ਨਵੀਂ ਦਿੱਲੀ, 8 ਜੁਲਾਈ
ਇੱਥੋਂ ਦੀ ਅਦਾਲਤ ਵੱਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਪੁਲ ਬੰਗਸ਼ ਵਿੱਚ ਕਥਿਤ ਹੱਤਿਆਵਾਂ ਨਾਲ ਜੁੜੇ ਮਾਮਲੇ ਵਿੱਚ ਕਾਂਗਰਸ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਚਾਰਜਸ਼ੀਟ ’ਤੇ ਨੋਟਿਸ ਲੈਣ ਬਾਰੇ ਫੈਸਲਾ 19 ਜੁਲਾਈ ਨੂੰ ਕੀਤਾ ਜਾਵੇਗਾ। ਐਡੀਸ਼ਨਲ ਚੀਫ ਮੈਟਰੋਪੌਲੀਟਨ ਮੈਜਿਸਟਰੇਟ ਵਿਧੀ ਗੁਪਤਾ ਆਨੰਦ ਨੇ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਅਤੇ ਸ਼ਿਕਾਇਤਕਰਤਾ ਵੱਲੋਂ ਪੇਸ਼ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੱਤ ਜੁਲਾਈ ਨੂੰ ਆਪਣਾ ਆਦੇਸ਼ ਰਾਖਵਾਂ ਰੱਖ ਲਿਆ। ਜੱਜ ਨੇ ਅਦਾਲਤੀ ਅਮਲੇ ਨੂੰ ਇਹ ਇਹ ਚੈੱਕ ਕਰਨ ਦੇ ਨਿਰਦੇਸ਼ ਦਿੱਤੇ ਕਿ ਪਹਿਲੇ ਮਾਮਲੇ ਦੀ ਸੁਣਵਾਈ ਕਰ ਰਹੀ ਅਦਾਲਤ ਤੋਂ ਪ੍ਰਾਪਤ ਮੁਕੱਦਮੇ ਦਾ ਰਿਕਾਰਡ ਪੂਰਾ ਹੈ ਜਾਂ ਨਹੀਂ। ਉਨ੍ਹਾਂ ਮਾਮਲੇ ਸਬੰਧੀ 19 ਜੁਲਾਈ ਨੂੰ ਅਗਲੀ ਸੁਣਵਾਈ ਤੱਕ ਰਿਪੋਰਟ ਦਾਖ਼ਲ ਕਰਨ ਦਾ ਆਦੇਸ਼ ਦਿੱਤਾ।
ਰਾਊਜ਼ ਐਵੇਨਿਊ ਅਦਾਲਤ ਦੀ ਜੱਜ ਨੇ ਕਿਹਾ ਕਿ ਕੜਕੜਡੂਮਾ ਅਦਾਲਤ ਦੇ ਅਮਲੇ ਵੱਲੋਂ ਦਾਖ਼ਲ ਦਸਤਾਵੇਜ਼ ਕਾਫ਼ੀ ਜ਼ਿਆਦਾ ਹਨ ਅਤੇ ਸੱਤ ਨਿਆਂਇਕ ਫਾਈਲਾਂ ਵਿੱਚ ਬੰਦ ਹਨ। ਉਨ੍ਹਾਂ ਸੀਬੀਆਈ ਨੂੰ ਟਾਈਟਲਰ ਦੀ ਆਵਾਜ਼ ਦੇ ਨਮੂਨਿਆਂ ਦੀ ਫੋਰੈਂਸਿਕ ਜਾਂਚ ਸਬੰਧੀ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਰਿਪੋਰਟ ਦਾਇਰ ਕਰਨ ਦਾ ਨਿਰਦੇਸ਼ ਦਿੱਤਾ। ਸੀਬੀਆਈ ਨੇ ਮਾਮਲੇ ਵਿੱਚ ਟਾਈਟਲਰ ਖ਼ਿਲਾਫ਼ 20 ਮਈ ਨੂੰ ਇਕ ਚਾਰਜਸ਼ੀਟ ਦਾਖ਼਼ਲ ਕੀਤੀ ਸੀ।
ਜ਼ਿਕਰਯੋਗ ਹੈ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਇਕ ਦਿਨ ਬਾਅਦ ਨਵੰਬਰ 1984 ਨੂੰ
ਪੁਲ ਬੰਗਸ਼ ਇਲਾਕੇ ਵਿੱਚ ਤਿੰਨ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਇਕ ਗੁਰਦੁਆਰੇ ਨੂੰ ਫੂਕ
ਦਿੱਤਾ ਗਿਆ ਸੀ। -ਪੀਟੀਆਈ