ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸੀਬੀਐੱਸਈ ਦੀ ਪਿਛਲੇ ਸਾਲ ਜੂਨ ਦੀ ਮੁਲਾਂਕਣ ਨੀਤੀ ’ਚ ਸ਼ਾਮਲ ਉਸ ਸ਼ਰਤ ਨੂੰ ਖਾਰਜ ਕਰ ਦਿੱਤਾ ਹੈ ਜਿਸ ’ਚ ਕਿਹਾ ਗਿਆ ਸੀ ਕਿ ਬਾਅਦ ਦੀ ਪ੍ਰੀਖਿਆ ’ਚ ਹਾਸਲ ਅੰਕਾਂ ਨੂੰ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਮੁਲਾਂਕਣ ਲਈ ਅੰਤਿਮ ਮੰਨਿਆ ਜਾਵੇਗਾ। ਜਸਟਿਸ ਏ ਐੱਮ ਖਾਨਵਿਲਕਰ ਅਤੇ ਜਸਟਿਸ ਸੀ ਟੀ ਰਵੀ ਕੁਮਾਰ ਦੇ ਬੈਂਚ ਨੇ ਕਿਹਾ ਕਿ ਸੀਬੀਐੱਸਈ ਅੰਤਿਮ ਨਤੀਜੇ ਦੇ ਐਲਾਨ ਲਈ ਵਿਦਿਆਰਥੀਆਂ ਨੂੰ ਮੁਲਾਂਕਣ ਅਤੇ ਅਸਲ ਪੇਪਰਾਂ ’ਚੋਂ ਲਏ ਨੰਬਰਾਂ ’ਚੋਂ ਬਿਹਤਰ ਨੂੰ ਸਵੀਕਾਰ ਕਰਨ ਦਾ ਬਦਲ ਪ੍ਰਦਾਨ ਕਰੇ। ਸੁਪਰੀਮ ਕੋਰਟ ਪਿਛਲੇ ਸਾਲ ਸੀਬੀਐੱਸਈ ਵੱਲੋਂ 12ਵੀਂ ਜਮਾਤ ਦੇ ਅੰਕਾਂ ’ਚ ਸੁਧਾਰ ਲਈ ਕਰਵਾਈ ਗਈ ਪ੍ਰੀਖਿਆ ’ਚ ਸ਼ਾਮਲ ਹੋਏ ਕੁਝ ਵਿਦਿਆਰਥੀਆਂ ਦੀ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ। ਸਿਖਰਲੀ ਅਦਾਲਤ ਨੇ ਕਿਹਾ ਕਿ ਸੀਬੀਐੱਸਈ ਵੱਲੋਂ ਪਿਛਲੀ ਨੀਤੀ ਹਟਾਉਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ। ਸੀਬੀਐੱਸਈ ਦੇ ਪਿਛਲੇ ਸਾਲ 12ਵੀਂ ਦੇ ਬੋਰਡ ਦੇ ਇਮਤਿਹਾਨ ਮਹਾਮਾਰੀ ਕਾਰਨ ਰੱਦ ਕਰ ਦਿੱਤੇ ਗਏ ਸਨ।
ਅਰਜ਼ੀ ਦਾ ਨਬਿੇੜਾ ਕਰਦਿਆਂ ਬੈਂਚ ਨੇ ਕਿਹਾ ਕਿ ਉਸ ਨੀਤੀ ਨੂੰ ਅਪਣਾਏ ਜਾਣ ਦੀ ਲੋੜ ਸੀ ਕਿਉਂਕਿ ਵਿਦਿਆਰਥੀਆਂ ਵੱਲੋਂ ਚੁਣੌਤੀਪੂਰਨ ਹਾਲਾਤ ਦਾ ਸਾਹਮਣਾ ਕੀਤਾ ਜਾ ਰਿਹਾ ਸੀ ਅਤੇ ਵਿਦਿਆਰਥੀਆਂ ਦੇ ਪੱਖ ਵਾਲੀ ਨੀਤੀ ਬਣਾਈ ਜਾਣੀ ਚਾਹੀਦੀ ਸੀ। -ਪੀਟੀਆਈ