ਝਾਂਸੀ (ਉੱਤਰ ਪ੍ਰਦੇਸ਼), 15 ਅਕਤੂਬਰ
ਝਾਂਸੀ ਵਿਚ ਸਾਹਮਣੇ ਅਚਾਨਕ ਆਏ ਇਕ ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੇ ਟਰੈਕਟਰ-ਟਰਾਲੀ ਪਲਟ ਗਏ। ਇਸ ਹਾਦਸੇ ਵਿਚ ਚਾਰ ਬੱਚਿਆਂ ਸਣੇ 11 ਜਣਿਆਂ ਦੀ ਮੌਤ ਹੋ ਗਈ ਅਤੇ ਕਰੀਬ ਛੇ ਵਿਅਕਤੀ ਜ਼ਖ਼ਮੀ ਹੋ ਗਏ। ਝਾਂਸੀ ਦੇ ਐੱਸਐੱਸਪੀ ਸ਼ਿਵਹਰੀ ਮੀਣਾ ਨੇ ਦੱਸਿਆ ਕਿ ਬਾਅਦ ਦੁਪਹਿਰ ਮੱਧ ਪ੍ਰਦੇਸ਼ ਦੇ ਪੰਡੋਖਰ ਤੋਂ 30 ਤੋਂ ਵੱਧ ਪਿੰਡ ਵਾਸੀ ਐਰਚ ਵੱਲ ਜਾ ਰਹੇ ਸਨ। ਇਸ ਦੌਰਾਨ ਨਿਧੀ, ਚਿਰਗਾਓਂ ਕੋਲ ਅਚਾਨਕ ਇਕ ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਟਰੈਕਟਰ-ਟਰਾਲੀ ਪਲਟ ਗਏ। ਇਸ ਹਾਦਸੇ ਵਿਚ 5 ਤੋਂ 10 ਸਾਲ ਉਮਰ ਦੇ ਚਾਰ ਬੱਚਿਆਂ ਤੇ ਸੱਤ ਔਰਤਾਂ ਦੀ ਟਰਾਲੀ ਹੇਠਾਂ ਦੱਬ ਕੇ ਮੌਤ ਹੋ ਗਈ ਅਤੇ ਕਈ ਲੋਕ ਜ਼ਖ਼ਮੀ ਹੋ ਗਏ। -ਪੀਟੀਆਈ