ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨਿਵੇਸ਼ਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਵਿੱਚ ਚੰਡੀਗੜ੍ਹ ਸਥਿਤ ਰੀਅਲ ਅਸਟੇਟ ਗਰੁੱਪ ਦੀ 147 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੁਰਕ ਕੀਤੀ ਹੈ। ਈਡੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੁਰਕ ਕੀਤੀਆਂ ਜਾਇਦਾਦਾਂ ਵਿੱਚ ਗੁਪਤਾ ਬਿਲਡਰਜ਼ ਐਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ (ਜੀਬੀਪੀਪੀਐਲ), ਇਸ ਦੇ ਨਿਰਦੇਸ਼ਕ ਸਤੀਸ਼ ਗੁਪਤਾ, ਪ੍ਰਦੀਪ ਗੁਪਤਾ, ਉਸ ਦੇ ਸਾਥੀ ਅਨੁਪਮ ਗੁਪਤਾ ਅਤੇ ਨਵਰਾਜ ਮਿੱਤਲ ਦੀਆਂ ਵਪਾਰਕ ਸਾਈਟਾਂ, ਰਿਹਾਇਸ਼, ਖੇਤੀਬਾੜੀ ਜ਼ਮੀਨ ਅਤੇ ਬੈਂਕ ਖਾਤੇ ਸ਼ਾਮਲ ਹਨ। ਕੁਰਕ ਕੀਤੀ ਗਈ ਜਾਇਦਾਦ ਦੀ ਕੁੱਲ ਕੀਮਤ 147.81 ਕਰੋੜ ਰੁਪਏ ਹੈ।
ਏਜੰਸੀ ਨੇ ਕਿਹਾ ਕਿ ਜੀਬੀਪੀਪੀਐੱਲ ਦੇ ਡਾਇਰੈਕਟਰਾਂ ਨੇ ਹੋਰਾਂ ਦੀ ਮਿਲੀਭੁਗਤ ਨਾਲ ਘਰ ਖਰੀਦਦਾਰਾਂ ਤੋਂ ਇਕੱਠੇ ਕੀਤੇ ਪੈਸਿਆਂ ਦੀ ਹੇਰਾਫੇਰੀ ਕੀਤੀ। ਧੋਖਾਧੜੀ ਰਾਹੀਂ ਹਾਸਲ ਕੀਤੇ ਪੈਸੇ ਨੂੰ ਵੱਖ-ਵੱਖ ਚੱਲ-ਅਚੱਲ ਜਾਇਦਾਦਾਂ ਵਿੱਚ ਨਿਵੇਸ਼ ਕੀਤਾ ਗਿਆ ਸੀ, ਜਿਨ੍ਹਾਂ ਨੂੰ ਕੁਰਕ ਕੀਤਾ ਗਿਆ ਹੈ।
ਬਿਆਨ ਮੁਤਾਬਕ ਜਾਂਚ ’ਚ ਸਾਹਮਣੇ ਆਇਆ ਹੈ ਕਿ ਕੰਪਨੀ ਨੇ ਖਰੀਦਦਾਰਾਂ ਤੋਂ 478 ਕਰੋੜ ਰੁਪਏ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਫਲੈਟ ਤੇ ਪਲਾਟ ਆਦਿ ਦੇਣ ਦਾ ਵਾਅਦਾ ਕਰਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ। ਪੀੜਤਾਂ ਨੂੰ ਨਾ ਤਾਂ ਵਾਅਦੇ ਮੁਤਾਬਕ ਰਿਹਾਇਸ਼ ਆਦਿ ਮਿਲੀ ਤੇ ਨਾ ਹੀ ਉਨ੍ਹਾਂ ਦੇ ਪੈਸੇ ਮੋੜੇ ਗਏ। -ਪੀਟੀਆਈ