ਜੰਮੂ, 9 ਮਈ
ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚੋਂ 19 ਹੱਥ ਗੋਲੇ ਬਰਾਮਦ ਕੀਤੇ ਹਨ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਅਤਿਵਾਦੀਆਂ ਦੀ ਸਰਹੱਦੀ ਜ਼ਿਲ੍ਹਿਆਂ ਵਿਚ ਇਨ੍ਹਾਂ ਹੱਥ ਗੋਲਿਆਂ ਨਾਲ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਨੂੰ ਸੁਰੱਖਿਆ ਬਲਾਂ ਨੇ ਅਸਫ਼ਲ ਕਰ ਦਿੱਤਾ ਹੈ। ਫਾਗਲਾ ਇਲਾਕੇ ਵਿਚ ਪੁਲੀਸ ਅਤੇ ਫ਼ੌਜ ਵੱਲੋਂ ਸਾਂਝਾ ਅਪਰੇਸ਼ਨ ਚਲਾਇਆ ਗਿਆ ਸੀ ਪਰ ਇਸ ਦੌਰਾਨ ਕੋਈ ਵੀ ਅਤਿਵਾਦੀ ਕਾਬੂ ਨਹੀਂ ਕੀਤਾ ਜਾ ਸਕਿਆ।ਸੁਰੱਖਿਆ ਬਲਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਤਿਵਾਦੀ ਜੰਮੂ-ਪੁਣਛ ਕੌਮੀ ਮਾਰਗ ’ਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੀ ਤਾਕ ਵਿਚ ਹਨ। ਇਸ ਲਈ ਰਾਸ਼ਟਰੀ ਰਾਈਫਲਜ਼ ਅਤੇ ਪੁਲੀਸ ਵੱਲੋਂ ਫਾਗਲਾ ਇਲਾਕੇ ਵਿਚ ਸਾਂਝਾ ਅਪਰੇਸ਼ਨ ਚਲਾ ਕੇ ਅਤਿਵਾਦੀਆਂ ਦੀ ਕੋਸ਼ਿਸ਼ ਨੂੰ ਅਸਫ਼ਲ ਬਣਾ ਦਿੱਤਾ ਗਿਆ।
ਬੁਲਾਰੇ ਨੇ ਦੱਸਿਆ ਕਿ ਦੋਵੇਂ ਬਲਾਂ ਦੇ ਖ਼ੁਫ਼ੀਆ ਤੰਤਰ ਨੇ ਸਾਂਝਾ ਅਪਰੇਸ਼ਨ ਚਲਾ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸੁਰੱਖਿਆ ਬਲਾਂ ਨੇ ਅਤਿਵਦੀਆਂ ਵੱਲੋਂ ਛੁਪਾ ਕੇ ਰੱਖੇ 19 ਹੱਥ ਗੋਲੇ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਨੇ ਇਨ੍ਹਾਂ ਨਾਲ ਪੁਣਛ ਇਲਾਕੇ ਵਿਚ ਸ਼ਾਂਤੀ ਭੰਗ ਕਰਨ ਲਈ ਵਰਤੋਂ ਕਰਨੀ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਹੱਥ ਗੋਲਿਆਂ ਦੀ ਵਰਤੋਂ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਵੀ ਕੀਤੀ ਜਾਣੀ ਸੀ। ਫ਼ੌਜ ਅਤੇ ਪੁਲੀਸ ਇਲਾਕੇ ਵਿਚ ਸ਼ਾਂਤੀ ਬਰਕਰਾਰ ਰੱਖਣ ਦੇ ਆਪਣੇ ਵਾਅਦੇ ’ਤੇ ਪੂਰੀਆਂ ਉਤਰੀਆਂ ਹਨ। ਪਿਛਲੇ ਕੁਝ ਦਿਨਾਂ ਵਿਚ ਪੁਲੀਸ ਨੇ ਧਮਾਕਾਖੇਜ਼ ਸਮੱਗਰੀ ਦੀ ਇਹ ਦੂਜੀ ਵੱਡੀ ਖੇਪ ਬਰਾਮਦ ਕੀਤੀ ਹੈ। ਸ਼ਨਿਚਰਵਾਰ ਨੂੰ ਵੀ ਡੋਡਾ ਜ਼ਿਲ੍ਹੇ ਦੇ ਪਿੰਡ ਵਿੱਚੋਂ ਸੁਰੱਖਿਆ ਬਲਾਂ ਨੇ 40 ਕਿਲੋ ਧਮਾਕਾਖੇਜ਼ ਸਮੱਗਰੀ, ਪ੍ਰੈਸ਼ਰ ਕੁੱਕਰ ਬੰਬ, ਲੋਹੇ ਦੀ ਪਾਈਪ, ਬਿਜਲੀ ਦੀ ਤਾਰ, ਬੈਟਰੀਆਂ ਅਤੇ ਸੈੱਲਾਂ ਸਣੇ ਹੋਰ ਸਮੱਗਰੀ ਬਰਾਮਦ ਕੀਤੀ ਸੀ। -ਪੀਟੀਆਈ