ਨਵੀਂ ਦਿੱਲੀ, 10 ਜੂਨ
ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਪੇਸ਼ੀਨਗੋਈ ਦਰਮਿਆਨ ਇਹਤਿਆਤ ਵਜੋਂ ਕੌਮੀ ਆਫ਼ਤ ਰਿਸਪੌਂਸ ਫੋਰਸ (ਐੱਨਡੀਆਰਐੱਫ) ਦੀਆਂ 15 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਫੋਰਸ ਦੇ ਡਾਇਰੈਕਟਰ ਜਨਰਲ ਐੱਸ.ਐੱਨ.ਪ੍ਰਧਾਨ ਨੇ ਟਵੀਟ ਕੀਤਾ ਕਿ ਚਾਰ ਟੀਮਾਂ ਦਾ ਬੇਸ ਰਤਨਾਗਿਰੀ ਹੋਵੇਗਾ, ਜਦੋਂਕਿ ਦੋ-ਦੋ ਟੀਮਾਂ ਮੁੰਬਈ, ਸਿੰਧੂਦੁਰਗ, ਪਾਲਘਰ, ਰਾਇਗੜ੍ਹ, ਠਾਣੇ ਅਤੇ ਇਕ ਟੀਮ ਕੁਰਲਾ (ਪੂਰਬੀ ਮੁੰਬਈ ਸਬਅਰਬ) ਵਿੱਚ ਤਾਇਨਾਤ ਰਹੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਟੀਮਾਂ ਨੂੰ ਉਪਰੋਕਤ ਲੋਕੇਸ਼ਨਾਂ ’ਤੇ ਸੂਬਾ ਸਰਕਾਰ ਦੀ ਗੁਜ਼ਾਰਿਸ਼ ’ਤੇ ਅਗਾਊਂ ਤੇ ਭਾਰਤੀ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਤਾਇਨਾਤ ਕੀਤਾ ਗਿਆ ਹੈ। ਐੱਨਡੀਆਰਐੱਫ ਦੀ ਇਕ ਟੀਮ ਵਿੱਚ ਆਮ ਕਰਕੇ ਅਮਲੇ ਦੇ 47 ਮੈਂਬਰ ਹੁੰਦੇ ਹਨ ਤੇ ਟੀਮ ਮੀਂਹ ਤੇ ਹੜ੍ਹਾਂ ਦੀ ਮਾਰ ਹੇਠ ਵਾਲਿਆਂ ਨੂੰ ਬਚਾਉਣ ਤੇ ਰਾਹਤ ਕਾਰਜਾਂ ਲਈ ਹਵਾ ਨਾਲ ਫੁੱਲਣ ਵਾਲੀਆਂ ਕਿਸ਼ਤੀਆਂ, ਲੱਕੜ ਤੇ ਪੋਲ ਕੱਟਣ ਵਾਲੇ ਔਜ਼ਾਰਾਂ ਤੋਂ ਇਲਾਵਾ ਬੁਨਿਆਦੀ ਫਸਟ ਏਡ ਕਿੱਟਾਂ ਨਾਲ ਲੈਸ ਹੋਣਗੀਆਂ। ਕਾਬਿਲੇਗੌਰ ਹੈ ਕਿ ਬੁੱਧਵਾਰ ਨੂੰ ਮੁੰਬਈ ਵਿੱਚ ਦੱਖਣ ਪੱਛਮੀ ਮੌਨਸੂਨ ਦੀ ਆਮਦ ਨਾਲ ਸ਼ਹਿਰ ਤੇ ਨੇੜਲੇ ਨੀਮ ਸ਼ਹਿਰੀ ਇਲਾਕਿਆਂ ਵਿੱਚ ਸੜਕਾਂ ਤੇ ਰੇਲ ਮਾਰਗਾਂ ’ਤੇ ਪਾਣੀ ਭਰ ਗਿਆ ਸੀ। ਮੀਂਹ ਕਰਕੇ ਸਬ-ਅਰਬਨ ਰੇਲ ਸੇਵਾਵਾਂ ਵੀ ਅਸਰਅੰਦਾਜ਼ ਹੋਈਆਂ ਸਨ। ਮੌਸਮ ਵਿਭਾਗ ਨੇ ਮੁੰਬਈ ਦੇ ਨਾਲ ਲਗਦੇ ਠਾਣੇ, ਪਾਲਘਰ ਤੇ ਰਾਇਗੜ੍ਹ ਜ਼ਿਲ੍ਹਿਆਂ ਲਈ ‘ਰੈੱਡ ਅਲਰਟ’ ਜਾਰੀ ਕਰਦਿਆਂ ਕੁਝ ਚੋਣਵੀਆਂ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। -ਪੀਟੀਆਈ
ਯੂਪੀ ’ਚ ਮੀਂਹ ਨਾਲ ਲੋਕਾਂ ਨੂੰ ਰਾਹਤ; ਸੜਕਾਂ ਜਾਮ, ਬਿਜਲੀ ਬੰਦ
ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੇ ਕੁਝ ਹੋਰਨਾਂ ਜ਼ਿਲ੍ਹਿਆਂ ਵਿੱਚ ਅੱਜ ਭਾਰੀ ਮੀਂਹ ਪਿਆ, ਜਿਸ ਨਾਲ ਲੋਕਾਂ ਨੂੰ ਝੁਲਸਾਉਣ ਵਾਲੀ ਗਰਮੀ ਤੋਂ ਵੱਡੀ ਰਾਹਤ ਮਿਲੀ। ਲਖਨਊ ਵਿੱਚ ਵਿਧਾਨ ਸਭਾ ਨੂੰ ਜਾਂਦੀ ਸੜਕ ਸਮੇਤ ਕਈ ਹੋਰਨਾਂ ਮੁੱਖ ਸੜਕਾਂ ’ਤੇ ਪਾਣੀ ਭਰ ਗਿਆ। ਲਖਨਊ ਦੇ ਚਾਰ ਬਾਗ ਰੇਲਵੇ ਸਟੇਸ਼ਨ ਬਾਹਰ ਜਮ੍ਹਾਂ ਮੀਂਹ ਦੇ ਪਾਣੀ ਨੂੰ ਕੱਢਣ ਵਿੱਚ ਕਾਮਿਆਂ ਨੂੰ ਖਾਸੀ ਮੁਸ਼ੱਕਤ ਕਰਨੀ ਪਈ। ਇਸ ਦੌਰਾਨ ਰਾਜਧਾਨੀ ਦੇ ਵੱਖ ਵੱਖ ਹਿੱਸਿਆਂ ਵਿੱਚ ਬਿਜਲੀ ਬੰਦ ਰਹੀ ਤੇ ਕਈ ਥਾਈਂ ਰੁੱਖ ਜੜ੍ਹੋਂ ਪੁੱਟੇ ਗਏ। ਸੜਕਾਂ ’ਤੇ ਟਰੈਫਿਕ ਜਾਮ ਹੋ ਗਿਆ ਤੇ ਟੈਲੀਕਾਮ ਸੇਵਾਵਾਂ ਵੀ ਅਸਰਅੰਦਾਜ਼ ਹੋਈਆਂ। ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ ਵਿੱਚ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੀਂਹ ਪੈਣ ਨਾਲ ਕਾਨਪੁਰ ਸਮੇਤ ਯੂਪੀ ਦੇ ਹੋਰਨਾਂ ਸ਼ਹਿਰਾਂ ਵਿੱਚ ਲੋਕਾਂ ਨੂੰ ਪਾਰਾ ਡਿੱਗਣ ਨਾਲ ਗਰਮੀ ਤੋਂ ਵੱਡੀ ਰਾਹਤ ਮਿਲੀ। -ਆਈਏਐੱਨਐੱਸ