ਨਵੀਂ ਦਿੱਲੀ, 20 ਸਤੰਬਰ
ਜੰਮੂ ਕਸ਼ਮੀਰ ’ਚ ਹੁਣ ਤੱਕ 16.79 ਲੱਖ ਲੋਕਾਂ ਨੂੰ ਡੌਮੀਸਾਈਲ ਸਰਟੀਫਿਕੇਟ ਦਿੱਤੇ ਜਾ ਚੁੱਕੇ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਅੱਜ ਲੋਕ ਸਭਾ ’ਚ ਦੱਸਿਆ ਕਿ 21,13,879 ਵਿਅਕਤੀਆਂ ਨੇ ਡੌਮੀਸਾਈਲ ਸਰਟੀਫਿਕੇਟਾਂ ਲਈ ਅਰਜ਼ੀ ਦਿੱਤੀ ਸੀ।
ਲਿਖਤੀ ਜਵਾਬ ’ਚ ਊਨ੍ਹਾਂ ਦੱਸਿਆ ਕਿ ਹੁਣ ਤੱਕ 1,21,630 ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਕਿਊਂਕਿ ਊਨ੍ਹਾਂ ਅਰਜ਼ੀਆਂ ਨਾਲ ਲੋੜੀਂਦੇ ਦਸਤਾਵੇਜ਼ ਜਮਾਂ ਨਹੀਂ ਕਰਵਾਏ ਗਏ ਸਨ। ਮੰਤਰੀ ਨੇ ਕਿਹਾ ਕਿ ਸਰਕਾਰੀ ਰਿਕਾਰਡ ਮੁਤਾਬਕ 1971 ਦੀ ਭਾਰਤ-ਪਾਕਿਸਤਾਲ ਜੰਗ ਦੌਰਾਨ ਛੰਭ ਨਿਆਬਤ ਇਲਾਕੇ ਦੇ 6565 ਪਰਿਵਾਰਾਂ ਨੂੰ ਊਜੜੇ ਹੋਏ ਪਰਿਵਾਰਾਂ ਦਾ ਦਰਜਾ ਦਿੱਤਾ ਗਿਆ ਸੀ। ਇਨ੍ਹਾਂ ਪਰਿਵਾਰਾਂ ਨੂੰ 4 ਜਾਂ 6 ਏਕੜ ਖੇਤੀ ਵਾਲੀ ਜ਼ਮੀਨ ਅਲਾਟ ਕੀਤੀ ਗਈ ਹੈ। ਊਨ੍ਹਾਂ ਨੂੰ ਪ੍ਰਤੀ ਪਰਿਵਾਰ 7500 ਰੁਪਏ ਦਾ ਮੁਆਵਜ਼ਾ ਵੀ ਅਦਾ ਕੀਤਾ ਗਿਆ ਹੈ। ਸ੍ਰੀ ਰੈੱਡੀ ਨੇ ਦੱਸਿਆ ਕਿ 1947 ਦੀ ਭਾਰਤ-ਪਾਕਿ ਜੰਗ ਦੌਰਾਨ ਮਕਬੂਜ਼ਾ ਕਸ਼ਮੀਰ ’ਚੋਂ 31,619 ਪਰਿਵਾਰ ਊਜੜੇ ਸਨ ਜਿਨ੍ਹਾਂ ’ਚੋਂ 26,319 ਪਰਿਵਾਰ ਜੰਮੂ ਕਸ਼ਮੀਰ ’ਚ ਵਸ ਗਏ ਸਨ। -ਪੀਟੀਆਈ
ਜੰਮੂ ਕਸ਼ਮੀਰ ’ਚ ਘੁੰਮਣ ’ਤੇ ਕੋਈ ਪਾਬੰਦੀ ਨਹੀਂ: ਸਰਕਾਰ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਲੋਕ ਸਭਾ ’ਚ ਦੱਸਿਆ ਕਿ ਜੰਮੂ ਕਸ਼ਮੀਰ ’ਚ ਪੀਪਲਜ਼ ਡੈਮੋਕਰੈਟਿਕ ਪਾਰਟੀ ਦੇ ਮੈਂਬਰਾਂ ਸਮੇਤ ਕਿਸੇ ਵੀ ਵਿਅਕਤੀ ਦੇ ਘੁੰਮਣ ’ਤੇ ਕੋਈ ਪਾਬੰਦੀ ਨਹੀਂ ਹੈ। ਊਂਜ ਊਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰਖਦਿਆਂ ਜ਼ਰੂਰ ਕੁਝ ਪਾਬੰਦੀਆਂ ਲਾਗੂ ਹਨ। -ਪੀਟੀਆਈ