ਟ੍ਰਿਬਿਊਨ ਨਿਊਜ਼ ਸਰਵਿਸ
ਸ਼ਿਮਲਾ, 20 ਜੂਨ
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਵਿੱਚ ਪਰਵਾਣੂ ਦੇ ਪ੍ਰਸਿੱਧ ਟਿੰਬਰ ਟਰੇਲ ਰੋਪ ਵਿੱਚ ਤਕਨੀਕੀ ਖਰਾਬੀ ਕਾਰਨ ਟਰਾਲੀ ਵਿੱਚ ਫਸੇ 11 ਸੈਲਾਨੀਆਂ ਨੂੰ ਛੇ ਘੰਟਿਆਂ ਦੀ ਜੱਦੋਜਹਿਦ ਮਗਰੋਂ ਬਚਾਅ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਸਾਰੇ ਸੈਲਾਨੀ ਦਿੱਲੀ ਦੇ ਦੱਸੇ ਜਾ ਰਹੇ ਹਨ। ਟਰਾਲੀ ਕਰੀਬ 200 ਮੀਟਰ ਦੂਰ ਜਾ ਕੇ ਜਾਮ ਹੋ ਗਈ ਸੀ, ਜਿਸ ਵਿੱਚ ਚਾਰ ਔਰਤਾਂ ਸਣੇ 11 ਜਣੇ ਸਵਾਰ ਸਨ। ਸੋਲਨ ਦੇ ਐੱਸਪੀ ਅਸ਼ੋਕ ਵਰਮਾ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਪਹਿਲਾਂ ਹੀ ਬਚਾਅ ਲਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਵਿੱਚ ਐੱਨਡੀਆਰਐੱਫ ਦੀ ਟੀਮ ਘਟਨਾ ਸਥਾਨ ’ਤੇ ਪੁੱਜੀ। ਘਟਨਾ ਬਾਰੇ ਸੂਚਨਾ ਮਿਲਣ ’ਤੇ ਮੁੱਖ ਮੰਤਰੀ ਜੈ ਰਾਮ ਠਾਕੁਰ ਵੀ ਪਹੁੰਚ ਗਏ ਅਤੇ ਉਨ੍ਹਾਂ ਨੇ ਬਚਾਏ ਗਏ ਸੈਲਾਨੀਆਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਨਾਲ ਦੋ ਵਾਰ ਫੋਨ ’ਤੇ ਗੱਲਬਾਤ ਕੀਤੀ ਅਤੇ ਐੱਨਡੀਆਰਐੱਫ ਦੀ ਟੀਮ ਨੂੰ ਘਟਨਾ ਸਥਾਨ ’ਤੇ ਭੇਜਿਆ, ਜਦੋਂਕਿ ਹਵਾਈ ਫੌਜ ਦਾ ਇੱਕ ਹੈਲੀਕਾਪਟਰ ਵੀ ਤਿਆਰ-ਬਰ-ਤਿਆਰ ਰੱਖਿਆ ਹੋਇਆ ਸੀ।