ਨਵੀਂ ਦਿੱਲੀ: ਅਮਰਨਾਥ ਯਾਤਰਾ ਦੋ ਸਾਲਾਂ ਦੇ ਵਕਫ਼ੇ ਬਾਅਦ 30 ਜੂਨ ਨੂੰ ਸ਼ੁਰੂ ਹੋਣ ਜਾ ਰਹੀ ਹੈ। ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਅੱਜ ਦੱਖਣੀ ਕਸ਼ਮੀਰ ’ਚ ਇਸ ਸਾਲਾਨਾ ਤੀਰਥ ਯਾਤਰਾ ਲਈ ਸੁਰੱਖਿਆ ਤਿਆਰੀਆਂ ਦੀ ਸਮੀਖਿਆ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਯਾਤਰਾ ਵੇਲੇ 12,000 ਅਰਧ ਸੁਰੱਖਿਆ ਬਲ ਅਤੇ ਜੰਮੂ-ਕਸ਼ਮੀਰ ਪੁਲੀਸ ਮੁਲਾਜ਼ਮ ਡਰੋਨ ਕੈਮਰਿਆਂ ਨਾਲ ਨਜ਼ਰ ਰੱਖਣਗੇ। ਅਮਰਨਾਥ ਯਾਤਰਾ ਕਰੋਨਾ ਮਹਾਂਮਾਰੀ ਕਾਰਨ ਸਾਲ 2020 ਅਤੇ ਸਾਲ 2021 ਵਿੱਚ ਬੰਦ ਰਹੀ ਸੀ ਜਦੋਂਕਿ ਧਾਰਾ 370 ਨੂੰ ਖਤਮ ਕਰਨ ਤੋਂ ਠੀਕ ਪਹਿਲਾਂ ਸਾਲ 2019 ਵਿੱਚ ਇਸ ਯਾਤਰਾ ਨੂੰ ਸੀਮਤ ਕਰ ਦਿੱਤਾ ਗਿਆ ਸੀ। ਇਸ ਵਾਰ ਸਰਕਾਰ ਲਈ ਇਹ ਤੀਰਥ ਯਾਤਰਾ ਵੱਡੀ ਸੁਰੱਖਿਆ ਚੁਣੌਤੀ ਹੋਵੇਗੀ ਕਿਉਂਕਿ ਜੰਮੂ-ਕਸ਼ਮੀਰ ਵਿਚ ਪਿਛਲੇ ਕੁਝ ਦਿਨਾਂ ਤੋਂ ਦਹਿਸ਼ਤਗਰਦਾਂ ਵੱਲੋਂ ਹਮਲੇ ਕੀਤੇ ਜਾ ਰਹੇ ਹਨ। -ਪੀਟੀਆਈ