ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 9 ਮਾਰਚ
ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਅਗਸਤ 2019 ’ਚ ਧਾਰਾ 370 ਮਨਸੂਖ਼ ਕਰਨ ਤੋਂ ਲੈ ਕੇ ਹੁਣ ਤੱਕ ਲਗਪਗ 173 ਲੋਕ ਹਿਰਾਸਤ ਵਿੱਚ ਹਨ। ਇਨ੍ਹਾਂ ’ਤੇ ਵੱਖਵਾਦੀ ਸਰਗਰਮੀਆਂ ’ਚ ਹਿੱਸਾ ਲੈਣ, ਪੱਥਰਬਾਜ਼ੀ ਕਰਨ ਅਤੇ ਅਤਿਵਾਦੀ ਜੱਥੇਬੰਦੀਆਂ ਨਾਲ ਜੁੜੇ ਹੋਣ ਦਾ ਦੋਸ਼ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਲੋਕ ਸਭਾ ਵਿੱਚ ਇੱਕ ਸਵਾਲ ਦਾ ਲਿਖਤੀ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਸਰਕਾਰ ਤੋਂ ਪ੍ਰਾਪਤ ਰਿਪੋਰਟ ਮੁਤਾਬਕ, ਸੰਸਦ ਵੱਲੋਂ ਤਤਕਾਲੀ ਜੰਮੂ ਕਸ਼ਮੀਰ ਸੂਬੇ ਸਬੰਧੀ ਅਗਸਤ 2019 ਵਿੱਚ ਲਾਗੂ ਕੀਤੀਆਂ ਸੰਵਿਧਾਨਕ ਤਬਦੀਲੀਆਂ ਦੇ ਮੱਦੇਨਜ਼ਰ ਸੁਰੱਖਿਆ ਅਤੇ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਉਪਾਅ ਕੀਤੇ ਗਏ, ਜਿਸ ਤਹਿਤ ਇਨ੍ਹਾਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਮੰਤਰੀ ਨੇ ਕਿਹਾ, ‘‘ਪਹਿਲੀ ਅਗਸਤ 2019 ਤੋਂ ਵੱਖਵਾਦੀਆਂ, ਜਥੇਬੰਦੀਆਂ ਦੇ ਕਾਰਕੁਨਾਂ, ਪੱਥਰਬਾਜ਼ਾਂ ਆਦਿ ਸਣੇ ਵੱਖ-ਵੱਖ ਸਮੇਂ ਦੌਰਾਨ 627 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਨ੍ਹਾਂ ਵਿੱਚੋਂ ਹੁਣ ਤੱਕ 454 ਲੋਕਾਂ ਨੂੰ ਲਗਾਤਾਰ ਮੁਲਾਂਕਣ ਅਤੇ ਜ਼ਮੀਨੀ ਹਕੀਕਤ ਦੇ ਆਧਾਰ ’ਤੇ ਰਿਹਾਅ ਕੀਤਾ ਜਾ ਚੁੱਕਾ ਹੈ।’’