15 ਅਕਤੂਬਰ ਨੂੰ ਉਸ ਦੇ ਚੌਧਰੀਗੁੰਡ ਵਿਚਲੇ ਜੱਦੀ ਘਰ ਦੇ ਬਾਹਰ ਹੱਤਿਆ ਕਰ ਦਿੱਤੀ ਸੀ। ਇਸੇ ਤਰ੍ਹਾਂ 18 ਅਕਤੂਬਰ ਨੂੰ ਮੁਨੀਸ਼ ਕੁਮਾਰ ਅਤੇ ਰਾਮ ਸਾਗਰ ਦੇ ਘਰ ’ਤੇ ਗ੍ਰੇਨੇਡ ਸੁੱਟਿਆ ਸੀ। ਚੌਧਰੀਗੁੰਡ ਦੇ ਵਸਨੀਕ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਕਸ਼ਮੀਰੀ ਪੰਡਿਤਾਂ ਦੇ 10 ਪਰਿਵਾਰਾਂ ਦੇ 35-40 ਮੈਂਬਰ ਦਹਿਸ਼ਤ ਕਾਰਨ ਪਿੰਡ ਛੱਡ ਗਏ ਹਨ।-ਪੀਟੀਆਈ