ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ਮਗਰੋਂ ਹੁਣ ਤੱਕ 17000 ਭਾਰਤੀ ਯੂਕਰੇਨ ਛੱਡ ਚੁੱਕੇ ਹਨ। ਮੰਤਰਾਲੇ ਨੇ ਕਿਹਾ ਕਿ ਯੂਕਰੇਨ ਦੇ ਪੂਰਬੀ ਸ਼ਹਿਰਾਂ, ਜਿੱਥੇ ਪਹੁੰਚਣਾ ਬਹੁਤ ਮੁਸ਼ਕਲ ਹੈ, ਤੱਕ ਰਸਾਈ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ, ‘‘ਸਾਡੇ ਵੱਲੋਂ ਜਾਰੀ ਐਡਵਾਈਜ਼ਰੀ ਮਗਰੋਂ…ਇਕ ਅੰਦਾਜ਼ੇ ਮੁਤਾਬਕ 17,000 ਦੇ ਕਰੀਬ ਭਾਰਤੀ ਹੁਣ ਤਕ ਯੂਕਰੇਨੀ ਸਰਹੱਦਾਂ ਛੱਡ ਚੁੱਕੇ ਹਨ। ਇਨ੍ਹਾਂ ਵਿੱਚ ਉਹ ਭਾਰਤੀ ਵੀ ਸ਼ਾਮਲ ਹਨ, ਜੋ ਅੰਬੈਸੀ ਕੋਲ ਪਹਿਲਾਂ ਰਜਿਸਟਰਡ ਨਹੀਂ ਸਨ।’’ ਬਾਗਚੀ ਨੇ ਕਿਹਾ ਕਿ ਹੁਣ ਤੱਕ ‘ਅਪਰੇਸ਼ਨ ਗੰਗਾ’ ਤਹਿਤ 3352 ਭਾਰਤੀ ਨਾਗਰਿਕ ਵੱਖ ਵੱਖ ਉਡਾਣਾਂ ਰਾਹੀਂ ਵਾਪਸ ਦੇਸ਼ ਪਰਤ ਚੁੱਕੇ ਹਨ। ਬਾਗਚੀ ਨੇ ਕਿਹਾ ਕਿ ਚੰਦਨ ਜਿੰਦਲ ਨਾਂ ਦੇ ਭਾਰਤੀ ਨਾਗਰਿਕ ਦੀ ਕੁਦਰਤੀ ਕਾਰਨਾਂ ਕਰਕੇ ਯੂਕਰੇਨ ਵਿੱਚ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਚੰਦਨ ਜਿੰਦਲ ਪਿਛਲੇ ਕੁਝ ਸਮੇਂ ਤੋਂ ਸਟਰੋਕ ਕਰਕੇ ਹਸਪਤਾਲ ਵਿੱਚ ਦਾਖ਼ਲ ਸੀ। -ਪੀਟੀਆਈ