ਸ਼ਿਮਲਾ, 29 ਜੁਲਾਈ
ਹਿਮਾਚਲ ਵਿੱਚ ਭਾਰੀ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ ਲਾਹੌਲ ਸਪਿਤੀ ਵਿੱਚ 144 ਸੈਲਾਨੀ ਫਸ ਗਏ ਹਨ। ਇਹ ਜਾਣਕਾਰੀ ਇਕ ਸੀਨੀਅਰ ਆਫ਼ਤ ਪ੍ਰਬੰਧਨ ਅਧਿਕਾਰੀ ਨੇ ਦਿੱਤੀ। ਡਿਪਟੀ ਕਮਿਸ਼ਨਰ ਨੀਰਜ ਕੁਮਾਰ ਨੇ ਸੈਲਾਨੀਆਂ ਨੂੰ ਕੱਢਣ ਲਈ ਸੂਬਾ ਸਰਕਾਰ ਤੋਂ ਹੈਲੀਕਾਪਟਰ ਮੁਹੱਈਆ ਕਰਾਉਣ ਦੀ ਮੰਗ ਕੀਤੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੱਤਣ ਵਾਦੀ ਵਿੱਚ 204 ਵਿਅਕਤੀ ਫਸੇ ਹੋਏ ਸਨ ਜਿਨ੍ਹਾਂ ਵਿਚੋਂ 60 ਨੂੰ ਪੁਲੀਸ ਅਤੇ ਅੱਗ ਬੁਝਾਊ ਅਮਲੇ ਦੇ ਅਧਿਕਾਰੀਆਂ ਨੇ ਪੌੜੀ ਦਾ ਪੁਲ ਬਣਾ ਕੇ ਕੱਢ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਹੈ। ਇਸ ਤੋਂ ਪਹਿਲਾਂ ਸੂਬਾਈ ਆਫ਼ਤ ਪ੍ਰਬੰਧਨ ਡਾਇਰੈਕਟਰ ਸੁਦੇਸ਼ ਕੁਮਾਰ ਮੋਖ਼ਤਾ ਨੇ ਕਿਹਾ ਸੀ ਕਿ 175 ਸੈਲਾਨੀ ਫਸੇ ਹੋਏ ਹਨ ਜਿਨ੍ਹਾਂ ਵਿੱਚ 60 ਔਰਤਾਂ ਅਤੇ 15 ਬੱਚੇ ਸ਼ਾਮਲ ਹਨ। -ਏਜੰਸੀ