ਪ੍ਰਤਾਪਗੜ੍ਹ (ਯੂਪੀ) 17 ਸਤੰਬਰ
ਉੱਤਰ ਪ੍ਰਦੇਸ਼ ’ਚ ਮੌਹਲੇਧਾਰ ਮੀਂਹ ਕਾਰਨ 12 ਹੋਰ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਪਏ ਭਾਰੀ ਮੀਂਹ ਕਾਰਨ ਵੱਖ-ਵੱਖ ਥਾਂਵਾਂ ’ਤੇ ਘਰਾਂ ਦੀਆਂ ਕੰਧਾਂ ਤੇ ਛੱਤਾਂ ਡਿੱਗਣ ਦੀਆਂ ਵਾਪਰੀਆਂ ਘਟਨਾਵਾਂ ਦੌਰਾਨ ਮਲਬੇ ਹੇਠ ਦੱਬਣ ਕਾਰਨ 7 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਇੱਥੇ ਬੁੱਧਵਾਰ ਤੋਂ ਪਏ ਪੁਲੀਸ ਅਧਿਕਾਰੀਆਂ ਅਨੁਸਾਰ ਵੀਰਵਾਰ ਨੂੰ ਲਗਾਤਾਰ ਪਏ ਮੀਂਹ ਕਾਰਨ ਅੰਤੂ ਥਾਣੇ ਅਧੀਨ ਅਉਂਦੇ ਖੇਤਰ ਵਿੱਚ ਕੰਧ ਡਿੱਗਣ ਕਾਰਨ ਮਲਬੇ ਹੇਠ ਦਬਣ ਕਾਰਨ ਅਮਿਤ (4) ਦੀ ਮੌਤ ਹੋ ਗਈ ਹੈ, ਇਸੇ ਥਾਣੇ ਅਧੀਨ ਤਿਵਾਰੀਪੁਰ ਪਿੰਡ ਵਿੱਚ ਕੰਧ ਡਿੱਗਣ ਕਾਰਨ ਓਮ ਪ੍ਰਕਾਸ਼ (50) ਦੀ ਮੌਤ ਹੋ ਗਈ। ਇਸੇ ਤਰ੍ਹਾਂ ਸਾਗੀਪੁਰ ਥਾਣੇ ਅਧੀਨ ਪੈਂਦੇ ਬਰੇਂਦਰ ਪਿੰਡ ਵਿੱਚ ਕੰਧ ਡਿੱਗਣ ਕਾਰਨ ਮਲਬੇ ਹੇਠ ਦੱਬ ਕੇ ਕਾਲਿਕਾ (80) ਦੀ ਮੌਤ ਹੋ ਗਈ। ਕੋਹਡੋਰ ਥਾਣੇ ਦੇ ਲੋਲੀਪੋਖਤਾ ਪਿੰਡ ਵਿੱਚ ਵਾਪਰੀ ਅਜਿਹੀ ਇੱਕ ਹੋਰ ਘਟਨਾ ਵਿੱਚ ਕਲਾਵਤੀ (65) ਦੀ ਮੌਤ ਹੋ ਗਈ ਹੈ। ਪੁਲੀਸ ਮੁਤਾਬਕ ਕੋਤਵਾਲੀ ਪੱਟੀ ਥਾਣੇ ਅਧੀਨ ਤਰਦਹਾ ਪਿੰਡ ਵਿੱਚ ਘਰ ਦੀ ਛੱਤ ਡਿੱਗਣ ਕਾਰਨ ਚਮੇਲਾ ਦੇਵੀ (54) ਅਤੇ ਇਸੇ ਥਾਣੇ ਅਧੀਨ ਸ੍ਰੀਨਾਥ ਇਲਾਕੇ ਵਿੱਚ ਛੱਤ ਡਿੱਗਣ ਕਾਰਨ ਕੁਸੁਮ ਮੋਰੀਆ (25) ਦੀ ਮੌਤ ਹੋ ਗਈ ਹੈ। ਥਾਣਾ ਉਦੈਪੁਰ ਅਧੀਨ ਕੁੰਭੀਡੀਹਾ ਪਿੰਡ ਵਿੱਚ ਕੰਧ ਡਿੱਗਣ ਕਾਰਨ ਅਮਰਜੀਤ ਸਿੰਘ (65) ਦੀ ਮੌਤ ਹੋ ਗਈ। ਪੁਲੀਸ ਨੇ ਲਾਸ਼ਾਂ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। -ਪੀਟੀਆਈ