ਤਿਰੁਵਨੰਤਪੁਰਮ, 7 ਅਗਸਤ
ਇਦੁੱਕੀ ਜ਼ਿਲ੍ਹੇ ਦੇ ਰਾਜਮਲਾਈ ’ਚ ਢਿੱਗਾਂ ਡਿੱਗਣ ਕਰ ਕੇ 15 ਵਿਅਕਤੀ ਮਾਰੇ ਗਏ ਜਦਕਿ 67 ਹੋਰ ਲਾਪਤਾ ਹੋ ਗਏ। ਪਿਛਲੇ ਚਾਰ ਦਿਨਾਂ ਤੋਂ ਪਹਾੜੀ ਇਲਾਕੇ ’ਚ ਮੋਹਲੇਧਾਰ ਮੀਂਹ ਕਾਰਨ ਇਹ ਹਾਦਸਾ ਵਾਪਰਿਆ।
ਹਾਦਸਾ ਵੀਰਵਾਰ ਦੇਰ ਰਾਤ ਵਾਪਰਿਆ ਅਤੇ ਇਹ ਇਲਾਕਾ ਸੈਰ ਸਪਾਟੇ ਵਾਲੀ ਮਸ਼ਹੂਰ ਥਾਂ ਮੁਨਾਰ ਤੋਂ ਕਰੀਬ 30 ਕਿਲੋਮੀਟਰ ਦੂਰ ਪੈਂਦਾ ਹੈ ਜਿਥੇ ਜ਼ਿਆਦਾਤਰ ਚਾਹ ਬਾਗਾਨਾਂ ’ਚ ਕੰਮ ਕਰਨ ਵਾਲੇ ਵਰਕਰ ਠਹਿਰੇ ਹੋਏ ਸਨ। ਕੇਰਲਾ ਪੁਲੀਸ ਦੇ 200 ਮੈਂਬਰਾਂ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਰਾਹਤ ਕਾਰਜ ਚਲਾਏ। ਹੁਣ ਤੱਕ 12 ਵਿਅਕਤੀਆਂ ਨੂੰ ਬਚਾ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਦੁੱਖ ਜ਼ਾਹਿਰ ਕਰਦਿਆਂ ਮ੍ਰਿਤਕਾਂ ਦੇ ਵਾਰਸਾਂ ਨੂੰ ਦੋ-ਦੋ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। -ਆਈਏਐਨਐਸ